ਸੁਲਤਾਨਪੁਰ ਲੋਧੀ (ਕਪੂਰਥਲਾ), 27 ਅਗਸਤ, 2019 –
ਸੁਲਤਾਨਪੁਰ ਲੋਧੀ ਦੇ ਹੜ ਪ੍ਰਭਾਵਿਤ ਖੇਤਰਾਂ ਵਿਚ ਪਾਣੀ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਲਈ ਜ਼ਿਲਾ ਪ੍ਰਸ਼ਾਸਨ ਵੱਲੋਂ ਵਿੱਢੀ ਗਈ ਮੁਹਿੰਮ ਵਿਚ ਹੋਰ ਤੇਜ਼ੀ ਲਿਆਉਂਦਿਆਂ 6 ਵੱਡੀਆਂ ਫੌਗਿੰਗ ਮਸ਼ੀਨਾਂ ਲਿਆਂਦੀਆਂ ਗਈਆਂ ਹਨ, ਜਿਨਾਂ ਨੂੰ ਵਿਧਾਇਕ ਸ. ਨਵਤੇਜ ਸਿੰਘ ਚੀਮਾ ਨੇ ਸਥਾਨਕ ਮਾਰਕੀਟ ਕਮੇਟੀ ਦਫ਼ਤਰ ਤੋਂ ਹੜ ਪ੍ਰਭਾਵਿਤ ਪਿੰਡਾਂ ਲਈ ਰਵਾਨਾ ਕੀਤਾ।
ਇਸ ਮੌਕੇ ਸ. ਚੀਮਾ ਨੇ ਦੱਸਿਆ ਕਿ ਹੜ ਪ੍ਰਭਾਵਿਤ ਪਿੰਡਾਂ ਵਿਚ ਪਾਣੀ ਘਟਣਾ ਸ਼ੁਰੂ ਹੋ ਗਿਆ ਹੈ, ਜਿਸ ਕਾਰਨ ਉਥੇ ਮੱਛਰਾਂ, ਮੱਖੀਆਂ ਅਤੇ ਹੋਰ ਕੀਟ-ਪਤੰਗਿਆਂ ਨੂੰ ਪੈਦਾ ਹੋਣ ਤੋਂ ਰੋਕਣ ਲਈ ਫੌਗਿੰਗ ਕਰਵਾਉਣੀ ਬੇਹੱਦ ਜ਼ਰੂਰੀ ਹੈ।
ਉਨਾਂ ਦੱਸਿਆ ਕਿ ਇਸ ਮੁਹਿੰਮ ਤਹਿਤ ਹਲਕੇ ਦੇ 23 ਪ੍ਰਭਾਵਿਤ ਪਿੰਡਾਂ ਵਿਚ ਫੌਗਿੰਗ ਕਰਵਾਈ ਜਾ ਰਹੀ ਹੈ, ਜਿਨਾਂ ਵਿਚ ਭਾਗੋ ਅਰਾਈਆਂ, ਸ਼ਾਹਵਾਲਾ, ਰਾਮੇ, ਸ਼ੇਰਪੁਰ ਸੱਧਾ, ਮੀਰਪੁਰ, ਸ਼ੇਖਮਾਂਗਾ, ਸਰੂਪਵਾਲ, ਤਕੀਆ, ਟਿੱਬੀ, ਭਰੋਆਣਾ, ਮੰਡ ਇੰਦਰਪੁਰ, ਸ਼ਾਹਵਾਲਾ ਨੱਕੀ, ਮੰਡ ਅੰਦਰੀਸਾ, ਅੰਦਰੀਸਾ, ਕੁਤਬਪੁਰ, ਫੱਤੇਵਾਲ, ਰਾਮਗੜ ਦਲੇਲੀ, ਬਾਕਰਕੇ, ਜੱਬੋਵਾਲ, ਸੁਚੇਤਗੜ, ਵਾਟਾਂਵਾਲੀ, ਚੰਨਣਵਿੰਡੀ, ਕਬੀਰਪੁਰ ਤੇ ਆਹਲੀ ਕਲਾਂ ਸ਼ਾਮਲ ਹਨ।
ਉਨਾਂ ਦੱਸਿਆ ਕਿ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਨੂੰ ਇਸ ਮੁਹਿੰਮ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਨਾਂ ਕਿਹਾ ਕਿ ਇਸ ਔਖੀ ਘੜੀ ਵਿਚ ਪੰਜਾਬ ਸਰਕਾਰ, ਜ਼ਿਲਾ ਪ੍ਰਸ਼ਾਸਨ ਅਤੇ ਉਹ ਖ਼ੁਦ ਪੂਰੀ ਤਰਾਂ ਲੋਕਾ ਦੇ ਨਾਲ ਖੜੇ ਹਨ ਅਤੇ ਉਨਾਂ ਨੂੰ ਕਿਸੇ ਵੀ ਪ੍ਰੇਸ਼ਾਨੀ ਤੋਂ ਬਚਾਉਣ ਲਈ ਵਚਨਬੱਧ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸ. ਅਵਤਾਰ ਸਿੰਘ ਭੁੱਲਰ, ਐਸ. ਡੀ. ਐਮ ਕਪੂਰਥਲਾ ਸ੍ਰੀ ਵਰਿੰਦਰ ਪਾਲ ਸਿੰਘ ਬਾਜਵਾ, ਡੀ. ਡੀ. ਪੀ. ਓ ਸ. ਹਰਜਿੰਦਰ ਸਿੰਘ ਸੰਧੂ, ਬੀ. ਡੀ. ਪੀ. ਓ ਸੁਲਤਾਨਪੁਰ ਲੋਧੀ ਸ. ਗੁਰਪ੍ਰਤਾਪ ਸਿੰਘ ਗਿੱਲ ਤੇ ਹੋਰ ਹਾਜ਼ਰ ਸਨ।