34 C
Delhi
Tuesday, April 23, 2024
spot_img
spot_img

ਸ਼੍ਰੋਮਣੀ ਕਮੇਟੀ ਨੇ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਕਰਵਾਇਆ ਵਿਸ਼ੇਸ਼ ਕਵੀ ਦਰਬਾਰ

ਸੁਲਤਾਨਪੁਰ ਲੋਧੀ, 10 ਨਵੰਬਰ, 2019:
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪਾਵਨ ਇਤਿਹਾਸਕ ਨਗਰੀ ਸੁਲਤਾਨਪੁਰ ਲੋਧੀ ਵਿਖੇ ਚੱਲ ਰਹੇ ਮੁੱਖ ਸਮਾਗਮਾਂ ਦੌਰਾਨ ‘ਧੰਨੁ ਨਾਨਕ ਤੇਰੀ ਵਡੀ ਕਮਾਈ’ ਸਿਰਲੇਖ ਹੇਠ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਗਿਆ।

ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਨਜ਼ਦੀਕ ਗੁਰੂ ਨਾਨਕ ਸਟੇਡੀਅਮ ਵਿਖੇ ਮੁੱਖ ਪੰਡਾਲ ’ਚ ਬੀਤੀ ਰਾਤ ਕਰਵਾਏ ਗਏ ਕਵੀ ਦਰਬਾਰ ਵਿਚ ਵੱਖ-ਵੱਖ ਥਾਵਾਂ ਤੋਂ ਆਏ 30 ਨਾਮੀ ਕਵੀਆਂ ਨੇ ਆਪਣੀਆਂ ਕਵਿਤਾਵਾਂ ਰਾਹੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਸਿੱਖਿਆਵਾਂ ਅਤੇ ਗੁਰੂ ਸਾਹਿਬ ਵਲੋਂ ਕੀਤੇ ਸਮਾਜ ਦੇ ਬਹੁਪੱਖੀ ਸੁਧਾਰਾਂ ਨੂੰ ਆਪਣੇ ਕਾਵਿ ਅੰਦਾਜ਼ ਵਿਚ ਬਿਆਨ ਕੀਤਾ।

ਇਸ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਕਵੀ ਦਰਬਾਰ ’ਚ ਹਿੱਸਾ ਲੈਣ ਵਾਲੇ ਸਾਰੇ ਕਵੀਆਂ ਨੂੰ 11-11 ਹਜ਼ਾਰ ਰੁਪਏ ਦੀ ਰਾਸ਼ੀ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਵਿਸ਼ਵ ਦੇ ਸਰਬਸਾਂਝੇ ਰਹਿਬਰ ਅਤੇ ਮਹਾਨ ਸਮਾਜ ਸੁਧਾਰਕ ਸਨ। ਉਨ੍ਹਾਂ ਨੇ ਲੋਕਾਈ ਦੇ ਦੁੱਖਾਂ-ਦਰਦਾਂ ਨੂੰ ਸਮਝ ਕੇ ਆਪਣੀ ਬਾਣੀ ਅੰਦਰ ਮਨੁੱਖੀ ਜੀਵਨ ਨੂੰ ਸੁਖਦਾਈ ਬਣਾਉਣ ਲਈ ਮਾਰਗ ਦਰਸਾਇਆ।

ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਮਨਾਉਦਿਆਂ ਕਵੀ ਦਰਬਾਰ ਕਰਵਾਉਣਾ ਸ਼ਲਾਘਾਯੋਗ ਉਪਰਾਲਾ ਹੈ, ਜੋ ਸਮਾਜਿਕ ਸਰੋਕਾਰਾਂ ਅਤੇ ਮਨੁੱਖੀ ਹੱਕਾਂ ਨੂੰ ਸਮਰਪਿਤ ਮਿਆਰੀ ਕਵੀਆਂ ਨੂੰ ਉਤਸ਼ਾਹਿਤ ਕਰੇਗਾ। ਇਸ ਉਪਰਾਲੇ ਲਈ ਉਨ੍ਹਾਂ ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਸ਼ਲਾਘਾ ਕੀਤੀ।

ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿਛਲੇ ਮਹੀਨਿਆਂ ਦੌਰਾਨ ਪੰਜਾਬ ਦੇ ਤਿੰਨ ਜੋਨਾਂ ’ਚ ਕਵੀ ਦਰਬਾਰ ਕਰਵਾਏ ਗਏ ਸਨ। ਪਹਿਲਾ ਕਵੀ ਦਰਬਾਰ ਗੁਰਦੁਆਰਾ ਸ੍ਰੀ ਸੀਸ ਮਹਿਲ ਸਾਹਿਬ ਕੀਰਤਪੁਰ ਸਾਹਿਬ, ਦੂਜਾ ਕਵੀ ਦਰਬਾਰ ਗੁਰਦੁਆਰਾ ਸ੍ਰੀ ਦਰਬਾਰ ਸਾਹਿਬ ਡੇਰਾ ਬਾਬਾ ਨਾਨਕ (ਗੁਰਦਾਸਪੁਰ) ਅਤੇ ਤੀਜਾ ਇਨਾਮੀ ਕਵੀ ਦਰਬਾਰ ਗੁਰਦੁਆਰਾ ਸ੍ਰੀ ਨਾਨਕਿਆਣਾ ਸਾਹਿਬ (ਸੰਗਰੂਰ) ਵਿਖੇ ਕਰਵਾਇਆ ਗਿਆ ਸੀ।

ਇਨ੍ਹਾਂ ਕਵੀ ਦਰਬਾਰਾਂ ’ਚ ਪਹੁੰਚੇ ਕਵੀਆਂ ਵਿਚੋਂ ਰਚਨਾਵਾਂ ਦੇ ਵਿਸ਼ਾ, ਮਿਆਰ ਅਤੇ ਪੇਸ਼ਕਾਰੀ ਦੇ ਆਧਾਰ ’ਤੇ ਚੁਣੇ ਗਏ ਕਵੀਆਂ ਨੂੰ ਅੱਜ ਦੇ ਵਿਸ਼ੇਸ਼ ਕਵੀ ਦਰਬਾਰ ਵਿਚ ਬੁਲਾਇਆ ਗਿਆ ਸੀ।

ਕਵੀ ਦਰਬਾਰ ’ਚ ਸ਼ਾਮਲ ਹੋਏ ਨਾਮੀ ਕਵੀਆਂ ’ਚ ਸ. ਰਛਪਾਲ ਸਿੰਘ ਪਾਲ, ਸ. ਕਰਨੈਲ ਸਿੰਘ ਸਰਦਾਰ ਪੰਛੀ, ਸ. ਰਾਬਿੰਦਰ ਸਿੰਘ ਮਸਰੂਰ, ਸ. ਸੁਖਵਿੰਦਰ ਸਿੰਘ ਰਟੌਲ, ਜਨਾਬ ਜਮੀਰ ਅਲੀ ਜਮੀਰ, ਬੀਬੀ ਪਰਮਜੀਤ ਕੌਰ ਮਹਿਕ, ਸ. ਕਰਮਜੀਤ ਸਿੰਘ ਨੂਰ, ਡਾ. ਹਰੀ ਸਿੰਘ ਜਾਚਕ, ਸ. ਗੁਰਸ਼ਰਨ ਸਿੰਘ ਪ੍ਰਵਾਨਾ, ਸ੍ਰੀ ਜਤਿੰਦਰ ਪਰਵਾਜ਼, ਸ. ਜੋਗਿੰਦਰ ਸਿੰਘ ਉਮਰਾਨੰਗਲ, ਬੀਬੀ ਸਰਬਜੀਤ ਕੌਰ ਸਰਬ ਰੁਦਰਪੁਰ (ਉੱਤਰ ਪ੍ਰਦੇਸ਼), ਬੀਬੀ ਅਮਿੰਦਰਮੀਤ ਕੌਰ ਰੂਬੀ, ਸ. ਸਤਬੀਰ ਸਿੰਘ ਸ਼ਾਨ, ਜਨਾਬ ਅਜਮਲ ਖ਼ਾਨ ਸ਼ੇਰਵਾਨੀ, ਡਾ. ਰਾਮ ਮੂਰਤੀ, ਸ. ਮਨਜਿੰਦਰ ਸਿੰਘ ਧਨੋਆ, ਡਾ. ਗੁਰਭਜਨ ਸਿੰਘ ਗਿੱਲ, ਸ. ਬਲਬੀਰ ਸਿੰਘ ਬੱਲ ਮੋਰਿੰਡਾ, ਸ. ਅਜਮੇਰ ਸਿੰਘ ਮਾਨ, ਸ. ਅਵਤਾਰ ਸਿੰਘ ਤਾਰੀ, ਸ. ਗੁਰਦਿਆਲ ਸਿੰਘ ਨਿਮਰ, ਬੀਬੀ ਜਤਿੰਦਰ ਕੌਰ ਸ੍ਰੀ ਅਨੰਦਪੁਰ ਸਾਹਿਬ, ਸ. ਚਰਨਜੀਤ ਸਿੰਘ ਉਡਾਰੀ, ਸ. ਅਮਰਜੀਤ ਸਿੰਘ ਅਮਰ, ਸ. ਹਰਵਿੰਦਰ ਸਿੰਘ ਰੋਡੇ, ਬੀਬੀ ਬੇਅੰਤ ਕੌਰ ਮੋਗਾ, ਬੀਬੀ ਸੁਖਵਿੰਦਰ ਕੌਰ ਸਿੱਧੂ, ਸ. ਹਰਭਜਨ ਸਿੰਘ ਨਾਹਲ ਅਤੇ ਸ. ਬਲਵਿੰਦਰ ਸਿੰਘ ਸੰਟਾ ਸ਼ਾਮਲ ਹੋਏ।

ਕਵੀ ਦਰਬਾਰ ਦੌਰਾਨ ਅੰਤ੍ਰਿਗ ਕਮੇਟੀ ਮੈਂਬਰ ਜਥੇਦਾਰ ਖੁਸ਼ਵਿੰਦਰ ਸਿੰਘ ਭਾਟੀਆ, ਸ. ਮਨਜੀਤ ਸਿੰਘ ਬੱਪੀਆਣਾ, ਧਰਮ ਪ੍ਰਚਾਰ ਕਮੇਟੀ ਦੇ ਸਕੱਤਰ ਸ. ਮਹਿੰਦਰ ਸਿੰਘ ਆਹਲੀ, ਸ੍ਰੀ ਗੁਰੂ ਤੇਗ ਬਹਾਦਰ ਖ਼ਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਦੇ ਪ੍ਰਿੰਸੀਪਲ ਜਸਵੀਰ ਸਿੰਘ, ਕੋਆਰਡੀਨੇਟਰ ਪ੍ਰੋ. ਸੁਖਦੇਵ ਸਿੰਘ ਧਰਮ ਪ੍ਰਚਾਰ ਕਮੇਟੀ ਆਦਿ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION