31.1 C
Delhi
Thursday, March 28, 2024
spot_img
spot_img

ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਯਾਦ ਕਰਦਿਆਂ: ਪ੍ਰੋ. ਕਿਰਪਾਲ ਸਿੰਘ ਬਡੂੰਗਰ

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਬੇਸ਼ੱਕ ਅੱਜ ਸਾਡੇ ਵਿਚ ਨਹੀਂ ਰਹੇ ਪਰ ਉਨ੍ਹਾਂ ਵੱਲੋਂ ਬਤੌਰ ਜਥੇਦਾਰ ਲਏ ਗਏ ਫੈਸਲੇ ਕੌਮ ਦੀ ਅਗਵਾਈ ਕਰਦੇ ਰਹਿਣਗੇ। ਉਨ੍ਹਾਂ ਦੀ ਵਿਦਵਤਾ ਦਾ ਇਸ ਗਲ ਤੋਂ ਬਾਖੂਬੀ ਪਤਾ ਲਗਦਾ ਹੈ ਕਿ ਉਹ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਪਹਿਲੇ ਜਥੇਦਾਰ ਸਨ ਜਿਨ੍ਹਾਂ ਨੂੰ ਸੇਵਾ ਮੁਕਤੀ ਉਪਰੰਤ ਗੁਰੂ ਨਾਨਕ ਦੇਵ ਯੁਨੀਵਰਸਿਟੀ ਵਿਖੇ ਗੁਰਬਾਣੀ ਦੇ ਵਿਜ਼ਿਟਰ ਪ੍ਰੋਫੈਸਰ ਵਜੋਂ ਸੇਵਾ ਕਰਨ ਦਾ ਮੌਕਾ ਮਿਲਿਆ। ਇਸ ਦੇ ਨਾਲ ਹੀ ਉਨ੍ਹਾਂ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਖੋਜ ਕੇਂਦਰ ਵਿਖੇ ਸੇਵਾ ਨਿਭਾਉਂਦਿਆਂ ਵੱਡਾ ਖੋਜ ਕਾਰਜ ਕੀਤਾ ਗਿਆ।

ਬਾਬਾ ਸੇਵਾ ਸਿੰਘ ਖਡੂਰ ਸਾਹਿਬ ਵਾਲਿਆਂ ਵੱਲੋਂ ਨਿਸ਼ਾਨ-ਏ-ਸਿੱਖੀ ਖਡੂਰ ਸਾਹਿਬ ਵਿਖੇ ਚਲਾਏ ਜਾ ਰਹੇ ਗੁਰਮਤਿ ਕਾਲਜ ਵਿਚ ਵੀ ਉਨ੍ਹਾਂ ਵੱਲੋਂ ਬੱਚਿਆਂ ਨੂੰ ਗੁਰਬਾਣੀ ਸੰਥਿਆ ਕਰਵਾਈ ਜਾਂਦੀ ਰਹੀ। ਗਿਆਨੀ ਵੇਦਾਂਤੀ ਤੋਂ ਅਨੇਕਾਂ ਵਿਦਿਆਰਥੀ ਸਿੱਖਿਆ ਗ੍ਰਹਿਣ ਕਰਕੇ ਧਰਮ ਪ੍ਰਚਾਰ ਦੇ ਖੇਤਰ ਵਿਚ ਸੇਵਾਵਾਂ ਦੇ ਰਹੇ ਹਨ। 15 ਮਈ 2021 ਨੂੰ ਸਿੰਘ ਸਾਹਿਬ ਦੇ ਅਚਾਨਕ ਅਕਾਲ ਚਲਾਣੇ ਨਾਲ ਸਿੱਖ ਪੰਥ ਨੂੰ ਵੱਡਾ ਘਾਟਾ ਪਿਆ ਹੈ।

ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦਾ ਜਨਮ ਲੁਧਿਆਣਾ ਜ਼ਿਲ੍ਹੇ ਦੀ ਤਹਿਸੀਲ ਜਗਰਾਉਂ ਦੇ ਪਿੰਡ ਤਲਵੰਡੀ ਖੁਰਦ ਵਿਖੇ ਪਿਤਾ ਸ. ਨਾਹਰ ਸਿੰਘ ਤੇ ਮਾਤਾ ਨਿਹਾਲ ਕੌਰ ਦੇ ਘਰ ਅਪ੍ਰੈਲ 1940 ਵਿਚ ਹੋਇਆ। ਉਨ੍ਹਾਂ ਦੇ ਤਿੰਨ ਭਰਾ ਤੇ ਦੋ ਭੈਣਾ ਸਨ। ਗਿਆਨੀ ਵੇਦਾਂਤੀ ਨੇ ਮੁੱਢਲੀ ਸਿੱਖਿਆ ਵਿਚ ਉਰਦੂ ਅਧਿਆਪਕ ਓਮਾ ਚੰਦ ਤੋਂ ਸਿੱਖੀ, ਇਸ ਮਗਰੋਂ ਪਿੰਡ ਮੰਗਲ ਦੇ ਉਦਾਸੀ ਮਹੰਤ ਭਗਤ ਸਰੂਪ ਜੋ ਪਿੰਡ ਤਲਵੰਡੀ ਖੁਰਦ ਵਿਖੇ ਹੀ ਨਿਵਾਸ ਕਰਦੇ ਸਨ, ਪਾਸੋਂ ਲਗਭਗ ਢਾਈ ਸਾਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਸੰਥਿਆ ਪ੍ਰਾਪਤ ਕੀਤੀ।

ਉਨ੍ਹਾਂ ਨੂੰ ਬਚਪਨ ਤੋਂ ਹੀ ਪੜ੍ਹਨ ਦਾ ਸ਼ੌਂਕ ਸੀ, ਇਸੇ ਲਈ ਆਪ ਆਪਣੀ ਭੂਆ ਪਾਸ ਪਿੰਡ ਬੜੈਚ ਚਲੇ ਗਏ। ਪਿੰਡ ਬੜੈਚ ਨਾਲ ਲਗਦੇ ਪਿੰਡ ਕੁਲਾਰ (ਜੱਸੋਵਾਲ) ਵਿਖੇ ਡੇਰੇ ਵਿੱਚ ਜਾ ਕੇ ਪੜ੍ਹਨਾ ਸ਼ੁਰੂ ਕਰ ਦਿੱਤਾ। ਇਥੋਂ ਆਪ ਜੀ ਦੇ ਪਿਤਾ ਜੀ ਆਪ ਨੂੰ ਪਿੰਡ ਤਲਵੰਡੀ ਖੁਰਦ ਵਿਖੇ ਵਾਪਸ ਲੈ ਆਏ। ਕੁਝ ਮਹੀਨੇ ਪਿੰਡ ਰਹਿ ਕੇ ਆਪ ਨੇ ਗੁਰਮਤਿ ਦੀ
ਅਗਲੇਰੀ ਸਿੱਖਿਆ ਲਈ ਜਥੇਦਾਰ ਗੁਰਦਿਆਲ ਸਿੰਘ (ਜੋ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੇ ਸਹਿਪਾਠੀ ਸਨ) ਪਾਸ ਗੁਰਦੁਆਰਾ ਭੋਰਾ ਸਾਹਿਬ, ਬੋਪਾਰਾਏ ਕਲਾਂ ਵਿਖੇ ਆ ਗਏ।

ਇਥੋਂ ਆਪ ਭਿੰਡਰ ਕਲਾਂ, ਜ਼ਿਲ੍ਹਾ ਮੋਗਾ ਵਿਖੇ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਪਾਸ ਆ ਗਏ। ਦਮਦਮੀ ਟਕਸਾਲ ਦੇ ਤੇਰਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖ਼ਾਲਸਾ ਦੇ ਸਹਿਪਾਠੀ ਸਨ। ਲਗਭਗ ਪੰਜ ਸਾਲ ਭਿੰਡਰ ਕਲਾਂ ਰਹਿ ਕੇ ਸਿੱਖਿਆ ਗ੍ਰਹਿਣ ਕੀਤੀ ਅਤੇ ਗਿਆਨੀ ਗੁਰਬਚਨ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਨਾਲ ਗੁਰਮਤਿ ਸਮਾਗਮਾਂ ਅਤੇ ਅੰਮ੍ਰਿਤ ਸੰਚਾਰ ਸਮਾਗਮਾਂ ਵਿੱਚ ਸ਼ਮੂਲੀਅਤ ਕਰਦੇ ਰਹੇ। ਗਿਆਨੀ ਜੋਗਿੰਦਰ ਸਿੰਘ ਦਾ ਅਨੰਦ ਕਾਰਜ ਬੀਬੀ ਹਰਭਜਨ ਕੌਰ ਨਾਲ 1967 ’ਚ ਹੋਇਆ।

ਆਪ ਦੇ ਘਰ ਸਪੁੱਤਰੀ ਅਮਨਦੀਪ ਕੌਰ ਤੇ ਇਕ ਸਪੁੱਤਰ ਨੇ ਜਨਮ ਲਿਆ। ਸਪੁੱਤਰ ਦੋ ਮਹੀਨੇ ਬਾਅਦ ਹੀ ਚਲਾਣਾ ਕਰ ਗਿਆ। ਗਿਆਨੀ ਜੋਗਿੰਦਰ ਸਿੰਘ 25 ਨਵੰਬਰ 1964 ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅਰਦਾਸੀਏ ਵਜੋਂ ਭਰਤੀ ਹੋਏ। 13 ਨਵੰਬਰ 1989 ਨੂੰ ਸ਼੍ਰੋਮਣੀ ਕਮੇਟੀ ਵੱਲੋਂ ਉਨ੍ਹਾਂ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਬਤੌਰ ਗ੍ਰੰਥੀ ਨਿਯੁਕਤ ਕੀਤਾ ਗਿਆ। ਜਿਸ ਤੋਂ ਉਹ ਅਪ੍ਰੈਲ 1998 ਵਿਚ ਸੇਵਾਮੁਕਤ ਹੋਏ।

ਇਸ ਮਗਰੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗਿਆਨੀ ਜੋਗਿੰਦਰ ਸਿੰਘ ਦੀ ਵਿਦਵਤਾ ਨੂੰ ਵੇਖਦਿਆਂ ਉਨ੍ਹਾਂ ਨੂੰ 1998 ਵਿਚ ਹੀ ਸਿੱਖ ਇਤਿਹਾਸ ਰੀਸਰਚ ਬੋਰਡ ਵਿਖੇ ਬਤੌਰ ਗੁਰਬਾਣੀ ਸਕਾਲਰ ਨਿਯੁਕਤ ਕਰ ਦਿੱਤਾ।

ਮਈ 1999 ਵਿਚ ਬਤੌਰ ਸਕਾਲਰ ਡਿਊਟੀ ਦੇ ਨਾਲ-ਨਾਲ ਉਨ੍ਹਾ ਦੀ ਸੇਵਾ ਭਾਵਨਾ ਨੂੰ ਵੇਖ ਕੇ ਸ਼੍ਰੋਮਣੀ ਕਮੇਟੀ ਨੇ ਉਨ੍ਹਾ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਗ੍ਰੰਥੀ ਸਿੰਘ ਦੀਆਂ ਸੇਵਾਵਾਂ ਵੀ ਕਰਦੇ ਰਹਿਣ ਦੀ ਆਗਿਆ ਦੇ ਦਿੱਤੀ। ਜਥੇਦਾਰ ਵੇਦਾਂਤੀ ਦੀ ਵਿਦਵਤਾ, ਕੌਮ ਪ੍ਰਤੀ ਸਮਰਪਿਤ ਭਾਵਨਾ ਨੂੰ ਵੇਖਦਿਆਂ 28 ਮਾਰਚ 2000 ਨੂੰ ਇਹਨਾ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਕਰ ਦਿੱਤਾ, ਇਹ ਸੇਵਾ ਉਨ੍ਹਾਂ ਨੇ 5 ਅਗਸਤ 2008 ਤੀਕ ਨਿਰੰਤਰ
ਕੀਤੀ।

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਜੋਂ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਹੇਠ ਕਈ ਅਹਿਮ ਫੈਸਲੇ ਲਏ ਗਏ। ਇਹ ਸਮਾਂ ਪੰਥ ਲਈ ਬੜਾ ਚੁਣੌਤੀ ਭਰਪੂਰ ਸੀ। ਇਸੇ ਸਮੇਂ ਵਿਚ ਹੀ ਪਿਆਰਾ ਸਿੰਘ ਭਨਿਆਰਾ ਤੇ ਆਸੂਤੋਸ਼ ਵਰਗਿਆਂ ਨੇ ਸਿੱਖ ਕੌਮ ਦੇ ਮੁੱਢਲੇ ਸਿਧਾਂਤਾਂ ਨੂੰ ਚਣੌਤੀ ਦਿੱਤੀ, ਜਿਸ ਨੂੰ ਵੇਖਦਿਆਂ 9 ਜੁਲਾਈ 2001 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਪਿਆਰਾ ਸਿੰਘ ਭਨਿਆਰਾ ਦੀਆਂ ਸਿੱਖੀ ਸਿਧਾਂਤਾਂ ਨੂੰ ਢਾਹ ਲਾਉਣ ਵਾਲੀਆਂ ਕਾਰਵਾਈਆਂ ਤੋਂ ਸੰਗਤ ਨੂੰ ਸੁਚੇਤ ਕਰਵਾਉਂਦਿਆਂ ਉਸ ਦੇ ਬਾਈਕਾਟ ਦਾ ਸੱਦਾ ਦਿੱਤਾ ਗਿਆ।

ਇਸੇ ਤਰ੍ਹਾਂ ਆਸੂਤੋਸ਼ ਨੇ ਜਦੋਂ ਆਪਣੇ ਆਪ ਨੂੰ ਗੁਰੂਆਂ ਦੇ ਅਵਤਾਰ ਦੱਸਣ ਦੀ ਕੋਝੀ ਹਰਕਤ ਕੀਤੀ ਤਾਂ ਇਸ ਨਾਲ ਸਿੱਖ ਪੰਥ ਅੰਦਰ ਭਾਰੀ ਰੋਸ ਪੈਦਾ ਹੋ ਗਿਆ। ਜਥੇਦਾਰ ਵੇਦਾਂਤੀ ਨੇ ਕੌਮ ਦੀਆਂ ਭਾਵਨਾਵਾਂ ਨੂੰ ਵੇਖਦਿਆਂ ਤੇ ਆਪਣਾ
ਕੌਮੀ ਫਰਜ਼ ਨਿਭਾਉਂਦਿਆਂ ਸਿੱਖ ਕੌਮ ਨੂੰ ਅਗਾਹ/ਸੁਚੇਤ ਕਰਦਿਆਂ 23 ਦਸੰਬਰ 2002 ਨੂੰ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਵਿਚ ਆਸੂਤੋਸ਼ ਦੀਆਂ ਕਾਰਵਾਈਆਂ ’ਤੇ ਰੋਕ ਲਗਾਉਣ ਦਾ ਆਦੇਸ਼ ਜਾਰੀ ਕੀਤਾ।

ਹਰੇਕ ਕੌਮ ਦਾ ਅੱਡਰੀ ਤੇ ਨਿਆਰੀ ਹੋਂਦ ਹਸਤੀ ਦਾ ਪ੍ਰਤੀਕ ਕੌਮ ਵੱਲੋਂ ਜਾਰੀ ਕੀਤਾ ਕੈਲੰਡਰ ਵੱਡਾ ਮਹੱਤਵ ਰੱਖਦਾ ਹੈ। ਸਿੱਖ ਕੌਮ ਦੀ ਆਪਣੇ ਕੈਲੰਡਰ ਦੀ ਲੋੜ ਨੂੰ ਵੇਖਦਿਆਂ ਲੰਮੇ ਅਰਸੇ ਤੋਂ ਯਤਨ ਜਾਰੀ ਸਨ। ਜਦੋਂ ਜਥੇਦਾਰ ਵੇਦਾਂਤੀ ਸੰਨ 2000 ਵਿਚ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੇਵਾ ਸੰਭਾਲਦੇ ਹਨ ਤਾਂ ਉਸ ਵਕਤ ਕੈਲੰਡਰ ਦਾ ਮਾਮਲਾ ਕਾਫੀ ਅੱਗੇ ਵਧ ਚੁੱਕਾ ਸੀ। ਉਨ੍ਹਾਂ ਨੇ ਆਪਣੀ ਦੂਰਦਿ੍ਰਸ਼ਟੀ ਨਾਲ ਇਸ ਮਾਮਲੇ ਦੇਸਰਲੀਕਰਨ ਦਾ ਫੈਸਲਾ ਕੀਤਾ, ਜਿਸ ਦੇ ਚਲਦਿਆਂ ਅਪ੍ਰੈਲ 2003 ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ, ਵਿਖੇ ਨਾਨਕਸ਼ਾਹੀ ਕੈਲੰਡਰ ਹੋਂਦ ਵਿਚ ਆਇਆ।

ਇਥੇ ਇਹ ਦੱਸਣਯੋਗ ਹੈ ਕਿ ਕੈਲੰਡਰ ਜਾਰੀ ਕਰਨ ਬਾਅਦ ਵੀ ਜਥੇਦਾਰ ਵੇਦਾਂਤੀ ਨੇ ਕੈਲੰਡਰ ਵਿਚ ਵਾਧੇ-ਘਾਟੇ ਦੇ ਬਦਲ ਨੂੰ ਖੁੱਲਾ ਰਖਦਿਆਂ ਵਿਦਵਾਨਾਂ ਦੀ ਕਮੇਟੀ ਕਾਇਮ ਰੱਖੀ। ਉਨ੍ਹਾਂ ਦਾ ਮੰਨਣਾ ਸੀ ਕਿ ਕੌਮ ਦਾ ਕੈਲੰਡਰ ਹਰ ਪੱਖ  ਮੁਕੰਮਲ ਤੇ ਸੰਤੁਸ਼ਟੀ ਜਨਕ ਹੋਣਾ ਚਾਹੀਦਾ ਹੈ, ਜਿਸ ਲਈ ਵਿਦਵਾਨਾਂ ਦਾ ਸਿਰ ਜੋੜ ਕੇ ਬੈਠਣਾ ਜਰੂਰੀ ਹੈ। ਇਸ ਬਾਰੇ ਸੰਗਤਾਂ ਤੋਂ ਉਨ੍ਹਾਂ ਨੇ ਸੁਝਾਵਾਂ ਦਾ ਦਰਵਾਜਾ ਵੀ ਬੰਦ ਨਾ ਹੋਣ ਦਿੱਤਾ।

ਜੂਨ 1984 ਵਿਚ ਸਮੇਂ ਦੀ ਕੇਂਦਰ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਟੈਂਕਾਂ ਤੋਪਾਂ ਨਾਲ ਕੀਤੇ ਹਮਲੇ ਦੌਰਾਨ ਸੰਤ ਗਿਆਨੀ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ ਦੀ ਅਗਵਾਈ ਵਿਚ ਲੜੇ ਗਏ ਸੰਘਰਸ਼ ਵਿਚ ਉਨ੍ਹਾਂ ਦੀ ਹੋਈ ਸ਼ਹੀਦੀ ਬਾਰੇ ਕੌਮ ਅੰਦਰ ਪਏ ਭੰਬਲਭੂਸੇ ਨੂੰ ਦੂਰ ਕਰਨ ਲਈ ਜਥੇਦਾਰ ਵੇਦਾਂਤੀ ਦੀ ਭੂਮਿਕਾ ਅਹਿਮ ਰਹੀ। ਉਨ੍ਹਾਂ ਵੱਲੋਂ ਦਿ੍ਰੜਤਾ ਨਾਲ 6 ਜੂਨ 2003 ਨੂੰ ਸੰਤ ਗਿਆਨੀ ਜਰਨੈਲ ਸਿੰਘ
ਖ਼ਾਲਸਾ ਭਿੰਡਰਾਂਵਾਲਿਆਂ ਨੂੰ ਸ਼ਹੀਦ ਐਲਾਨ ਕੇ ਉਨ੍ਹਾਂ ਦੇ ਪਰਿਵਾਰ ਦਾ ਸਨਮਾਨ ਕੀਤਾ।

ਜਦੋਂ ਹਿੰਦੂ ਜਥੇਬੰਦੀ ਆਰ ਐਸ ਐਸ ਵੱਲੋਂ ਘੱਟ ਗਿਣਤੀਆਂ ਦੇ ਧਾਰਮਿਕ ਮਾਮਲਿਆਂ ਵਿਚ ਬੇਲੋੜੀ ਦਖਲ ਅੰਦਾਜੀ ਕਰਨੀ ਸ਼ੁਰੂ ਕੀਤੀ ਤਾਂ ਵਾਰ-ਵਾਰ ਵਿਰੋਧ ਹੋਣ ਦੇ ਬਾਵਜੂਦ ਵੀ ਇਸ ਜਥੇਬੰਦੀ ਨੇ ਆਪਣੀਆਂ ਸਰਗਰਮੀਆਂ ਨੂੰ ਨਹੀਂ ਰੋਕਿਆ ਤੇ ਸਿੱਖ ਧਰਮ ਅੰਦਰ ਘੁਸਪੈਠ ਜਾਰੀ ਰੱਖੀ।

ਆਰ ਐਸ ਐਸ ਨੇ ਆਪਣੀ ਇਕਾਈ ਰਾਸ਼ਟਰੀ ਸਿੱਖ ਸੰਗਤ ਰਾਹੀਂ ਪੰਜਾਬ ਅੰਦਰ ਸਿੱਖ ਸਿਧਾਂਤਾਂ, ਇਤਿਹਾਸ ਤੇ ਪਰੰਪਰਾਵਾਂ ਵਿਰੁੱਧ ਸਮਾਗਮ ਆਰੰਭਣੇ ਚਾਹੇ ਤਾਂ ਉਸ ਸਮੇਂ ਜਥੇਦਾਰ ਵੇਦਾਂਤੀ ਨੇ 23 ਜੁਲਾਈ 2004 ਨੂੰ ਆਰ ਐਸ ਐਸ ਤੇ ਰਾਸ਼ਟਰੀ ਸਿੱਖ ਸੰਗਤ ਦੀਆਂ ਸਰਗਰਮੀਆਂ ਨੂੰ ਸਿੱਖ ਪੰਥ ਵਿਰੋਧੀ ਐਲਾਨਦਿਆਂ ਸੰਗਤਾਂ ਨੂੰ ਸੁਚੇਤ ਕੀਤਾ ਅਤੇ ਇਨ੍ਹਾਂ ਜਥੇਬੰਦੀਆਂ ਨਾਲ ਕਿਸੇ ਕਿਸਮ ਦਾ ਸਹਿਯੋਗ ਨਾ ਕਰਨ ਦਾ ਆਦੇਸ਼ ਜਾਰੀ ਕੀਤਾ।

ਜਿਹੜਾ ਉਸ ਸਮੇਂ ਬਹੁਤ ਢੁੱਕਵਾਂ ਤੇ ਘੱਟ ਗਿਣਤੀਆਂ ਦੇ ਧਾਰਮਿਕ ਹੱਕਾਂ ਦੀ ਰਾਖੀ ਕਰਨ ਵਾਲਾ ਸੀ। ਜਦੋਂ ਦੇਸ਼ਾਂ ਵਿਦੇਸ਼ਾਂ ’ਚ ਸਮਲਿੰਗੀ ਵਿਆਹਾਂ ਦੇ ਹੱਕ ਵਿਚ ਲਹਿਰ ਉਠਣੀ ਸੁਰੂ ਹੋਈ ਤਾਂ ਉਸ ਸਮੇਂ 16 ਜਨਵਰੀ 2005 ਨੂੰ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੇ ਸਮਲਿੰਗੀ ਵਿਆਹਾਂ ਨੂੰ ਕੁਦਰਤ ਵਿਰੋਧੀ ਵਰਤਾਰਾ ਕਰਾਰ ਦਿੰਦਿਆਂ ਇਸ ਵਿਰੁੱਧ ਸੰਦੇਸ਼ ਜਾਰੀ ਕੀਤਾ। 2007 ਵਿਚ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਵੱਲੋਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਰਗੀ ਪੋਸ਼ਾਕ ਪਾ ਕੇ ਆਡੰਬਰ ਰੱਚ ਕੇ ਸਿੱਖ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਜਿਸ ਨਾਲ ਸਮੁੱਚੇ ਸਿੱਖ ਪੰਥ ਵਿਚ ਗੁੱਸੇ ਦੀ ਲਹਿਰ ਉਠ ਖੜੀ ਹੋਈ।

ਸਿੱਖ ਪੰਥ ਦੀਆਂ ਭਾਵਨਾਵਾਂ ਦੇ ਮੱਦੇਜ਼ਨਰ ਆਪਣਾ ਫਰਜ ਨਿਭਾਉਂਦਿਆਂ ਜਥੇਦਾਰ ਵੇਦਾਂਤੀ ਨੇ ਇਕ ਵਾਰ ਫਿਰ ਪੰਥਕ ਭਾਵਨਾਵਾਂ ਦੀ ਤਰਜਮਾਨੀ ਕੀਤੀ। ਉਨ੍ਹਾਂ ਸਿੰਘ ਸਾਹਿਬਾਨ ਨਾਲ ਮਸ਼ਵਰਾ ਕਰ ਕੇ 17 ਮਈ 2007 ਨੂੰ ਖ਼ਾਲਸਾ ਪੰਥ ਦਾ ਵਿਸ਼ਾਲ ਇਕੱਠ ਤਖ਼ਤ ਸ੍ਰੀ ਦਮਦਮਾ ਸਾਹਿਬ, ਤਲਵੰਡੀ ਸਾਬੋ ਵਿਖੇ ਸੱਦ ਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਮੁੱਖੀ ਗੁਰਮੀਤ ਰਾਮ ਰਹੀਮ ਤੇ ਉਸ ਦੇ ਚੇਲਿਆਂ ਨਾਲ ਕਿਸੇ ਤਰ੍ਹਾਂ ਦੀ ਧਾਰਮਿਕ, ਰਾਜਨੀਤਕ ਤੇ ਸਮਾਜਿਕ ਸਾਂਝ ਨਾ ਰੱਖਣ ਦਾ ਅਹਿਮ ਫੈਸਲਾ ਕੀਤਾ। ਇਸੇ ਤਰ੍ਹਾਂ ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਹੇਠ ਕਈ ਹੋਰ ਅਹਿਮ ਫੈਸਲੇ ਕੀਤੇ ਗਏ।

ਸਿੰਘ ਸਾਹਿਬ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਦੇ ਜਥੇਦਾਰ ਵਜੋਂ 2000 ਤੋਂ ਲੈ ਕੇ 2008 ਤੱਕ ਦੇ ਕਾਰਜ਼ਕਾਲ ਦੌਰਾਨ ਸਿੱਖ ਪੰਥ ਨੇ ਕਈ ਸ਼ਤਾਬਦੀਆਂ ਮਨਾਈਆਂ। ਇਨ੍ਹਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਪੁਰਬ (2004), ਵੱਡੇ ਅਤੇ ਛੋਟੇ ਸਾਹਿਜਾਦਿਆਂ ਦੀ 300 ਸਾਲਾ ਸ਼ਹੀਦੀ ਸ਼ਤਾਬਦੀ (2004), ਸ੍ਰੀ ਗੁਰੂ ਅੰਗਦ ਦੇਵ ਜੀ ਦਾ 500 ਸਾਲਾ ਪ੍ਰਕਾਸ਼ ਪੁਰਬ (2005), ਚਾਲੀ ਮੁਕਤਿਆਂ ਦੀ 300 ਸਾਲ ਸ਼ਹੀਦੀ ਸ਼ਤਾਬਦੀ (2005) ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀ ਪੰਜਵੀਂ ਸ਼ਤਾਬਦੀ (2006), ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਦੀ ਚੌਥੀ ਸ਼ਤਾਬਦੀ (2006), ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦੀ ਤੀਜੀ ਸ਼ਤਾਬਦੀ (2007) ਸ਼ਾਮਲ ਹਨ।

ਇਨ੍ਹਾਂ ਸ਼ਤਾਬਦੀਆਂ ਸਮੇਂ ਸਿੱਖ ਸੰਗਤਾਂ ਵਿਚ ਵੱਡਾ ਉਤਸ਼ਾਹ ਪੈਦਾ ਹੋਇਆ। ਭਾਵੇਂ ਕਿ ਜਥੇਦਾਰ ਜੋਗਿੰਦਰ ਸਿੰਘ ਵੇਦਾਂਤੀ ਦੀ ਅਗਵਾਈ ਵਿਚ ਕੀਤੇ ਕੁਝ ਫੈਸਲਿਆਂ ‘’ਤੇ ਕੌਮੀ ਸਹਿਮਤੀ ਨਾ ਬਣ ਸਕੀ, ਪਰ ਫਿਰ ਵੀ ਉਨ੍ਹਾਂ ਦੇ ਬਹੁਗਿਣਤੀ ਫੈਸਲੇ ਕੌਮ ਦੇ ਹਿੱਤ ਵਿਚ ਮੀਲ ਪੱਥਰ ਵਜੋਂ ਜਾਣੇ ਜਾਣਗੇ। ਉਹ ਧੁਰ ਅੰਦਰੋਂ ਸਿੱਖੀ ਨੂੰ ਪ੍ਰਣਾਏ, ਗੁਰਮਤਿ
ਵਿਚਾਰਧਾਰਾ ’ਤੇ ਪਹਿਰਾ ਦੇਣ ਵਾਲੇ ਵਿਚਾਰਵਾਨ ਗੁਰਸਿੱਖ ਸਨ ਅਤੇ ਉਹ ਅੰਤਲੇ ਸੁਆਸਾਂ ਤੀਕ ਵੀ ਗੁਰਬਾਣੀ ਖੋਜ ਲਈ ਤਤਪਰ ਰਹੇ। ਸਿੱਖ ਕੌਮ ਦੇ ਭਵਿੱਖ ਅੰਦਰ ਲਏ ਜਾਣ ਵਾਲੇ ਫੈਸਲਿਆਂ ਲਈ ਜਥੇਦਾਰ ਵੇਦਾਂਤੀ ਦੀ ਕਾਰਜ਼ਸ਼ੈਲੀ ਨੂੰ ਵਿਚਾਰਿਆ ਜਾਂਦਾ ਰਹੇਗਾ।

ਪ੍ਰੋ. ਕਿਰਪਾਲ ਸਿੰਘ ਬਡੂੰਗਰ
ਸਾਬਕਾ ਪ੍ਰਧਾਨ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ,
ਸ੍ਰੀ ਅੰਮ੍ਰਿਤਸਰ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION