31.1 C
Delhi
Thursday, March 28, 2024
spot_img
spot_img

ਸਿੱਖ ਇਤਿਹਾਸ ਅੰਦਰ ਬੰਦੀ ਛੋੜ ਦਿਵਸ – ਗੋਬਿੰਦ ਸਿੰਘ ਲੌਂਗੋਵਾਲ – 14 ਨਵੰਬਰ 2020 ਲਈ ਵਿਸ਼ੇਸ਼

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਗਵਾਲੀਅਰ ਕਿਲ੍ਹੇ ਵਿੱਚੋਂ ਰਿਹਾਅ ਹੋਣ ਮਗਰੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਪਹੁੰਚਣ ਦੀ ਯਾਦ ਵਿਚ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਵਸ ਵਜੋਂ ਮਨਾਉਂਦੇ ਹਨ। ਬੰਦੀ ਛੋੜ ਦਿਵਸ ਸਿੱਖ ਪੰਥ ਦਾ ਉਹ ਦਿਹਾੜਾ ਹੈ ਜੋ ਸਾਨੂੰ ਸੱਚ ਦੀ ਆਵਾਜ਼ ਬਣਨ ਅਤੇ ਜ਼ੁਲਮ ਦੇ ਸਤਾਏ ਹੋਏ ਲੋਕਾਂ ਦੇ ਹੱਕ ਵਿਚ ਅੱਗੇ ਆਉਣ ਦੀ ਪ੍ਰੇਰਨਾ ਦਿੰਦਾ ਹੈ।

ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਵੱਲੋਂ ਗਵਾਲੀਅਰ ਦੀ ਕੈਦ ਵਿੱਚੋਂ ਛੁਡਵਾਏ 52 ਰਾਜਿਆਂ ਦਾ ਇਤਿਹਾਸ ਸੰਭਾਲੀ ਬੈਠਾ ਇਹ ਦਿਹਾੜਾ ਸਮੁੱਚੇ ਪੰਥ ਵੱਲੋਂ ਪੂਰੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ ਅਤੇ ਇਸ ਦਿਨ ਸੰਗਤਾਂ ਸ੍ਰੀ ਅੰਮ੍ਰਿਤਸਰ ਵਿਖੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਰੂਹਾਨੀ ਵਾਤਾਵਰਣ ਦਾ ਅਨੰਦ ਮਾਣਨ ਲਈ ਲੱਖਾਂ ਦੀ ਗਿਣਤੀ ਵਿਚ ਪੁੱਜਦੀਆਂ ਹਨ।

ਗੁਰੂ ਸਾਹਿਬਾਨ ਦਾ ਸਮੁੱਚਾ ਜੀਵਨ ਜਬਰ, ਜ਼ੁਲਮ ਤੇ ਅਨਿਆਂ ਦੇ ਖਿਲਾਫ਼ ਇੱਕ ਸੰਘਰਸ਼ ਰਿਹਾ ਹੈ ਅਤੇ ਸਮਕਾਲੀ ਜਰਵਾਣਿਆਂ ਵੱਲੋਂ ਸਤਾਈ ਤੇ ਦਬਾਈ ਜਾ ਰਹੀ ਪੀੜਤ ਧਿਰ ਦੀ ਆਵਾਜ਼ ਬਣ ਕੇ ਪਰਉਪਕਾਰਾਂ ਦੀ ਉਘੜਵੀਂ ਮਿਸਾਲ ਵੀ ਬਣਿਆ ਹੈ। ਸ਼ਾਂਤੀ ਦੇ ਪੁੰਜ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਅਦੁੱਤੀ ਸ਼ਹਾਦਤ ਤੋਂ ਬਾਅਦ ਇਹ ਗੱਲ ਸਪਸ਼ਟ ਹੋ ਗਈ ਸੀ ਕਿ ਜ਼ਾਲਮਾਂ ਦੇ ਜ਼ੁਲਮ ਨੂੰ ਠੱਲ ਪਾਉਣ ਲਈ ਹਥਿਆਰ ਚੁੱਕਣੇ ਹੀ ਪੈਣਗੇ।

ਇਸੇ ਲਈ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਗੁਰਿਆਈ ਧਾਰਨ ਕਰਦੇ ਸਮੇਂ ਮੀਰੀ ਤੇ ਪੀਰੀ ਦੀਆਂ ਦੋ ਕਿਰਪਾਨਾਂ ਧਾਰਨ ਕੀਤੀਆਂ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਸਾਹਮਣੇ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਸਿਰਜਨਾ ਕੀਤੀ, ਜਿਥੇ ਬੀਰ-ਰਸੀ ਵਾਰਾਂ ਵੀ ਗਾਈਆਂ ਜਾਣ ਲੱਗੀਆਂ।

ਗੁਰੂ ਸਾਹਿਬ ਨੇ ਸਿੱਖਾਂ ਨੂੰ ਚੰਗੀ ਨਸਲ ਦੇ ਘੋੜੇ ਅਤੇ ਸ਼ਸਤਰ ਲਿਆਉਣ ਦੇ ਹੁਕਮ ਵੀ ਕੀਤੇ। ਅਣਖੀਲੇ ਨੌਜਵਾਨਾਂ ਦੀ ਫੌਜ ਤਿਆਰ ਕਰਕੇ ਉਨ੍ਹਾਂ ਨੂੰ ਜੰਗ ਦੀ ਟ੍ਰੇਨਿੰਗ ਦਿੱਤੀ ਜਾਣ ਲੱਗੀ। ਇਸ ’ਤੇ ਹਕੂਮਤ ਨੂੰ ਡਰ ਸਤਾਉਣ ਲੱਗਾ। ਲੋਹਗੜ੍ਹ ਦੇ ਕਿਲ੍ਹੇ ਦੀ ਸਥਾਪਨਾ ਨਾਲ ਤਾਂ ਹਕੂਮਤ ਹੋਰ ਵੀ ਸੜ ਬਲ ਗਈ। ਗੁਰੂ-ਘਰ ਦੇ ਵਿਰੋਧੀਆਂ ਨੇ ਗੁਰੂ ਸਾਹਿਬ ਵਿਰੁੱਧ ਜਹਾਂਗੀਰ ਦੇ ਕੰਨ ਭਰਨੇ ਸ਼ੁਰੂ ਕਰ ਦਿੱਤੇ, ਜਿਸ ਦੇ ਫ਼ਲਸਰੂਪ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਨੂੰ ਗਵਾਲੀਅਰ ਦੇ ਕਿਲ੍ਹੇ ਵਿਚ ਨਜ਼ਰਬੰਦ ਕਰ ਦਿੱਤਾ ਗਿਆ।

ਗਵਾਲੀਅਰ ਦੇ ਕਿਲ੍ਹੇ ਵਿਚ ਮੀਰੀ-ਪੀਰੀ ਦੇ ਮਾਲਕ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਦੇ ਆਗਮਨ ਨਾਲ ਹਕੂਮਤ ਦੁਆਰਾ ਬੰਦੀ ਬਣਾਏ ਰਾਜਿਆਂ ਦੇ ਘੋਰ ਨਿਰਾਸ਼ ਹੋ ਚੁੱਕੇ ਜੀਵਨ ਵਿਚ ਆਸ ਦੀ ਕਿਰਨ ਜਾਗ ਉੱਠੀ। ਜਿਨ੍ਹਾਂ ਰਾਜਿਆਂ ਨੇ ਇਹ ਸਮਝ ਰੱਖਿਆ ਸੀ ਕਿ ਹੁਣ ਉਨ੍ਹਾਂ ਦੀ ਹੋਣੀ ਇਸ ਕਿਲ੍ਹੇ ਦੀਆਂ ਉੱਚੀਆਂ ਕੰਧਾਂ ਦੇ ਅੰਦਰਵਾਰ ਹੀ ਸੀ, ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਆਉਣ ਨਾਲ ਉਨ੍ਹਾਂ ਅੰਦਰ ਆਸ ਦੀ ਕਿਰਨ ਜਾਗ ਪਈ।

ਇਸ ਤੋਂ ਵੀ ਵੱਧ ਗੁਰੂ ਜੀ ਦੇ ਉਪਦੇਸ਼ਾਂ ਦੇ ਨਿਰਮਲ ਪ੍ਰਵਾਹ ਨਾਲ ਬੰਦੀ ਰਾਜਿਆਂ ਦਾ ਭਰਮ ਤੇ ਅਗਿਆਨ ਦਾ ਹਨ੍ਹੇਰਾ ਵੀ ਦੂਰ ਹੋਣ ਲੱਗਾ। ਦੂਸਰੇ ਪਾਸੇ ਗੁਰੂ ਸਾਹਿਬ ਜੀ ਦੇ ਗੁਰੂ ਸਾਹਿਬ ਜੀ ਦੀ ਕੈਦ ਦੀ ਖਬਰ ਸੁਣ ਕੇ ਸਿੱਖਾਂ ਵਿਚ ਬੇਚੈਨੀ ਪੈਦਾ ਹੋ ਗਈ। ਸੰਗਤਾਂ ਜਥੇ ਬਣਾ ਕੇ ਗਵਾਲੀਅਰ ਪੁੱਜਦੀਆਂ ਪਰ ਮੁਲਾਕਾਤ ਦੀ ਇਜਾਜ਼ਤ ਨਾ ਹੋਣ ਕਾਰਨ ਉਦਾਸ ਹੋ ਵਾਪਸ ਪਰਤ ਆਉਂਦੀਆਂ।

ਗੁਰੂ ਸਾਹਿਬ ਜੀ ਦੀ ਕੈਦ ਵਿਰੁੱਧ ਸਿੱਖਾਂ, ਗੁਰੂ ਘਰ ਦੇ ਪ੍ਰੇਮੀਆਂ ਤੇ ਨੇਕ ਦਿਲ ਮੁਸਲਮਾਨਾਂ ਨੇ ਆਵਾਜ਼ ਉਠਾਈ, ਜਿਸ ’ਤੇ ਗੁਰੂ ਸਾਹਿਬ ਦੀ ਰਿਹਾਈ ਦਾ ਹੁਕਮ ਦੇ ਦਿੱਤਾ ਗਿਆ। ਇਸ ਨਾਲ ਕੈਦੀ ਰਾਜੇ ਮਾਜੂਸ ਹੋਏ ਦੇਖ ਗੁਰੂ ਸਾਹਿਬ ਨੇ ਕਿਹਾ ਕਿ ਉਹ ਇਕੱਲੇ ਨਹੀਂ ਜਾਣਗੇ ਸਗੋਂ 52 ਕੈਦੀਆਂ ਨੂੰ ਨਾਲ ਖੜ੍ਹਨਗੇ। ਇਸ ਗੱਲ ਦਾ ਪਤਾ ਲੱਗਣ ’ਤੇ ਜਹਾਂਗੀਰ ਨੇ ਕਿਹਾ ਕਿ ਜਿੰਨੇ ਰਾਜੇ ਗੁਰੂ ਜੀ ਦਾ ਪੱਲਾ ਜਾਂ ਹੱਥ ਫੜ੍ਹ ਕੇ ਨਿਕਲ ਸਕਣ ਛੱਡ ਦਿੱਤੇ ਜਾਣ।

ਇਸ ਤਰ੍ਹਾਂ ਗਵਾਲੀਅਰ ਕਿਲ੍ਹੇ ’ਚੋਂ ਰਿਹਾਈ ਸਮੇਂ ਗੁਰੂ ਜੀ ਨੇ ਆਪਣੇ ਚੋਲੇ ਦੀਆਂ ਕਲੀਆਂ ਨਾਲ 52 ਰਾਜਿਆਂ ਦੀ ਬੰਦ-ਖਲਾਸੀ ਕਰਵਾਈ। ਗਵਾਲੀਅਰ ਤੋਂ ਪੂਰਨ ਸਨਮਾਨ ਸਹਿਤ ਰਿਹਾਅ ਹੋਣ ਉਪਰੰਤ ਜਦੋਂ ਗੁਰੂ ਜੀ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਵਸਾਈ ਨਗਰੀ ਸ੍ਰੀ ਅੰਮ੍ਰਿਤਸਰ ਵਿਖੇ ਪੁੱਜੇ ਤਾਂ ਬਾਬਾ ਬੁੱਢਾ ਜੀ ਦੀ ਅਗਵਾਈ ’ਚ ਸਮੂਹ ਨਗਰ ਵਾਸੀਆਂ ਨੇ ਖੁਸ਼ੀ ’ਚ ਘਰਾਂ ’ਚ ਘਿਉ ਦੇ ਦੀਵੇ ਜਗਾਏ ਅਤੇ ਗਲੀਆਂ, ਬਜ਼ਾਰਾਂ ਵਿਚ ਭਾਰੀ ਦੀਪਮਾਲਾ ਕੀਤੀ। ਇਸ ਦਿਨ ਤੋਂ ਬਾਅਦ ਸਿੱਖ ਦੀਵਾਲੀ ਨੂੰ ਬੰਦੀ ਛੋੜ ਦਿਹਾੜੇ ਦੇ ਰੂਪ ਵਿਚ ਮਨਾਉਂਦੇ ਆ ਰਹੇ ਹਨ।

ਦੂਸਰੇ ਪਾਸੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੋਤੀ ਜੋਤਿ ਸਮਾਉਣ ਅਤੇ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਉਪਰੰਤ ਸਿੱਖਾਂ ਲਈ ਭਿਆਨਕ ਸਮਾਂ ਆਇਆ। ਸਮੇਂ ਦੀ ਹਕੂਮਤ ਵਲੋਂ ਸਿੱਖਾਂ ਦੇ ਸਿਰਾਂ ਦੇ ਮੁੱਲ ਪਾ ਦਿੱਤੇ ਗਏ, ਜਿਸ ’ਤੇ ਉਨ੍ਹਾਂ ਦਾ ਸ੍ਰੀ ਅੰਮ੍ਰਿਤਸਰ ਆਉਣਾ ਵੀ ਮੁਸ਼ਕਿਲ ਹੋ ਗਿਆ।

ਭਾਈ ਮਨੀ ਸਿੰਘ ਜੀ ਜੋ ਕਿ ਉਨ੍ਹੀਂ ਦਿਨੀਂ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਗ੍ਰੰਥੀ ਦੀ ਮਹਾਨ ਸੇਵਾ ਨਿਭਾਅ ਰਹੇ ਸਨ, ਨੇ 1733 ਈਸਵੀ ਦੀ ਬੰਦੀ ਛੋੜ ਦਿਵਸ ਦੇ ਅਵਸਰ ’ਤੇ ਸਿੱਖ ਸੰਗਤਾਂ ਦੀ ਅੰਮ੍ਰਿਤਸਰ ਵਿਖੇ ਇਕੱਤਰਤਾ ਲਈ ਵਿਸ਼ੇਸ਼ ਟੈਕਸ ਦੇਣਾ ਮੰਨ ਕੇ ਹਕੂਮਤ ਤੋਂ ਇਜਾਜ਼ਤ ਲਈ। ਓਧਰ ਨਵਾਬ ਜ਼ਕਰੀਆ ਖਾਨ ਨੇ ਇਸ ਇਕੱਠ ਉੱਤੇ ਹਮਲਾ ਕਰਕੇ ਇਕੱਤਰ ਹੋਏ ਸਿੰਘਾਂ ਨੂੰ ਮਾਰ ਮੁਕਾਉਣ ਦੀ ਯੋਜਨਾ ਬਣਾ ਲਈ।

ਇਸ ਗੱਲ ਦਾ ਪਤਾ ਲੱਗਣ ’ਤੇ ਭਾਈ ਸਾਹਿਬ ਨੇ ਸਿੱਖਾਂ ਨੂੰ ਅੰਮ੍ਰਿਤਸਰ ਆਉਣ ਤੋਂ ਰੋਕ ਦਿੱਤਾ। ਇਸ ’ਤੇ ਟੈਕਸ ਨਾ ਭਰਨ ਦਾ ਬਹਾਨਾ ਲਗਾ ਕੇ ਮੰਦ ਨੀਤ ਨਾਲ ਹਕੂਮਤ ਨੇ ਭਾਈ ਸਾਹਿਬ ਨੂੰ ਜਾਂ ਤਾਂ ਇਸਲਾਮ ਧਾਰਨ ਕਰਨ ਜਾਂ ਫਿਰ ਮੌਤ ਲਈ ਤਿਆਰ ਹੋਣ ਦਾ ਫ਼ੁਰਮਾਨ ਸੁਣਾ ਦਿੱਤਾ। ਭਾਈ ਸਾਹਿਬ ਨੇ ਕਿਹਾ ਮੈਨੂੰ ਸਿੱਖੀ ਪਿਆਰੀ ਹੈ ਜਾਨ ਨਹੀਂ, ਮੈਨੂੰ ਸ਼ਹੀਦ ਹੋਣਾ ਪ੍ਰਵਾਨ ਹੈ।

ਕਾਜ਼ੀ ਵਲੋਂ ਦਿੱਤੇ ਫ਼ਤਵੇ ਅਨੁਸਾਰ ਭਾਈ ਮਨੀ ਸਿੰਘ ਜੀ ਨੂੰ ਬੰਦ ਬੰਦ ਕੱਟ ਕੇ ਸ਼ਹੀਦ ਕਰ ਦਿੱਤਾ ਗਿਆ। ਭਾਈ ਸਾਹਿਬ ਨੇ ਦਰਸਾ ਦਿੱਤਾ ਕਿ ਸਰੀਰ ਦਾ ਬੰਦ-ਬੰਦ ਤਾਂ ਕਟਵਾਇਆ ਜਾ ਸਕਦਾ ਹੈ ਪਰ ਗੁਰੂ ਸਾਹਿਬ ਵੱਲੋਂ ਦਿ੍ਰੜ੍ਹ ਕਰਵਾਏ ਅਸੂਲਾਂ ਨੂੰ ਗੁਰਸਿੱਖ ਕਦੀ ਵੀ ਨਹੀਂ ਛੱਡ ਸਕਦਾ। ਇਸ ਤਰ੍ਹਾਂ ਬੰਦੀ ਛੋੜ ਦਿਹਾੜੇ ਦਾ ਸਬੰਧ ਭਾਈ ਮਨੀ ਸਿੰਘ ਜੀ ਦੀ ਸ਼ਹੀਦੀ ਨਾਲ ਜੁੜ ਗਿਆ।

ਅੱਜ ਜਦੋਂ ਸਿੱਖ ਪੰਥ ਦੇ ਸਾਹਮਣੇ ਕਈ ਗੰਭੀਰ ਸਮੱਸਿਆਵਾਂ ਵੰਗਾਰਾਂ ਦੇ ਰੂਪ ’ਚ ਸਿਰ ਕੱਢ ਰਹੀਆਂ ਹਨ ਤਾਂ ਬੰਦੀ-ਛੋੜ ਦਿਵਸ ਸਾਨੂੰ ਹੱਕ-ਸੱਚ ਦੀਆਂ ਕਦਰਾਂ-ਕੀਮਤਾਂ ’ਤੇ ਪੂਰਨ ਰੂਪ ਦਿ੍ਰੜ੍ਹ ਰਹਿ ਕੇ ਸਿੱਖੀ ਸਿਦਕ ਤੇ ਹੱਕ-ਸੱਚ ਪ੍ਰਤੀ ਕਾਇਮ ਰੱਖਣ ਵਾਸਤੇ ਯਤਨਸ਼ੀਲ ਹੋਣ ਦਾ ਸੁਨੇਹਾ ਦਿੰਦਾ ਹੈ। ਇਹ ਲੋਕ ਭਲਾਈ ਦਾ ਵੀ ਗਵਾਹ ਹੈ ਤੇ ਆਪਣੇ ਧਰਮ ਲਈ ਮਰ ਮਿਟ ਜਾਣ ਦਾ ਵੀ ਸੰਦੇਸ਼ ਹੈ।

ਕੌਮ ਦੀ ਚੜ੍ਹਦੀ ਕਲਾ ਲਈ ਔਖੇ ਸਮਿਆਂ ਵਿਚ ਵੀ ਹੌਸਲਾ ਬੁਲੰਦ ਰੱਖਣ ਦਾ ਅਹਿਦ ਤੇ ਗਿਆਨ ਦੇ ਪ੍ਰਕਾਸ਼ ਨਾਲ ਸਦੀਵੀ ਜੁੜੇ ਰਹਿਣ ਦਾ ਇੱਕ ਤਰੀਕਾ ਵੀ ਹੈ। ਸੋ ਇਸ ਇਤਿਹਾਸਕ ਦਿਹਾੜੇ ’ਤੇ ਮੈਂ ਸਮੂਹ ਸੰਗਤਾਂ ਅਤੇ ਗੁਰੂ-ਘਰ ਪ੍ਰਤੀ ਸ਼ਰਧਾ, ਪਿਆਰ ਤੇ ਸਤਿਕਾਰ ਰੱਖਣ ਵਾਲੀ ਲੋਕਾਈ ਨੂੰ ਗੁਰੂ ਸਾਹਿਬਾਨ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਨੂੰ ਜੀਵਨ ਵਿਚ ਅਪਣਾਉਣ ਦੀ ਅਪੀਲ ਕਰਦਾ ਹਾਂ।

ਸੀ.ਈ.ਓ. ਪੰਜਾਬ ਵੱਲੋਂ ਫ਼ੋਟੋ ਵੋਟਰ ਸੂਚੀਆਂ-2021 ਦੀ ਵਿਸ਼ੇਸ਼ ਸੁਧਾਈ ਦੀ ਪ੍ਰਗਤੀ ਸੰਬੰਧੀ ਡੀ.ਸੀਜ਼ ਨਾਲ ਸਮੀਖ਼ਿਆ ਮੀਟਿੰਗ

ਭਾਈ ਗੋਬਿੰਦ ਸਿੰਘ ਲੌਂਗੋਵਾਲ
ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION