23.1 C
Delhi
Wednesday, April 24, 2024
spot_img
spot_img

ਸਹਾਰਨਪੁਰ ਦੇ ਸਿੱਖ ਮੁਸਲਿਮ ਝਗੜੇ ਦਾ ਸੁਖ਼ਾਵਾਂ ਹੱਲ: ਸੁਖ਼ਬੀਰ ਬਾਦਲ ਨੇ ਮਸਜਿਦ ਕਮੇਟੀ ਨੂੰ ਸਨਮਾਨਿਤ ਕੀਤਾ

ਚੰਡੀਗੜ੍ਹ, 03 ਮਾਰਚ, 2020 –

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਅੱਜ ਸਹਾਰਨਪੁਰ ਮਸਜਿਦ ਕਮੇਟੀ ਨੂੰ ਸਨਮਾਨਿਤ ਕੀਤਾ, ਜਿਸ ਨੇ ਉੱਤਰੀ-ਪੂਰਬੀ ਦਿੱਲੀ ਵਿਚ ਫਿਰਕੂ ਹਿੰਸਾ ਦੌਰਾਨ ਸਿੱਖਾਂ ਵੱਲੋਂ ਮੁਸਲਿਮ ਭਾਈਚਾਰੇ ਦੀ ਕੀਤੀ ਮੱਦਦ ਲਈ ਸ਼ੁਕਰਾਨਾ ਕਰਦਿਆਂ ਇੱਕ ਮਸਜਿਦ ਦੇ ਨਿਰਮਾਣ ਲਈ ਸਿੱਖਾਂ ਨਾਲ ਝਗੜੇ ਵਾਲੀ ਇੱਕ ਬਦਲਵੀਂ ਜ਼ਮੀਨ ਦੇ ਟੁਕੜੇ ਉੱਤੋਂ ਆਪਣਾ ਦਾਅਵਾ ਛੱਡ ਦਿੱਤਾ ਹੈ।

ਸਹਾਰਨਪੁਰ ਦੇ ਸਿੱਖਾਂ ਅਤੇ ਮੁਸਲਮਾਨਾਂ ਵਿਚ 10 ਸਾਲ ਪੁਰਾਣਾ ਇਹ ਝਗੜਾ ਉਸ ਸਮੇਂ ਸ਼ੁਰੂ ਹੋਇਆ ਸੀ ਜਦੋਂ ਸ਼ਹਿਰ ਦੀ ਗੁਰਦੁਆਰਾ ਕਮੇਟੀ ਨੇ ਗੁਰਦੁਆਰਾ ਕੰਪਲੈਕਸ ਨੂੰ ਵੱਡਾ ਕਰਨ ਲਈ ਜ਼ਮੀਨ ਦਾ ਇੱਕ ਟੁਕੜਾ ਖਰੀਦਿਆ ਸੀ।

ਦੋਵੇਂ ਭਾਈਚਾਰਿਆਂ ਵਿਚ ਹੋਈ ਹਿੰਸਾ ਮਗਰੋਂ ਇਹ ਝਗੜਾ ਸੁਪਰੀਮ ਕੋਰਟ ਵਿਚ ਪੁੱਜ ਗਿਆ ਸੀ, ਜਿੱਥੇ ਗੁਰਦੁਆਰਾ ਮੈਨੇਜਮੈਂਟ ਵੱਲੋਂ ਇੱਕ ਬਦਲਵੀਂ ਜ਼ਮੀਨ ਦੀ ਪੇਸ਼ਕਸ਼ ਦਿੱਤੇ ਜਾਣ ਮਗਰੋਂ ਮੁਸਲਿਮ ਭਾਈਚਾਰੇ ਨੇ ਆਪਣਾ ਦਾਅਵਾ ਛੱਡ ਦਿੱਤਾ ਸੀ। ਇਸ ਤੋਂ ਬਾਅਦ ਗੁਰਦੁਆਰਾ ਮੈਨੇਜਮੈਂਟ ਵੱਲੋਂ ਜ਼ਮੀਨ ਖਰੀਦਣ ਅਤੇ ਇਸ ਦੀ ਰਜਿਸਟਰੀ ਕਰਵਾਉਣ ਲਈ 60 ਲੱਖ ਰੁਪਏ ਖਰਚੇ ਗਏ ਸਨ।

ਇਸ ਸਮਝੌਤੇ ਬਾਰੇ ਜਾਣਕਾਰੀ ਦਿੰਦਿਆਂ ਉੱਤਰ ਪ੍ਰਦੇਸ਼ ਅਕਾਲੀ ਦਲ ਦੇ ਇੰਚਾਰਜ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਉਹ ਇਸ ਸੰਬੰਧੀ ਪਿਛਲੇ ਇੱਕ ਸਾਲ ਤੋਂ ਮੀਟਿੰਗਾਂ ਕਰਦੇ ਆ ਰਹੇ ਸਨ ਅਤੇ ਇਸ 10 ਸਾਲ ਪੁਰਾਣੇ ਝਗੜੇ ਦਾ ਸ਼ਾਂਤਮਈ ਹੱਲ ਦੋਵੇਂ ਭਾਈਚਾਰਿਆਂ ਵਿਚਕਾਰ ਸਮਝੌਤੇ ਦੀ ਇਤਿਹਾਸਕ ਮਿਸਾਲ ਹੈ।

ਉਹਨਾਂ ਕਿਹਾ ਕਿ ਮਸਜਿਦ ਕਮੇਟੀ ਦੀ ਪ੍ਰਤੀਨਿਧਤਾ ਕਰਨ ਵਾਲੇ ਮੁਹੱਰਮ ਅਲੀ ਪੱਪੂ ਨੇ ਅੱਜ 60 ਲੱਖ ਦਾ ਚੈਕ ਵੀ ਵਾਪਸ ਕਰ ਦਿੱਤਾ ਹੈ ਅਤੇ ਵਚਨ ਦਿੱਤਾ ਹੈ ਕਿ ਸਹਾਰਨਪੁਰ ਦਾ ਮੁਸਲਿਮ ਭਾਈਚਾਰਾ ਨਵੇਂ ਗੁਰਦੁਆਰਾ ਕੰਪਲੈਕਸ ਦੀ ਉਸਾਰੀ ਵਾਸਤੇ ਕਾਰ ਸੇਵਾ ਕਰੇਗਾ।

ਇਸ ਮੌਕੇ ਅਕਾਲੀ ਦਲ ਪ੍ਰਧਾਨ ਵੱਲੋਂ ਮੁਹੱਰਮ ਅਲੀ ਪੱਪੂ ਅਤੇ ਅਕਾਲੀ ਆਗੂ ਗੁਰਪ੍ਰੀਤ ਸਿੰਘ ਬੱਗਾ ਦਾ ਸਨਮਾਨ ਕੀਤਾ ਗਿਆ। ਅਕਾਲੀ ਦਲ ਦੇ ਦਫਤਰ ਵਿਚ ਹੋਏ ਪ੍ਰੋਗਰਾਮ ਵਿਚ ਸ਼ਾਮਿਲ ਹੋਣ ਵਾਲੇ ਮੁਸਲਿਮ ਵਫ਼ਦ ਨੇ ਇਸ ਮੌਕੇ ਧੰਨਵਾਦ ਵਜੋਂ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਵੀ ਸਨਮਾਨਿਤ ਕੀਤਾ।

ਮੁਹੱਰਮ ਅਲੀ ਅਤੇ ਬਾਕੀ ਮੁਸਲਿਮ ਮੈਂਬਰਾਂ ਨੇ ਕਿਹਾ ਕਿ ਜਦੋਂ ਉਹਨਾਂ ਨੂੰ ਡੀਐਸਜੀਐਮਸੀ ਅਤੇ ਅਕਾਲੀ ਦਲ ਦੀ ਦਿੱਲੀ ਇਕਾਈ ਵੱਲੋ ਦਿੱਲੀ ਹਿੰਸਾ ਦੌਰਾਨ ਲੰਗਰ ਲਗਾ ਕੇ ਅਤੇ ਦਵਾਈਆਂ ਵੰਡ ਕੇ ਪ੍ਰਭਾਵਿਤ ਵਿਅਕਤੀਆਂ ਦੀ ਕੀਤੀ ਮੱਦਦ ਬਾਰੇ ਪਤਾ ਲੱਗਿਆ ਤਾਂ ਉਹਨਾਂ ਤੁਰੰਤ ਸਿੱਖ ਭਰਾਵਾਂ ਨਾਲ ਇਹ ਝਗੜਾ ਨਿਪਟਾਉਣ ਦਾ ਇਰਾਦਾ ਬਣਾ ਲਿਆ।

ਇਸ ਮੌਕੇ ਉੱਤੇ ਬੋਲਦਿਆਂ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਸਿੱਖਾਂ ਅਤੇ ਮੁਸਲਿਮਾਂ ਵਿਚਕਾਰ ਬਿਨਾਂ ਸ਼ਰਤ ਤੋਂ ਹੋਏ ਇਸ ਸਮਝੌਤੇ ਨੇ ਇੱਕ ਮਿਸਾਲ ਕਾਇਮ ਕਰ ਦਿੱਤੀ ਹੈ ਕਿ ਕਿਸ ਤਰ੍ਹਾਂ ਦੋ ਭਾਈਚਾਰਿਆਂ ਦੇ ਵਖਰੇਵਿਆਂ ਨੂੰ ਸਹਿਯੋਗ ਅਤੇ ਆਪਸੀ ਪਿਆਰ ਨਾਲ ਮਿਟਾਇਆ ਜਾ ਸਕਦਾ ਹੈ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਂਸਦ ਬਲਵਿੰਦਰ ਸਿੰਘ ਭੂੰਦੜ, ਡੀਐਸਜੀਐਮਸੀ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ, ਅਕਾਲੀ ਦਲ ਦੀ ਦਿੱਲੀ ਇਕਾਈ ਦੇ ਪ੍ਰਧਾਨ ਹਰਮੀਤ ਸਿੰਘ ਕਾਲਕਾ ਅਤੇ ਡੀਐਸਜੀਐਮਸੀ ਮੈਂਬਰ ਮਹਿੰਦਰਪਾਲ ਸਿੰਘ ਅਤੇ ਜਤਿੰਦਰ ਸਾਹਨੀ ਵੀ ਹਾਜਿ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION