28.1 C
Delhi
Thursday, March 28, 2024
spot_img
spot_img

ਸੁਖਜਿੰਦਰ ਰੰਧਾਵਾ ਵੱਲੋਂ ਕੋਵਿਡ ਦੀ ਦੂਜੀ ਲਹਿਰ ਦੇ ਮੱਦੇਨਜ਼ਰ ਜੇਲ੍ਹਾਂ ਵਿੱਚ ਇਹਤਿਆਤ ਤੇ ਸੁਰੱਖਿਆ ਇੰਤਜ਼ਾਮ ਪੁਖਤਾ ਰੱਖਣ ਦੇ ਆਦੇਸ਼

ਯੈੱਸ ਪੰਜਾਬ
ਫਰੀਦਕੋਟ/ਮੁਕਤਸਰ/ਚੰਡੀਗੜ੍ਹ, 7 ਮਈ, 2021 –
ਕੋਵਿਡ ਮਹਾਂਮਾਰੀ ਦੀ ਆਈ ਦੂਜੀ ਖਤਰਨਾਕ ਲਹਿਰ ਦੇ ਮੱਦੇਨਜ਼ਰ ਪੰਜਾਬ ਦੇ ਜੇਲ੍ਹ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਸੂਬੇ ਦੀਆਂ ਜੇਲ੍ਹਾਂ ਵਿੱਚ ਕੋਵਿਡ ਪ੍ਰੋਟੋਕੋਲ ਦੀ ਪਾਲਣਾ ਦਾ ਨਾਲ ਸਾਰੇ ਇਹਤਿਆਤ ਅਤੇ ਸੁਰੱਖਿਆ ਇੰਤਜ਼ਾਮ ਪੁਖਤਾ ਕਰਨ ਦੇ ਆਦੇਸ਼ ਦਿੱਤੇ ਗਏ। ਇਹ ਗੱਲ ਉਨ੍ਹਾਂ ਅੱਜ ਕੋਵਿਡ ਦੀ ਦੂਜੀ ਲਹਿਰ ਸਬੰਧੀ ਜੇਲ੍ਹ ਵਿਭਾਗ ਦੀਆਂ ਤਿਆਰੀਆਂ ਦਾ ਜ਼ਮੀਨੀ ਪੱਧਰ ਉਤੇ ਜਾਇਜ਼ਾ ਲੈਣ ਲਈ ਮਾਡਰਨ ਜੇਲ੍ਹ ਫਰੀਦਕੋਟ ਅਤੇ ਮੁਕਤਸਰ ਜੇਲ੍ਹ ਦਾ ਦੌਰਾ ਕਰਨ ਮੌਕੇ ਕਹੀ।

ਸ. ਰੰਧਾਵਾ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਜੇਲ੍ਹਾਂ ਵਿੱਚ ਕੈਦੀਆਂ ਲਈ ਟੀਕਾਕਰਨ, ਮਾਸਕ ਅਤੇ ਸੈਨੀਟਾਈਜੇਸ਼ਨ ਦੀ ਸਹੂਲਤ ਦੇ ਨਾਲ ਮੁਹੱਈਆ ਕਰਵਾਈਆਂ ਜਾ ਰਹੀਆਂ ਡਾਕਟਰੀ ਸੇਵਾਵਾਂ ਉਤੇ ਤਸੱਲੀ ਪ੍ਰਗਟਾਈ। ਉਨ੍ਹਾਂ ਕਿਹਾ ਕਿ ਸੂਬੇ ਦੀਆਂ ਕੁੱਲ 25 ਜੇਲ੍ਹਾਂ ਵਿੱਚ ਇਸ ਵੇਲੇ 23502 ਬੰਦੀ ਹਨ। ਉਨ੍ਹਾਂ ਕਿਹਾ ਕਿ ਜਦੋਂ ਤੋਂ ਕੋਵਿਡ ਦੀ ਸ਼ੁਰੂਆਤ ਹੋਈ ਹੈ, ਉਦੋਂ ਤੋਂ ਲੈ ਕੇ ਹੁਣ ਤੱਕ ਜੇਲ੍ਹ ਵਿਭਾਗ ਵੱਲੋਂ 60,000 ਟੈਸਟ ਕਰਵਾਏ ਗਏ ਹਨ ਜਿਨ੍ਹਾਂ ਵਿੱਚੋਂ 3294 ਕੈਦੀ ਪਾਜ਼ੇਟਿਵ ਪਾਏ ਜਾ ਚੁੱਕੇ ਹਨ।

ਇਨ੍ਹਾਂ ਵਿੱਚੋਂ ਮੌਜੂਦਾ ਸਮੇਂ ਜੇਲ੍ਹਾਂ ਵਿੱਚ ਬੰਦ ਕੈਦੀ 650 ਹਨ ਜਿਹੜੇ ਕੋਵਿਡ ਪਾਜ਼ੇਟਿਵ ਹਨ। ਉਨ੍ਹਾਂ ਕਿਹਾ ਕਿ 45 ਸਾਲ ਤੋਂ ਉਪਰ ਵਾਲੇ 5813 ਕੈਦੀਆਂ ਦਾ ਟੀਕਾਕਰਨ ਹੋ ਚੁੱਕਿਆ ਹੈ ਜਿਨ੍ਹਾਂ ਵਿੱਚੋਂ 5353 ਪੁੁਰਸ਼ ਤੇ 460 ਮਹਿਲਾ ਕੈਦੀ ਸ਼ਾਮਲ ਹਨ। ਇਸ ਦੇ ਨਾਲ ਹੀ 2408 ਜੇਲ੍ਹ ਕਰਮੀਆਂ ਦਾ ਵੀ ਟੀਕਾਕਰਨ ਹੋ ਚੁੱਕਿਆ ਹੈ।

ਉਨ੍ਹਾਂ ਕਿਹਾ ਕਿ ਕੈਦੀਆਂ ਲਈ 24 ਘੰਟੇ ਡਾਕਟਰੀ ਸੇਵਾਵਾਂ ਮੁਹੱਈਆ ਕਰਨੀਆਂ ਯਕੀਨੀ ਬਣਾਈਆਂ ਜਾਣ। ਉਨ੍ਹਾਂ ਕਿਹਾ ਕਿ ਪ੍ਰਮੁੱਖ ਸਕੱਤਰ ਸਿਹਤ ਸ੍ਰੀ ਹੁਸਨ ਲਾਲ ਨੂੰ ਵੱਡੀਆਂ ਜੇਲ੍ਹਾਂ ਲਈ 50-50 ਅਤੇ ਛੋਟੀਆਂ ਜੇਲ੍ਹਾਂ ਲਈ 15-15 ਔਕਸੀਮੀਟਰਾਂ ਦਾ ਪ੍ਰਬੰਧ ਕਰਨ ਲਈ ਆਖਿਆ ਗਿਆ ਹੈ।

ਜੇਲ੍ਹ ਮੰਤਰੀ ਨੇ ਅੱਗੇ ਕਿਹਾ ਕਿ ਜੇਲ੍ਹ ਵਿਭਾਗ ਵੱਲੋਂ ਕੋਵਿਡ ਨੂੰ ਦੇਖਦਿਆਂ ਚਾਰ ਜੇਲ੍ਹਾਂ ਨੂੰ ਕੋਵਿਡ ਪਾਜ਼ੇਟਿਵ ਕੈਦੀਆਂ ਲਈ ਰਾਖਲਾਂ ਰੱਖਿਆ ਗਿਆ ਹੈ ਜਿਨ੍ਹਾਂ ਵਿੱਚੋਂ ਜ਼ਿਲਾ ਜੇਲ੍ਹ ਲੁਧਿਆਣਾ, ਮੋਗਾ ਜੇਲ੍ਹ ਤੇ ਸਪੈਸ਼ਲ ਜੇਲ੍ਹ ਬਠਿੰਡਾ ਵਿਖੇ ਪੁਰਸ਼ ਅਤੇ ਮਾਲੇਰਕੋਟਲਾ ਜੇਲ੍ਹ ਵਿਖੇ ਔਰਤ ਕੈਦੀਆਂ ਨੂੰ ਰੱਖਿਆ ਜਾਂਦਾ ਹੈ।

ਉਨ੍ਹਾਂ ਕਿਹਾ ਕਿ ਜੇਲ੍ਹਾਂ ਵਿੱਚ ਹੁਣ ਤੱਕ ਇਕ ਲੱਖ ਤੋਂ ਵੱਧ ਮਾਸਕ ਵੰਡਿਆ ਜਾ ਚੁੱਕਾ ਹੈ ਅਤੇ ਸਾਰੀ ਜੇਲ੍ਹ ਖਾਸ ਕਰਕੇ ਬੈਰਕਾਂ ਵਿੱਚ ਪੂਰੀ ਤਰ੍ਹਾਂ ਸੈਨੀਟਾਈਜੇਸ਼ਨ ਕੀਤੀ ਗਈ ਹੈ। ਕੈਦੀਆਂ ਦੀ ਉਨ੍ਹਾਂ ਦੇ ਪਰਿਵਾਰ ਵਾਲਿਆਂ ਨਾਲ ਆਨਲਾਈਨ ਮੁਲਾਕਾਤ ਈ-ਪ੍ਰਿਜਨ ਜਾਂ ਫੇਰ ਵੱਟਸ ਐਪ ਵੀਡਿਓ ਕਾਲ ਰਾਹੀਂ ਕਰਵਾਈ ਜਾਂਦੀ ਹੈ।

ਸ. ਰੰਧਾਵਾ ਨੇ ਅੱਜ ਫਰੀਦਕੋਟ ਤੇ ਮੁਕਤਸਰ ਜੇਲ੍ਹ ਵਿੱਚ ਸਾਰੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਜੇਲ੍ਹ ਵਿਭਾਗ ਦੇ ਉਚ ਅਧਿਕਾਰੀ ਹੋਰਨਾਂ ਜੇਲ੍ਹਾਂ ਦਾ ਵੀ ਦੌਰਾ ਕਰਕੇ ਕੋਵਿਡ ਸਬੰਧੀ ਇੰਤਜ਼ਾਮਾਂ ਨੂੰ ਦੇਖਣਗੇ। ਉਨ੍ਹਾਂ ਕਿਹਾ ਕਿ ਅੱਜ ਦੀ ਉਨ੍ਹਾਂ ਦੀ ਫੇਰੀ ਮੌਕੇ 18 ਤੋਂ 45 ਸਾਲ ਉਮਰ ਵਰਗ ਦੇ ਕੈਦੀਆਂ ਵੱਲੋਂ ਟੀਕਾਕਰਨ ਦੀ ਮੰਗ ਕੀਤੀ ਗਈ ਹੈ ਜਿਸ ਸਬੰਧੀ ਉਹ ਉਚ ਅਧਿਕਾਰੀਆਂ ਨਾਲ ਗੱਲਬਾਤ ਕਰ ਕੇ ਜਲਦੀ ਸ਼ੁਰੂਆਤ ਕਰਵਾਉਣਗੇ।

ਮੁਕਤਸਰ ਜੇਲ੍ਹ ਵਿੱਚ ਕੈਦੀਆਂ ਵੱਲੋਂ ਸਾਫ ਪੀਣ ਵਾਲੇ ਪਾਣੀ ਦੀ ਘਾਟ ਦੀ ਗੱਲ ਕਹੀ ਗਈ ਜਿਸ ਉਤੇ ਜੇਲ੍ਹ ਮੰਤਰੀ ਨੇ ਮੌਕੇ ‘ਤੇ ਅਧਿਕਾਰੀਆਂ ਨੂੰ ਇਸ ਦਾ ਹੱਲ ਦੋ ਦਿਨਾਂ ਅੰਦਰ ਕਰਨ ਲਈ ਆਖਿਆ।

ਫਰੀਦਕੋਟ ਮਾਡਰਨ ਜੇਲ੍ਹ ਦੇ ਦੌਰੇ ਮੌਕੇ ਜੇਲ੍ਹ ਮੰਤਰੀ ਦੇ ਨਾਲ ਡਿਪਟੀ ਕਮਿਸ਼ਨਰ ਵਿਮਲ ਕੁਮਾਰ ਸੇਤੀਆ, ਡੀ.ਆਈ.ਜੀ. ਜੇਲ੍ਹਾਂ ਤਜਿੰਦਰ ਸਿੰਘ ਮੌੜ, ਐਸ.ਐਸ.ਪੀ. ਸਵਰਨਦੀਪ ਸਿੰਘ, ਐਸ.ਡੀ.ਐਮ. ਪੂਨਮ ਸਿੰਘ, ਜੇਲ੍ਹ ਸੁਪਰਡੈਂਟ ਮਨਜੀਤ ਸਿੰਘ ਟਿਵਾਣਾ ਵੀ ਹਾਜ਼ਰ ਸਨ।

ਮੁਕਤਸਰ ਜੇਲ੍ਹ ਦੇ ਦੌਰੇ ਮੌਕੇ ਏ.ਡੀ.ਸੀ. ਗੁਰਵਿੰਦਰ ਸਿੰਘ ਸਰਾਓ, ਐਸ.ਐਸ.ਪੀ. ਸ੍ਰੀ ਡੀ. ਸੁਡਰਵਿੱਲੀ ਤੇ ਜੇਲ੍ਹ ਸੁਪਰਡੈਂਟ ਇਕਬਾਲ ਸਿੰਘ ਬਰਾੜ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION