30.1 C
Delhi
Tuesday, April 23, 2024
spot_img
spot_img

ਸ਼ਹੀਦ ਭਗਤ ਸਿੰਘ ਤੇ ਸਾਥੀਆਂ ਦੇ ਸ਼ਹੀਦੀ ਦਿਹਾੜੇ ‘ਤੇ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ, ਸ਼ਹੀਦਾਂ ਨੂੰ ਭੇਟ ਕੀਤੀ ਸ਼ਰਧਾਂਜਲੀ

ਲਹਿਰਾਗਾਗਾ, 23 ਮਾਰਚ, 2022 (ਦਲਜੀਤ ਕੌਰ ਭਵਾਨੀਗੜ੍ਹ)
ਲੋਕ ਚੇਤਨਾ ਮੰਚ, ਲਹਿਰਾਗਾਗਾ ਵੱਲੋਂ 23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ 92ਵੇਂ ਸ਼ਹੀਦੀ ਦਿਹਾੜੇ ‘ਤੇ ਇੱਕ ਵਿਸ਼ਾਲ ਇਨਕਲਾਬੀ ਸੱਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਸਥਾਨਕ ਪੁਰਾਣੀ ਦਾਣਾ ਮੰਡੀ ਵਿੱਚ ਕਰਵਾਏ ਇਸ ਪ੍ਰੋਗਰਾਮ ਵਿੱਚ ਸ਼ਹਿਰ ਅਤੇ ਨੇੜਲੇ ਪਿੰਡਾਂ ਦੇ ਸੈਂਕੜੇ ਲੋਕਾਂ ਤੇ ਜਨਤਕ ਜਥੇਬੰਦੀਆਂ ਦੇ ਕਾਰਕੁੰਨਾਂ ਨੇ ਸ਼ਮੂਲੀਅਤ ਕਰਕੇ ਸ਼ਹੀਦਾਂ ਨੂੂੰ ਸ਼ਰਧਾਂਜਲੀ ਭੇਟ ਕੀਤੀ।

ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ ਨੇ ਲੋਕਾਂ ਦਾ ਸਵਾਗਤ ਕਰਦਿਆਂ ਕਿਹਾ ਕਿ ਸ਼ਹੀਦਾਂ ਦੀ ਇਨਕਲਾਬੀ ਵਿਚਾਰਧਾਰਾ ਨੂੂੰ ਬੁਲੰਦ ਕਰਨ ਲਈ ਹੀ ਇਹ ਪ੍ਰੋਗਰਾਮ ਹਰ ਸਾਲ ਕਰਵਾੲਿਆ ਜਾਂਦਾ ਹੈ। ਇਹ ਪ੍ਰੋਗਰਾਮ ਜਮਹੂਰੀ ਹੱਕਾਂ ਦੇ ਨਿਧੜਕ ਜਰਨੈਲ ਮਰਹੂਮ ਹਰੀ ਸਿੰਘ ਤਰਕ ਦੀ ਨਿੱਘੀ ਤੇ ਪ੍ਰੇਰਨਾਮਈ ਯਾਦ ਨੂੂੰ ਸਮਰਪਿਤ ਕੀਤਾ ਜਾਂਦਾ ਹੈ। ਉਨ੍ਹਾਂ ਇਲਾਕੇ ਦੇ ਲੋਕਾਂ ਵੱਲੋਂ ਦਿੱਤੇ ਜਾਂਦੇ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਵੀ ਕੀਤਾ।

ਪ੍ਰੋਗਰਾਮ ਦੀ ਸ਼ੁਰੂਆਤ ਮਾਲਵਾ ਹੇਕ, ਲਹਿਰਾਗਾਗਾ ਦੇ ਕਲਾਕਾਰਾਂ ਵੱਲੋਂ ਜਗਦੀਸ਼ ਪਾਪੜਾ ਦੀ ਅਗਵਾਈ ਵਿੱਚ ਸ਼ਹੀਦਾਂ ਨੂੂੰ ਸ਼ਰਧਾਂਜਲੀ ਭੇਟ ਕਰਦੇ ਗੀਤ ਤੇ ਕਵੀਸ਼ਰੀਆਂ ਨਾਲ ਹੋਈ। ਉਪਰੰਤ ਲੋਕ ਸੰਗੀਤ ਮੰਡਲੀ, ਜੀਦਾ ਵੱਲੋਂ ਜਗਸੀਰ ਜੀਦਾ ਦੀ ਅਗਵਾਈ ਵਿੱਚ ਇਨਕਲਾਬੀ ਗੀਤਾਂ, ਬੋਲੀਆਂ, ਟੱਪਿਆਂ ਨਾਲ ਸ਼ਹੀਦਾਂ ਨੂੂੰ ਯਾਦ ਵੀ ਕੀਤਾ ਅਤੇ ਸਰਕਾਰਾਂ ਤੇ ਲੀਡਰਾਂ ‘ਤੇ ਵਿਅੰਗ-ਬਾਣ ਵੀ ਦਾਗੇ।

ਪ੍ਰੋਗਰਾਮ ਦੌਰਾਨ ਮੰਚ ਵੱਲੋਂ ਤਿੰਨ ਕਾਲ਼ੇ ਖੇਤੀ ਕਾਨੂੰਨਾਂ ਖਿਲਾਫ਼ ਇਤਿਹਾਸਕ ਕਿਸਾਨ ਅੰਦੋਲਨ ਵਿੱਚ ਸਰਗਰਮ ਹਿੱਸਾ ਪਾਉਣ ਬਦਲੇ ਇਲਾਕੇ ਦੀਆਂ 7 ਕਿਸਾਨ ਜਥੇਬੰਦੀਆਂ ਦੀ ਇਲਾਕਾਈ ਲੀਡਰਸ਼ਿਪ ਨੂੂੰ ਇੱਕ-ਇੱਕ ਸਨਮਾਨ ਚਿੰਨ ਤੇ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ, ਜਿਨ੍ਹਾਂ ਵਿੱਚ ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ), ਜਮਹੂਰੀ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ (ਡਕੌਂਦਾ), ਪੰਜਾਬ ਕਿਸਾਨ ਯੂਨੀਅਨ, ਕੁੱਲ ਹਿੰਦ ਕਿਸਾਨ ਸਭਾ, ਭਾਰਤੀ ਕਿਸਾਨ ਯੂਨੀਅਨ(ਸਿੱਧੂਪੁਰ), ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਸ਼ਾਮਲ ਹਨ।

ਮੰਚ ਵੱਲੋਂ ਸਾਲਾਨਾ ਹਰੀ ਸਿੰਘ ਤਰਕ ਯਾਦਗਾਰੀ ਐਵਾਰਡ ਇਤਿਹਾਸਕਾਰ ਰਾਕੇਸ਼ ਕੁਮਾਰ ਸੁਨਾਮ ਨੂੂੰ ਉਨ੍ਹਾਂ ਦੇ ਇਨਕਲਾਬੀ ਲਹਿਰਾਂ ਦੇ ਇਤਿਹਾਸ ਦੀ ਖੋਜਕਾਰੀ ਲਈ ਪ੍ਰਦਾਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿੱਚ ਕਿਹਾ ਕਿ ਨਵਾਂ ਇਤਿਹਾਸ ਦੀ ਸਿਰਜਣਾ ਲਈ ਬੀਤੇ ਇਤਿਹਾਸ ਤੇ ਵਿਰਸੇ ਨੂੂੰ ਸੰਭਾਲਣਾ ਬਹੁਤ ਜ਼ਰੂੂਰੀ ਹੈ।

ਲੋਕ ਕਲਾ ਮੰਚ, ਮੰਡੀ ਮੁੱਲਾਂਪੁਰ ਵੱਲੋਂ ਹਰਕੇਸ਼ ਚੌਧਰੀ ਦੀ ਨਿਰਦੇਸ਼ਨਾ ਹੇਠ “ਸ਼ਹੀਦ ਭਗਤ ਸਿੰਘ ਦੀ ਘੋੜੀ” ਕੋਰੀਓਗਰਾਫੀ ਪ੍ਰੋਗਰਾਮ ਦਾ ਸਿਖਰ ਹੋ ਨਿੱਬੜੀ। ਨਾਟਕ ਮੰਡਲੀ ਵੱਲੋਂ ਪੇਸ਼ ਕੀਤੇ ਨਾਟਕ “ਉੱਠਣ ਦਾ ਵੇਲਾ” ਨੇ ਇਤਿਹਾਸਕ ਕਿਸਾਨ ਅੰਦੋਲਨ ਦੀ ਕਹਾਣੀ ਅੱਗੇ ਤੋਰਦਿਆਂ ਲੋਕਾਂ ਨੂੂੰ ਸੁਨੇਹਾ ਦਿੱਤਾ ਕਿ ਲੋਕ ਘੋਲ ਹਰ ਜਣੇ ਦੀ ਸ਼ਮੂਲੀਅਤ ਤੇ ਹਿੱਸੇਦਾਰੀ ਨਾਲ ਹੀ ਉੱਸਰਦੇ ਹਨ। ਇਹ ਸਭ ਦੀ ਜੁੰਮੇਵਾਰੀ ਹੈ।

ਪ੍ਰੋਗਰਾਮ ਦੀ ਸਟੇਜ਼ ਦੀ ਜੁੰਮੇਵਾਰੀ ਮਾਸਟਰ ਹਰਭਗਵਾਨ ਗੁਰਨੇ ਨੇ ਨਿਭਾਈ ਅਤੇ ਪ੍ਰੋਗਰਾਮ ਦੀ ਸਫਲਤਾ ਲਈ ਮੰਚ ਦੇ ਆਗੂ ਨਾਮਦੇਵ ਭੁਟਾਲ, ਸ਼ਮਿੰਦਰ ਸਿੰਘ, ਰਣਜੀਤ ਲਹਿਰਾ, ਹਰੀ ਸਿੰਘ ਅੜਕਵਾਸ, ਪੂਰਨ ਸਿੰਘ ਖਾਈ, ਗੁਰਪਿਆਰ ਸਿੰਘ, ਗੁੁਰਚਰਨ ਸਿੰਘ, ਮਹਿੰਦਰ ਸਿੰਘ, ਰਘਬੀਰ ਭੁਟਾਲ, ਤਰਸੇਮ ਭੋਲੂ, ਪ੍ਰਿੰਸੀਪਲ ਪਿਆਰਾ ਲਾਲ, ਗੁਰਪ੍ਰੀਤ ਬੱਬੀ, ਮਾਸਟਰ ਜੀਵਨ ਰਾਮ ਚੋਟੀਆਂ, ਰਾਮਚੰਦਰ ਸਿੰਘ ਖਾਈ, ਸੁਖਜਿੰਦਰ ਲਾਲੀ ਆਦਿ ਨੇ ਅਹਿਮ ਰੋਲ ਨਿਭਾਇਆ। ਪ੍ਰੋਗਰਾਮ ਵਿੱਚ ਚਾਹ ਦਾ ਲੰਗਰ ਅਤੁੱਟ ਵਰਤਿਆ। ਕਿਤਾਬਾਂ ਦੀਆਂ ਸਟਾਲਾਂ ਤੋਂ ਲੋਕਾਂ ਨੇ ਅਗਾਂਹਵਧੂ ਸਾਹਿਤ ਦੀ ਖਰੀਦਦਾਰੀ ਕੀਤੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION