35.1 C
Delhi
Thursday, April 25, 2024
spot_img
spot_img

ਸ਼੍ਰੋਮਣੀ ਅਕਾਲੀ ਦਲ ਦੀ ਹੱਤਕ ਅਤੇ ਹੱਤਿਆ ਕਰਨ ਦਾ ਕਿਸੇ ਨੂੰ ਹੱਕ ਨਹੀਂ : ਪੰਥਕ ਤਾਲਮੇਲ ਸੰਗਠਨ

ਅਮ੍ਰਿਤਸਰ, 13 ਦਸੰਬਰ, 2019:

ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਸਿੱਖ ਸੰਸਥਾਵਾਂ ਅਤੇ ਵਿਦਵਾਨਾਂ ਦੇ ਸਾਂਝੇ ਮੰਚ ਪੰਥਕ ਤਾਲਮੇਲ ਸੰਗਠਨ ਦੇ ਕਨਵੀਨਰ ਗਿਆਨੀ ਕੇਵਲ ਸਿੰਘ ਸਾਬਕਾ ਜਥੇਦਾਰ ਤਖਤ ਸ੍ਰੀ ਦਮਦਮਾ ਸਾਹਿਬ ਅਤੇ ਕੋਰ ਕਮੇਟੀ ਮੈਂਬਰ ਜਸਵਿੰਦਰ ਸਿੰਘ ਐਡਵੋਕੇਟ ਨੇ ਕਿਹਾ ਕਿ 20ਵੀਂ ਸਦੀ ਦੇ ਪਹਿਲੇ ਦਹਾਕੇ ਦੀ ਮਹੱਤਵਪੂਰਨ ਲਹਿਰ ਗੁਰਦੁਆਰਾ ਸੁਧਾਰ ਲਹਿਰ ਜਾਂ ਅਕਾਲੀ ਲਹਿਰ ਸੀ।

ਇਸੇ ਲਹਿਰ ਦੀ ਬਦੌਲਤ ਗੁਰਧਾਮਾਂ ਦੀ ਵਿਗੜ ਚੁੱਕੀ ਮਰਿਆਦਾ ਨੂੰ ਮੁੜ ਬਹਾਲ ਕੀਤਾ ਅਤੇ ਨਵੰਬਰ 1920 ਵਿਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿਚ ਆਈ। 12 ਦਸੰਬਰ 1920 ਈ: ਨੂੰ ਇਸ ਦੀ ਇਕੱਤਰਤਾ ਵਿਚ ਧਾਰਮਿਕ ਤੇ ਹੋਰ ਕਾਰਜਾਂ ਲਈ ਇਕ ਪੰਥਕ ਕਮੇਟੀ ਬਣਾਉਣ ਦਾ ਵਿਚਾਰ ਕੀਤਾ ਗਿਆ।

ਨਤੀਜੇ ਵਜੋਂ 14 ਦਸੰਬਰ 1920 ਈ: ਨੂੰ ਅਕਾਲੀ ਦਲ ਹੋਂਦ ਵਿਚ ਆਇਆ। ਜਿਸ ਨੇ ਖਾਲਸਾ ਪੰਥ ਦੇ ਸਿਆਸੀ ਮਾਮਲਿਆਂ ਦੀ ਸੇਵਾ ਲਈ ਆਪਣੇ ਆਪ ਨੂੰ ਸਰਗਰਮ ਕੀਤਾ। ਦੇਸ਼ ਦੀ ਆਜ਼ਾਦੀ ਤੋਂ ਬਾਅਦ ਅਕਾਲੀ ਦਲ ਇਕ ਰਾਜਸੀ ਪਾਰਟੀ ਦਾ ਰੂਪ ਧਾਰਨ ਕਰ ਗਿਆ। ਜਿਸ ਦਾ ਉਦੇਸ਼ ਸੀ, ਸਿੱਖਾਂ ਦੇ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਹੱਕਾਂ ਦੀ ਰਾਖੀ ਕਰਨਾ।

ਸ਼੍ਰੋਮਣੀ ਅਕਾਲੀ ਦਲ ਦਾ 100 ਸਾਲਾ ਸਥਾਪਨਾ ਦਿਵਸ ਬਰੂਹਾਂ’ਤੇ ਖੜ੍ਹਾ ਹੈ।ਇਹ ਸਿੱਖਾਂ ਦੀ ਇਕੋ ਇਕ ਸਿਆਸੀ ਮਰਜੀ ਸੀ, ਜੋ ਕਿ ਹੁਣ ਇਕ ਪਰਿਵਾਰ ਦੀ ਕੁਰਸੀ ਦੀ ਲਾਲਸਾ ਬਣ ਗਈ ਹੈ।

ਅੱਜ ਸ਼੍ਰੋਮਣੀ ਅਕਾਲੀ ਦਲ ਦੇ 99 ਸਾਲਾ ਮੌਕੇ ਕੌਮ ਭਾਰੀ ਸਦਮੇ ਵਿਚ ਹੈ ਕਿ ਕੌਮ ਦਾ ਮਾਣ-ਮੱਤਾ ਅਕਾਲੀ ਦਲ ਕੋਹ-ਕੋਹ ਕੇ ਮਾਰਿਆ ਜਾ ਰਿਹਾ ਹੈ। ਇਸ ਵਿਚ ਭਰਤੀ ਦੀ ਬਹੁ-ਗਿਣਤੀ ਖੰਡੇ ਦੀ ਪਾਹੁਲ ਤੋਂ ਵਿਹੂਣੇ ਅਤੇ ਪਤਿਤ ਲੋਕਾਂ ਦੀ ਹੈ। ਇਸ ਅਕਾਲੀ ਦਲ ਰਾਜਸੀ ਪਾਰਟੀ ਨੂੰ ਕੌਮ ਨੇ ਕਿਤੇ ਵੀ ਇਹ ਅਧਿਕਾਰ ਨਹੀਂ ਸੀ ਦਿੱਤਾ ਕਿ ਕਿ ਇਹ ਪੰਥਕ ਏਜੰਡੇ ਨੂੰ ਤਲਾਕ ਦੇ ਕੇ ਵਿਕਾਸ ਦੇ ਏਜੰਡੇ ਨੂੰ ਅਪਣਾਅ ਲਵੇ।

ਸ਼੍ਰੋਮਣੀ ਅਕਾਲੀ ਦਲ ਦੀ ਪੰਜ ਦਹਾਕਿਆਂ ਦੀ ਰਾਜਨੀਤੀ ਦੇਸ਼ ਦੇ ਫੈਡਰਲ ਢਾਂਚੇ ਦੀ ਮੰਗ ਦੀ ਬੁਨਿਆਦ’ਤੇ ਖੜੀ ਸੀ। 1973 ਈ: ਦਾ ਅਨੰਦਪੁਰ ਦਾ ਮਤਾ ਇਸ ਗੱਲ ਦੀ ਗਵਾਹੀ ਭਰਦਾ ਹੈ, ਜਿਸ ਕਰਕੇ ਧਰਮ ਯੁੱਧ ਮੋਰਚਾ ਲੱਗਾ ਅਤੇ ਜਵਾਨੀ ਦਾ ਘਾਣ ਹੋਇਆ।

ਪੰਜਾਬ ਦੀ ਆਰਥਿਕਤਾ ਨੂੰ ਖੋਰਾ ਲੱਗਾ ਅਤੇ ਕੀ ਕਿਸਾਨ ਤੇ ਕੀ ਮਜ਼ਦੂਰ ਪਲ਼ ਪਲ਼ ਮਰ ਰਿਹਾ ਹੈ। ਵਿਦਿਆਰਥੀ ਦੇਸ਼ ਛੱਡ ਰਿਹਾ ਹੈ ਜਾਂ ਨਸ਼ਿਆਂ ਦੀ ਭੇਟ ਚੜ੍ਹ ਰਿਹਾ ਹੈ। 1984 ਵਿਚ ਸ੍ਰੀ ਦਰਬਾਰ ਸਾਹਿਬ ਅਤੇ ਹੋਰ ਗੁਰਦੁਆਰਿਆਂ’ਤੇ ਹਮਲਾ ਹੋਇਆ। ਸੰਨ 2014 ਤੱਕ ਸ: ਪ੍ਰਕਾਸ਼ ਸਿੰਘ ਬਾਦਲ ਸੰਘੀ ਢਾਂਚੇ ਦੀ ਵਕਾਲਤ ਕਰਦੇ ਰਹੇ। ਪਰ ਕਸ਼ਮੀਰ ਵਿਚ ਧਾਰਾ 370 ਦੇ ਹਟਾਉਣ ਦੇ ਮਾਮਲੇ ਵਿਚ ਇਕ ਪਰਿਵਾਰ ਦੀ ਕੁਰਸੀ ਦੀ ਲਾਲਸਾ ਪਿੱਛੇ ਬੁਨਿਆਦੀ ਮੰਗ ਛੱਡ ਗਏ।

ਇਸ ਮੰਗ ਬਦਲੇ ਮੋਰਚਾ ਜਾਂ ਧਰਨਾ ਤਾਂ ਸੁਪਨੇ ਵਿਚ ਵੀ ਨਾ ਰਿਹਾ। ਗੁਰੂ ਤੇਗ ਬਹਾਦਰ ਸਾਹਿਬ ਵਲੋਂ ਦਿੱਤੀ ਸ਼ਹੀਦੀ ਦੇ ਸਿਧਾਂਤ ਨੂੰ ਪਿੱਠ ਵਿਖਾਈ ਹੈ। ਗੁਰਦੁਆਰਾ ਡਾਂਗਮਾਰ ਸਾਹਿਬ, ਗੁਰਦੁਆਰਾ ਹਰਿ ਕੀ ਪੌੜੀ ਹਰਿਦੁਆਰ, ਗੁਰਦੁਆਰਾ ਮੰਗੂ ਮੱਠ ਉੜੀਸਾ, ਗੁਰਦੁਆਰਾ ਹਰੀਦਾਸ ਜੀ ਗਵਾਲੀਅਰ ਨੂੰ ਜਬਰਨ ਢਾਹੁਣ ਜਾਂ ਕਬਜਾ ਕਰਨ ਦੇ ਵਿਰੁੱਧ ਆਵਾਜ਼ ਨਾ ਉਠਾ ਕੇ ਅਕਾਲੀ ਦਲ ਦੇ ਮਕਸਦ ਗੁਰਦੁਆਰਾ ਸੇਵਾ ਸੰਭਾਲ ਨੂੰ ਵਿਸਾਰ ਛੱਡਿਆ ਹੈ।

ਦੇਸ਼ ਅੰਦਰ ਨਾਗਰਿਕਤਾ ਬਿਲ’ਤੇ ਚੱਲ ਰਹੀ ਕਸ਼ਮਕੱਸ਼ ਵਿਚ ਵੀ ਅਕਾਲੀ ਦਲ ਨੇ ਮਜ਼ਲੂਮਾਂ ਨਾਲ ਖੜ੍ਹੇ ਹੋਣ ਦੀ ਵਿਰਾਸਤ ਨੂੰ ਭੁੱਲਦਿਆਂ ਮੁਸਲਮਾਨਾਂ ਤੇ ਲੋਕਾਂ ਆਵਾਜ਼ ਬਣਨ ਦੀ ਥਾਂ ਇਕ ਧਿਰ ਦਾ ਸਾਥ ਦਿੱਤਾ ਹੈ। ਨੋਟ ਤੇ ਵੋਟ ਬਟੋਰਨ ਦੀ ਖਾਤਰ ਡੇਰਾ ਝੂਠਾ ਸੌਦਾ ਦੇ ਸਾਧ ਨੂੰ ਮੁਆਫੀ ਦੁਆ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਰਵਉੱਚਤਾ ਨੂੰ ਤੇ ਪੰਥਕ ਸੰਸਥਾਵਾਂ ਨੂੰ ਦਾਅ’ਤੇ ਲਾ ਦਿੱਤਾ।

ਪੰਥ ਤੋਂ ਮੂੰਹ ਭੁਆਉਣ ਦੀ ਇੰਤਹਾ ਹੋਈ ਕਿ ਸੰਨ 2015 ਵਿਚ ਅਕਾਲੀ ਦਲ ਦੇ ਰਾਜ-ਭਾਗ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰ ਦੇਣ ਦੀ ਚੁਣੌਤੀ ਦਿੱਤੀ ਜਾਵੇ ਤਾਂ ਅਕਾਲੀ ਸਰਕਾਰ ਕੋਈ ਕਾਰਵਾਈ ਨਾ ਕਰੇ? ਫਿਰ ਬੇਅਦਬੀ ਹੋ ਜਾਵੇ ਤਾਂ ਦੋਸ਼ੀਆਂ ਨੂੰ ਫੜਨ ਦੀ ਥਾਂ ਪੰੰਥ’ਤੇ ਅੱਤਿਆਚਾਰ ਕੀਤਾ ਜਾਵੇ, ਨਿਰਦੋਸ਼ ਸਿੱਖਾਂ ਨੂੰ ਸ਼ਹੀਦ ਕੀਤਾ ਜਾਵੇ ਅਤੇ ਨਕਾਰਾ ਕਰ ਦਿੱਤਾ ਜਾਵੇ।

ਏਥੋਂ ਤੱਕ ਕਿ ਆਪਣੇ ਬਣਾਏ ਜੋਰਾ ਸਿੰਘ ਕਮਿਸ਼ਨ ਦੀ ਰਿਪੋਰਟ ਵੱਲ ਝਾਕਿਆ ਵੀ ਨਾ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਜਾਂਚ ਕਮਿਸ਼ਨਾਂ ਨੂੰ ਕੋਈ ਵੀ ਸਾਥ ਦੇਣ ਤੋਂ ਕੋਰੀ ਨਾਂਹ ਕਰਕੇ ਗੁਰੂ ਗ੍ਰੰਥ ਤੇ ਪੰਥ ਦਾ ਅਪਮਾਨ ਕੀਤਾ ਗਿਆ।

ਅਕਾਲੀ ਦਲ ਦੇ ਸਿਧਾਂਤ ਨੂੰ ਛੱਡ ਜਾਣ ਦੇ ਲੱਛਣ ਉਦੋਂ ਹੀ ਸਾਹਮਣੇ ਆ ਗਏ ਸਨ ਜਦੋਂ ਪੰਜਾਬੀ ਪਾਰਟੀ ਹੋਣ ਦਾ ਐਲਾਨ ਕਰਕੇ ਅਕਾਲੀ ਦਲ ਨੂੰ ਅਲਵਿਦਾ ਕਹਿ ਦਿੱਤਾ ਸੀ। ਸਪੱਸ਼ਟ ਹੈ ਕਿ ਇਹ ਅਕਾਲੀ ਦਲ ਨਹੀਂ ਰਿਹਾ ਹੈ ਬਲਕਿ ਅਕਾਲੀ ਦਲ ਨੂੰ ਮਾਰ ਦੇਣ ਵਾਲਾ ਜ਼ਹਿਰੀਲਾ ਵਿਸ਼ਾਣੂ ਹੈ।

ਪੰਥਕ ਤਾਲਮੇਲ ਸੰਗਠਨ ਇਸ ਭਾਰੀ ਪੀੜਾ ਨੂੰ ਮਹਿਸੂਸ ਕਰਦਿਆਂ ਕੌਮ ਅੱਗੇ ਵਾਸਤਾ ਪਾਉਂਦਾ ਹੈ ਕਿ ਇਸ ਇਤਿਹਾਸਕ ਮੌਕੇ ਗੁਰੂ ਗ੍ਰੰਥ ਤੇ ਗੁਰੂ ਪੰਥ ਦੇ ਸਤਿਕਾਰ ਹਿਤ ਅਕਾਲੀ ਦਲ ਦੀ ਰੂਹ ਤੇ ਸਰੂਪ ਨੂੰ ਬਚਾਉਣ ਲਈ ਬੇਬਾਕ ਭੂਮਿਕਾ ਲਈ ਅੱਗੇ ਆਈਏ।

ਕੌਮ ਦਾ ਫਰਜ ਬਣਦਾ ਹੈ ਕਿ ਅਕਾਲੀ ਦਲ ਦੀ ਹੱਤਕ ਤੇ ਹੱਤਿਆ ਕਰਨ ਦਾ ਕਿਸੇ ਨੂੰ ਅਧਿਕਾਰ ਨਾ ਦੇਵੇ ਅਤੇ ਕੌਮ ਉਸ ਸਰਬੰਸਦਾਨੀ ਗੁਰੂ ਨੂੰ ਜਵਾਬਦੇਹ ਹੋਵੇ ਜਿਸ ਨੇ ਕੌਮ ਦੇ ਉੱਪਰੋਂ ਦੀ ਆਪਣਾ ਪਰਿਵਾਰ ਨਿਸ਼ਾਵਰ ਕੀਤਾ ਹੋਇਆ ਹੈ। ਇਸ ਮੌਕੇ ਕਿਸੇ ਪਰਿਵਾਰ ਜਾਂ ਖਾਨਦਾਨ ਨੂੰ ਕੌਮ ਦੀ ਹੋਣੀ ਦਾ ਮਾਲਕ ਮੰਨਣਾ ਆਤਮ-ਹੱਤਿਆ ਹੈ।

ਅੱਜ ਅਕਾਲੀ ਦਲ ਦੇ 99ਸਾਲਾ ਮੌਕੇ ਬਹੁਤ ਸਾਰੇ ਕੱਦਾਵਰ ਨੇਤਾ ਜੋ ਕਦੇ ਕਾਬਜ ਸ਼੍ਰੋਮਣੀ ਅਕਾਲੀ ਦਲ ਦਾ ਹਿੱਸਾ ਰਹੇ ਹਨ ਸ਼ਾਇਦ ਪੀੜਾ ਨੂੰ ਮਹਿਸੂਸ ਕਰਦਿਆਂ ਪਰਿਵਾਰਿਕ ਜੁੰਡਲੀ ਨੂੰ ਤਿਆਗ ਆਏ ਹਨ। ਬਿਨਾਂ ਸ਼ੱਕ ਦੇਰ ਆਏ ਹਨ ਪਰ ਦਰੁਸਤ ਹਨ।

ਇਹ ਰਾਹ ਅਪਨਾਉਣ ਵਾਲੇ ਮੁਬਾਰਕ ਦੇ ਹੱਕਦਾਰ ਹਨ। ਪਰ ਇਹਨਾਂ ਦੇ ਜ਼ਿੰਮੇ ਹੈ ਕਿ ਪੰਥ ਨੂੰ ਵਿਸ਼ਵਾਸ਼ ਦਿਵਾਉਣਗੇ ਕਿ ਜਿਸ ਮੂਲ ਮਕਸਦ ਨਾਲ ਅਕਾਲੀ ਦਲ ਹੋਂਦ ਵਿਚ ਆਇਆ ਸੀ ਉਸ ਦੀ ਡਟ ਕੇ ਪਹਿਰੇਦਾਰੀ ਕਰਨਗੇ। ਸਿੱਖਾਂ ਦੀਆਂ ਮੂਲ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਲਈ ਆਪਣਾ ਆਪ ਸਮਰਪਨ ਕਰਨਗੇ।

ਪੰਥਕ ਤਾਲਮੇਲ ਸੰਗਠਨ ਦਾ ਯਤਨ ਹੋਵੇਗਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਭੂਤਕਾਲ, ਵਰਤਮਾਨ ਅਤੇ ਭਵਿੱਖ ਦੇ ਸੰਦਰਭ ਵਿਚ “ਪੰਥਕ ਅਸੈਂਬਲੀ” ਬੁਲਾ ਕੇ ਨਿਤਾਰੇ ਕੀਤੇ ਜਾਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION