35.1 C
Delhi
Friday, April 19, 2024
spot_img
spot_img

ਸੁਮੇਧ ਸੈਣੀ ਕਿਉਂ ਤੋੜ ਰਹੇ ਹਨ ਪੰਜਾਬ ਪੁਲਿਸ ’ਤੇ ਲੋਕਾਂ ਦਾ ਵਿਸ਼ਵਾਸ? – ਐੱਚ.ਐੱਸ.ਬਾਵਾ

ਕਈਆਂ ਫ਼ਿਲਮਾਂ ’ਚ ’ਤੇ ਖ਼ਾਸਕਰ ਦੂਰਦਰਸ਼ਨ ’ਤੇ ਆਉਂਦੇ ਰਹੇ ਸੀਰੀਅਲ ‘ਮਹਾਂਭਾਰਤ’ ਤੋਂ ਪਹਿਲਾਂ ਸਮੇਂ ਦਾ ਚੱਕਰ ਵਿਖ਼ਾਇਆ ਜਾਂਦਾ ਸੀ ਜਿਸ ਮਗਰ ਬੋਲੇ ਜਾਂਦੇ ਬੋਲਾਂ ਦਾ ਭਾਵ ਅਰਥ ਇਹ ਹੁੰਦਾ ਸੀ ਕਿ ਸਮਾਂ ਬੜਾ ਬਲਵਾਨ ਹੈ, ਸਮੇਂ ਨਾਲ ਬੜਾ ਕੁਝ ਤਬਦੀਲ ਹੁੰਦਾ ਰਹਿੰਦਾ ਹੈ ਪਰ ਸਮਾਂ ਇੰਜ ਹੀ ਚੱਲਦਾ ਰਹਿੰਦਾ ਹੈ, ਕਿਉਂਕਿ ਉਸਦਾ ਕੋਈ ਅੰਤ ਨਹੀਂ।

ਸਮਾਂ ਬਦਲਦਾ ਹੈ, ਸਮਾਂ ਬਦਲਿਆ ਹੈ। ਸਮਾਂ ਸੀ ਸੁਮੇਧ ਸੈਣੀ ਅੱਗੇ ਅੱਗੇ, ਪੰਜਾਬ ਪੁਲਿਸ ਪਿੱਛੇ ਪਿੱਛੇ। ਸਮਾਂ ਹੈ ਸਮੁੇਧ ਸੈਣੀ ਅੱਗੇ ਅੱਗੇ, ਪੰਜਾਬ ਪੁਲਿਸ ਪਿੱਛੇ ਪਿੱਛੇ। ਸਮਾਂ ਸੀ ਸੁਮੇਧ ਸੈਣੀ ਡੀ.ਜੀ.ਪੀ. ਸੀ ਤੇ ਸਾਰੀ ਫ਼ੋਰਸ ਪਿੱਛੇ ਪਿੱਛੇ। ਸਮਾਂ ਹੈ ਸੁਮੇਧ ਸੈਣੀ ਕਤਲ ਕੇਸ ਵਿੱਚ ਦੋਸ਼ੀ ਹੈ, ਪੰਜਾਬ ਪੁਲਿਸ ਪਿੱਛੇ ਪਿੱਛੇ ਹੈ।

ਸਮਾਂ ਸੀ ਜਦ ਰਾਜਸੀ ਲੋਕਾਂ ਵਿੱਚ, ਪੁਲਿਸ ਫ਼ੋਰਸ ਵਿੱਚ, ਸਾਰੇ ਪੰਜਾਬ ਵਿੱਚ ਤੇ ਆਸੇ ਪਾਸੇ ਤੂਤੀ ਬੋਲਦੀ ਸੀ, ਸਮਾਂ ਆ ਗਿਆ ਕਿ ਜਦ ਕੇਸ ਦਰਜ ਹੁੰਦੈ ਤਾਂ ਪੰਜਾਬ ਵਿੱਚੋਂ ਨਿਕਲਣ ਦੀ ਜੁਗ਼ਤ ਲੜਾਉਣੀ ਪੈਂਦੀ ਹੈ ਪਰ ਹਿਮਾਚਲ ਵਾਲੇ ਬਾਰਡਰ ਨਹੀਂ ਟੱਪਣ ਦਿੰਦੇ।

ਸਮਾਂ ਸੀ ਦੋ ਥਾਣੇਦਾਰ ਸਨ ਜਿਨ੍ਹਾਂ ਦੇ ਮੋਢਿਆਂ ’ਤੇ ਸਟਾਰ ਵੀ ਖ਼ਵਰੇ ਆਪਣੇ ਹੱਥਾਂ ਨਾਲ ਹੀ ਲਾਏ ਹੋਣਗੇ। ਸਮਾਂ ਸੀ ਦੋ ਥਾਣੇਦਾਰ ਸਨ ਜਿਹੜੇ ਐਨੀ ਜ਼ੋਰ ਦੀ ਸਲੂਟ ਮਾਰਦੇ ਹੋਣਗੇ ਕਿ ਤਿੰਨ ਸਾਲ ਚੱਲਣ ਦੀ ਗਾਰੰਟੀ ਵਾਲੇ ‘ਬਾਟਾ’ ਦੇ ਬੂਟ ਵੀ ਛੇ ਮਹੀਨੇ ਕੱਢਦੇ ਹੋਣਗੇ। ਸਮਾਂ ਸੀ ਉਹੀ ਆਪਣੇ ਚੰਗੇ ਮਾੜੇ ਕੰਮਾਂ ਦੇ ਭਾਈਵਾਲ ਸਨ, ਸਮਾਂ ਹੈ ਉਹੀ ਆਪਣੇ ਕੇਸ ਵਿੱਚ ਆਪਣੇ ਖਿਲਾਫ਼ ਵਾਅਦਾ ਮੁਆਫ਼ ਗਵਾਹ ਹਨ।

ਸਮਾਂ ਬੜਾ ਬਲਵਾਨ ਐ, ਸਮੇਂ ਤੋਂ ਡਰਨਾ ਚਾਹੀਦੈ, ਪਰ ਨਹੀਂ ਡਰਦੇ ਲੋਕ। ਇਹ ਸਿਰਫ਼ ਪੁਰਾਣੇ ਸਮਿਆਂ ਦੀ ਹੀ ਗਾਥਾ ਨਹੀਂ, ਪਹਿਲਾਂ ਮੰਜੇ ਦੇ ਪਾਵੇ ਨਾਲ ਸਮੇਂ ਅਤੇ ਕਾਲ ਨੂੰ ਬੰਨ੍ਹਣ ਦੀਆਂ ਕਥਾਵਾਂ ਸੁਣਦੇ ਸਾਂ। ਅੱਜ ਵੀ ਸਮੇਂ ਅਤੇ ਕਾਲ ਨੂੰ ਪਲੰਘਾਂ ਦੇ ਪਾਵਿਆਂ ਨਾਲ ਬੰਨ੍ਹੀ ਫ਼ਿਰਦੇ ਹਨ ਲੋਕ। ਪੈਸੇ ਲਈ, ਨੌਕਰੀਆਂ ਲਈ, ਤਰੱਕੀਆਂ ਲਈ ਤੇ ਹੰਕਾਰ ਨੂੰ ਪੱਠੇ ਪਾਉਣ ਲਈ ਕਈ ਕੁਝ ਕਰ ਜਾਂਦੇ ਹਨ ਲੋਕ। ਤੇ ਕੁਝ ਲੋਕ ਤਾਂ ਉਹ ਕਰ ਜਾਂਦੇ ਜਿਸਦੀ ਕਹਾਣੀ ਵੀ ਰਾਤ ਨੂੰ ਕਮਰੇ ਵਿੱਚ ਇਕੱਲਿਆਂ ਬਹਿ ਕੇ ਪੜ੍ਹਦਿਆਂ ਡਰ ਦੀ ਝਰਨਾਹਟ ਸਰੀਰ ਦੀ ਟੀਸੀ ਤੋਂ ਤੁਰ ਕੇ ਪੈਰਾਂ ਦੀਆਂ ਤਲੀਆਂ ਰਾਹੀਂ ਬਾਹਰ ਨਿਕਲ ਜਾਂਦੀ ਹੈ।

ਪਾਰਟੀਆਂ ਹੋਣ, ਜਥੇਬੰਦੀਆਂ ਹੋਣ, ਧੜੇ ਹੋਣ, ਐਸੋਸੀਏਸ਼ਨਾਂ ਹੋਣ, ਗਰੁੱਪ ਹੋਣ, ਟੀਮਾਂ ਹੋਣ, ਟੋਲੇ ਹੋਣ ਜਾਂ ਗਿਰੋਹ, ਕਿਸੇ ਨੇ ਬੰਨ੍ਹ ਕੇ ਨਹੀਂ ਰੱਖੇ ਹੁੰਦੇ, ਕਦੇ ਨਾ ਕਦੇ ਵਖ਼ਰੇਵੇਂ ਆਉਂਦੇ ਹੀ ਨੇ, ਗੱਲਾਂ ਬਾਹਰ ਨਿੱਕਲ ਹੀ ਜਾਂਦੀਆਂ ਨੇ। ਚੰਗੀਆਂ ਛੇਤੀ ਨਹੀਂ ਨਿੱਕਲਦੀਆਂ, ਨਿਕਲ ਜਾਣ ਤਾਂ ਫ਼ਰਕ ਨਹੀਂ ਪੈਂਦਾ।

ਮਾੜੀਆਂ ਛੇਤੀ ਨਿੱਕਲਦੀਆਂ ਨੇ ਤੇ ਫ਼ਰਕ ਵੀ ਪਾਉਂਦੀਆਂ ਨੇ। ਬੜੇ ਸ਼ਕਤੀਸ਼ਾਲੀ ਸੀਮੈਂਟ ਤੇ ਬੜੇ ਜਾਬਰ ਕੈਮੀਕਲ ਨੇ ਜਿਨ੍ਹਾਂ ਨਾਲ ਬੰਨ੍ਹ ਮਾਰ ਕੇ ਦਰਿਆਵਾਂ ਦੇ ਵਹਾਅ ਰੋਕੇ ਤੇ ਮੋੜੇ ਜਾਂਦੇ ਨੇ ਪਰ ਅੰਦਰਲੀਆਂ ਗੱਲਾਂ ਦੇ ਮਾਮਲੇ ਵਿੱਚ ਕੋਈ ਐਸੀ ‘ਕਵਿੱਕ ਫ਼ਿਕਸ’ ਜਾਂ ‘ਐਮ ਸੀਲ’ ਨਹੀਂ ਬਣੀ ਜਿਹੜੀ ਇਨ੍ਹਾਂ ਗੱਲਾਂ ਨੂੰ ਬਾਹਰ ਨਿਕਲਣ ਤੋਂ ਰੋਕ ਲਵੇ।

ਆਈਏ ਸੁਮੇਧ ਸੈਣੀ ’ਤੇ। ਬੜੀ ਲੰਬੀ ਕਹਾਣੀ ਹੈ, ਬੜੀ ਲੰਬੀ ਕਹਾਣੀ ਹੈ। ‘ਵਿਕੀਪੀਡੀਆ’ ਦੱਸਦੈ ਬਈ 1982 ਵਿੱਚ ਆਈ.ਪੀ.ਐਸ. ਕਰਕੇ ਪੰਜਾਬ ਪੁਲਿਸ ਵਿੱਚ ‘ਸੇਵਾ’ ਸ਼ੁਰੂ ਕਰਨ ਵਾਲੇ ਸੈਣੀ ਚੰਡੀਗੜ੍ਹ ਦੇ ਅਤੇ ਪੰਜਾਬ ਦੇ ਕਈ ਜ਼ਿਲਿ੍ਹਆਂ ਦੇ ਐਸ.ਐਸ.ਪੀ. ਤੇ ਕਈ ਹੋਰ ਅਹਿਮ ਅਹੁਦਿਆਂ ’ਤੇ ਰਹੇ। ਉਸ ਸਮੇਂ ਦੀਆਂ ਬੜੀਆਂ ਕਹਾਣੀਆਂ ਜੁੜੀਆਂ, ਕੁਝ ਸੈਣੀ ਮੋਟਰਜ਼ ਵਾਲੀਆਂ ਤੇ ਕੁਝ ਮਨੁੱਖੀ ਅਧਿਕਾਰਾਂ ਸੰਬੰਧੀ ਹੋਰ ਵੀ।

ਪਰ ਇਹ ਗੱਲਾਂ ਦਾ ਕੀ ਏ, ਗੱਲਾਂ ਤਾਂ ਚੱਲਦੀਆਂ ਹੀ ਰਹਿੰਦੀਆਂ ਨੇ। ਸ: ਪ੍ਰਕਾਸ਼ ਸਿੰਘ ਬਾਦਲ 14 ਮਾਰਚ, 2012 ਨੂੰ ਜਦ ਅਕਾਲੀ-ਭਾਜਪਾ ਦੀ ਸਾਂਝੀ ਸਰਕਾਰ ਦੇ ਮੁਖ਼ੀ ਵਜੋਂ ਪੰਜਵੀਂ ਵਾਰ ਰਾਜ ਦੇ ਮੁੱਖ ਮੰਤਰੀ ਬਣੇ ਤਾਂ ਉਨ੍ਹਾਂ ਦੇ ਪਹਿਲੇ ਫ਼ੈਸਲਿਆਂ ਵਿੱਚ ਸੀ ਨਵੇਂ ਡੀ.ਜੀ.ਪੀ.ਦੀ ਨਿਯੁਕਤੀ। ਸੁਮੇਧ ਸੈਣੀ ਡੀ.ਜੀ.ਪੀ. ਹੋ ਗਏ। 2015 ਵਿੱਚ ਜਦ ਬਰਗਾੜੀ, ਬਹਿਬਲ ਕਲਾਂ ਅਤੇ ਕੋਟਕਪੂਰੇ ਦਾ ਸੇਕ ਸਰਕਾਰ ਅਤੇ ਸ਼੍ਰੋਮਣੀ ਅਕਾਲੀ ਦਲ ਤਕ ਪਹੁੰਚਿਆ ਤਾਂ ਸੈਣੀ ਨੂੰ ਲਾਂਭੇ ਕਰਕੇ ਨਵੇਂ ਡੀ.ਜੀ.ਪੀ. ਵਜੋਂ ਸ੍ਰੀ ਸਰੇਸ਼ ਅਰੋੜਾ ਨੂੰ ਲੈ ਆਂਦਾ ਗਿਆ। ਨਵੀਂ ਸਰਕਾਰ ਦੇ ਕਾਰਜਕਾਲ ਦੌਰਾਨ ਸੈਣੀ 30 ਜੂਨ, 2018 ਨੂੰ ਸੇਵਾਮੁਕਤ ਹੋ ਗਏ।

ਸੈਣੀ 1982 ਵਿੱਚ ਆਈ.ਪੀ.ਐਸ. ਕਰਕੇ ਹੀ ਆਏ ਸਨ, ਭਾਵ ਆਉਂਦਿਆਂ ਹੀ ਉੱਚ ਅਹੁਦੇ ’ਤੇ। ਸੈਣੀ ਨੇ 35 ਸਾਲ ਤੋਂ ਵੱਧ ਦਾ ਸਮਾਂ ਪੁਲਿਸ ਸੇਵਾ ਵਿੱਚ ਗੁਜ਼ਾਰਿਆ। ‘ਪ੍ਰਾਈਜ਼ ਪੋਸਟਿੰਗਜ਼’ ’ਤੇ ਕੰਮ ਕੀਤਾ, ਪੰਜਾਬ ਪੁਲਿਸ ਦੇ ਸਭ ਤੋਂ ਉੱਚੇ ਅਹੁਦੇ ’ਤੇ ਰਹੇ ਭਾਵ ਸਮੁੱਚੀ ਫ਼ੋਰਸ ਦੀ ਕਮਾਂਡ ਉਨ੍ਹਾਂ ਦੇ ਹੱਥ ਸੀ, ਸਮੁੱਚੀ ਫ਼ੋਰਸ ਉਨ੍ਹਾਂ ਦੇ ਹੇਠ ਸੀ।

ਅੱਜ ਸੈਣੀ ’ਤੇ ਮੁਕੱਦਮਾ ਚੱਲ ਰਿਹਾ ਹੈ ਇਕ ਆਈ.ਏ.ਐਸ. ਅਧਿਕਾਰੀ ਦੇ ‘ਸਿਟਕੋ’ ਵਿੱਚ ਕੰਮ ਕਰਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ ਦਾ, ਲਾਪਤਾ ਕਰਨ ਦਾ। ਹੁਣ ਸੈਣੀ ਦੇ ਉਸ ਮੌਕੇ ਦੇ ਦੋ ਮਤਹਿਤ ਜਿਹੜੇ ਉਸ ‘ਕਾਰੇ’ ਵਿੱਚ ਉਸ ਵੇਲੇ ਸ਼ਾਮਿਲ ਸਨ, ਵੱਲੋਂ ਸੈਣੀ ਖਿਲਾਫ਼ ਵਾਅਦਾ ਮੁਆਫ਼ ਗਵਾਹ ਬਣ ਜਾਣ ਤੋਂ ਬਾਅਦ ਸੈਣੀ ਦੇ ਕੇਸ ਵਿੱਚ ਕਤਲ ਦੀ ਧਾਰਾ 302 ਵੀ ਜੋੜ ਦਿੱਤੀ ਗਈ ਹੈ। ਸੈਣੀ ਹਾਈਕੋਰਟ ਪੁੱਜੇ ਹਨ, ਇਹ ਉਨ੍ਹਾਂ ਦਾ ਹੱਕ ਹੈ।

ਹਾਈ ਕੋਰਟ ਵਿੱਚ ਉਨ੍ਹਾਂ ਆਖ਼ਿਆ ਹੈ ਕਿ ਉਨ੍ਹਾਂ ਖਿਲਾਫ਼ ਕੇਸ ਪੰਜਾਬ ਤੋਂ ਕਿਤੇ ਬਾਹਰ ਤਬਦੀਲ ਕੀਤਾ ਜਾਵੇ, ਪੰਜਾਬ ਪੁਲਿਸ ਤੋਂ ਨਹੀਂ ਕਿਸੇ ਅਜ਼ਾਦਾਨਾ ਏਜੰਸੀ ਤੋਂ ਜਾਂਚ ਕਰਾਈ ਜਾਵੇ, ਜੇ ਯੋਗ ਸਮਝਿਆ ਜਾਵੇ ਤਾਂ ਸੀ.ਬੀ.ਆਈ. ਤੋਂ। ਭਾਵ ਸੈਣੀ ਨੇ ਉਸੇ ਪੁਲਿਸ ਫ਼ੋਰਸ ’ਤੇ, ਉਸੇ ਪੁਲਿਸ ਫ਼ੋਰਸ ਦੇ ਸਿਸਟਮ ’ਤੇ, ਉਸੇ ਪੁਲਿਸ ਫ਼ੋਰਸ ਵੱਲੋਂ ਦਿੱਤੇ ਜਾਂਦੇ ਨਿਆਂ ’ਤੇ ਉਂਗਲੀ ਉਠਾ ਦਿੱਤੀ ਹੈ, ਬੇਭਰੋਸਗੀ ਜਤਾ ਦਿੱਤੀ ਹੈ, ਉਸੇ ਪੁਲਿਸ ਫ਼ੋਰਸ ਨੂੰ ਕਟਹਿਰੇ ਵਿੱਚ ਲਿਆ ਖੜ੍ਹਾ ਕੀਤਾ ਹੈ ਜਿਸ ਦਾ ਉਹ ਆਪ 35 ਸਾਲ ਤੋਂ ਵੱਧ ਸਮਾਂ ਅਹਿਮ ਹਿੱਸਾ ਹੀ ਨਹੀਂ ਰਹੇ, ਉਸ ਦੇ ਮੁਖ਼ੀ ਵੀ ਰਹੇ ਹਨ।

ਸੈਣੀ ਸ਼ਾਇਦ ਭੁੱਲ ਰਹੇ ਹਨ ਕਿ ਉਨ੍ਹਾਂ ਦੇ ਫ਼ੋਰਸ ਵਿੱਚ ਹੁੰਦਿਆਂ, 35 ਸਾਲਾਂ ਦੇ ਸਮੇਂ ਵਿੱਚ, ਕਈ ਲੋਕਾਂ ’ਤੇ ਨਹੀਂ, ਹਜ਼ਾਰਾਂ, ਲੱਖਾਂ ਲੋਕਾਂ ’ਤੇ ਕੇਸ ਬਣੇ ਹੋਣਗੇ। ਉਨ੍ਹਾਂ ਵਿੱਚੋਂ ਕਈ ਝੂਠੇ ਅਤੇ ਨਾਜਾਇਜ਼ ਵੀ ਹੋਣਗੇ, ਲੋਕਾਂ ਨਾਲ ਧੱਕਾ ਵੀ ਹੋਇਆ ਹੋਵੇਗਾ ਪਰ ਸ਼ਾਇਦ ਉਹ ਕੇਸ ਬਹੁਤ ਥੋੜ੍ਹੇ ਹੋਣਗੇ ਜਿੱਥੇ ਆਮ ਲੋਕਾਂ ਨੇ ਹਾਈਕੋਰਟ ਜਾ ਕੇ ਦਰਖ਼ਾਸਤ ਦਿੱਤੀ ਹੋਵੇ ਕਿ ਸਾਨੂੰ ਪੰਜਾਬ ਪੁਲਿਸ ’ਤੇ ਯਕੀਨ ਨਹੀਂ, ਸਾਡਾ ਕੇਸ ਕਿਸੇ ਬਾਹਰਲੀ ਪੁਲਿਸ ਨੂੰ ਸੌਂਪਿਆ ਜਾਵੇ ਜਾਂ ਫ਼ਿਰ ਸੀ.ਬੀ.ਆਈ. ਨੂੰ।

ਜਦ ਆਮ ਬੰਦਾ ਤੁਹਾਡੇ ਕਹੇ ’ਤੇ ਤੁਹਾਡੇ ’ਤੇ ਯਕੀਨ ਕਰਕੇ ਪੰਜਾਬ ਪੁਲਿਸ ਵਿੱਚ ਵਿਸ਼ਵਾਸ ਕਰਦਾ ਹੈ, ਪੰਜਾਬ ਪੁਲਿਸ ਦੇ ਤੰਤਰ ਵਿੱਚ ਵਿਸ਼ਵਾਸ ਕਰਕੇ ਸਭ ਕੁਝ ਇਸੇ ਸਿਸਟਮ ਤਹਿਤ ਸਹਿੰਦਾ, ਭੁਗਤਦਾ ਹੈ, ਇਸੇ ਸਿਸਟਮ ਵਿੱਚੋਂ ਨਿਆਂ ਭਾਲਦਾ ਹੈ, ਤਾਂ ਇਕ ਸਾਬਕਾ ਡੀ.ਜੀ.ਪੀ. ਦਾ ਵਿਸ਼ਵਾਸ ਉਸੇ ਫ਼ੋਰਸ ਵਿੱਚ ਕਿਉਂ ਡੋਲ ਰਿਹਾ ਹੈ, ਜਿਸਦਾ ਉਹ ਖ਼ੁਦ 2 ਸਾਲ ਪਹਿਲਾਂ ਡੀ.ਜੀ.ਪੀ. ਸੀ।

ਆਪਣੇ 35 ਸਾਲ ਦੀ ਸਰਵਿਸ ਦੇ ਸਮੇਂ ਵਿੱਚ ਸੈਣੀ ਨੇ ਸੈਂਕੜੇ ਨਹੀਂ ਹਜ਼ਾਰਾਂ ਵਾਰ ਲੋਕਾਂ ਨੂੰ ਪੁਲਿਸ ਦੀ ਇੱਜ਼ਤ ਕਰਨ, ਪੁਲਿਸ ’ਤੇ ਭਰੋਸਾ ਕਰਨ, ਪੁਲਿਸ ’ਤੇ ਯਕੀਨ ਰੱਖਣ ਅਤੇ ਪੁਲਿਸ ਤੋਂ ਨਿਆਂ ਦੀ ਤਵੱਕੋ ਰੱਖਣ ਦੇ ਭਾਸ਼ਣ, ਨਸੀਹਤਾਂ ਅਤੇ ਲਿਖ਼ਤੀ ਸੰਦੇਸ਼ ਦਿੱਤੇ ਹੋਣਗੇ। ਅੱਜ ਕੀ ਹੋ ਗਿਐ, ਉਸ ਪੁਲਿਸ ਫ਼ੋਰਸ ਨੂੂੰ? ਉਹੀ ਪੰਜਾਬ ਪੁਲਿਸ ਐ। ਇਮਾਰਤ ਤਾਂ ਉਹੀ ਹੈ, ਉੱਤੇ ਚਾਰ ‘ਪਿੱਲਰ’ ਨਵੇਂ ਆਏ ਹੋਣਗੇ, ਉਹ ਸਮੇਂ ਨਾਲ ਆਉਂਦੇ ਹੀ ਰਹਿੰਦੇ ਨੇ। ਪਰ ਇੰਜ ਫ਼ੋਰਸ ’ਤੇ ਬੇਭਰੋਸਗੀ ਜਤਾ ਕੇ ਸੈਣੀ ਅਸਲ ਵਿੱਚ ਲੋਕਾਂ ਦਾ ਫ਼ੋਰਸ ’ਤੇ ਭਰੋਸਾ ਤੋੜ ਰਹੇ ਹਨ।

ਭਰੋਸਾ ਬਣਦਿਆਂ ਬਣਦਿਆਂ ਬਣਦਾ ਹੈ ਤੇ ਭਰੋਸਾ ਕਾਇਮ ਰੱਖਣ ਲਈ ਬੜਾ ਕੁਝ ਕਰਨਾ ਪੈਂਦਾ ਹੈ। ਪੰਜਾਬ ਪੁਲਿਸ ਦੀ ਕੋਈ ਐਸੀ ਵੀ ਸਾਖ਼ ਨਹੀਂ ਕਹੀ ਜਾ ਸਕਦੀ ਕਿ ਇਸਨੂੰ ਹੁਣ ਹੋਰ ਭਰੋਸਾ ਬਨਾਉਣ ਦੀ ਜਾਂ ਜਿੰਨਾ ਕੁ ਹੈ ਉਹ ਬਣਾਏ ਰੱਖਣ ਦੀ ਕੋਈ ਲੋੜ ਨਹੀਂ। ਸਗੋਂ ਬਹੁਤ ਲੋੜ ਹੈ, ਦਰਅਸਲ ਕਿਸੇ ਵੀ ਫ਼ੋਰਸ ਨੂੰ ਹਰ ਵੇਲੇ ਹੀ ਲੋੜ ਹੁੰਦੀ ਹੈ। ਹੁਣ ਜਦ ਸੈਣੀ ਇਸ ਸਿਸਟਮ ਦਾ ਹਿੱਸਾ ਨਹੀਂ ਰਹੇ, ਪੈਨਸ਼ਨ ’ਤੇ ਚਲੇ ਗਏ ਹਨ ਤਾਂ ਉਸੇ ਪੁਲਿਸ ਦੀ ਪੈਨਸ਼ਨ ’ਤੇ ਹੋ ਕੇ, ਉਸੇ ਪੁਲਿਸ ’ਤੇ ਬੇਭਰੋਸਗੀ ਕਿਵੇਂ ਜਤਾ ਸਕਦੇ ਹਨ? ਪਰ ਜਤਾ ਰਹੇ ਹਨ, ਜਤਾ ਦਿੱਤੀ ਹੈ, ਅਦਾਲਤ ਵਿੱਚ ਲਿਖ਼ਤੀ ਦਿੱਤਾ ਹੈ।

ਜਦ ਸੈਣੀ ਜਿਹੇ ਉੱਚ ਸਾਬਕਾ ਪੁਲਿਸ ਅਧਿਕਾਰੀ ਪੁਲਿਸ ’ਤੇ ਬੇਭਰੋਸਗੀ ਜਤਾ ਦੇਣਗੇ ਤਾਂ ਲੋਕਾਂ ਦਾ ਵਿਸ਼ਵਾਸ ਦ੍ਰਿੜ੍ਹ ਕਰਨਾ ਵੀ ਔਖ਼ਾ ਹੋ ਜਾਵੇਗਾ। ਕਿਸੇ ਵੀ ਸਿਸਟਮ ਵਿੱਚ ’ਤੇ ਖ਼ਾਸ ਕਰ ਪੁਲਿਸ ’ਤੇ ਲੋਕਾਂ ਦਾ ਭਰੋਸਾ ਬਣਿਆ ਰਹਿਣਾ ਬਹੁਤ ਜ਼ਰੂਰੀ ਹੈ। ਇਹ ‘ਲਾਅ ਐਂਡ ਆਰਡਰ’ ਬਣਾਈ ਰੱਖਣ ਲਈ ਜ਼ਰੂਰੀ ਹੈ, ਇਹ ਅਰਾਜਕਤਾ ਰੋਕਣ ਲਈ ਜ਼ਰੂਰੀ ਹੈ ਪਰ ਇਹ ਭਰੋਸਾ ਬਣੇਗਾ ਤਾਂ ਹੀ ਜਦ ਪੁਲਿਸ ਨੂੰ ਪੁਲਿਸ ’ਤੇ ਵਿਸ਼ਵਾਸ ਰਹੇਗਾ।

ਦੋ ਸਾਲ ਪਹਿਲਾਂ ਡੀ.ਜੀ.ਪੀ. ਰਿਹਾ ਅਧਿਕਾਰੀ ਜੇ 2 ਸਾਲਾਂ ਬਾਅਦ ਆਪਣੇ ਆਪ ਨੂੰ ਪੁਲਿਸ ਤੰਤਰ ਤੋਂ ਵੱਖ ਕਰਕੇ ਵੇਖ਼ਦਾ ਹੈ ਤਾਂ ਕੀ ਕਹਿਣਾ ਚਾਹ ਰਿਹਾ ਹੈ, ਕਿ ਉਸ ਸਮੇਂ ਸਭ ਠੀਕ ਸੀ, ਹੁਣ ਕੋਈ ਨਿਘਾਰ ਆ ਗਿਆ ਹੈ? ਪਹਿਲਾਂ ਵੀ ਜ਼ਿਕਰ ਆਇਐ ਕਿ ਪੰਜਾਬ ਪੁਲਿਸ ਪ੍ਰਤੀ ਲੋਕਾਂ ਦਾ ਵਿਸ਼ਵਾਸ ਇੰਨਾ ਮਜ਼ਬੂਤ ਨਹੀਂ ਕਿ ਸੁਮੇਧ ਸੈਣੀ ਇਸ ਉੱਤੇ ਇਕ ਹੋਰ ਸੱਟ ਮਾਰਣ। ਸੈਣੀ ਵਿਸ਼ਵਾਸ ਨੂੰ ਮਜ਼ਬੂਤ ਕਰਨ ਦੀ ਥਾਂ ਵਿਸ਼ਵਾਸ ਨੂੰ ਹੋਰ ਕਮਜ਼ੋਰ ਕਰਨ ਵੱਲ ਜਾ ਰਹੇ ਹਨ।

ਕਮਾਲ ਐ ਸੈਣੀ ‘ਸਾਹਿਬ’! ਕਮਾਲ ਐ! ਪੰਜਾਬ ਪੁਲਿਸ ਵਿੱਚ ਯਕੀਨ ਤਾਂ ਬਲਵੰਤ ਸਿੰਘ ਮੁਲਤਾਨੀ ਦੇ ਪਰਿਵਾਰ ਦਾ ਨਹੀਂ ਟੁੱਟਾ। ਉਹ ਇਕ ਆਈ.ਏ.ਐਸ. ਦਾ ਬੇਟਾ ਸੀ। ਜੇ ਆਈ.ਏ.ਐਸ. ਦੇ ਬੇਟੇ ਨਾਲ ਇਹ ਹੋ ਸਕਦਾ ਹੈ ਤਾਂ ਮਹਿਫ਼ੂਜ਼ ਕੌਣ ਸੀ? ਪਰਿਵਾਰ ਦੇ ਜਵਾਨ ਬੱਚੇ ਨਾਲ ਕੀ ਕੀ ਹੋਇਆ ਤੇ ਤੁਹਾਡਾ ਤੇ ਤੁਹਾਡੇ ਸਾਥੀਆਂ ਦਾ ਉਸ ਵਿੱਚ ਕੀ ਤੇ ਕਿੰਨਾ ਕਿੰਨਾ ਰੋਲ ਸੀ ਇਹ ਤਾਂ ਅਦਾਲਤਾਂ ਹੀ ਤੈਅ ਕਰਨਗੀਆਂ ਪਰ ਉਸ ਪਰਿਵਾਰ ਨੇ ਆਪਣਾ ਸਿਦਕ ਅਤੇ ਪੰਜਾਬ ਪੁਲਿਸ ਤੇ ਪੰਜਾਬ ਦੇ ਸਿਸਟਮ ਵਿੱਚ ਆਪਣਾ ਭਰੋਸਾ 29 ਸਾਲ ਨਹੀਂ ਟੁੱਟਣ ਦਿੱਤਾ, ਉਹ 29 ਸਾਲ ਜਿਨ੍ਹਾਂ ਵਿਚੋਂ 27 ਸਾਲ ਤਾਂ ਤੁਸੀਂ ਖ਼ੁਦ ਸਿਸਟਮ ਦਾ ਹਿੱਸਾ ਤੇ ਮੁਖ਼ੀ ਸੀ।

ਸੁਮੇਧ ਸੈਣੀ ਦਾ ਮਾਮਲਾ ਉਹਨਾਂ ਲਈ ਵੀ ਸਬਕ ਹੈ ਜਿਹੜੇ ਆਪਣੇ ਸਿਆਸੀ ਆਕਾਵਾਂ ਨੂੰ ਖ਼ੁਸ਼ ਕਰਨ ਲਈ, ਆਪਣੇ ਸੀਨੀਅਰਜ਼ ਨੂੰ ਖੁਸ਼ ਕਰਨ ਲਈ, ਆਪਣੀਆਂ ਤਰੱਕੀਆਂ ਲਈ, ‘ਪਰਾਈਜ਼ਡ ਪੋਸਟਿੰਗਜ਼’ ਤੇ ਬਣੇ ਰਹਿਣ ਲਈ ਪੈਸੇ ਲਈ, ਸਮਾਜਿਕ ਰੁਤਬੇ ਲਈ ‘ਸਿਸਟਮ’ ਦੇ ਦਇਰੇ ਤੋਂ ਬਾਹਰ ਜਾਣ ਲੱਗਿਆਂ ਇਹ ਭੁੱਲ ਜਾਂਦੇ ਹਨ ਕਿ ਸਮਾਂ ਬਦਲਦਾ ਰਹਿੰਦਾ ਹੈ, ਕਿ ਸਮੇਂ ਨੇ ਬਦਲਦੇ ਹੀ ਰਹਿਣਾ ਹੈ, ਕਿ ਸਮਾਂ ਕਦੇ ਕਿਸੇ ਨੂੰ ਮੁਆਫ਼ ਨਹੀਂ ਕਰਦਾ।

ਆਸ ਕਰਨੀ ਚਾਹੀਦੀ ਹੈ ਕਿ ਸੈਣੀ ਪੰਜਾਬ ਪੁਲਿਸ ’ਤੇ ਵਿਸ਼ਵਾਸ ਪ੍ਰਗਟਾਉਣਗੇ ਅਤੇ ਲੋਕਾਂ ਦੇ ਇਸ ਫ਼ੋਰਸ ’ਤੇ ਵਿਸ਼ਵਾਸ ਨੂੰ ਕਮਜ਼ੋਰ ਨਹੀਂ ਹੋਣ ਦੇਣਗੇ। ਜੇ ਨਹੀਂ ਤਾਂ ਸੈਣੀ ਨੂੰ ਪੰਜਾਬ ਦੇ ਲੋਕਾਂ ਨੂੰ ਇਹ ਸਪਸ਼ਟ ਕਰਨਾ ਚਾਹੀਦਾ ਹੈ ਕਿ ਸਾਢੇ ਤਿੰਨ ਦਹਾਕੇ ਉਨ੍ਹਾਂ ਦੇ ਪੁਲਿਸ ਦੇ ਅੰਦਰ ਐਸੇ ਕਿਹੜੇ ਤਜਰਬੇ ਰਹੇ ਜਿਨ੍ਹਾਂ ਦੇ ਆਧਾਰ ’ਤੇ ਉਹ ਅੱਜ ਆਪਣੀ ਹੀ ਫ਼ੋਰਸ ’ਤੇ ਇਤਬਾਰ ਕਰਨ ਨੂੰ ਤਿਆਰ ਨਹੀਂ ਹਨ।

ਐੱਚ.ਐੱਸ.ਬਾਵਾ
ਸੰਪਾਦਕ, ਯੈੱਸ ਪੰਜਾਬYes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION