34 C
Delhi
Thursday, April 25, 2024
spot_img
spot_img

ਸਿੰਘ ਸਭਾ ਲਹਿਰ ਸਥਾਪਨਾ ਦਿਵਸ ਮੌਕੇ ਗੁਰਦੁਆਰਾ ਸਿੰਘ ਸਭਾ ਨਕੋਦਰ ਵਿਖੇ ਪੰਥਕ ਤਾਲਮੇਲ ਸੰਗਠਨ ਵਲੋਂ ਸੈਮੀਨਾਰ ਦਾ ਆਯੋਜਨ

ਨਕੋਦਰ, 1 ਅਕਤੂਬਰ 2020:

ਪੰਥਕ ਤਾਲਮੇਲ ਸੰਗਠਨ ਵਲੋਂ ਸਿੰਘ ਸਭਾ ਲਹਿਰ ਸਥਾਪਨਾ ਦਿਵਸ ਗੁਰਦੁਆਰਾ ਸਿੰਘ ਸਭਾ ਨਕੋਦਰ ਦੇ ਸਹਿਯੋਗ ਨਾਲ ਮਨਾਇਆ ਗਿਆ। ਅਰੰਭਤਾ ਗੁਰਮਤਿ ਸੰਗੀਤ ਸਿਖਿਆਰਥੀਆਂ ਅਤੇ ਹਜ਼ੂਰੀ ਰਾਗੀ ਭਾਈ ਗੁਰਪ੍ਰੀਤ ਸਿੰਘ ਜੀ ਦੇ ਜਥੇ ਵਲੋਂ ਸ਼ਬਦ ਕੀਰਤਨ ਨਾਲ ਕੀਤੀ ਗਈ। ਆਯੋਜਿਤ ਸੈਮੀਨਾਰ ਵਿੱਚ ਵੱਖ-ਵੱਖ ਸਿੱਖ ਸੰਸਥਾਵਾਂ ਦੇ ਪ੍ਰਤੀਨਿਧਾਂ ਤੇ ਪ੍ਰਮੁੱਖ ਸਖਸ਼ੀਅਤਾਂ ਨੇ ਹਿੱਸਾ ਲਿਆ।

ਸਿੰਘ ਸਭਾ ਲਹਿਰ ਦੇ ਪਿਛੋਕੜ ਅਤੇ ਲਹਿਰ ਦੀ ਦੇਣ ਨੂੰ ਯਾਦ ਕਰਦਿਆਂ ਬੁਲਾਰਿਆਂ ਨੇ ਦੱਸਿਆ ਕਿ ਲਹਿਰ ਨੇ ਸਿੱਖ ਧਰਮ ਦੇ ਸੁਤੰਤਰ ਵਜੂਦ ਤੇ ਮੌਲਿਕ ਸਰੂਪ ਦੀ ਪਛਾਣ ਨਵੀਨ ਚੇਤਨਤਾ ਤੇ ਵਿਗਿਆਨਕ ਢੰਗ ਨਾਲ ਕਰਵਾਉਣ ਵਿਚ ਮਿਸਾਲੀ ਯੋਗਦਾਨ ਪਾਇਆ। ਅੱਜ ਦੀਆਂ ਵਿਭਿੰਨ ਤੇ ਨਵੀਆਂ ਚੁਣੌਤੀਆਂ ਦੇ ਮੁਕਾਬਲੇ ਲਈ ਵੀ ਇਹ ਲਹਿਰ ਰਾਹ-ਦਸੇਰਾ ਹੈ ਅਤੇ ਇਸ ਦੀ ਖਾਸ ਪ੍ਰਸੰਗਿਕਤਾ ਹੈ।

ਸੈਮੀਨਾਰ ਦੀ ਭੂਮਿਕਾ ਬੰਨਦਿਆਂ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖ਼ਤ ਸ੍ਰੀ ਦਮਦਮਾ ਸਾਹਿਬ ਨੇ ਕਿਹਾ ਕਿ ਅੱਜ ਦੇ ਸੈਮੀਨਾਰ ਦਾ ਮੁੱਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ-ਪਿਆਰ ਅਤੇ ਪੰਥਕ ਗੁਰਮਤਾ ਕਰਨ ਦੀ ਵਿਧੀ ਹੈ।

ਉਹਨਾਂ ਨੇ ਲਹਿਰ ਵਲੋਂ ਵਿਦਿਅਕ ਸੰਸਥਾਵਾਂ, ਮਾਂ ਬੋਲੀ ਅਤੇ ਗੁਰਬਾਣੀ ਦੀ ਕਸਵੱਟੀ’ਤੇ ਸਿੱਖ ਸਾਹਿਤ ਦੀ ਪਰਖ ਪ੍ਰਤੀ ਨਿਭਾਈ ਮਾਣ-ਮੱਤੀ ਭੂਮਿਕਾ ਪ੍ਰਤੀ ਬੋਲਦਿਆਂ ਕਿਹਾ ਕਿ ਅੱਜ ਬਹੁਤਾਤ ਸਿੰਘ ਸਭਾ ਗੁਰਦੁਆਰੇ ਅਤੇ ਸਿੱਖ ਵਿਦਿਅਕ ਸੰਸਥਾਵਾਂ ਲਹਿਰ ਦੇ ਅਮੀਰ ਵਿਰਸੇ ਨੂੰ ਵਿਸਾਰ ਚੁੱਕੇ ਹਨ। ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦੇਣ ਵਾਲੀ ਸਿੱਖ ਕੌਮ ਦੇਸ਼ ਅੰਦਰਲੇ ਧਰਮ, ਵਿੱਦਿਆ, ਰਾਜਨੀਤੀ ਅਤੇ ਆਰਥਿਕ ਮਾਮਲਿਆਂ ਦੇ ਵਿਗੜ ਰਹੇ ਸੰਤੁਲਨ ਪ੍ਰਤੀ ਖਾਮੋਸ਼ ਹੈ।

ਵਿਦਿਆਰਥੀਆਂ ਦਾ ਵਿਦੇਸ਼ ਜਾਣ ਦਾ ਬੇਤਹਾਸ਼ਾ ਰੁਝਾਨ ਦੇਸ਼ ਨੂੰ ਡਗਮਗਾ ਦੇਵੇਗਾ। ਇਹਨਾਂ ਹਾਲਾਤਾਂ ਵਿਚ ਮਾਪੇ, ਜਾਇਦਾਦਾਂ ਅਤੇ ਕਾਰੋਬਾਰ ਲਾਵਾਰਸ ਹੋਣ ਜਾ ਰਹੇ ਹਨ। ਨੋਟ-ਵੋਟ ਦੀ ਰਾਜਨੀਤੀ ਨੇ ਸਮਾਜਿਕ ਬਰਾਬਰੀ ਦੇ ਉਦੇਸ਼ਾਂ ਤੇ ਉਪਦੇਸ਼ਾਂ ਨੂੰ ਤਾਰ-ਤਾਰ ਕਰ ਦਿੱਤਾ ਹੈ।

ਗਿਆਨੀ ਕੇਵਲ ਸਿੰਘ ਨੇ ਗੁਰਮਤਾ ਕਰਨ ਦੀ ਵਿਧੀ’ਤੇ ਬੋਲਦਿਆਂ ਕਿਹਾ ਕਿ ਸਿੱਖ ਰਹਿਤ ਮਰਯਾਦਾ ਅਨੁਸਾਰ ਗੁਰਮਤਾ ਕੇਵਲ ਉਹਨਾਂ ਸਵਾਲਾਂ ਤੇ’ ਹੀ ਹੋ ਸਕਦਾ ਹੈ, ਜੋ ਸਿੱਖ ਧਰਮ ਦੇ ਮੁੱਢਲੇ ਅਸੂਲਾਂ ਦੀ ਪੁਸ਼ਟੀ ਲਈ ਹੋਣ, ਅਰਥਾਤ ਗੁਰੂ ਸਾਹਿਬਾਨ ਜਾਂ ਗੁਰੂ ਗ੍ਰੰਥ ਸਾਹਿਬ ਦੀ ਪਦਵੀ, ਬੀੜ ਦੀ ਨਿਰੋਲਤਾ, ਅੰਮ੍ਰਿਤ, ਰਹਿਤ-ਬਹਿਤ, ਪੰਥ ਦੀ ਬਨਾਵਟ ਆਦਿ ਨੂੰ ਕਾਇਮ ਰੱਖਣ ਬਾਬਤ ਹੋਣ।

ਹੋਰ ਕਿਸੇ ਕਿਸਮ ਦੇ ਸਾਧਾਰਨ ਧਾਰਮਿਕ, ਵਿਦਿਅਕ, ਸਮਾਜਕ ਤੇ ਰਾਜਨੀਤਕ ਸਵਾਲ ਉੱਤੇ ਕੇਵਲ ਮਤਾ ਹੀ ਹੋ ਸਕਦਾ ਹੈ। ਇਹ ਗੁਰਮਤਾ ਗੁਰੂ ਪੰਥ ਦਾ ਚੁਣਿਆ ਹੋਇਆ ਕੇਵਲ ਸ਼੍ਰੋਮਣੀ ਜਥਾ ਜਾਂ ਗੁਰੂ-ਪੰਥ ਦਾ ਪ੍ਰਤੀਨਿਧ ਇਕੱਠ ਹੀ ਕਰ ਸਕਦਾ ਹੈ। ਉਹਨਾਂ ਕਿਹਾ ਕਿ ਪੰਥ ਦੀ ਭਾਵਨਾ ਤੋਂ ਵਿਹੂਣਾ ਕੋਈ ਵੀ ਫੈਸਲਾ ਗੁਰਮਤਾ ਨਹੀਂ ਹੋ ਸਕਦਾ।

ਪਰ ਮਨਮੱਤ ਦੀ ਇੰਤਹਾ ਹੋ ਗਈ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਪਾਵਨ ਸਰੂਪਾਂ ਦੇ ਗਾਇਬ ਹੋਣ ਸਬੰਧੀ ਕੌਮ ਦਾ ਬੱਚਾ ਬੱਚਾ ਸਵਾਲ ਕਰਦਾ ਹੈ ਤਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਦੇ ਹਨ। ਏਥੋਂ ਤੱਕ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੁਣੇ ਮੈਂਬਰਾਂ ਨੂੰ ਵੀ ਅਜਲਾਸ ਅੰਦਰ ਸਵਾਲ ਕਰਨ ਤੋਂ ਵੀ ਵਰਜਿਆ ਜਾਂਦਾ ਹੈ।

ਮੰਚ ਸੰਚਾਲਕ ਡਾ: ਖੁਸ਼ਹਾਲ ਸਿੰਘ ਸਕੱਤਰ ਕੇਂਦਰੀ ਸਿੰਘ ਸਭਾ ਨੇ ਕਿਹਾ ਕਿ ਸਿੰਘ ਸਭਾ ਲਹਿਰ 19ਵੀਂ ਸਦੀ ਦੀ ਇਕ ਧਾਰਮਿਕ ਤੇ ਸੁਧਾਰਕ ਲਹਿਰ ਸੀ। ਇਹ ਨਿਰੰਕਾਰੀ ਤੇ ਨਾਮਧਾਰੀ ਲਹਿਰਾਂ ਤੋਂ ਵਿਲੱਖਣ ਸੀ ਅਤੇ ਇਸ ਨੇ ਸਿੱਖ ਜੀਵਨ ਦੀ ਮੁੜ ਸੁਰਜੀਤੀ ਕੀਤੀ। ਲਹਿਰ ਦੇ ਆਰੰਭ ਹੋਣ ਦਾ ਮੁੱਖ ਕਾਰਨ ਇਸਾਈਆਂ ਦੇ ਉਹ ਧਾਰਮਿਕ ਅੰਦੋਲਨ ਸਨ ਜੋ ਉਹਨਾਂ ਨੇ ਪੰਜਾਬ ਨੂੰ ਇਸਾਈ ਬਣਾਉਣ ਲਈ ਸੰਨ 1845-46 ਤੋਂ ਸ਼ੁਰੂ ਕਰ ਰੱਖੇ ਸਨ।

ਸੰਨ 1849 ਵਿਚ ਸਿੱਖ ਰਾਜ ਦੇ ਖਤਮ ਹੋਣ ਤੋਂ ਬਾਅਦ ਧਰਮ ਪਰਿਵਰਤਨ ਕਰਾਉਣ ਦੀ ਨੀਤੀ ਨੇ ਤੇਜ਼ੀ ਫੜੀ। ਸੰਨ 1853 ਵਿਚ ਮਹਾਰਾਜਾ ਰਣਜੀਤ ਸਿੰਘ ਦੇ ਸਪੁੱਤਰ ਮਹਾਰਾਜਾ ਦਲੀਪ ਸਿੰਘ ਨੂੰ ਵੀ ਇਸਾਈ ਬਣਾ ਲਿਆ ਗਿਆ। ਸੰਨ 1900 ਤੱਕ ਸਿਆਲਕੋਟ ਦੇ ਪੱਛੜੀਆਂ ਜਾਤਾਂ ਦੇ ਲੋਕ ਅੱਧ ਤੋਂ ਵੱਧ ਇਸਾਈ ਬਣ ਗਏ ਸਨ। ਇਸ ਦੇ ਨਾਲ ਨਾਲ ਹੀ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ-ਕਾਲ ਵਿਚ ਹੀ ਸਿੱਖਾਂ ਉੱਪਰ ਸਨਾਤਨੀ ਧਰਮ ਦਾ ਪ੍ਰਭਾਵ ਸਪੱਸ਼ਟ ਦਿਖਾਈ ਦੇਣ ਲੱਗ ਪਿਆ ਸੀ।

ਸ਼ਬਦ-ਗੁਰੂ ਦੀ ਪਰੰਪਰਾ ਦੀ ਥਾਂ ਦੇਹਧਾਰੀ ਸੋਢੀ ਅਤੇ ਬੇਦੀ ਗੁਰੂ ਬਣ ਬੈਠੇ ਸਨ। ਸਿੱਖ ਬੁਤ ਪੂਜਾ ਤੇ ਮੂਰਤੀ ਪੂਜਾ ਕਰਨ ਦੇ ਨਾਲ ਹੀ ਹਿੰਦੂ ਧਰਮ ਗ੍ਰੰਥਾਂ ਦੇ ਉਪਾਸ਼ਕ ਅਤੇ ਪ੍ਰੋਹਿਤ ਤੇ ਪੁਜਾਰੀ ਦੇ ਗੁਲਾਮ ਹੋ ਗਏ ਸਨ। ਉਹਨਾਂ ਵਰਤਮਾਨ ਹਾਲਾਤਾਂ ਦਾ ਹਵਾਲਾ ਦਿੰਦਿਆ ਕਿਹਾ ਕਿ ਸਿੱਖ ਕੌਮ ਅੱਜ ਵੀ ਉਹੋ ਜਿਹੀਆਂ ਚੁਣੌਤੀਆਂ ਦੇ ਘੇਰੇ ਵਿਚ ਹੀ ਹੈ।

ਡਾ: ਸਵਰਾਜ ਸਿੰਘ ਯੂ.ਐਸ.ਏ. ਨੇ ਕੁੰਜੀਵਤ ਭਾਸ਼ਨ ਵਿੱਚ ਦੱਸਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਮੁਕੰਮਲ ਜੀਵਨ-ਜਾਚ ਦਾ ਸ੍ਰੋਤ ਹਨ। ਗੁਰੂ ਗ੍ਰੰਥ ਸਾਹਿਬ ਜੀ ਮਾਇਆ ਦੇ ਉਲਾਰ ਦਾ ਸੰਤੁਲਨ ਬਣਾਉਂਦੇ ਹਨ। ਅਰਥ-ਸ਼ਾਸ਼ਤਰ ਦੇ ਵਿਚਕਾਰ ਨੈਤਿਕਤਾ ਨੂੰ ਕੇਂਦਰ ਬਿੰਦੂ ਬਣਾਉਂਦੇ ਹਨ। ਕੇਵਲ ਸਰਮਾਏਦਾਰੀ ਮਨੁੱਖ ਨੂੰ ਮਨੁੱਖਹੀਣਤਾ ਵੱਲ ਧੱਕਦੀ ਹੈ। ਪੱਛਮੀ ਚਿੰਤਕਾਂ ਨੇ ਕਿਰਤ ਤੇ ਬਰਾਬਰ ਵੰਡ ਦਾ ਸਿਧਾਂਤ ਤਾਂ ਦਿੱਤਾ ਪਰ ਨਾਮ ਤੱੱੱਤ ਦੀ ਅਣਹੋਂਦ ਕਾਰਨ ਸਿਧਾਂਤ ਅਸਫ਼ਲ ਰਿਹਾ ਹੈ।

ਧਰਮ ਸਬੰਧੀ ਮਾਰਕਸਵਾਦੀ ਵਿਚਾਰਧਾਰਾ ਦਾ ਰਵੱਈਆ ਨਾਂਹਪੱਖੀ ਰਿਹਾ ਹੈ। ਡਾ: ਸਵਰਾਜ ਸਿੰਘ ਨੇ ਕਿਹਾ ਕਿ ਆਰਤਿਕ ਵਿਕਾਸ ਦੇ ਪੱਖ ਤੋਂ ਧਰਮ ਦੋ ਪ੍ਰਕਾਰ ਦੇ ਹਨ। ਇਕ ਧਰਮ ਵਿਕਾਸ ਲਈ ਰੁਕਾਵਟਾਂ ਖੜ੍ਹੀਆਂ ਕਰਦਾ ਹੈ। ਪਦਾਰਥਕ ਉੱਨਤੀ ਨੂੰ ਨਿਰਉਤਸ਼ਾਹਤ ਕਰਦਾ ਹੈ। ਦੂਸਰਾ ਧਰਮ ਦਇਆ ਦਾ ਪੁੱਤਰ ਧਰਮ ਹੈ ਜੋ ਵਿਕਾਸਮਈ ਹੈ।

ਇਹ ਮਨੁੱਖ ਨੂੰ ਜਿੱਥੇ ਰੱਬੀ ਹੋਂਦ, ਕੁਦਰਤੀ ਪਸਾਰੇ ਅਤੇ ਮਨੁੱਖੀ ਭਾਈਚਾਰੇ ਪ੍ਰਤੀ ਨੈਤਿਕਤਾ ਨਿਭਾਉਣ ਲਈ ਪਰੇਰਦਾ ਹੈ ; ਉੱਥੇ ਸਮਾਜਿਕ ਪ੍ਰਸੰਗ ਵਿਚ ਅਗਾਂਹਵਧੂ ਧਰਮ, ਪਦਾਰਥਕ ਉੱਨਤੀ ਲਈ ਖੁੱਲ੍ਹ ਦਿੰਦਾ ਹੈ। ਇਹ ਸੋਚ ਵਿਚ ਨਿਖ਼ਾਰ ਲਿਆਉਣ ਦੇ ਸਮਰੱਥ ਹੈ। ਗੁਰੂ ਗ੍ਰੰਥ ਸਾਹਿਬ ਜੀ ਵਿਸ਼ਵ ਨੂੰ ਸੰਵਾਦ ਵੱਲ ਸੇਧਿਤ ਕਰਦੇ ਹਨ ਅਤੇ ਵੱਖ ਵੱਖ ਸੰਕਟਾਂ ਤੋਂ ਛੁਟਕਾਰੇ ਲਈ ਮਾਰਗ-ਦਰਸ਼ਨ ਕਰਦੇ ਹਨ।

ਡਾ: ਸਵਰਾਜ ਸਿੰਘ ਨੇ ਕਿਹਾ ਕਿ ਮੌਜੂਦਾ ਕਿਸਾਨੀ ਦਾ ਸੰਕਟ ਕੇਵਲ ਆਰਥਿਕ ਸੰਕਟ ਨਹੀਂ ਹੈ ਬਲਕਿ ਨਿੱਜਵਾਦ ਦੀ ਸੌੜੀ ਸੋਚ ਵਾਲਾ ਸੰਸਾਰ ਹੈ। ਜਦੋਂ ਸਿੱਖ ਪੱਖ ਤੇ ਪਰਮਾਰਥ ਨੂੰ ਉਭਾਰਨ ਲਈ ਸੋਚ ਲਵਾਂਗੇ ਤਾਂ ਫਿਰ ਪਦਾਰਥਵਾਦੀ ਸੰਸਾਰ ਤੋਂ ਹਾਰ ਨਹੀਂ ਹੋ ਸਕਦੀ।

ਸ: ਜਸਪਾਲ ਸਿੰਘ ਕੌਮਾਂਤਰੀ ਪੱਤਰਕਾਰ ਨੇ ਸਿੰਘ ਸਭਾ ਲਹਿਰ ਦੀ ਦੇਣ ਦੀ ਅਹਿਮੀਅਤ ਨੂੰ ਸਾਂਝਾ ਕਰਦਿਆਂ ਕਿਹਾ ਕਿ ਮਾਣਮੱਤੀਆਂ ਲਹਿਰਾਂ ਨੂੰ ਭੁੱਲ ਜਾਣ ਕਰਕੇ ਹੀ ਸਮਾਜ ਭਟਕ ਰਿਹਾ ਹੈ। ਜਿਸ ਕਰਕੇ ਸਿੱਖ ਕੌਮ ਅਤੇ ਪੰਜਾਬ ਨੂੰ ਧਾਰਮਿਕ, ਆਰਥਿਕ, ਰਾਜਨੀਤਕ ਅਤੇ ਸਮਾਜਿਕ ਵੰਗਾਰਾਂ ਸਾਹਮਣੇ ਹਾਰਨਾ ਪੈ ਰਿਹਾ ਹੈ।

ਸੰਨ 1947 ਤੋਂ 1984 ਅਤੇ ਬਾਅਦ ਦੇ ਮਨੁੱਖਤਾ ਦੇ ਘਾਣ ਦੇ ਕਾਂਡਾਂ ਵਿਚ ਕਮਜ਼ੋਰ ਪਹੁੰਚਾਂ ਸਬੰਧੀ ਚਾਨਣਾ ਪਾਇਆ। ਉਹਨਾਂ ਕੌਮਾਂਤਰੀ ਭਾਈਚਾਰਕ ਸਾਂਝ ਸਿਰਜਣ ਦੇ ਨਮੂਨੇ ਨੂੰ ਪੇਸ਼ ਕੀਤਾ। ਉਹਨਾਂ ਸਿੱਖ ਧਰਮ ਅੰਦਰ ਪੁਜਾਰੀਵਾਦ ਵਲੋਂ ਜਾਤ-ਪਾਤ ਆਧਾਰਤ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਹੁੰਦੇ ਰਹੇ ਵਿਤਕਰੇ ਦੇ ਇਤਿਹਾਸ ਨੂੰ ਸਾਹਮਣੇ ਰੱਖਿਆ। ਜਿਸ ਦੀ ਅੱਜ ਦੇ ਦੌਰ ਵਿਚ ਨਿਖੇਧੀ ਕਰਨ ਲਈ 12 ਅਕਤੂਬਰ 2020 ਨੂੰ ਅਖੌਤੀ ਜਾਤ-ਪਾਤ ਤੋਂ ਉੱਪਰ ਉੱਠ ਕੇ ਸਾਂਝੇ ਕਾਫਲੇ ਦੇ ਰੂਪ ਵਿਚ ਦਰਬਾਰ ਸਾਹਿਬ ਮੱਥਾ ਟੇਕਿਆ ਜਾਵੇਗਾ।

ਉਹਨਾਂ ਕਿਹਾ ਕਿ ਸਿੱਖੀ ਫਲਸਫਾ ਜੋ ਸਮੁੱਚੀ ਮਨੁੱਖਤਾ ਨੂੰ ਪਿਆਰ ਦੇ ਕਲਾਵੇ ਵਿਚ ਲੈਂਦਾ ਹੈ ਅਤੇ ਸੇਵਾ ਨਿਭਾਉਣ ਦੀ ਪ੍ਰੇਰਣਾ ਦਿੰਦਾ ਹੈ। ਮਨੁੱਖਤਾ ਦੀ ਥਾਂ ਰਾਸ਼ਟਰਵਾਦੀ ਰੁਝਾਨ’ਤੇ ਬੋਲਦਿਆਂ ਕਿਹਾ ਕਿ ਭਾਰਤ ਬਹੁਕੌਮੀ, ਬਹੁਧਰਮੀ ਤੇ ਬਹੁਭਾਸ਼ਾਈ ਦੇਸ਼ ਹੈ। ਪੰਜਾਬ ਦੀ ਭਾਸ਼ਾ ਤੇ ਮਾਂ-ਬੋਲੀ ਪੰਜਾਬੀ ਹੈ। ਏਥੇ ਇਕ ਬੋਲੀ, ਇਕ ਧਰਮ ਤੇ ਇਕ ਕੌਮ ਦਾ ਕੋਈ ਤੁਗ਼ਲਕੀ ਫ਼ੁਰਮਾਨ ਲਾਗੂ ਨਹੀਂ ਹੋ ਸਕਦਾ।

ਉਹਨਾਂ ਦਲਿਤ ਸਮਾਜ ਅਤੇ ਪਛੜੀਆਂ ਸ੍ਰੇਣੀਆਂ ਨਾਲ ਭਾਰਤੀ ਰਾਜਨੀਤਕਾਂ ਲੋਕਾਂ ਵੱਲੋਂ ਧਰਮ ਦੀ ਆੜ ਵਿਚ ਗੁੰਮਰਾਹ ਕਰਨ ਦੇ ਮਨਸੂਬਿਆਂ ਨੂੰ ਪਛਾੜਨ ਦਾ ਸੱਦਾ ਦਿੱਤਾ। ਸਿੱਖ ਕੌਮ ਦਾ ਗੁਰਦੁਆਰਾ ਐਕਟ ਨਾਲ ਜੁੜੇ ਹੋਣ ਦਾ ਜ਼ਿਕਰ ਕਰਦਿਆਂ ਸਾਵਧਾਨ ਕੀਤਾ ਕਿ ਇਹ ਚੋਣ-ਪ੍ਰਣਾਲੀ ਕੌਮ ਨੂੰ ਖੁਆਰੀ ਵੱਲ ਧੱਕਦੀ ਰਹੇਗੀ।

ਮਾਸਟਰ ਗੁਰਚਰਨ ਸਿੰਘ ਬਸਿਆਲਾ ਨੇ ਕਿਹਾ ਕਿ ਸਿੱਖ ਦਾ ਆਚਾਰ ਗੁਣਵੱਤਾ ਆਧਾਰਤ ਹੈ। ਸਿੱਖ ਖਰਾ ਸਿੱਕਾ ਹੈ। ਜੇ ਸਿੱਕੇ ਅੰਦਰ ਖੋਟ ਹੋਵੇ ਤਾਂ ਉਸ ਦੀ ਕੀਮਤ ਸਿਫ਼ਰ ਹੁੰਦੀ ਹੈ। ਉਹਨਾਂ ਅਜੋਕੀ ਕਿਸਾਨ ਮਜ਼ਦੂਰੀ ਸੰਘਰਸ਼ ਸਥਿਤੀ’ ਤੇ ਬੋਲਦਿਆਂ ਕਿਹਾ ਕਿ ਮਨੁੱਖ-ਪੱਖੀ ਮਾਡਲ ਉਸਾਰਨ ਵਿਚ ਸਮਾਜ ਪਛੜਿਆ ਰਿਹਾ ਹੈ ਅਤੇ ਅੱਜ ਮਨੁੱਖਤਾ ਵਿਰੋਧੀ ਮਾਡਲ ਨੇ ਉਥਲ ਪੁਥਲ ਮਚਾਈ ਹੋਈ ਹੈ।

ਉਹਨਾਂ ਨੇ ਸਿੱਖ ਸੰਸਥਾਵਾਂ ਅਤੇ ਜਥੇਬੰਦੀਆਂ ਦੇ ਕਾਰਜ ਖੇਤਰ’ਤੇ ਵਿਚਾਰ ਕਰਦਿਆਂ ਜਥੇਬੰਦਕ ਢਾਂਚਿਆਂ ਦੀ ਪੁਨਰ-ਸੁਰਜੀਤੀ ਦੀ ਲੋੜ ਨੂੰ ਸਾਹਮਣੇ ਰੱਖਿਆ। ਉਹਨਾਂ ਨੇ ਨੌਜਵਾਨਾਂ ਨੂੰ ਸਮੇਂ ਸਿਰ ਸੱਚੀ ਪਾਤਸ਼ਾਹੀ ਤੇ ਬਾਦਸ਼ਾਹੀ ਦਾ ਸਬਕ ਸਿਖਾ ਕੇ ਜ਼ਿੰਮਵਾਰੀਆਂ ਸੌਂਪ ਦੇਣ ਦੀ ਪਿਰਤ ਪਾਉਣ ਦੀ ਅਪੀਲ ਕੀਤੀ।

ਗੁਰਬਾਣੀ ਦੀ ਰੌਸ਼ਨੀ ਵਿਚ ਊਚ-ਨੀਚ ਅਤੇ ਜਾਤਾਂ-ਪਾਤਾਂ ਦੇ ਵਿਤਕਰੇ ਮਿਟਾਉਣ ਵਾਲੇ ਯੁਗ-ਪਲਟਾਊ ਫ਼ੈਸਲੇ ਹੋਣੇ ਚਾਹੀਦੇ ਹਨ। ਹਰ ਗੁਰਦੁਆਰਾ ਸਾਹਿਬ ਦੇ ਪ੍ਰਬੰਧਕ ਗਰੀਬ ਬੱਚਿਆਂ ਦੀ ਪੜ੍ਹਾਈ ਅਤੇ ਮਰੀਜ਼ਾਂ ਦੇ ਇਲਾਜ਼ ਲਈ ਸੇਵਾ ਨਿਭਾਉਣ ਲਈ ਅੱਗੇ ਆਉਣ।

ਭਾਈ ਸੁਖਜਿੰਦਰ ਸਿੰਘ ਜੀ ਗੁਰਮਤਿ ਪ੍ਰਚਾਰ ਕੇਂਦਰ ਨਵਾਂ ਸ਼ਹਿਰ ਨੇ ਕਿਹਾ ਕਿ ਇਤਿਹਾਸ ਕੌਮਾਂ ਦੀ ਜ਼ਿੰਦ ਜਾਨ ਹੋਇਆ ਕਰਦੇ ਹਨ। ਸਿੰਘ ਸਭਾ ਲਹਿਰ ਦੇ ਨਾਇਕ ਕੌਮ ਦੇ ਰਾਹ-ਦਸੇਰਾ ਹਨ ਅਤੇ ਉਹਨਾਂ ਨੂੰ ਕੌਮ ਵਿਚ ਨਿਰੰਤਰ ਸਤਿਕਾਰਤ ਥਾਂ ਦੇਣਾ ਚਾਹੀਦਾ ਹੈ। ਉਹਨਾਂ ਦੀਆਂ ਤਸਵੀਰਾਂ ਲਾਇਬ੍ਰੇਰੀਆਂ ਅਤੇ ਘਰ-ਘਰ ਵਿਚ ਲੱਗਣੀਆਂ ਚਾਹੀਦੀਆਂ ਹਨ। ਕੌਮ ਦੇ ਹੀਰਿਆਂ ਨੂੰ ਭੁੱਲ ਜਾਣ ਨਾਲ ਹੀ ਕੌਮਾਂ ਹਾਰ ਜਾਂਦੀਆਂ ਹਨ ਤੇ ਖੁਆਰ ਹੁੰਦੀਆਂ ਹਨ। ਉਹਨਾਂ ਰਵਾਇਤੀ ਧਾਰਮਿਕ ਜਸ਼ਨਾਂ ਦੀ ਆਲੋਚਨਾ ਕਰਦਿਆਂ ਕਿਹਾ ਕਿ ਪ੍ਰਦਰਸ਼ਨ ਦੀ ਥਾਂ ਦਰਸ਼ਨ ਵੱਲ ਵਧੀਏ।

ਸ: ਰਸ਼ਪਾਲ ਸਿੰਘ ਨੇ ਕਿਹਾ ਕਿ ਗੁਰੂ-ਕਾਲ ਤੋਂ ਪਹਿਲਾਂ ਵੀ ਤੇ ਬਾਅਦ ਵਿਚ ਵੀ ਸਮੇਂ ਦੇ ਰਾਜਸੀ ਅਤੇ ਧਾਰਮਿਕ ਆਗੂਆਂ ਨੇ ਅਛੂਤ ਸਮਝੇ ਜਾਂਦੇ ਲੋਕਾਂ ਦੇ ਵਿੱਦਿਆ ਪੜ੍ਹਨ, ਧਰਮ ਸਥਾਨਾਂ’ਤੇ ਜਾਣ, ਚੰਗਾ ਖਾਣ ਤੇ ਪਹਿਨਣ’ਤੇ ਪਾਬੰਦੀ ਲਾਈ ਹੋਈ ਸੀ। ਗੁਰੂ ਨਾਨਕ ਸਾਹਿਬ ਜੀ ਨੇ ਜ਼ਾਬਰ ਆਗੂਆਂ ਨੂੰ ਫ਼ਿਟਕਾਰਿਆ ਅਤੇ ਮਜ਼ਲੂਮਾਂ ਦੇ ਨਾਲ ਖੜ ਕੇ ਹੱਕ ਲੈਣ ਲਈ ਲਲਕਾਰਿਆ।

ਕਿਸਾਨ-ਮਜ਼ਦੂਰ-ਖਪਤਕਾਰ ਸੰਘਰਸ਼ ਦੇ ਸੰਦਰਭ ਵਿਚ ਨੁਕਤੇ ਸਾਂਝੇ ਕਰਦਿਆਂ ਕਿਹਾ ਕਿ ਗੁਰੂ ਗ੍ਰੰਥ ਤੇ ਗੁਰੂ ਪੰਥ ਨਾਲ ਧੋਖਾ ਕਮਾਉਣ ਵਾਲੇ ਲੋਕਾਂ ਤੋਂ ਸੁਚੇਤ ਰਹਿ ਕੇ ਹੀ ਮੰਜ਼ਲ ਵੱਲ ਵਧਿਆ ਜਾ ਸਕਦਾ ਹੈ। ਉਹਨਾਂ ਸਿੱਖ ਸੋਚ ਤੇ ਸਿਧਾਂਤ ਵਿਰੋਧੀ ਸਿਰਜੇ ਜਾ ਰਹੇ ਸਾਹਿਤ, ਵਿਚਾਰਧਾਰਾ ਤੇ ਵਿਦਵਾਨਾਂ ਤੋਂ ਸਾਵਧਾਨ ਰਹਿਣ ਲਈ ਸੁਚੇਤ ਕੀਤਾ।

ਸ: ਸਤਨਾਮ ਸਿੰਘ ਰਾਜਸਥਾਨੀ ਨੇ ਜਲਵਾਯੂ ਪਰਿਵਰਤਨ ਅਤੇ ਭੋਜਨ ਤੇ ਖ਼ੁਰਾਕ-ਪ੍ਰਣਾਲੀ ਨੂੰ ਮਾਇਆਧਾਰੀ ਜਗਤ ਵਲੋਂ ਪਈ ਚੁਣੌਤੀ ਸਬੰਧੀ ਕਿਹਾ ਕਿ ਹਵਾ, ਪਾਣੀ, ਮਿੱਟੀ ਅਤੇ ਕੁਦਰਤੀ ਸ੍ਰੋਤਾਂ ਦੀ ਸੰਭਾਲ ਬਿਨਾਂ ਜਿਊਣਾ ਅਸੰਭਵ ਹੈ। ਪਰ ਤ੍ਰਾਸਦੀ ਹੈ ਕਿ ਹਕੂਮਤਾਂ ਪੱਖਪਾਤੀ ਵਤੀਰੇ ਅਪਣਾ ਕੇ ਲੋਕ ਵਿਰੋਧੀ ਕਾਲੇ ਕਾਨੂੰਨ ਲਾਗੂ ਕਰਦੀਆਂ ਹਨ ਅਤੇ ਅਰਾਜਿਕਤਾ ਫੈਲਾਉਂਦੀਆਂ ਹਨ। ਇਹਨਾਂ ਸਾਰੇ ਹਾਲਾਤਾਂ ਪਿੱਛੇ ਸਮਾਜ ਦੀ ਬੀਤੇ ਵਿਚ ਧਾਰੀ ਖਾਮੋਸ਼ੀ ਨਮੋਸ਼ੀ ਦਾ ਕਾਰਨ ਬਣਦੀ ਹੈ।

ਸ: ਸਵਰਨ ਸਿੰਘ ਰਾਣਾ ਵਿਸ਼ਵੀਕਰਨ ਦੇ ਦੌਰ ਵਿਚ ਅੱਜ ਵੀ ਸਿੱਖ ਫ਼ਲਸਫ਼ੇ ਨੂੰ ਚੁਣੌਤੀ ਹੈ ਕਿਉਕਿ ਸਿੱਖੀ ਫਲਸਫਾ ਰੂਹਾਨੀਅਤ ਨੂੰ ਸਰਵੋਤਮ ਮੰਨਦਾ ਹੈ ਤੇ ਦੂਜੇ ਪਾਸੇ ਰਾਜਨੀਤੀ ਅਤੇ ਵਪਾਰੀਕਰਨ ਮਨੁੱਖ ਨੂੰ ਕੇਵਲ ਖਪਤਕਾਰ ਬਣਾਉਂਦਾ ਹੈ। ਅੱਜ ਦੇ ਵਿਸ਼ਵੀਕਰਨ ਕੋੋਲ ਗੁਰੂ ਨਾਨਕ ਸਾਹਿਬ ਜੀ ਵਾਲੀ ਵਿਸ਼ਵ-ਦ੍ਰਿਸ਼ਟੀ ਨਹੀਂ ਹੈ। ਜਿਸ ਲਈ ਸਮੁੱਚੀ ਮਨੁੱਖਤਾ ਸੰਕਟ ਵੱਲ ਵਧ ਰਹੀ ਹੈ। ਸਿੱਖ ਕੌਮ ਨੂੰ ਅੱਜ ਗੁਰੂ ਗ੍ਰੰਥ ਸਾਹਿਬ ਜੀ ਨਾਲ ਡੂੰਘੀ ਸਾਂਝ ਪਾਉਣੀ ਹੋਵੇਗੀ ਅਤੇ ਇਸ ਅੰਦਰ ਪਏ ਰਤਨਾਂ, ਹੀਰਿਆਂ, ਜਵਾਹਰਾਂ ਤੇ ਮਾਣਕਾਂ ਨੂੰ ਵਿਸ਼ਵ ਵਿੱਚ ਵੰਡਣ ਦੀ ਸੇਵਾ ਨਿਭਾਉਣੀ ਹੋਵੇਗੀ।

ਸ: ਪਲਵਿੰਦਰ ਸਿੰਘ ਜੀ ਸਾਹਿਬਜ਼ਾਦਾ ਜੁਝਾਰ ਸਿੰਘ ਗੁਰਮਤਿ ਮਿਸ਼ਨਰੀ ਕਾਲਜ ਨੇ ਲਹਿਰ ਦੇ ਮੋਢੀਆਂ ਵਲੋਂ ਪਾਏ ਪੂਰਨਿਆਂ ਤੇ ਚੱਲਣ ਦੀ ਲੋੜ’ ਤੇ ਜ਼ੋਰ ਦਿੱਤਾ। ਖਾਲਸਾ ਰਾਜ ਦੇ ਪਤਨ ਤੋਂ ਬਾਅਦ ਸਿੱਖੀ ਨੂੰ ਢਾਅ ਲੱਗ ਰਹੀ ਸੀ। ਸਿੰਘ ਸਭਾ ਲਹਿਰ ਦਾ ਜ਼ਮਾਨਾ ਪੱਛਮੀ-ਵਿਦਿਆ ਦੇ ਪ੍ਰਵੇਸ਼ ਦਾ ਸੀ। ਹਿੰਦੂ-ਵੈਦਿਕ ਧਰਮ ਆਰੀਆ ਸਮਾਜ ਦੇ ਰੂਪ ਵਿਚ ਅੰਗੜਾਈ ਭਰ ਰਿਹਾ ਸੀ। ਪੱਛਮੀ ਵਿਦਿਆ ਦੇ ਸੋਮੇ ਸਕੂਲਾਂ- ਕਾਲਜਾਂ ਦੇ ਰੂਪ ਵਿਚ ਵਗ ਰਹੇ ਸਨ।

ਸਿੱਖ ਪੰਥ ਦੇ ਚੰਗੇ ਭਾਗਾਂ ਨੂੰ ਪ੍ਰੋ: ਗੁਰਮੁਖ ਸਿੰਘ ਪੂਰਬੀ ਤੇ ਪੱਛਮੀ ਵਿਦਿਆ ਦੇ ਉੱਚੇ ਦਰਜੇ ਦੇ ਵਿਦਵਾਨ ਸਨ, ਜਿਨ੍ਹਾਂ ਨੇ ਹਰ ਵਿਰੋਧੀ ਗਤੀਵਿਧੀ ਨੂੰ ਬੜੀ ਸੂਝ ਬੂਝ ਨਾਲ ਪਰਖਿਆ। ਪੂਰੇ ਸਿਦਕ ਤੇ ਦ੍ਰਿੜਤਾ ਨਾਲ ਚੇਤਨਾ ਪੈਦਾ ਕੀਤੀ। ਸ਼ਾਸ਼ਤ੍ਰਾਰਥ ਤੇ ਬਹਿਸਾਂ ਖੇਤਰ ਵਿਚ ਭਾਈ ਦਿੱਤ ਸਿੰਘ ਜੀ ਦਾ ਸਥਾਨ ਸਰਵੋਤਮ ਰਿਹਾ। ਗਿਆਨੀ ਹਜ਼ਾਰਾ ਸਿੰਘ, ਗਿਆਨੀ ਸਰਦੂਲ ਸਿੰਘ, ਭਾਈ ਕਾਨ੍ਹ ਸਿੰਘ ਨਾਭਾ, ਪੰਡਤ ਗੁਰਬਖਸ਼ ਸਿੰਘ ਜੀ ਪਟਿਆਲੇ ਵਾਲੇ ਅਤੇ ਭਾਈ ਵੀਰ ਸਿੰਘ ਹੋਰਾਂ ਬੁਧੀ ਬਲ ਨਾਲ ਤਕੜਾ ਯੋਗਦਾਨ ਪਾਇਆ।

ਸ: ਲਸ਼ਕਰ ਸਿੰਘ ਜੀ ਮੈਂਬਰ ਗੁਰਦੁਆਰਾ ਸਿੰਘ ਸਭਾ ਨਕੋਦਰ ਨੇ ਅਰਬ ਵਿਚ ਸਿੰਘ ਸਭਾ ਲਹਿਰ ਦੀ ਬਦੌਲਤ ਸਿੱਖੀ ਦੀ ਬਣੀ ਪਛਾਣ ਅਤੇ ਗੁਰਦੁਆਰਿਆਂ ਦੀ ਮਾਨਤਾ ਸਬੰਧੀ ਪ੍ਰਗਟਾਵਾ ਕੀਤਾ। ਸ: ਪ੍ਰੀਤਮ ਸਿੰਘ ਜੀ ਨੇ ਸਿੰਘ ਸਭਾ ਲਹਿਰ ਦੀਆਂ ਪ੍ਰਾਪਤੀਆਂ ਪ੍ਰਤੀ ਕਵਿਤਾ ਨਾਲ ਨਿਹਾਲ ਕੀਤਾ। ਅੰਤ ਵਿਚ ਅਰਦਾਸ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਾਕ ਨਾਲ ਸੰਪੰਨਤਾ ਹੋਈ।

ਇਸ ਮੌਕੇ ਗੁਰਦੁਆਰਾ ਸਿੰਘ ਸਭਾ ਨਕੋਦਰ ਦੇ ਪ੍ਰਬੰਧਕ ਕਮੇਟੀ ਮੈਂਬਰ ਸ: ਮਨਮੋਹਨ ਸਿੰਘ, ਸ: ਭੁਪਿੰਦਰ ਸਿੰਘ, ਸ: ਇਕਬਾਲ ਸਿੰਘ, ਸ: ਕੁਲਵੰਤ ਸਿੰਘ, ਸ: ਅਮਰਪ੍ਰੀਤ ਸਿੰਘ, ਸ: ਭਗਵਾਨ ਸਿੰਘ, ਸ: ਸੁਜਾਨ ਸਿੰਘ ਅਤੇ ਸ: ਇੰਦਰਪ੍ਰੀਤ ਸਿੰਘ ਤੋਂ ਇਲਾਵਾ ਵੱਖ ਵੱਖ ਸੰਸਥਾਂਵਾਂ ਤੋਂ ਸ: ਪਲਵਿੰਦਰ ਸਿੰਘ ਗੜ੍ਹਸ਼ੰਕਰ, ਸ: ਅਮਰਜੀਤ ਸਿੰਘ ਨੂਰਮਹਿਲ, ਸ: ਜਸਤਿੰਦਰਪਾਲ ਸਿੰਘ ਨੂਰਮਹਿਲ, ਸ: ਜਤਿੰਦਰਪਾਲ ਸਿੰਘ ਗੜ੍ਹਸ਼ੰਕਰ, ਸ: ਜਸਪਾਲ ਸਿੰਘ ਦਸੂਹਾ, ਬੀਬੀ ਰਣਜੀਤ ਕੌਰ ਨਕੌਦਰ, ਬੀਬੀ ਸ਼ਰਨਜੀਤ ਕੌਰ ਨਕੋਦਰ, ਬੀਬੀ ਗੁਰਦੇਵ ਕੌਰ ਨਕੋਦਰ, ਸ: ਅਜੀਤ ਸਿੰਘ ਮਾਲੜੀ, ਬੀਬੀ ਜਸਵੀਰ ਕੌਰ ਮਹਿਤਪੁਰ, ਬੀਬੀ ਨੀਤੂ, ਭਾਈ ਸਤਨਾਮ ਸਿੰਘ ਮਹਿਤਪੁਰ, ਸ: ਬਖਸ਼ੀਸ਼ ਸਿੰਘ ਮਲਸੀਆਂ, ਸ: ਹਰਮਨਪ੍ਰੀਤ ਸਿੰਘ ਮਹਿਤਪੁਰ, ਸ: ਗੁਰਿੰਦਰ ਸਿੰਘ ਮਹਿਤਪੁਰ, ਸ: ਸਿਮਰ ਸਿੰਘ ਨਕੋਦਰ, ਸ: ਵਰਿੰਦਰਪਾਲ ਸਿੰਘ ਢੀਂਡਸਾ, ਸ: ਜਗੀਰ ਸਿੰਘ, ਬੀਬੀ ਸਿਮਰਨਜੀਤ ਕੌਰ, ਸ: ਸੁਖਦੇਵ ਸਿੰਘ ਸੁਲਤਾਨਪੁਰ ਲੋਧੀ, ਸ: ਇਸ਼ਮੀਤ ਸਿੰਘ, ਸ: ਬੋਹੜ ਸਿੰਘ ਤਰਨਤਾਰਨ, ਸ: ਹਰਜੀਤ ਸਿੰਘ ਫਿਰੋਜ਼ਪੁਰ, ਸ: ਜਸਬੀਰ ਸਿੰਘ ਨਕੋਦਰ, ਨਿਰਮਲ ਸਿੰਘ ਮਲਸੀਆਂ ਅਤੇ ਸਿੱਖ ਸੰਗਤਾਂ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION