ਚੰਡੀਗੜ 15 ਮਾਰਚ, 2020:
ਅਕਾਲੀ ਦਲ 1920 ਦੇ ਪ੍ਰਧਾਨ ਸ. ਰਵੀਇੰਦਰ ਸਿੰਘ ਸਾਬਕਾ ਸਪੀਕਰ ਪੰਜਾਬ ਵਿਧਾਨ ਸਭਾ ਨੇ ਦਾਅਵਾ ਕੀਤਾ ਹੈ ਕਿ ਸਿੱਖ-ਕੌਮ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਤੇ ਸਿੱਖਾਂ ਦੇ ਧਾਰਮਿਕ ਮੱਸਲਿਆਂ ਚ ਬਾਦਲਾਂ ਦੀ ਸਿਆਸੀ ਦਖਲ-ਅੰਦਾਜੀ ਕਾਰਨ ਸਿਰੇ ਦਾ ਨਿਘਾਰ ਆਇਆ ਹੈ।
ਸ.ਰਵੀਇੰਦਰ ਸਿੰਘ ਵੱਡੇ ਬਾਦਲ ਦੀ ਟੀਵੀ ਇੰਟਰਵਿਉ ਤੇ ਪ੍ਰਤੀਕ੍ਰਿਆ ਜਾਹਰ ਕਰ ਰਹੇ ਸਨ,ਜਿਨਾਂ ਕਿਹਾ ਹੈ ਕਿ ਉਹ (ਬਾਦਲ) ਸ਼੍ਰੋਮਣੀ ਕਮੇਟੀ ਤੇ ਅਕਾਲ ਤਖਤ ਸਾਹਿਬ ਤੋਂ ਹੋਣ ਵਾਲੇ ਫੈਸਲਿਆਂ ਚ ਦਖਲ ਅੰਦਾਜੀ ਨਹੀਂ ਕਰਦੇ।
ਸ. ਰਵੀਇੰਦਰ ਸਿੰਘ ਨੇ ਇਸ ਨਿਘਾਰ ਨੂੰ ਖਤਮ ਕਰਨ ਲਈ ਸਿੱਖਾਂ ਦੀ ਮਿੰਨੀ ਸੰਸਦ ਸ਼੍ਰੋਮਣੀ ਕਮੇਟੀ ਦੀਆਂ ਆ ਰਹੀਆਂ ਚੋਣਾਂ ਚ ਚੰਗੇ ਕਿਰਦਾਰ ਤੇ ਮਜ਼ਬੂਤ ਚਰਿੱਤਰ ਵਾਲੀਆਂ ਧਾਰਮਿਕ ਸਖਸ਼ੀਅਤਾਂ ਨੂੰ ਹੀ ਉਮੀਦਵਾਰ ਬਣਾਉਣ ਦੀ ਵਕਾਲਤ ਕਰਦਿਆਂ ਕਿਹਾ ਕਿ ਇਸ ਮਹਾਂਨ ਸੰਸਥਾ ਨੂੰ ਸਿਆਸੀ ਗੁਲਾਮੀਂ ਤੋਂ ਮੁੱਕਤ ਕਰਵਾਉਣ ਨਾਲ ਹੀ ਗੁਰਦਵਾਰਾ ਪ੍ਰਬੰਧਾਂ ਚ ਸੁਧਾਰ ਆਉਣ ਦੇ ਨਾਲ-ਨਾਲ ਗੁਰੂ ਕੀ ਗੋਲਕ ਦੀ ਹੋ ਰਹੀ ਲੁੱਟ ਤੇ ਕੰਟਰੋਲ ਕੀਤਾ ਜਾ ਸਕਦਾ ਹੈ।
ਸ. ਰਵੀਇੰਦਰ ਸਿੰਘ ਨੇ ਛੋਟੇ-ਵੱਡੇ ਬਾਦਲਾਂ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਸ਼੍ਰੋਮਣੀ ਕਮੇਟੀ, ਅਕਾਲ-ਤਖਤ ਸਾਹਿਬ ਦੇ ਫੈਸਲਿਆਂ ਤੇ ਉਂਗਲਾਂ ਉਠ ਰਹੀਆਂ ਹਨ ਜੋ ਸਿੱਖ ਕੌਮ ਨੂੰ ਗੈਰ-ਸਿੱਖਾਂ ਵਿਚ ਨੀਵਾਂ ਕਰ ਰਹੀਆ ਹਨ।
ਉਨਾ ਸਿੱਖ ਹਿਤਾਂ ਵਿਚ ਸੁਝਾਅ ਦਿਤਾ ਕਿ ਪੰਥ ਚੋਂ ਛੇਕੇ ਚਰਿਤਰਹੀਣਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਣਾ ਚਾਹੀਦਾ ਤਾਂ ਜੋ ਅਜਿਹੇ ਹੋਰ ਕਿਰਦਾਰ ਵਾਲੇ ਸਬਕ ਸਿੱਖ ਸਕਣ। ਉਨਾ ਖਦਸ਼ਾ ਪ੍ਰਗਟਾਇਆ ਕਿ ਅਜਿਹੇ ਲੋਕਾਂ ਨੂੰ ਮਾਫੀ ਦੇਣ ਨਾਲ ਬੁਰੇ ਕਿਰਦਾਰ ਵਾਲੇ ਲੋਕਾਂ ਦੀ ਗਿਣਤੀ ਵੱਧ ਸਕਦੀ ਹੈ।
ਸ. ਰਵੀਇੰਦਰ ਸਿੰਘ ਨੇ ਅਕਾਲ ਤਖਤ ਸਾਹਿਬ ਤੇ ਆਉਣ ਵਾਲੀਆਂ ਸ਼ਿਕਾਇਤਾਂ ਦਾ ਨਿਪਟਾਰਾ ਕਰਨ ਲਈ ਨਿਰਪੱਖ ਮਾਹਰਾਂ ਦੀ ਉਚ ਕਮੇਟੀ ਬਣਾਉਣ ਤੇ ਜ਼ੋਰ ਦਿੰਦਿਆਂ ਕਿਹਾ ਕਿ ਜੱਥੇਦਾਰ ਸਾਹਿਬ ਕੋਲ ਉਹ ਹੀ ਕੇਸ ਜਾਣ ਜੋ ਸਿੱਖ-ਹਿਤਾਂ ਲਈ ਸੁਣਵਾਈ ਯੋਗ ਹੋਣ। ਉਨਾ ਗੋਲਕ ਲੁੱਟਣ ਵਾਲਿਆਂ ਨੂੰ ਚਿਤਾਵਨੀ ਭਰੇ ਲਹਿਜੇ ਚ ਕਿਹਾ ਕਿ ਉਹ ਪੰਥ-ਰਤਨ ਮਾ.ਤਾਰਾ ਸਿੰਘ ਦੇ ਜੀਵਨ ਤੋਂ ਸਿੱਖਣ ਜੋ ਦਫਤਰੀ ਜੀਪ ਦੀ ਵਰਤੋਂ ਪੰਥਕ ਕਾਰਜਾਂ ਲਈ ਕਰਦੇ ਸਨ ਅਤੇ ਵਾਪਸ ਘਰ ਟਾਂਗੇ ਤੇ ਜਾਂਦੇ ਸਨ। ਮਾਸਟਰ ਜੀ ਦੁਪਹਿਰ ਦੀ ਰੋਟੀ ਘਰੋਂ ਲਿਆਂਉਦੇ ਸਨ ਪਰ ਅਫਸੋਸ ਹੁਣ ਸਭ ਕੁਝ ਹੀ ਉਲਟ ਹੋ ਰਿਹਾ ਹੈ।
ਸ.ਰਵੀਇੰਦਰ ਸਿੰਘ ਨੇ ਸਿੱਖ-ਕੌਮ ਨੂੰ ਅਪੀਲ ਕੀਤੀ ਕਿ ਸ਼੍ਰੋਮਣੀ-ਕਮੇਟੀ ਬਾਦਲਾਂ ਤੋਂ ਮੁੱਕਤ ਕਰਵਾਉਣ, ਗੋਲਕ ਦੀ ਲੱੁਟ ਰੋਕਣ,ਗੁਰਧਾਮਾਂ ਦਾ ਪ੍ਰਬੰਧ ਸੁਚਾਰੂ ਹੱਥਾਂ ਵਿਚ ਦੇਣ,ਬੇਅਦਬੀ ਕਾਂਡ ਮੁੜ ਨਾ ਵਾਪਰਨ,ਟਰੱਸਟ ਅਜ਼ਾਦ ਕਰਵਾਉਣ ਆਦਿ ਲਈ ਉਹ ਬਾਦਲਾਂ ਦੀ ਥਾਂ ਸਾਂਝੇ ਫਰੰਟ ਦਾ ਸਾਥ ਦੇਣ ਤਾਂ ਜੋ, ਆ ਰਹੀਆਂ ਸ਼੍ਰੋਮਣੀ ਕਮੇਟੀ ਚੋਣਾਂ ਚ ਡਿਕਟੇਟਰ ਬਣੇ ਬਾਦਲਾਂ ਨੂੰ ਬਾਹਰ ਦਾ ਰਸਤਾ ਵਿਖਾਇਆ ਜਾ ਸਕੇ।