28.1 C
Delhi
Friday, March 29, 2024
spot_img
spot_img

ਸੁਲਤਾਨਪੁਰ ਲੋਧੀ ’ਚ ਪੰਜਾਬ ਦੇ ਪਹਿਲੇ ਗ੍ਰੈਂਡ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਦਾ ਸੰਗਤਾਂ ਨੇ ਆਨੰਦ ਮਾਣਿਆ

ਸੁਲਤਾਨਪੁਰ ਲੋਧੀ (ਕਪੂਰਥਲਾ), 4 ਨਵੰਬਰ, 2019 –

ਪੰਜਾਬ ਸਰਕਾਰ ਵੱਲੋਂ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਕਰਵਾਏ ਜਾ ਰਹੇ ਸਮਾਗਮਾਂ ਦੀ ਲੜੀ ਹੇਠ ਅੱਜ ਸੁਲਤਾਨਪੁਰ ਲੋਧੀ ਦੀ ਪਵਿੱਤਰ ਧਰਤੀ ’ਤੇ ਵੇਈਂ ਦੇ ਕੰਢੇ ਸ਼ੁਰੂ ਹੋਏ ਆਪਣੀ ਕਿਸਮ ਦੇ ਨਿਵੇਕਲੇ ਆਵਾਜ ਅਤੇ ਰੌਸ਼ਨੀ ਦੇ ਸੁਮੇਲ ਵਾਲੇ ਗ੍ਰੈਂਡ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ ਦਾ ਵੱਡੀ ਗਿਣਤੀ ਸੰਗਤ ਨੇ ਸ਼ਰਧਾ ਪੂਰਵਕ ਆਨੰਦ ਮਾਣਿਆ।

15 ਨਵੰਬਰ ਦੀ ਰਾਤ ਤੱਕ ਚੱਲਣ ਵਾਲੇ ਇਸ ਅਤਿ ਪ੍ਰਭਾਵਸ਼ਾਲੀ ਤੇ ਅਲੌਕਿਕ ਸ਼ੋਅ ਦੀ ਸ਼ੁਰੂਆਤ ਮੌਕੇ ਪੰਜਾਬ ਦੇ ਖੁਰਾਕ ਤੇ ਸਿਵਲ ਸਪਲਾਈਜ ਅਤੇ ਖਪਤਕਾਰ ਮਾਮਲੇ ਵਿਭਾਗ ਦੇ ਮੰਤਰੀ ਸ੍ਰੀ ਭਾਰਤ ਭੂਸ਼ਣ ਆਸ਼ੂ ਨੇ ਬਾਬਾ ਨਾਨਕ ਦੇ ਇੱਕ ਨਿਮਾਣੇ ਸੇਵਕ ਵਜੋਂ ਆਪਣੀ ਹਾਜ਼ਰੀ ਲਵਾਈ ਜਦੋਂਕਿ ਸੂਫ਼ੀ ਗਾਇਕ ਲਖਵਿੰਦਰ ਵਡਾਲੀ ਨੇ ਗੁਰੂ ਨਾਨਕ ਦੀ ਸਿਫ਼ਤ ਅਤੇ ਸੂਫ਼ੀਆਨਾ ਕਲਾਮ ਪੇਸ਼ ਕਰਕੇ ਸੰਗਤ ਨੂੰ ਮੰਤਰ ਮੁਗਧ ਕੀਤਾ।

Êਪੰਜਾਬ ਸਰਕਾਰ ਦੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਵੱਲੋਂ ਕਰਵਾਏ ਗਏ ਇਸ ਲਾਇਟ ਐਂਡ ਸਾਊਂਡ ਦੇ ਇਸ ਅਲੌਕਿਕ ਸ਼ੋਅ ਦੌਰਾਨ ਡਿਜ਼ੀਟਲ ਤਕਨੀਕਾਂ ਤੇ ਲੇਜ਼ਰ ਸ਼ੋਅ ਜ਼ਰੀਏ ਸੰਗਤਾਂ ਦੇ ਠਾਠਾਂ ਮਾਰਦੇ ਪ੍ਰਭਾਵਸ਼ਾਲੀ ਇਕੱਠ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਉਪਦੇਸ਼ ਅਤੇ ਸਿੱਖਿਆਵਾਂ ਤੋਂ ਜਾਣੂ ਕਰਵਾਇਆ ਗਿਆ। ਰੁਹਾਨੀਅਤ ਦੇ ਰੰਗ ਵਿੱਚ ਰੰਗੇ ਸੁਲਤਾਨਪੁਰ ਲੋਧੀ ਪੁੱਜੀ ਸੰਗਤ ਨੇ ਇਸ ਸ਼ੋਅ ਦੀ ਭਰਵੀਂ ਸ਼ਲਾਘਾ ਕਰਦਿਆਂ ਧੰਨ ਗੁਰੂ ਨਾਨਕ ਦਾ ਜਾਪ ਕੀਤਾ।

ਇਸ ਮੌਕੇ ਆਪਣੇ ਸੰਬੋਧਨ ਵਿੱਚ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸਣ ਆਸ਼ੂ ਨੇ ਕਿਹਾ ਕਿ ਗੁਰੂ ਸਾਹਿਬ ਦਾ 550 ਸਾਲਾ ਪ੍ਰਕਾਸ਼ ਪੁਰਬ ਉਤਸ਼ਾਹ ਨਾਲ ਮਨਾ ਰਹੇ ਹਾਂ ਜਿਸ ਲਈ ਸਾਨੂੰ ਇਸ ਪਾਵਨ ਮੌਕੇ ਇਹ ਪ੍ਰਣ ਲੈਣਾ ਚਾਹੀਦਾ ਹੈ ਕਿ ਅਸੀਂ ਨਫ਼ਰਤ ਦੀ ਅੱਗ ਨਾਲ ਸੜਦੇ-ਬਲਦੇ ਜਗਤ ਜਲੰਦੇ ਨੂੰ ਠਾਰਨ ਲਈ ਗੁਰੂ ਸਾਹਿਬ ਵੱਲੋਂ ਦਿੱਤੇ ਉਪਦੇਸ਼ਾਂ ਮੁਤਾਬਕ ਜੀਵਨ ਜਾਚ ਸਿੱਖਾਂਗੇ।

ਸ੍ਰੀ ਆਸ਼ੂ ਨੇ ਕਿਹਾ ਕਿ ਸਾਨੂੰ ਗੁਰੂ ਸਾਹਿਬ ਵੱਲੋਂ ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ ਦੇ ਉਪਦੇਸ਼ ਮੁਤਾਬਕ ਵਾਤਾਵਰਣ ਬਚਾਉਣ, ਧੀ-ਭੈਣ ਦਾ ਸਤਿਕਾਰ ਕਾਇਮ ਰੱਖਣ, ਨੀਂਵੇ ਅਤੇ ਦੱਬੇ ਕੁਚਲੇ ਵਰਗ ਦੇ ਨਾਲ ਖੜ੍ਹਨ, ਆਪਸੀ ਵਿਚਾਰ ਵਟਾਂਦਰੇ ਨਾਲ ਭੇਦਭਾਵ ਮਿਟਾਉਣ ਅਤੇ ਸ਼ਬਦ ਗੁਰੂ ਦੇ ਲੜ ਲੱਗਕੇ ਗਿਆਨ ਤੇ ਵਿਗਿਆਨ ਨੂੰ ਜੀਵਨ ਦਾ ਆਧਾਰ ਬਣਾਉਣਾ ਚਾਹੀਦਾ ਹੈ।

ਇਸ ਦੌਰਾਨ ਸੰਗਤ ਵਿੱਚ ਸ਼ਾਮਲ ਇੱਕ ਬੀਬੀ ਰਾਜ ਕੌਰ ਨੇ ਦੱਸਿਆ ਕਿ ਉਸਨੇ ਅਜਿਹਾ ਸ਼ੋਅ ਆਪਣੀ ਜਿੰਦਗੀ ’ਚ ਪਹਿਲੀ ਵਾਰ ਦੇਖਿਆ ਹੈ ਅਤੇ ਉਸਨੂੰ ਇੰਜ ਪ੍ਰਤੀਤ ਹੋ ਰਿਹਾ ਸੀ ਜਿਵੇਂ ਗੁਰੂ ਸਾਹਿਬ ਖ਼ੁਦ ਸਾਹਮਣੇ ਖੜ੍ਹੇ ਹੋ ਕੇ ਉਪਦੇਸ਼ ਦੇ ਰਹੇ ਸਨ। ਮਾਲਵੇ ਦੇ ਇੱਕ ਪਿੰਡ ਤੋਂ ਆਏ ਇੱਕ ਬਜ਼ੁਰਗ ਗੁਰਮੁੱਖ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਗੁਰੂ ਸਾਹਿਬ ਦਾ ਇਹ ਗੁਰਪੁਰਬ ਉਸਦੇ ਜੀਵਨ ’ਚ ਆਉਣ ਨਾਲ ਉਹ ਆਪਣੇ ਜੀਵਨ ਨੂੰ ਸਫ਼ਲ ਹੋਇਆ ਮੰਨ ਰਿਹਾ ਹੈ। ਜਦੋਂਕਿ ਦਿੱਲੀ ਦੀ ਜਨਕਪੁਰੀ ਤੋਂ ਆਏ ਇੱਕ ਨੌਜਵਾਨ ਸਮੇਤ ਕੁਝ ਹੋਰ ਨੌਜਵਾਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੁਖ਼ਤਾ ਪ੍ਰਬੰਧ ਦੇਖ ਕੇ ਉਨ੍ਹਾਂ ਨੂੰ ਬਹੁਤ ਖੁਸ਼ੀ ਹੋਈ ਹੈ।

ਇਸ ਮੌਕੇ ਸੂਚਨਾ ਅਤੇ ਲੋਕ ਸੰਪਰਕ ਵਿਭਾਗ ਦੇ ਡਾਇਰੈਕਟਰ ਸ੍ਰੀਮਤੀ ਅਨਿੰਦਿੱਤਾ ਮਿੱਤਰਾ ਨੇ ਦੱਸਿਆ ਕਿ 4 ਤੋਂ 9 ਨਵੰਬਰ ਤੱਕ ਅਤੇ ਫਿਰ 13 ਤੋਂ 15 ਨਵੰਬਰ ਤੱਕ ਸ਼ੋਅ ਸ਼ਾਮ 7 ਵਜੇ ਸ਼ੁਰੂ ਹੋ ਕੇ ਰਾਤ 9.15 ਵਜੇ ਤੱਕ ਚੱਲਣਗੇ ਜਦਕਿ ਸੰਗਤਾਂ ਦੀ ਵੱਡੀ ਗਿਣਤੀ ਆਮਦ ਸਮੇਂ 11, 12 ਤੇ 13 ਨਵੰਬਰ ਨੂੰ ਇਹ ਸ਼ੋਅ ਸ਼ਾਮ 7 ਵਜੇ ਤੋਂ ਰਾਤ 10.30 ਤੱਕ ਹੋਣਗੇ।

ਸੰਗਤਾਂ ਨੂੰ ਇਸ ਮੁਫ਼ਤ ਦਾਖਲੇ ਵਾਲੇ ਲਾਮਿਸਾਲ ਸ਼ੋਅ ਦਾ ਆਨੰਦ ਮਾਣਨ ਦੀ ਅਪੀਲ ਕਰਦਿਆਂ ਡਿਪਟੀ ਕਮਿਸ਼ਨਰ ਸ੍ਰੀ ਡੀ.ਪੀ.ਐਸ. ਖਰਬੰਦਾ ਨੇ ਕਿਹਾ ਕਿ ਸ਼ੋਅ ਲਈ ਦੌਰਾਨ 5000 ਤੋਂ ਜਿਆਦਾ ਲੋਕਾਂ ਦੇ ਬੈਠਣ ਲਈ ਪ੍ਰਬੰਧ ਕੀਤਾ ਗਿਆ ਹੈ।

ਇਸ ਮੌਕੇ ਪ੍ਰਸਿੱਧ ਗਾਇਕ ਲਖਵਿੰਦਰ ਵਡਾਲੀ ਨੇ ਆਪਣੀ ਕਲਾ ਦਾ ਪ੍ਰਦਰਸ਼ਨ ਕੀਤਾ ।

ਇਸ ਮੌਕੇ ਸੰਸਦ ਮੈਂਬਰ ਜਸਬੀਰ ਸਿੰਘ ਡਿੰਪਾ, ਵਿਧਾਇਕ ਸ੍ਰੀ ਨਵਤੇਜ ਸਿੰਘ ਚੀਮਾ, ਮੰਡੀ ਬੋਰਡ ਦੇ ਉਪ ਚੇਅਰਮੈਨ ਸ੍ਰੀ ਵਿਜੇ ਕਾਲੜਾ, ਟਰਾਂਸਪੋਰਟ ਵਿਭਾਗ ਦੇ ਪ੍ਰਮੁੱਖ ਸਕੱਤਰ ਕੇ. ਸਿਵਾ ਪ੍ਰਸ਼ਾਦ, ਸੈਰ ਸਪਾਟਾ ਵਿਭਾਗ ਦੇ ਪ੍ਰਮੁੱਖ ਸਕੱਤਰ ਵਿਕਾਸ ਪ੍ਰਤਾਪ, ਲੋਕ ਨਿਰਮਾਣ ਵਿਭਾਗ ਦੇ ਪ੍ਰਮੁੱਖ ਸਕੱਤਰ ਹੁਸਨ ਲਾਲ, ਮੁੱਖ ਮੰਤਰੀ ਪੰਜਾਬ ਦੇ ਵਿਸ਼ੇਸ਼ ਪ੍ਰਮੁੱਖ ਸਕੱਤਰ ਸੂਚਨਾ ਤੇ ਲੋਕ ਸੰਪਰਕ ਵਿਭਾਗ ਦੇ ਸਕੱਤਰ ਸ. ਗੁਰਕਿਰਤ ਕਿਰਪਾਲ ਸਿੰਘ, ਡਾਇਰੈਕਟਰ ਟੂਰਿਜ਼ਮ ਤੇ ਸੱਭਿਆਚਾਰਕ ਮਾਮਲੇ ਸ. ਮਲਵਿੰਦਰ ਸਿੰਘ ਜੱਗੀ, ਐਸ.ਐਸ.ਪੀ. ਸ. ਸਤਿੰਦਰ ਸਿੰਘ ਅਤੇ ਵੱਡੀ ਗਿਣਤੀ ਹੋਰ ਧਾਰਮਿਕ, ਰਾਜਸੀ ਤੇ ਸਮਾਜਿਕ ਸ਼ਖ਼ਸੀਅਤਾਂ ਤੋਂ ਇਲਾਵਾ ਦੂਰ ਦੁਰਾਡੇ ਤੋਂ ਪੁੱਜੀ ਸੰਗਤ ਵੀ ਮੌਜੂਦ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION