26.7 C
Delhi
Thursday, April 25, 2024
spot_img
spot_img

ਸਿੰਗਲਾ ਨੇ ਕਿਸਾਨਾਂ ਤੇ ਆੜ੍ਹਤੀਆਂ ਦੇ ਹੱਕ ਵਿੱਚ ਕੀਤੀ ਭੁੱਖ ਹੜਤਾਲ, ਕੇਂਦਰ ਨੂੰ ਖ਼ੇਤੀ ਕਾਨੂੰਨ ਵਾਪਸ ਲੈਣ ਦੀ ਅਪੀਲ

ਯੈੱਸ ਪੰਜਾਬ
ਚੰਡੀਗੜ, 23 ਦਸੰਬਰ, 2020:
ਪੰਜਾਬ ਦੇ ਸਿੱਖਿਆ ਮੰਤਰੀ ਵਿਜੇ ਇੰਦਰ ਸਿੰਗਲਾ ਨੇ ਤਿੰਨ ਖੇਤੀ ਕਾਨੂੰਨਾਂ ਦੇ ਵਿਰੋਧ ਵਿਚ ਅਤੇ ਕਿਸਾਨਾਂ ਦੇ ਹੱਕ ਵਿਚ ਸੰਗਰੂਰ ਵਿਖੇ ਇੱਕ ਰੋਜਾ ਭੁੱਖ ਹੜਤਾਲ ਕੀਤੀ। ਇਸ ਭੁੱਖ ਹੜਤਾਲ ਵਿਚ ਇਲਾਕੇ ਦੇ 200 ਤੋਂ ਵੱਧ ਆੜਤੀਆਂ ਨੇ ਵੀ ਸਿੱਖਿਆ ਮੰਤਰੀ ਦਾ ਸਾਥ ਦਿੱਤਾ ਅਤੇ ਕਿਸਾਨਾਂ ਵੱਲੋਂ ਦੇਸ਼ ਭਰ ਵਿਚ ਦਿੱਤੇ ਜਾ ਰਹੇ ਧਰਨਿਆਂ ਦੀ ਹਿਮਾਇਤ ਕੀਤੀ।

ਭੁੱਖ ਹੜਤਾਲ ਦੌਰਾਨ ਪੱਤਰਕਾਰਾਂ ਨਾਲ ਗੱਲ ਕਰਦਿਆਂ ਸ੍ਰੀ ਸਿੰਗਲਾ ਨੇ ਕਿਹਾ ਕਿ ਕਿਸਾਨਾਂ ਦੁਆਰਾ ਸ਼ੁਰੂ ਕੀਤਾ ਗਿਆ ਇਹ ਸੰਘਰਸ਼ ਹੁਣ ਸੱਚੀ ਲੋਕ ਲਹਿਰ ਬਣ ਗਿਆ ਹੈੇ ਅਤੇ ਹਰ ਪੰਜਾਬੀ ਹੁਣ ਜ਼ਾਤ ਧਰਮ ਅਤੇ ਕਿੱਤੇ ਨੂੰ ਪਿੱਛੇ ਛੱਡ ਕੇ ਇਸ ਮੁਹਿੰਮ ਵਿਚ ਆਪਣਾ ਹਿੱਸਾ ਪਾ ਰਿਹਾ ਹੈ।

ਪੰਜਾਬ ਵਿਚ ਆੜਤੀਏ ਅਤੇ ਕਿਸਾਨ ਦਾ ਨੌਂਹ-ਮਾਸ ਦਾ ਰਿਸ਼ਤਾ ਹੈ ਜੋ ਪਿਛਲੇ ਸੌ ਸਾਲਾਂ ਤੋਂ ਚਲਦਾ ਆ ਰਿਹਾ ਹੈ। ਸਿੱਖਿਆ ਮੰਤਰੀ ਨੇ ਕਿਹਾ ਕਿ ਇਸ ਭੁੱਖ ਹੜਤਾਲ ਰਾਹੀਂ ਅਸੀਂ ਕਿਸਾਨ ਯੂਨੀਅਨਾਂ ਵੱਲੋਂ ਕੀਤੀਆਂ ਜਾ ਰਹੀਆਂ ਮੰਗਾਂ ਦਾ ਸਮਰਥਨ ਕਰਦੇ ਹਾਂ।

ਸਿੱਖਿਆ ਮੰਤਰੀ ਸ੍ਰੀ ਸਿੰਗਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਅਪੀਲ ਕਰਦਿਆਂ ਕਿਹਾ ਕਿ ਸਰਕਾਰ ਛੇਤੀ ਹੀ ਸੰਸਦ ਦਾ ਸਰਦ ਰੁੱਤ ਦਾ ਇਜਲਾਸ ਬੁਲਾ ਕੇ ਇਹ ਕਾਲੇ ਕਾਨੂਨ ਵਾਪਸ ਲਵੇ। ਉਹਨਾਂ ਜ਼ੋਰ ਦਿੰਦਿਆਂ ਕਿਹਾ ਕਿ ਇਹ ਕਾਲੇ ਕਾਨੰੂਨ ਭਾਰਤੀ ਜਮਹੂਰੀਅਤ ਦੇ ਸੰਘੀ ਢਾਂਚੇ ਤੇ ਹਮਲਾ ਹਨ।

ਸਿੱਖਿਆ ਮੰਤਰੀ ਨੇ ਸਾਫ ਕਿਹਾ ਕਿ ਕੇਂਦਰ ਸਰਕਾਰ ਆਪਣੇ ਚਹੇਤਿਆਂ ਨੂੰ ਲਾਭ ਦੇਣ ਪਿੱਛੇ ਉਹਨਾਂ ਵਿਸ਼ਿਆਂ ਤੇ ਕਾਨੂਨ ਬਨਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜੋ ਉਸ ਦੇ ਅਖਤਿਆਰ ਵਿਚ ਹੀ ਨਹੀਂ ਹਨ। ਉਹਨਾਂ ਕਿਹਾ ਕਿ ਭਾਵੇਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਪੰਜਾਬ ਸਰਕਾਰ ਨੇ ਤਿੰਨੇ ਕਾਨੂੰਨਾਂ ਨੂੰ ਨਕਾਰ ਦਿੱਤਾ ਹੈ ਪਰ ਕੇਂਦਰ ਨੂੰ ਵੀ ਇਹ ਕਾਨੂੰਨ ਵਾਪਸ ਲੈ ਕੇ ਆਪਣੇ ਪਾਪ ਧੋ ਲੈਣੇ ਚਾਹੀਦੇ ਹਨ।

ਸਿੱਖਿਆ ਮੰਤਰੀ ਨੇ ਆਮਦਨ ਕਰ ਵਿਭਾਗ ਵੱਲੋਂ ਪੰਜਾਬ ਭਰ ਵਿਚ ਆੜਤੀਆਂ ਉੱਤੇ ਕੀਤੇ ਜਾ ਰਹੇ ਛਾਪਿਆਂ ਦੀ ਵੀ ਪੁਰਜ਼ੋਰ ਨਿੰਦਾ ਕੀਤੀ। ਉਨਾਂ ਕਿਹਾ ਕਿ ਮੋਦੀ ਸਰਕਾਰ ਇਹਨਾਂ ਛਾਪਿਆਂ ਰਾਹੀਂ ਸੂਬੇ ਦੇ ਆੜਤੀਆਂ ਨੂੰ ਡਰਾਉਣਾ ਚਾਹੁੰਦੀ ਹੈ ਜੋ ਇਸ ਸੰਘਰਸ਼ ਵਿਚ ਆਪਣੇ ਕਿਸਾਨ ਭਰਾਵਾਂ ਦਾ ਸਾਥ ਦੇ ਰਹੇ ਹਨ।

ਉਹਨਾਂ ਕਿਹਾ ਕਿ ਭਾਜਪਾ ਆਪਣੀ ਵੰਡਵਾਦੀ ਵਿਚਾਰਧਾਰਾ ਰਾਹੀਂ ਇਸ ਸੰਘਰਸ਼ ਨੂੰ ਜਾਤੀ, ਧਰਮ ਦੇ ਅਧਾਰ ਤੇ ਵੰਡਣ ਦੀ ਕੋਸ਼ਿਸ਼ ਕਰਦੀ ਰਹੀ ਜਿਸ ਵਿਚ ਉਹ ਬੁਰੀ ਤਰਾਂ ਫੇਲ ਹੋ ਚੁੱਕੀ ਹੈ। ਸ੍ਰੀ ਸਿੰਗਲਾ ਨੇ ਕਿਹਾ ਕਿ ਭਾਜਪਾ ਦੀਆਂ ਕੋਝੀਆਂ ਚਾਲਾਂ ਹੋਰਨਾਂ ਸੂਬਿਆਂ ਵਿੱਚ ਤਾਂ ਕਾਮਯਾਬ ਹੋ ਸਕਦੀਆਂ ਹਨ ਪਰ ਪੰਜਾਬੀ ਹਿੰਦੂ ਉਹਨਾਂ ਦੇ ਬਹਿਕਾਵੇ ਵਿਚ ਨਹੀਂ ਆਉਣਗੇ ਅਤੇ ਸੂਬੇ ਦੇ ਹਰ ਫਿਰਕੇ ਦੇ ਲੋਕ ਡੱਟ ਕੇ ਇਹਨਾਂ ਕਾਲੇ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ।

ਉਹਨਾਂ ਕਿਹਾ ਕਿ ਆਮਦਨ ਕਰ ਵਿਭਾਗ ਵੱਲੋਂ ਆੜਤੀਆਂ ਉੱਤੇ ਪਾਏ ਜਾ ਰਹੇ ਇਹ ਛਾਪੇ ਭਾਜਪਾਅਤੇ ਕੇਂਦਰ ਸਰਕਾਰ ਦੀ ਬੌਖਲਾਹਟ ਦਾ ਨਤੀਜਾ ਸਨ। ਸਿੱਖਿਆ ਮੰਤਰੀ ਨੇ ਇਹ ਵੀ ਕਿਹਾ ਕਿ ਉਹਨਾਂ ਨੂੰ ਇਸ ਗੱਲ ਦਾ ਵੀ ਫ਼ਖ਼ਰ ਹੈ ਕਿ ਇਸ ਸੰਘਰਸ਼ ਵਿਚ ਪੰਜਾਬੀ ਕਿਸਾਨ ਦੇਸ਼ ਭਰ ਦੇ ਕਿਸਾਨਾਂ ਦੀ ਅਗਵਾਈ ਕਰ ਰਹੇ ਹਨ।

ਇਸ ਮੌਕੇ ਜ਼ਿਲਾ ਯੋਜਨਾ ਬੋਰਡ ਦੇ ਚੇਅਰਮੈਨ ਰਜਿੰਦਰ ਰਾਜਾ, ਮਾਰਕੀਟ ਕਮੇਟੀ ਸੰਗਰੁਰ ਦੇ ਚੇਅਰਮੈਨ ਅਨਿਲ ਘੀਚਾ, ਚੇਅਰਮੈਨ ਨਗਰ ਸੁਧਾਰ ਟਰੱਸਟ ਨਰੇਸ਼ ਗਾਬਾ, ਪੰਜਾਬ ਸਮਾਲ ਇੰਡੀਸ਼ਟਰੀਜ ਕਾਰਪੋਰੇਸ਼ਨ ਦੇ ਵਾਈਸ ਚੇਅਰਮੈਨ ਮਹੇਸ਼ ਕੁਮਾਰ ਮੇਸੀ, ਡਾਇਰੈਕਟਰ ਇੰਨਫੋਟੈਕ ਪੰਜਾਬ ਸਤੀਸ਼ ਕਾਂਸਲ, ਸੀਨੀਅਰ ਕਾਂਗਰਸੀ ਆਗੂ ਅਮਰਜੀਤ ਸਿੰਘ ਟੀਟੂ, ਜਸਪਾਲ ਸ਼ਰਮਾ ਪਾਲੀ, ਬਲਬੀਰ ਕੌਰ ਸੈਨੀ, ਵਿਜੈ ਗੁਪਤਾ ਬ੍ਰਾਹਮਣ ਸਭਾ, ਸੋਮਨਾਥ ਬਾਂਸਲ ਮੰਡੀ ਪ੍ਰਧਾਨ ਸੰਗਰੂਰ, ਬਿੰਦਰ ਬਾਂਸਲ, ਐਡਵੋਕੇਟ ਗੁਰਤੇਜ਼ ਗਰੇਵਾਲ ਪ੍ਰਧਾਨ ਪੰਜਾਬ ਕਾਂਗਰਸ ਲੀਗਲ ਸੈਲ, ਪਰਮਿੰਦਰ ਸ਼ਰਮਾ ਅਤੇ ਹੋਰ ਕਾਂਗਰਸੀ ਆਗੂ ਅਤੇ ਆੜਤੀਆਂ ਐਸੋਈਸੇਸ਼ਨ ਦੇ ਨੁਮਾਇੰਦੇ ਅਤੇ ਪਤਵੰਤੇ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION