ਨਵੀਂ ਦਿੱਲੀ, 5 ਜਨਵਰੀ, 2020:
ਪਾਕਿਸਤਾਨ ਵਿਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ‘ਤੇ ਭੀੜ ਵੱਲੋਂ ਹਮਲਾ ਕਰਨ ਤੋਂ ਇਕ ਦਿਨ ਬਾਅਦ ਅੱਜ ਸਿੱਖ ਐਂਕਰ ਹਰਮੀਤ ਸਿੰਘ ਦੇ ਭਰਾ ਦੀ ਪੇਸ਼ਾਵਰ ਵਿਚ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ। ਇਹ ਜਾਣਕਾਰੀ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ ਹੈ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਸ੍ਰੀ ਸਿਰਸਾ ਨੇ ਕਿਹਾ ਕਿ ਇਹ ਹੱਤਿਆ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ ਤੋਂ ਤੁਰੰਤ ਬਾਅਦ ਹੋਈ ਹੈ।
ਉਹਨਾਂ ਕਿਹਾ ਕਿ ਇਹ ਬਹੁਮਤ ਹੀ ਮੰਦਭਾਗੀ ਗੱਲ ਹੈ ਕਿ ਹਾਲੇ ਜਦੋਂ ਪਾਕਿਸਤਾਨ ਪੁਲਿਸ ਨੇ ਸ੍ਰੀ ਨਨਕਾਣਾ ਸਾਹਿਬ ਦੀ ਘਟਨਾ ਲਈ ਦੋਸ਼ੀਆਂ ਖਿਲਾਫ ਕੇਸ ਹੀ ਦਰਜ ਨਹੀਂ ਕੀਤਾ, ਉਦੋਂ ਅੱਜ ਸਿੱਖ ਭਾਈਚਾਰੇ ਨੂੰ ਨਿਸ਼ਾਨਾ ਬਣਾਉਂਦਿਆਂ ਇਕ ਹੋਰ ਘਟਨਾ ਵਾਪਰ ਗਈ ਹੈ ਜਿਸ ਵਿਚ ਨਿਊਜ਼ ਐਂਕਰ ਹਰਮੀਤ ਸਿੰਘ ਦੇ ਭਰਾ ਰਵਿੰਦਰ ਸਿੰਘ ਨੂੰ ਗੋਲੀਆਂ ਮਾਰ ਕੇ ਮਾਰ ਮੁਕਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹ ਕਾਰਾ ਮੁਸਲਿਮ ਭਾਈਚਾਰੇ ਦੇ ਕੱਟੜਵਾਦੀਆਂ ਦਾ ਕੰਮ ਹੈ।
ਸ੍ਰੀ ਸਿਰਸਾ ਨੇ ਕਿਹਾ ਕਿ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਇਹ ਸਾਰੀਆਂ ਘਟਨਾਵਾਂ ਇਸ ਕਰ ਕੇ ਵਾਪਰ ਰਹੀਆਂ ਹਨ ਕਿਉਂਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਘੱਟ ਗਿਣਤੀਆਂ ‘ਤੇ ਹਮਲੇ ਬਾਰੇ ਚੁੱਪ ਹਨ।
ਉਹਨਾਂ ਕਿਹਾ ਕਿ ਸ੍ਰੀ ਨਨਕਾਣਾ ਸਾਹਿਬ ਗੁਰਦੁਆਰਾ ਸਾਹਿਬ ‘ਤੇ ਹੋਏ ਹਮਲੇ ਮਗਰੋਂ ਉਹ ਚੁੱਪ ਧਾਰੀ ਕਰਕੇ ਬੈਠੇ ਸਨ ਤੇ 40 ਘੰਟਿਆਂ ਬਾਅਦ ਜਦੋਂ ਚੁੱਪੀ ਤੋੜੀ ਤਾਂ ਬਜਾਏ ਘਟਨਾ ਦੀ ਨਿਖੇਧੀ ਕਰਨ ਅਤੇ ਦੋਸ਼ੀਆਂ ਖਿਲਾਫ ਕਾਰਵਾਈ ਦੇ ਹੁਕਮ ਜਾਰੀ ਕਰਨ ਦੇ, ਉਲਟਾ ਉਹਨਾਂ ਭਾਰਤ ਖਿਲਾਫ ਆਪਣੀ ਰਾਜਨੀਤੀ ਚਮਕਾਉਣ ‘ਤੇ ਜ਼ੋਰ ਰੱਖਿਆ।
ਉਹਨਾਂ ਕਿਹਾ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਦਾ ਅਜਿਹਾ ਰਵੱਈਆ ਹੀ ਅਜਿਹੇ ਤੱਤਾਂ ਨੂੰ ਸ਼ਹਿ ਦੇ ਰਿਹਾ ਹੈ ਜੋ ਸਿੱਖਾਂ ਤੇ ਹੋਰ ਘੱਟ ਗਿਣਤੀਆਂ ‘ਤੇ ਹਮਲੇ ਕਰਨ ਵਾਸਤੇ ਸਰਗਰਮ ਹਨ।
ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਅੱਜ ਆਪਣੇ ਦੀ ਹੱਤਿਆ ਤੋਂ ਬਾਅਦ ਐਂਕਰ ਹਰਮੀਤ ਸਿੰਘ ਨੇ ਖੁਦ ਮੀਡੀਆ ਨੂੰ ਦੱਸਿਆ ਹੈ ਕਿ ਪਾਕਿਸਤਾਨ ਵਿਚ ਘੱਟ ਗਿਣਤੀਆਂ ਸੁਰੱਖਿਅਤ ਨਹੀਂ ਹਨ ਅਤੇ ਉਹਨਾਂ ‘ਤੇ ਹੁੰਦੇ ਹਮਲਿਆਂ ਦੇ ਮਾਮਲੇ ਵਿਚ ਦੋਸ਼ੀਆਂ ਖਿਲਾਫ ਤਾਂ ਹੀ ਕਾਰਵਾਈ ਹੁੰਦੀ ਹੈ ਜੇਕਰ ਉਪਰੋਂ ਇਸ਼ਾਰਾ ਹੁੰਦਾ ਹੈ ਨਹੀਂ ਤਾਂ ਕੇਸ ਠੱਪ ਕਰ ਦਿੱਤੇ ਜਾਂਦੇ ਹਨ।
ਉਹਨਾਂ ਨੇ ਮੀਡੀਆ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਘੱਟ ਗਿਣਤੀਆਂ ਦੀ ਆਵਾਜ਼ ਬਣੇ। ਸ੍ਰੀ ਸਿਰਸਾ ਨੇ ਦੱਸਿਆ ਕਿ ਐਂਕਰ ਨੇ ਐਲਾਨ ਕੀਤਾ ਹੈ ਕਿ ਜਦੋਂ ਤੱਕ ਉਸਦੇ ਭਰਾ ਦੇ ਕਾਤਲਾਂ ਨੂੰ ਸਜ਼ਾ ਨਹੀਂ ਮਿਲ ਜਾਂਦੀ, ਉਹ ਟਿਕ ਕੇ ਨਹੀਂ ਬੈਠੇਗਾ।
ਸ੍ਰੀ ਸਿਰਸਾ ਨੇ ਇਹ ਵੀ ਦੱਸਿਆ ਕਿ ਹਰਮੀਤ ਸਿੰਘ ਨੇ ਦੁੱਖ ਪ੍ਰਗਟ ਕੀਤਾ ਕਿ ਸਿੱਖਾਂ ਨੂੰ ਕਦੇ ਇਕ ਸ਼ਹਿਰ ਤੇ ਕਦੇ ਦੂਜੇ ਤੋਂ ਆਪਣੇ ਪਿਆਰਿਆਂ ਦੀਆਂ ਲਾਸ਼ਾਂ ਚੁੱਕਣੀਆਂ ਪੈ ਰਹੀਆਂ ਹਨ ਅਤੇ ਸਰਕਾਰ ਘੱਟ ਗਿਣਤੀਆਂ ਲਈ ਆਉਂਦੇ ਫੰਡ ਆਪਣੀ ਮੌਜ ਮਸਤੀ ‘ਤੇ ਖਰਚ ਰਹੀ ਹੈ।
ਸ੍ਰੀ ਸਿਰਸਾ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਅਪੀਲ ਕੀਤੀ ਕਿ ਉਹ ਘੱਟ ਗਿਣਤੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਮਾਮਲੇ ਵਿਚ ਦਖਲ ਦੇਣ।
ਉਹਨਾਂ ਕਿਹਾ ਕਿ ਜੇਕਰ ਜਲਦੀ ਕੋਈ ਹੱਲ ਨਾ ਲੱਭਿਆ ਗਿਆ ਤਾਂ ਮੁਸਲਿਮ ਬਹੁ ਗਿਣਤੀ ਵਾਲੇ ਮੁਲਕ ਵਿਚੋਂ ਸਿੱਖ ਤੇ ਹੋਰ ਘੱਟ ਗਿਣਤੀਆਂ ਇਸੇ ਤਰ•ਾਂ ਨਿਸ਼ਾਨੇ ਬਣਾ ਕੇ ਖਤਮ ਕਰ ਦਿੱਤੀਆਂ ਜਾਣਗੀਆਂ।
ਉਹਨਾਂ ਕਿਹਾ ਕਿ ਦਿੱਲੀ ਗੁਰਦੁਆਰਾ ਕਮੇਟੀ ਇਸ ਹੱਤਿਆ ਦੀ ਜ਼ੋਰਦਾਰ ਨਿਖੇਧੀ ਕਰਦੀ ਹੈ ਤੇ ਪਾਕਿਸਤਾਨ ਵਿਚਲੇ ਸਿੱਖ ਭਾਈਚਾਰੇ ਨੂੰ ਭਰੋਸਾ ਦੁਆਉਂਦੀ ਹੈ ਕਿ ਉਹ ਉਹਨਾਂ ਦੀ ਹਰ ਮਦਦ ਲਈ ਤਿਆਰ ਬਰ ਤਿਆਰ ਹੈ।