35.1 C
Delhi
Friday, April 19, 2024
spot_img
spot_img

ਸਿਰਸਾ ਨੂੰ ਬੰਦੂਕ ਦੀ ਨੋਕ ’ਤੇ ਭਾਜਪਾ ਵਿੱਚ ਸ਼ਾਮਲ ਕਰਵਾਇਆ ਗਿਆ, ਅਫ਼ਸੋਸ ਕਿ ਸਿਰਸਾ ਨੇ ਡਟੇ ਰਹਿਣ ਦੀ ਬਜਾਏ ਸਿਰ ਨਿਵਾਉਣ ਦਾ ਫ਼ੈਸਲਾ ਲਿਆ: ਸੁਖ਼ਬੀਰ ਬਾਦਲ

ਯੈੱਸ ਪੰਜਾਬ
ਕਰਤਾਰਪੁਰ (ਜਲੰਧਰ), 2 ਦਸੰਬਰ, 2021:
ਭਾਜਪਾ ਅਤੇ ਕੇਂਦਰ ਸਰਕਾਰ ’ਤੇ ਸਿੱਧਾ ਹੱਲਾ ਬੋਲਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਮਨਜਿੰਦਰ ਸਿੰਘ ਸਿਰਸਾ ਨੂੰ ਭਾਜਪਾ ਵਿਚ ਸ਼ਾਮਲ ਕਰਵਾਉਣ ਦੀ ਜ਼ਬਰੀ ਤੇ ਘਟੀਆ ਤਕਰੀਬ ਨੁੰ ਖਾਲਸਾ ਪੰਥ, ਸਿੱਖ ਕੌਮ ਦੀਆਂ ਧਾਰਮਿਕ ਸੰਸਥਾਵਾਂ ਤੇ ਅਕਾਲੀ ਦਲ ’ਤੇ ਸਿੱਧਾ ਹਮਲਾ ਕਰਾਰ ਦਿੱਤਾ।

ਇਹ ਸਾਡੇ ਵੱਲੋਂ ਸਿਧਾਂਤਾਂ ’ਤੇ ਡਟੇ ਰਹਿਣ, ਉਹਨਾਂ ਨਾਲ ਗਠਜੋੜ ਤੋੜਨ ਤੇ ਕਿਸਾਨਾਂ ਖਾਤਰ ਕੇਂਦਰੀ ਵਜ਼ਾਰਤ ਵਿਚੋਂ ਅਸਤੀਫਾ ਦੇਣ ਦਾ ਭਾਜਪਾ ਵੱਲੋਂ ਸਾਡੇ ਤੋਂ ਬਦਲਾ ਲਿਆ ਜਾ ਰਿਹਾ ਹੈ। ਸਾਨੂੰ ਕੋਈ ਪਛਤਾਵਾ ਨਹੀਂ ਹੈ। ਬਲਕਿ ਅਸੀਂ ਜੋ ਕੀਤਾ, ਉਸ ’ਤੇ ਸਾਨੁੰ ਮਾਣ ਹੈ। ਸਿਧਾਂਤਾਂ ’ਤੇ ਡਟੇ ਰਹਿਣ ਦਾ ਭਾਵੇਂ ਜੋ ਵੀ ਨਤੀਜਾ ਨਿਕਲੇ, ਅਸੀਂ ਉਸਦੀ ਪਰਵਾਹ ਨਹੀਂ ਕਰਦੇ।

ਇਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਰਦਾਰ ਬਾਦਲ ਨੇ ਕਿਹਾ ਕਿ ਅਸੀਂ ਦਮਨ, ਧੱਕੇਸ਼ਾਹੀ, ਜ਼ੁਲਮ ਤੇ ਸਾਜ਼ਿਸ਼ਾਂ ਲਈ ਤਿਆਰ ਹਾਂ ਤੇ ਇਹਨਾਂ ਨੂੰ ਮਤਾ ਪਾਵਾਂਗੇ।

ਅਕਾਲੀ ਦਲ ਦੇ ਪ੍ਰਧਾਨ ਨੇ ਹੋਰ ਕਿਹਾ ਕਿ ਇਹ ਨਵਾਂ ਹਮਲਾ ਅਸਲ ਵਿਚ ਸਿੱਖ ਕੌਮ ਦੀ ਚੜ੍ਹਦੀਕਲਾ ਨੂੰ ਢਾਹ ਲਾਉਣ ਲਈ ਜ਼ੁਲਮ, ਜ਼ਬਰ, ਧੱਕੇਸ਼ਾਹੀ ਤੇ ਸਾਜ਼ਿਸ਼ਾਂ ਦੇ ਪੁਰਾਣੇ ਤਰੀਕੇ ਦੀ ਨਿਰੰਤਰਤਾ ਹੀ ਹੈ। ਉਹਨਾਂ ਕਿਹਾ ਕਿ ਸਾਡੀ ਚੜ੍ਹਦੀਕਲਾ ਮੀਰੀ ਤੇ ਮੀਰੀ ਦੇ ਸਿਧਾਂਤ ਦੀ ਸੂਚਕ ਹੈ ਜਿਸ ’ਤੇ ਅਕਾਲੀ ਦਲ ਹਮੇਸ਼ਾ ਡਟਿਆ ਤੇ ਡਟਿਆ ਰਹੇਗਾ। ਉਹ ਜੋ ਮਰਜ਼ੀ ਕਰ ਕੇ ਵੇਖ ਲੈਣ।

ਜ਼ਬਰ, ਜ਼ੁਲਮ ਤੇ ਦਮਨ ਸਾਨੁੰ ਕਦੇ ਤੋੜ ਨਹੀਂ ਸਕਦੇ। ਮੁਗਲਾਂ ਨੇ ਕੋਸ਼ਿਸ਼ ਕਰ ਲਈ, ਅੰਗਰੇਜ਼ਾਂ ਨੇ ਕੋਸ਼ਿਸ਼ ਕਰ ਲਈ, ਇੰਦਰਾ ਗਾਂਧੀ ਵਰਗੇ ਕਾਂਗਰਸੀ ਸ਼ਾਸਕਾਂ ਨੇ ਕੋਸ਼ਿਸ਼ ਕਰ ਲਈ। ਅਕਾਲੀ ਦਲ ਦੇ ਪ੍ਰਧਾਨ ਨੇ ਐਲਾਨ ਕੀਤਾ ਕਿ ਸਾਰੀ ਦੁਨੀਆਂ ਜਾਣਦੀ ਹੈ ਕਿ ਇਸਦਾ ਕੀ ਨਤੀਜਾ ਨਿਕਲਿਆ ਸੀ। ਐਤਕੀਂ ਵੀ ਕੁਝ ਵੱਖਰਾ ਨਹੀਂ ਹੋਣ ਵਾਲਾ।

ਸਰਦਾਰ ਬਾਦਲ ਨੇ ਕਿਹਾ ਕਿ ਭਾਜਪਾ ਸਰਕਾਰ ਲੋਕਤੰਤਰੀ ਵਿਰੋਧੀ ਧਿਰ ਖਾਸ ਤੌਰ ’ਤੇ ਘੱਟ ਗਿਣਤੀਆਂ ਨਾਲ ਵਰਤਣ ਵੇਲੇ ਸੱਤਾ ਦੀ ਦੁਰਵਰਤੋਂ ਵਾਸਤੇ ਇੰਨੀ ਡਿੱਗ ਗਈ ਹੈ। ਉਹਨਾਂ ਕਿਹਾ ਕਿ ਉਹਨਾਂ ਨੇ ਸਿਰਸਾ ਦੇ ਸਿਰ ’ਤੇ ਬੰਦੂਕ ਰੱਖ ਕੇ ਉਹਨਾਂ ਨੂੰ ਪੁੱਛਿਆ ਕਿ ਤੁਸੀਂ ਜੇਲ੍ਹ ਜਾਣ ਜਾਂ ਫਿਰ ਭਾਜਪਾ ਵਿਚ ਸ਼ਾਮਲ ਹੋਣ ਵਿਚੋਂ ਇਕ ਚੁਣ ਲਵੋ।

ਉਹਨਾਂ ਕਿਹਾ ਕਿ ਮੈਨੁੰ ਬਹੁਤ ਅਫਸੋਸ ਹੈ ਤੇ ਮਨ ਦੁਖੀ ਹੈ ਕਿ ਬਜਾਏ ਦਮਨ ਦੇ ਖਿਲਾਫ ਕੌਮ ਦੀਆਂ ਰਵਾਇਤਾਂ ਮੁਤਾਬਕ ਡੱਟੇ ਰਹਿਣ ਤੇ ਸਿੱਖ ਫਰਖ਼ ਨਾਲ ਉੱਚਾ ਰੱਖਣ ਦੇ ਸਿਰਸਾ ਨੇ ਸਿਰ ਨਿਵਾਉਣ ਦਾ ਫੈਸਲਾ ਕੀਤਾ। ਉਹਨਾਂ ਕਿਹਾ ਕਿ ਇਹ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਖਾਸ ਤੌਰ ’ਤੇ ਉਸ ਤੋਂ ਜਿਸਨੂੰ ਸਿੱਖ ਕੌਮ ਤੇ ਅਕਾਲੀ ਦਲ ਨੇ ਇੰਨਾ ਮਾਣ ਤੇ ਸਤਿਕਾਰ ਦਿੱਤਾ।

ਸਰਦਾਰ ਬਾਦਲ ਨੇ ਕਿਹਾ ਕਿ ਅਜਿਹੇ ਹੀ ਕੇਸ ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਜਥੇਦਾਰ ਹਰਮੀਤ ਸਿੰਘ ਕਾਲਕਾ ਤੇ ਦਿੱਲੀ ਕਮੇਟੀ ਦੇ 11 ਹੋਰ ਮੈਂਬਰਾਂ ’ਤੇ ਵੀ ਦਰਜ ਕੀਤੇ ਗਏ ਸਨ। ਉਹਨਾਂ ਕਿਹਾ ਕਿ ਮੈਨੁੰ ਮਾਣ ਹੈ ਕਿ ਉਹ ਸਾਰੇ ਖਾਲਸਾ ਪੰਥ ਦੀਆਂ ਰਵਾਇਤਾਂ ’ਤੇ ਖਰ੍ਹੇ ਉਤਰੇ ਤੇ ਉਹਨਾਂ ਨੇ ਦੁਸ਼ਮਣ ਨਾਲ ਸਮਝੌਤਾ ਕਰਨ ਦੀ ਥਾਂ ਦਮਨਕਾਰੀ ਦਾ ਮੁਕਾਬਲਾ ਕਰਨ ਦੀ ਚੋਣ ਕੀਤੀ। ਉਹ ਸਿੱਖ ਕੌਮ ਦੀਆਂ ਅੱਖਾਂ ਵਿਚ ਹੀਰੋ ਬਣ ਗਏ ਹਨ।

ਉਹਨਾਂ ਕਿਹਾ ਕਿ ਇਕ ਪਾਰਟੀ ਜਿਸ ’ਤੇ ਦਿੱਲੀ ਦੀ ਸਮੁੱਚੀ ਸਿੱਖ ਸੰਗਤ ਨੇ ਮਾਣ ਮਹਿਸੂਸ ਕਰਦਿਆਂ ਉਸਨੁੰ ਦਿੱਲੀ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਜਿੱਤ ਦੇ ਕੇ ਸਨਮਾਨ ਦਿੱਤਾ ਹੋਵੇ, ਉਸਦਾ ਪ੍ਰਧਾਨ ਹੋਣ ਦੇ ਨਾਅਤੇ ਮੈਨੁੰ ਇਹਨਾਂ ਬਹਾਦਰ ਜਰਨੈਲਾਂ ’ਤੇ ਮਾਣ ਹੈ।

ਸਰਦਾਰ ਬਾਦਲ ਨੇ ਕਿਹਾ ਕਿ ਸਿਰਸਾ ਦੇ ਅਕਾਲੀ ਦਲ ਛੱਡ ਦੇਣ ਨਾਲ ਪੰਜਾਬ ਵਿਚ ਭੋਰਾ ਵੀ ਫਰਕ ਨਹੀਂ ਪੈਣ ਵਾਲਾ ਕਿਉਂਕਿ ਉਸਦਾ ਪੰਜਾਬ ਵਿਚ ਕੋਈ ਆਧਾਰ ਨਹੀਂ ਹੇ। ਉਹਨਾਂ ਕਿਹਾ ਕਿ ਪੰਜਾਬ ਵਿਚ ਹਰ ਕੋਈ ਜਾਣਦਾ ਹੈ ਕਿ ਉਸਦੀਆਂ ਇਥੇ ਜੜ੍ਹਾ ਨਹੀਂ ਹਨ।

ਜਦੋਂ ਪੁੱਛਿਆ ਗਿਆ ਕਿ ਜੇਕਰ ਕੇਂਦਰ ਦੀ ਭਾਜਪਾ ਸਰਕਾਰ ਨੇ ਹੋਰ ਅਕਾਲੀ ਆਗੂਆਂ ਨੂੰ ਨਿਸ਼ਾਨਾ ਬਣਾਇਆ ਤਾਂ ਸਰਦਾਰ ਬਾਦਲ ਨੇ ਕਿਹਾ ਕਿ ਉਹ ਕੁਝ ਨਹੀਂ ਕਰ ਸਕਦੇ। ਉਹਨਾਂ ਕਿਹਾ ਕਿ ਅਸੀਂ ਖਾਲਸਾ ਪੰਥ ਦੇ ਦੁਸ਼ਮਣਾ ਨੂੰ ਚੁਣੌਤੀ ਦਿੰਦੇ ਹਾਂ ਕਿ ਉਹ ਹਰ ਹਰਬਾ ਵਰਤ ਕੇ ਵੇਖ ਲੈਣ। ਉਹਨਾਂ ਨੂੰ ਆਪ ਮਹਿਸੂਸ ਹੋ ਜਾਵੇਗਾ ਕਿ ਪੰਗਾ ਕਿਸ ਨਾਲ ਲਿਆ ਹੈ। ਉਹਨਾਂ ਕਿਹਾ ਕਿ ਅਸੀਂ ਚੁਣੌਤੀਆਂ ਤੇ ਦਬਾਅ ਵਿਚੋਂ ਜੇਤੂ ਹੋ ਕੇ ਨਿਤਰਾਂਗੇ।

ਇਸ ਤੋਂ ਪਹਿਲਾਂ ਕਰਤਾਰਪੁਰ ਹਲਕੇ ਤੋਂ ਅਕਾਲੀ ਦਲ ਤੇ ਬਸਪਾ ਗਠਜੋੜ ਦੇ ਉਮੀਦਵਾਰ ਐਡਵੋਕੇਟ ਬਲਵਿੰਦਰ ਕੁਮਾਰ ਦੇ ਹੱਕ ਵਿਚ ਪ੍ਰਚਾਰ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਮੋਟਰਸਾਈਕਲ ਸਵਾਰ ਸੈਂਕੜੇ ਨੌਜਵਾਨਾਂ ਜਿਹਨਾਂ ਨੇ ਕੇਸਰੀ ਤੇ ਨੀਲੇ ਝੰਡੇ ਫੜੇ ਹੋਏ ਸਨ, ਨੇ ਸਰਦਾਰ ਬਾਦਲ ਦੀ ਅਗਵਾਈ ਕੀਤੀ। ਸਰਦਾਰ ਸੁਖਬੀਰ ਸਿੰਘ ਬਾਦਲ ਨੇ ਡੇਰਾ ਸੱਚਖੰਡ ਬੱਲਾਂ, ਡੇਰਾ ਸੰਤ ਬਾਬਾ ਪ੍ਰੀਤਮ ਦਾਸ ਜੀ, ਗੁਰਦੁਆਰਾ ਸ਼ਹੀਦਾਂ, ਸਰਮਸਤਪੁਰ, ਗੁਰਦੁਆਰਾ ਸ੍ਰੀ ਗੰਗਸਰ ਸਾਹਿਬ ਦੇ ਦਰਸ਼ਨ ਕੀਤੇ ਤੇ ਗਊਸ਼ਾਲਾ ਵੀ ਗਏ। ਉਹਨਾਂ ਨੇ ਕਰਤਾਰਪੁਰ ਸ਼ਹਿਰ ਵਿਚ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ ’ਤੇ ਸ਼ਰਧਾ ਦੇ ਫੁੱਲ ਵੀ ਭੇਂਟ ਕੀਤੇ।

ਦਿਨ ਭਰ ਦੀਆਂ ਗਤੀਵਿਧੀਆਂ ਦੌਰਾਨ ਅਕਾਲੀ ਦਲ ਦੇ ਪ੍ਰਧਾਨ ਨੇ ਵੱਖ ਵੱਖ ਜਨਤਕ ਮੀਟਿੰਗਾਂ ਨੁੰ ਸੰਬੋਧਨ ਕੀਤਾ ਤੇ ਦੋਆਬਾ ਖੇਤਰ ਦੀ ਪਾਰਟੀ ਦੀ ਲੀਡਰਸ਼ਿਪ ਦੀ ਮੀਟਿੰਗ ਵੀ ਕੀਤੀ ਜਿਸ ਵਿਚ ਉਹਨਾਂ ਨੇ ਸਭ ਨੁੰ ਪਾਰਟੀ ਲਈ ਮਿਹਨਤ ਕਰਨ ਦਾ ਸੱਦਾ ਦਿੱਤਾ ਤੇ ਮੋਗਾ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਸ਼ਤਾਬਦੀ ਸਮਾਗਮਾਂ ਦੀਆਂ ਯੋਜਨਾਵਾਂ ਵੀ ਸਾਂਝੀਆਂ ਕੀਤੀਆਂ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਵਿਧਾਇਕ ਪਵਨ ਟੀਨੂੰ, ਸਾਬਕਾ ਵਿਧਾਇਕ ਜਗਬੀਰ ਬਰਾੜ ਤੇ ਦਲਬੀਰ ਸਿੰਘ ਮਾਹਲ ਵੀ ਉਹਨਾਂ ਦੇ ਨਾਲ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION