ਯੈੱਸ ਪੰਜਾਬ
ਸੰਗਰੂਰ, 9 ਜੂਨ, 2020:
ਪ੍ਰਸਿੱਧ ਗਾਇਕ ਸਿੱਧੂ ਮੂਸੇਵਾਲਾ ਵੱਲੋਂ ਲੱਧਾ ਕੋਠੀ ਸ਼ੂਟਿੰਗ ਰੇਂਜ ਵਿਚ ਕਥਿਤ ਤੌਰ ’ਤੇ ਸਰਕਾਰੀ ਹਥਿਆਰਾਂ ਨਾਲ ਅਤੇ ਪੁਲਿਸ ਦੀ ਮਦਦ ਨਾਲ ਪੁਗਾਏ ਹਥਿਆਰਾਂ ਨਾਲ ਫ਼ਾਇਰਿੰਗ ਦੇ ਸ਼ੌਕ ਸੰਬੰਧੀ ਦਰਜ ਕੀਤੇ ਗਏ ਕੇਸ ਵਿਚ ਮੁਅੱਤਲ ਡੀ.ਐਸ.ਪੀ. ਦੇ ਬੇਟੇ ਅਤੇ 4 ਮੁਅੱਤਲ ਪੁਲਿਸ ਮੁਲਾਜ਼ਮਾਂ ਨੂੰ ਅਦਾਲਤ ਨੇ ਜ਼ਮਾਨਤਾਂ ਦੇ ਦਿੱਤੀਆਂ ਹਨ।
ਸਥਾਨਕ ਅਦਾਲਤ ਵੱਲੋਂ ਮੰਗਲਵਾਰ ਨੂੰ ਮੁਅੱਤਲ ਡੀ.ਐਸ.ਪੀ. ਦਲਜੀਤ ਸਿੰਘ ਵਿਰਕ ਦੇ ਬੇਟੇ ਜੰਗਸ਼ੇਰ ਸਿੰਘ, ਏ.ਐਸ.ਆਈ. ਬਲਕਾਰ ਸਿੰਘ, ਹੌਲਦਾਰ ਗੁਰਜਿੰਦਰ ਸਿੰਘ ਅਤੇ ਸਿਪਾਹੀਆਂ ਜਸਬੀਰ ਸਿੰਘ ਅਤੇ ਹਰਵਿੰਦਰ ਸਿੰਘ ਦੀਆਂ ਜ਼ਮਾਨਤਾਂ ਮਨਜ਼ੂਰ ਕਰ ਲਈਆਂ ਗਈਆਂ।
ਐਸ.ਪੀ. ਗੁਰਮੀਤ ਸਿੰਘ ਅਨੁਸਾਰ ਜੰਗਸ਼ੇਰ ਸਿੰਘ 30 ਮਈ ਨੂੰ ਅਤੇ ਚਾਰ ਪੁਲਿਸ ਕਰਮੀ ਵੀ ਪਿਛਲੇ ਹਫ਼ਤੇ ਤਫ਼ਤੀਸ਼ ਵਿਚ ਸ਼ਾਮਿਲ ਹੋ ਗਏ ਸਨ।
ਜ਼ਿਕਰਯੋਗ ਹੈ ਕਿ ਧੂਰੀ ਪੁਲਿਸ ਨੇ 5 ਮਈ ਨੂੰ ਮੂਸੇਵਾਲਾ ਸਣੇ 9 ਵਿਅਕਤੀਆਂ ਦੇ ਖਿਲਾਫ਼ ਮੁਕੱਦਮਾ ਉਸ ਵੇਲੇ ਦਰਜ ਕੀਤਾ ਸੀ ਜਦ ਮੂਸੇਵਾਲਾ ਦੀ ਪੁਲਿਸ ਕਰਮੀਆਂ ਦੇ ਨਾਲ ਲੱਧਾ ਕੋਠੀ ਸ਼ੂਟਿੰਗ ਰਂਜ ਵਿਚ ਫ਼ਾਇਰਿੰਗ ਕਰਦੇ ਦੀ ਵੀਡੀਓ ਵਾਇਰਲ ਹੋ ਗਈ ਸੀ। ਇਸੇ ਤਰ੍ਹਾਂ ਦੀ ਇਕ ਹੋਰ ਵੀਡੀਓ ਸਾਹਮਣੇ ਆਈ ਸੀ ਜਿਸ ਦੇ ਆਧਾਰ ’ਤੇ ਬਰਨਾਲਾ ਪੁਲਿਸ ਨੇ ਵੀ ਮੁੂਸੇਵਾਲਾ ਅਤੇ ਹੋਰਨਾਂ ਖਿਲਾਫ਼ ਮਾਮਲਾ ਦਰਜ ਕੀਤਾ ਸੀ। ਪਹਿਲਾਂ ਪੁਲਿਸ ਨੇ ਆਰਮਜ਼ ਐਕਟ ਸੰਬੰਧੀ ਧਾਰਾ ਨਹੀਂ ਲਗਾਈ ਸੀ ਪਰ ਬਾਅਦ ਵਿਚ ਸਮਾਜਿਕ ਕਾਰਕੁੰਨਾਂ ਵੱਲੋਂ ਇਸ ਸੰਬੰਧੀ ਰੌਲਾ ਪਾਏ ਜਾਣ ’ਤੇ ਆਰਮਜ਼ ਐਕਟ ਦੀਆਂ ਧਾਰਾਵਾਂ ਜੋੜ ਦਿੱਤੀਆਂ ਗਈਆਂ ਸਨ।