29 C
Delhi
Thursday, April 18, 2024
spot_img
spot_img

ਸਮੁੱਚੀ ਮਨੁੱਖਤਾ ਦੇ ਮਾਰਗ ਦਰਸ਼ਕ : ਸ੍ਰੀ ਗੁਰੂ ਨਾਨਕ ਦੇਵ ਜੀ – ਬੀਬੀ ਜਗੀਰ ਕੌਰ (ਪ੍ਰਕਾਸ਼ ਪੁਰਬ ਲਈ ਵਿਸ਼ੇਸ਼)

ਅੱਜ ਤੋਂ ਸਾਢੇ ਪੰਜ ਸਦੀਆਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਪਾਵਨ ਧਰਤੀ ’ਤੇ ਹੋਇਆ। ਉਸ ਸਮੇਂ ਇਹ ਨਗਰ ਰਾਇ ਭੋਇ ਦੀ ਤਲਵੰਡੀ ਵਜੋਂ ਜਾਣਿਆ ਜਾਂਦਾ ਸੀ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਮਗਰੋਂ ਹੀ ਇਸ ਨਗਰ ਨੂੰ ਸ੍ਰੀ ਨਨਕਾਣਾ ਸਾਹਿਬ ਹੋਣ ਦਾ ਸੁਭਾਗ ਪ੍ਰਾਪਤ ਹੋਇਆ। ਕੂੜ-ਕੁਸੱਤ ਦੇ ਭਾਰ ਨਾਲ ਡਿੱਗਦੀ, ਡੋਲਦੀ, ਅਗਿਆਨਤਾ ਦੇ ਹਨੇਰੇ ਵਿਚ ਭਟਕਦੀ ਲੋਕਾਈ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਆਗਮਨ ਨਾਲ ਇਕ ਅਗੰਮੀ ਸੁੱਖ-ਚੈਨ ਨਸੀਬ ਹੋਇਆ।

ਸ੍ਰੀ ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਸਮੁੱਚੀ ਮਾਨਵਤਾ ਨੂੰ ਜੋੜਨ ਵਾਲੀ ਹੈ। ਆਪ ਜੀ ਨੇ ਪਹਿਲੀ ਵਾਰ ਮਨੁੱਖੀ ਬਰਾਬਰੀ, ਸਾਂਝੀਵਾਲਤਾ ਅਤੇ ਸੁਤੰਤਰਤਾ ਵਾਲੀ ਕ੍ਰਾਂਤੀਕਾਰੀ ਵਿਚਾਰਧਾਰਾ ਦੇ ਕੇ ਸੰਸਾਰ ਦਾ ਮਾਰਗ ਦਰਸ਼ਨ ਕੀਤਾ। ਗੁਰੂ ਸਾਹਿਬ ਦੀ ਵਿਚਾਰਧਾਰਾ ਨੇ ਮਨੁੱਖ ਨੂੰ ਧਾਰਮਿਕ ਪੱਖ ਤੋਂ ਸਚਿਆਰ, ਸਮਾਜਿਕ ਪੱਖ ਤੋਂ ਬਰਾਬਰ ਤੇ ਆਰਥਿਕ ਪੱਖ ਤੋਂ ਆਪਣੀ ਸੱਚੀ-ਸੁੱਚੀ ਕਿਰਤ ਰਾਹੀਂ ਸੰਤੁਸ਼ਟ ਰਹਿਣਾ ਸਿਖਾਇਆ। ਉਨ੍ਹਾਂ ਦੀ ਇਹ ਵਿਚਾਰਧਾਰਾ ਅੱਜ ਵੀ ਨਵੀਂ-ਨਰੋਈ ਹੈ।

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਇਕ ਕਰਤਾ ਪੁਰਖ ਨਾਲ ਮਾਨਵਤਾ ਨੂੰ ਜੋੜਨ ਲਈ ਸਰਲ ਜੀਵਨ ਮਾਰਗ ਦਿਖਾਇਆ। ਉਨ੍ਹਾਂ ਨੇ ਧਾਰਮਿਕ ਖੇਤਰ ਅੰਦਰ ਫੈਲੀਆਂ ਕੁਰੀਤੀਆਂ ਦਾ ਖੰਡਨ ਕੀਤਾ ਅਤੇ ਪਰਮਾਤਮਾ ਦੀ ਪ੍ਰਾਪਤੀ ਲਈ ਜੋ ਦਿਸ਼ਾ ਨਿਰਧਾਰਤ ਕੀਤੀ, ਉਹ ਸਮਾਜ ਦੇ ਹਰ ਵਰਗ ਨੂੰ ਜੋੜਨ ਵਾਲੀ ਹੈ। ਗੁਰੂ ਸਾਹਿਬ ਜੀ ਨੇ ਮੂਲ-ਮੰਤਰ ਵਿਚ ਪਰਮਾਤਮਾ ਦੇ ਸਰੂਪ ਦੀ ਵਿਆਖਿਆ ਕੀਤੀ ਅਤੇ ਉਸ ਦੀ ਪ੍ਰਾਪਤੀ ਦਾ ਮਾਰਗ ਵੀ ਦੱਸਿਆ।

ਜਪੁਜੀ ਸਾਹਿਬ ਵਿਚ ਗੁਰੂ ਸਾਹਿਬ ਨੇ ਸਚਿਆਰ ਮਨੁੱਖ ਦੀ ਅਵਸਥਾ ਬਿਆਨ ਕਰਦਿਆਂ ਸਪੱਸ਼ਟ ਕੀਤਾ ਹੈ ਕਿ ਨਾਮ ਸਿਮਰਨ ਦੁਆਰਾ ਮਨ ਤੋਂ ਵਿਕਾਰਾਂ ਦੀ ਮੈਲ ਲੱਥ ਜਾਂਦੀ ਹੈ ਅਤੇ ਮਨ ਜਾਗਰਤ ਹੋ ਜਾਂਦਾ ਹੈ। ਜਿਹੜੇ ਮਨੁੱਖ ਪਰਮਾਤਮਾ ਦੀ ਯਾਦ ਵਿਚ ਆਪਣੇ ਮਨ ਨੂੰ ਟਿਕਾਈ ਰੱਖਦੇ ਹਨ, ਉਹ ਉਸੇ ਵਿਚ ਅਭੇਦ ਹੋ ਜਾਂਦੇ ਹਨ ਅਤੇ ਨਾਮ ਮਾਰਗ ਉੱਪਰ ਚੱਲ ਕੇ ਸਰਬੱਤ ਦੇ ਭਲੇ ਵਾਲਾ ਜੀਵਨ ਬਤੀਤ ਕਰਦੇ ਹਨ। ਗੁਰੂ ਸਾਹਿਬ ਫ਼ੁਰਮਾਉਂਦੇ ਹਨ:

ਜਿਨੀ ਨਾਮੁ ਧਿਆਇਆ ਗਏ ਮਸਕਤਿ ਘਾਲਿ॥
ਨਾਨਕ ਤੇ ਮੁਖ ਉਜਲੇ ਕੇਤੀ ਛੁਟੀ ਨਾਲਿ॥ (ਅੰਗ 8)

ਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਨੂੰ ਸਿਰਫ਼ ਅਧਿਆਤਮਿਕਤਾ ਤਕ ਹੀ ਸੀਮਤ ਨਹੀਂ ਰੱਖਿਆ ਸਗੋਂ ਇਹ ਧਰਮ ਮਨੁੱਖੀ ਜੀਵਨ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲਾ ਬਣਾਇਆ। ਉਨ੍ਹਾਂ ਨੇ ਮਨੁੱਖ ਨੂੰ ਦਇਆ, ਸੇਵਾ, ਸੰਤੋਖ, ਸਹਿਜ, ਸੰਜਮ, ਨਿਮਰਤਾ, ਆਤਮ-ਨਿਰਮਲ ਤੇ ਸਵੈਮਾਣ ਵਾਲਾ ਜੀਵਨ ਜੀਣ ਦੇ ਯੋਗ ਬਣਾਇਆ।

ਗੁਰੂ ਸਾਹਿਬ ਨੇ ਆਪਣੇ ਸਮਕਾਲੀ ਸਮਾਜ ਵਿਚ ਆਰਿਥਕ ਅਸਮਾਨਤਾ, ਲੁੱਟ-ਖਸੁੱਟ ਖੋਹਾ-ਖਿੰਝੀ ਨੂੰ ਦੇਖਦਿਆਂ ਨਾਮ ਜਪੋ, ਕਿਰਤ ਕਰੋ ਤੇ ਵੰਡ ਛਕੋ ਦੇ ਬੁਨਿਆਦੀ ਸਿਧਾਂਤ ਦਾ ਪ੍ਰਚਾਰ ਕੀਤਾ। ਭਾਵ ਗੁਰੂ ਸਾਹਿਬ ਦੀ ਵਿਚਾਰਧਾਰਾ ਮਨੁੱਖ ਦੀ ਹਰ ਪੱਖ ਤੋਂ ਅਗਵਾਈ ਕਰਨ ਵਾਲੀ ਹੈ। ਧਾਰਮਿਕ, ਸਮਾਜਿਕ, ਰਾਜਨੀਤਕ, ਆਰਥਿਕ, ਵਿਗਿਆਨਕ ਆਦਿ ਬਾਰੇ ਬਹੁਮੁਖੀ ਸੇਧਾਂ ਉਨ੍ਹਾਂ ਦੀ ਪਾਵਨ ਗੁਰਬਾਣੀ ਵਿੱਚੋਂ ਮਿਲਦੀਆਂ ਹਨ।

Bibi Jagir Kaurਸ੍ਰੀ ਗੁਰੂ ਨਾਨਕ ਦੇਵ ਜੀ ਨੇ ਸਮਾਜ ਅੰਦਰ ਪ੍ਰਚੱਲਿਤ ਊਚ-ਨੀਚ ਦੇ ਵਰਤਾਰੇ ਨੂੰ ਨਕਾਰਦਿਆਂ ਹਰ ਮਨੁੱਖ ਨੂੰ ਬਰਾਬਰ ਚੁੱਕਿਆ। ਸਮਾਜ ਅੰਦਰ ਦੁਰਕਾਰੇ ਅਤੇ ਦਬਾਏ ਜਾ ਰਹੇ ਲੋਕਾਂ ਦੀ ਬੇਬੱਸੀ ਨੂੰ ਮਹਿਸੂਸ ਕੀਤਾ ਅਤੇ ਉਨ੍ਹਾਂ ਉਨ੍ਹਾਂ ਨੂੰ ‘ਨਾਮ’ ਅਤੇ ‘ਗਿਆਨ’ ਦੇ ਮਾਰਗ ਉੱਤੇ ਤੋਰਿਆ। ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਮੇਂ ਹਿੰਦੁਸਤਾਨੀ ਸਮਾਜ ਵਿਚ ਇਸਤਰੀ ਦੀ ਦਸ਼ਾ ਬੜੀ ਮਾੜੀ ਸੀ।

ਉਸ ਨੂੰ ਪੈਰ ਦੀ ਜੁੱਤੀ, ਦਾਸੀ ਅਤੇ ਪਰਦੇ ਆਦਿ ਵਿਚ ਰਹਿਣ ਵਾਲੀ ਵਸਤੂ ਹੀ ਸਮਝਿਆ ਜਾਂਦਾ ਸੀ। ਇਸਤਰੀ ਨੂੰ ਅਜ਼ਾਦੀ ਪ੍ਰਦਾਨ ਕਰਨ ਦੇਣ ਦੀ ਸ਼ਕਤੀ ਦੇਣ ਦੀ ਵਡਿਆਈ ਵੀ ਗੁਰੂ ਜੀ ਦੇ ਹਿੱਸੇ ਆਈ। ਉਨ੍ਹਾਂ ਇਸਤਰੀ ਦੇ ਸਨਮਾਨ ਨੂੰ ਹਕੀਕੀ ਤੌਰ ’ਤੇ ਬਹਾਲ ਕਰਦਿਆਂ ਆਪਣੇ ਪੰਥ ਵਿਚ ਮਰਦ ਦੇ ਬਰਾਬਰ ਖੜ੍ਹਾ ਕਰ ਦਿੱਤਾ।

ਸ੍ਰੀ ਗੁਰੂ ਨਾਨਕ ਦੇਵ ਜੀ ਸੰਸਾਰ ਦੀ ਉਹ ਮਹਾਨ ਸ਼ਖ਼ਸੀਅਤ ਹਨ, ਜਿਨ੍ਹਾਂ ਨੇ ਕਿਰਤ ਨੂੰ ਧਰਮ ਦੇ ਬੁਨਿਆਦੀ ਸਿਧਾਂਤ ਦੇ ਤੌਰ ’ਤੇ ਲੋਕਾਂ ਸਾਹਮਣੇ ਲਿਆਂਦਾ। ਗੁਰੂ ਸਾਹਿਬ ਨੇ ਗ੍ਰਹਿਸਥ ਨੂੰ ਪ੍ਰਧਾਨਤਾ ਦੇ ਕੇ, ਦਸਾਂ ਨਹੁੰਆਂ ਦੀ ਕਿਰਤ ਕਮਾਈ ਕਰਕੇ ਸਮਾਜਿਕ ਜੀਵਨ ਜਿਊਣ ਦਾ ਸੰਦੇਸ਼ ਦਿੱਤਾ। ਗੁਰੂ ਜੀ ਨੇ ਸਿਧਾਂ-ਨਾਥਾਂ ਦੀ ਪ੍ਰੇਰਨਾ ਦੇ ਅਸਰ ਹੇਠ ਮੁਕਤੀ ਪ੍ਰਾਪਤੀ ਲਈ ਜੰਗਲਾਂ, ਪਹਾੜਾਂ ਦੀਆਂ ਕੁੰਦਰਾਂ ਵਿਚ ਇਕਾਂਤ ਵਾਸ ਹੋਣ ਨੂੰ ਨਿੰਦਿਆ ਅਤੇ ਗ੍ਰਹਿਸਥ ਵਿਚ ਰਹਿ ਕੇ, ਸੇਵਾ-ਸਿਮਰਨ ਰਾਹੀਂ ਮਨੁੱਖੀ ਜੀਵਨ ਦਾ ਆਨੰਦ ਮਾਣਨ ਦਾ ਮਾਰਗ ਦਰਸਾਇਆ।

ਗੁਰੂ ਜੀ ਨੇ ਦਸਾਂ ਨਹੁੰਆਂ ਦੀ ਸੁੱਚੀ ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਦਿੱਤਾ। ਉਨ੍ਹਾਂ ਅਨੁਸਾਰ ਪਵਿੱਤਰ ਕਮਾਈ ਉਹੀ ਹੈ, ਜਿਹੜੀ ਦਿਆਨਤਦਾਰੀ ਤੇ ਇਮਾਨਦਾਰੀ ਨਾਲ ਕੀਤੀ ਗਈ ਹੋਵੇ। ਝੂਠ ਬੋਲ ਕੇ, ਠੱਗੀ ਮਾਰ ਕੇ, ਕੀਤੀ ਕਮਾਈ, ਹੱਕ-ਸੱਚ ਦੀ ਕਮਾਈ ਨਹੀਂ ਕਹੀ ਜਾ ਸਕਦੀ। ਰਿਸ਼ਵਤ ਲੈ ਕੇ ਜਾਂ ਭ੍ਰਿਸ਼ਟ ਤਰੀਕੇ ਨਾਲ ਕੀਤੀ ਕਮਾਈ ਲੋਕਾਂ ਦਾ ਖੂਨ ਚੂਸਣ ਦੇ ਬਰਾਬਰ ਹੈ। ਇਥੇ ਹੀ ਬੱਸ ਨਹੀਂ ਹੱਕ-ਸੱਚ ਦੀ ਕੀਤੀ ਕਮਾਈ ਨੂੰ ਵੰਡ ਛਕਣ ਦਾ ਉਪਦੇਸ਼ ਵੀ ਗੁਰੂ ਜੀ ਦਾ ਵਿਲੱਖਣ ਸਿਧਾਂਤ ਹੈ:

ਘਾਲਿ ਖਾਇ ਕਿਛੁ ਹਥਹੁ ਦੇਇ॥
ਨਾਨਕ ਰਾਹੁ ਪਛਾਣਹਿ ਸੇਇ॥ (ਅੰਗ 1245)

ਗੁਰੂ ਸਾਹਿਬ ਜੀ ਨੇ ਕਿਰਤ ਕਮਾਈ ਨੂੰ ਨਿਰਮਲ ਅਤੇ ਪਵਿੱਤਰ ਕਰਨ ਦੇ ਮਕਸਦ ਨਾਲ ਵੰਡ ਕੇ ਛਕਣ ਨੂੰ ਪ੍ਰਧਾਨਤਾ ਦਿੱਤੀ। ਉਨ੍ਹਾਂ ਦੇ ਇਸ ਸਿਧਾਂਤ ਵਿੱਚੋਂ ‘ਸਰਬੱਤ ਦੇ ਭਲੇ’ ਦੀ ਭਾਵਨਾ ਪ੍ਰਗਟ ਹੁੰਦੀ ਹੈ। ਵੰਡ ਛਕਣ ਜਾਂ ਲੋੜਵੰਦਾਂ ਦੀ ਸਹਾਇਤਾ ਕਰਨ ਬਾਰੇ ਗੁਰੂ ਜੀ ਦੇ ਹੁਕਮ ਨਾਲ ਸ਼ਰਤ ਇਹ ਹੈ ਕਿ ਇਹ ਸਹਾਇਤਾ ਮਿਹਨਤ ਅਥਵਾ ‘ਘਾਲਿ’ ਦੀ ਕਮਾਈ ਵਿੱਚੋਂ ਹੀ ਹੋਣੀ ਚਾਹੀਦੀ ਹੈ ਨਾ ਕਿ ਪਾਪ ਦੀ ਕਮਾਈ ਵਿੱਚੋਂ।

ਸੋ ਅੰਤ ਵਿਚ ਇਹ ਕਿਹਾ ਜਾ ਸਕਦਾ ਹੈ ਕਿ ਗੁਰੂ ਨਾਨਕ ਦੇਵ ਜੀ ਕੇਵਲ ਸਿੱਖਾਂ ਦੇ ਹੀ ਨਹੀਂ, ਸਗੋਂ ਸਾਰੀ ਮਨੁੱਖ ਜਾਤੀ ਦੇ ਸੱਚੇ ਮਾਰਗ-ਦਰਸ਼ਕ ਹਨ, ਜਿਨ੍ਹਾਂ ਭਰਮ ਭੁਲੇਖਿਆਂ ਵਿਚ ਭਟਕ ਰਹੀ ਜਨਤਾ ਦਾ ਸਹੀ ਮਾਰਗ ਦਰਸ਼ਕ ਕਰਕੇ, ਉਸ ਨੂੰ ਪਰਮਾਤਮਾ ਦੇ ਨਾਮ-ਧਰਮ ਦੇ ਰਾਹ ਤੋਰਿਆ।

ਉਨ੍ਹਾਂ ਇਸ ਮੰਤਵ ਦੀ ਪੂਰਤੀ ਲਈ ਧਰਮਸ਼ਾਲਾਵਾਂ ਬਣਵਾਈਆਂ, ਲੰਗਰ ਦੀ ਪ੍ਰਥਾ ਕਾਇਮ ਕੀਤੀ। ਸੰਗਤ ਪੰਗਤ ਅਤੇ ਸੇਵਾ-ਸਿਮਰਨ ਦੇ ਅਜਿਹੇ ਅਦੁੱਤੀ ਸਿਧਾਂਤ ਮਨੁੱਖਤਾ ਸਾਹਮਣੇ ਰੱਖੇ ਜਿਹੜੇ ਅਜੋਕੇ ਯੁੱਗ ਵਿਚ ਵੀ ਸਦੀਵੀ ਸੇਧ ਦੇਣ ਵਾਲੇ ਹਨ। ਸਾਨੂੰ ਉਨ੍ਹਾਂ ਦੇ ਦਰਸਾਏ ਮਾਰਗ ’ਤੇ ਚੱਲਣ ਲਈ ਯਤਨ ਕਰਨਾ ਚਾਹੀਦਾ ਹੈ।

ਗੁਰੂ ਸਾਹਿਬ ਜੀ ਦਾ 550ਵਾਂ ਪ੍ਰਕਾਸ਼ ਪੁਰਬ ਸਿੱਖ ਜਗਤ ਵੱਲੋਂ ਬੀਤੇ ਸਾਲ ਮਨਾਇਆ ਗਿਆ ਹੈ। ਉਨ੍ਹਾਂ ਦੀ ਪਵਿੱਤਰ ਵਿਚਾਰਧਾਰਾ ਦਾ ਪ੍ਰਚਾਰ ਸਮਾਜ ਅੰਦਰ ਸੁਖਾਵੇਂ ਪੱਧਰੇ ਮਾਹੌਲ ਲਈ ਅਤਿ ਮਹੱਤਵਪੂਰਨ ਹੈ। ਸੋ ਆਓ, ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਆਪਣੀਆਂ ਤਰਜੀਹਾਂ ਗੁਰੂ ਸਾਹਿਬ ਜੀ ਦੀ ਸੋਚ ਅਨੁਸਾਰ ਬਣਾਈਏ ਅਤੇ ਸਮੁੱਚੇ ਸੰਸਾਰ ਦੀ ਖ਼ੈਰ-ਸੁੱਖ ਮੰਗੀਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION