22.1 C
Delhi
Friday, March 29, 2024
spot_img
spot_img

ਸ਼ਰਾਬ ਕਾਂਡ ਦੀ ਹਾਈਕੋਰਟ ਦੇ ਮੌਜੂਦਾ ਜੱਜ ਜਾਂ ਸੀ.ਬੀ.ਆਈ. ਤੋਂ ਸਮਾਂਬੱਧ ਜਾਂਚ ਕਰਵਾਈ ਜਾਵੇ: ਭਗਵੰਤ ਮਾਨ

ਪਟਿਆਲਾ, 6 ਅਗਸਤ 2020 –
ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਮੰਗ ਕੀਤੀ ਹੈ ਕਿ ਮਾਝੇ ਦੇ ਤਿੰਨ ਜ਼ਿਲਿਆਂ ‘ਚ ਜ਼ਹਿਰੀਲੀ ਸ਼ਰਾਬ ਨਾਲ ਹੋਇਆ ਲਗਭਗ ਸਵਾ 100 ਮੌਤਾਂ ਦੇ ਮਾਮਲੇ ‘ਚ ਸਭ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ‘ਤੇ ਕਤਲ ਦੇ ਕੇਸ ਦਰਜ਼ ਹੋਣੇ ਚਾਹੀਦੇ ਹਨ, ਕਿਉਂਕਿ ਬਤੌਰ ਮੁੱਖ ਮੰਤਰੀ ਆਬਕਾਰੀ ਅਤੇ ਗ੍ਰਹਿ ਮੰਤਰੀ ‘ਰਾਜਾ’ ਹੀ ਇਸ ਸੰਗਠਨਾਤਮਕ ਅਪਰਾਧ ਲਈ ਸਭ ਤੋਂ ਵੱਡਾ ਦੋਸ਼ੀ ਸਾਬਤ ਹੋ ਰਿਹਾ ਹੈ, ਫਿਰ ਕਤਲ ਦੇ ਕੇਸ ਦਰਜ਼ ਕਰਨ ਦੀ ਸ਼ੁਰੂਆਤ ਅਮਰਿੰਦਰ ਸਿੰਘ ਤੋਂ ਕਿਉਂ ਨਹੀਂ ਹੋਣੀ ਚਾਹੀਦੀ?

ਵੀਰਵਾਰ ਨੂੰ ਸ਼ਾਹੀ ਸ਼ਹਿਰ (ਪਟਿਆਲਾ) ‘ਚ ਆ ਕੇ ਪ੍ਰੈੱਸ ਕਾਨਫ਼ਰੰਸ ਰਾਹੀਂ ਭਗਵੰਤ ਮਾਨ ਨੇ ਮੁੱਖ ਮੰਤਰੀ ਅਤੇ ਕਾਂਗਰਸੀ ਵਜ਼ੀਰਾਂ-ਵਿਧਾਇਕਾਂ ‘ਤੇ ਹਮਲਾ ਬੋਲਿਆ।

ਇਸ ਦੇ ਨਾਲ ਹੀ ਭਗਵੰਤ ਮਾਨ ਨੇ ਐਲਾਨ ਕੀਤਾ ਕਿ ਅੱਜ ਤੋਂ ਬਾਅਦ ਉਨ੍ਹਾਂ ਦੀ ਪਾਰਟੀ ਮੁੱਖ ਮੰਤਰੀ ਨੂੰ ‘ਕੈਪਟਨ’ ਕਹਿਕੇ ਸੰਬੋਧਿਤ ਨਹੀਂ ਹੋਵੇਗੀ। ਮਾਨ ਮੁਤਾਬਿਕ ”ਭਾਰਤੀ ਫ਼ੌਜ ਤੋਂ ਲੈ ਕੇ ਪੇਂਡੂ-ਸ਼ਹਿਰੀ ਸਮਾਜ ਅਤੇ ਸਭਿਆਚਾਰ ‘ਚ ਕੈਪਟਨ (ਕਪਤਾਨ) ਇੱਕ ਬੇਹੱਦ ਸਨਮਾਨਯੋਗ ਸ਼ਬਦ ਹੈ, ਪਰੰਤੂ ਅਮਰਿੰਦਰ ਸਿੰਘ ਇਸ ਸੱਚੇ-ਸੁੱਚੇ ਸ਼ਬਦ ਦੀ ਲਾਜ ਰੱਖਣ ‘ਚ ਬੁਰੀ ਤਰਾਂ ਫਲਾਪ ਹੋਏ ਹਨ।

ਜਮਹੂਰੀਅਤ ਵੱਲੋਂ ਐਨਾ ਵੱਡਾ ਮਾਣ-ਸਨਮਾਨ ਮਿਲਣ ਦੇ ਬਾਵਜੂਦ ਅਮਰਿੰਦਰ ਸਿੰਘ ਆਪਣੀ ਰਾਜਿਆਂ ਵਾਲੀ ਅੱਯਾਸ਼ ਅਤੇ ਆਰਾਮ ਪਸੰਦ ਜੀਵਨ ਸ਼ੈਲੀ ਬਦਲ ਨਹੀਂ ਸਕੇ। ਜ਼ਹੀਨ ਅਤੇ ਜਾਂਬਾਜ ਟੀਮ ਲੀਡਰ ਦੇ ਪ੍ਰਤੀਕ ‘ਕੈਪਟਨ’ ਸ਼ਬਦ ਨੂੰ ਅਮਰਿੰਦਰ ਸਿੰਘ ਲਈ ਵਰਤ ਕੇ ਹੋਰ ਬੇਇੱਜ਼ਤ ਨਹੀਂ ਕੀਤਾ ਜਾ ਸਕਦਾ, ਕਿਉਂਕਿ ਯੁੱਧਾਂ, ਸੰਕਟਾਂ ਅਤੇ ਚੁਣੌਤੀ ਭਰੇ ਸਮਿਆਂ ਦੌਰਾਨ ਮੈਦਾਨ-ਏ-ਜੰਗ ਵਿਚ ‘ਕੈਪਟਨ’ ਖ਼ੁਦ ਅਗਵਾਈ ਕਰਦੇ ਹਨ ਨਾ ਕਿ ਫਾਰਮ ਹਾਊਸ ਦੇ ਆਲੀਸ਼ਾਨ ‘ਘੋਰਨਿਆਂ’ ‘ਚ ਮਹਿਫ਼ਲਾਂ ਸਜਾਉਂਦੇ ਹਨ?”

ਭਗਵੰਤ ਮਾਨ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੀ ਸ਼ੁਰੂਆਤ ਤੋਂ ਲੈ ਕੇ ਜ਼ਹਿਰੀਲੀ ਸ਼ਰਾਬ ਦੇ ਐਨੇ ਵੱਡੇ ਕਹਿਰ ਦੇ ਬਾਵਜੂਦ ਜੋ ਮੁੱਖ ਮੰਤਰੀ ਆਪਣੇ ਘੋਰਨੇ (ਫਾਰਮ ਹਾਊਸ) ‘ਚੋਂ ਨਹੀਂ ਨਿਕਲਿਆ, ਉਹ ਖ਼ੁਦ ਨੂੰ ਕਿਹੜੇ ਮੂੰਹ ‘ਕੈਪਟਨ’ ਕਹਾ ਸਕਦਾ ਹੈ।

ਭਗਵੰਤ ਮਾਨ ਨੇ ਕਿਹਾ ਕਿ ਅਸੀਂ (ਆਪ) ਪਹਿਲੇ ਦਿਨ ਤੋਂ ਮੰਗ ਕਰਦੇ ਆ ਰਹੇ ਹਾਂ ਕਿ ਜ਼ਹਿਰੀਲੀ ਸ਼ਰਾਬ ਦੇ ਮਾਮਲੇ ‘ਚ ਕਤਲ ਦੇ ਮਾਮਲੇ ਦਰਜ਼ ਕੀਤੇ ਜਾਣ। ਇਹ ਪਿਛਲੇ 15 ਸਾਲਾਂ ਤੋਂ ਚੱਲਿਆ ਆ ਰਿਹਾ ਆਰਗੇਨਾਈਜ਼ਡ (ਸੰਗਠਨਾਤਮਕ) ਮਾਫ਼ੀਆ ਹੈ। ਬਾਦਲਾਂ ਦੇ ਰਾਜ ‘ਚ ਮੁੱਖ ਵਾਗਡੋਰ ਅਕਾਲੀ-ਭਾਜਪਾ ਵਿਧਾਇਕਾਂ ਰਾਹੀਂ ਬਾਦਲਾਂ ਕੋਲ ਸੀ, ਹੁਣ ਕਾਂਗਰਸੀ ਵਿਧਾਇਕਾਂ-ਵਜ਼ੀਰਾਂ ਰਾਹੀਂ ਰਾਜੇ ਕੋਲ ਹੈ।

ਸ੍ਰੀ ਅੰਮ੍ਰਿਤਸਰ, ਤਰਨਤਾਰਨ ਅਤੇ ਬਟਾਲਾ (ਗੁਰਦਾਸਪੁਰ) ‘ਚ ਫੈਲੇ ਜ਼ਹਿਰੀਲੇ ਸ਼ਰਾਬ ਦੀਆਂ ਤੰਦਾਂ-ਤਾਰਾਂ ਰਾਜਪੁਰਾ, ਘਨੌਰ ਅਤੇ ਖੰਨਾ ਦੀਆਂ ਨਜਾਇਜ਼ ਸ਼ਰਾਬ ਫ਼ੈਕਟਰੀਆਂ ਨਾਲ ਜੁੜਨਾ ਸਾਬਤ ਕਰਦਾ ਹੈ ਕਿ ਰਾਜੇ ਅਤੇ ਰਾਣੀ (ਪਰਨੀਤ ਕੌਰ) ਦੇ ਕਰੀਬੀ ਇਸ ਮੌਤ ਦੇ ਧੰਦੇ ‘ਚ ਕਿੰਨਾ ਡੂੰਘੇ ਉੱਤਰੇ ਹੋਏ ਹਨ। ਇਸ ਲਈ ਆਮ ਆਦਮੀ ਪਾਰਟੀ ਇਸ ਪੂਰੇ ਮਾਮਲੇ ਦੀ ਹਾਈਕੋਰਟ ਦੇ ਮੌਜੂਦਾ ਜੱਜ ਜਾਂ ਸੀਬੀਆਈ ਤੋਂ ਸਮਾਂਬੱਧ ਜਾਂਚ ਦੀ ਮੰਗ ਕਰਦੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਜੇ ਨਿਰਪੱਖ ਜਾਂਚ ਹੋ ਜਾਵੇ ਤਾਂ ਖਡੂਰ ਸਾਹਿਬ, ਜੰਡਿਆਲਾ, ਬਟਾਲਾ, ਰਾਜਪੁਰਾ, ਘਨੌਰ ਦੇ ਕਾਂਗਰਸੀ ਵਿਧਾਇਕਾਂ ਜਾਂ ਨੇੜਲੇ ਹਲਕਿਆਂ ਦੇ ਵਜ਼ੀਰਾਂ ਸਮੇਤ ਮੁੱਖ ਮੰਤਰੀ ਅਤੇ ਉਸ ਦੇ ਸੀਐਮ ਕੈਂਪ ਆਫ਼ਿਸ ਦੀ ਸੂਬੇ ਦੇ ਸ਼ਰਾਬ ਮਾਫ਼ੀਆ ਨੂੰ ਕੰਟਰੋਲ ਕਰਨ ਦੀ ਸਿੱਧੀ ਸ਼ਮੂਲੀਅਤ ਸਾਹਮਣੇ ਆ ਜਾਵੇਗੀ।

ਇਹੋ ਕਾਰਨ ਹੈ ਮੁੱਖ ਮੰਤਰੀ ਸੀਬੀਆਈ ਅਤੇ ਹਾਈਕੋਰਟ ਦੇ ਮੌਜੂਦਾ ਜੱਜਾਂ ਦੀ ਜਾਂਚ ਤੋਂ ਭੱਜ ਰਹੇ ਹਨ। ਭਗਵੰਤ ਮਾਨ ਨੇ ਕਿਹਾ ਕਿ ਸ਼ਰਾਬ ਸਮੇਤ ਬਹੁਭਾਂਤੀ ਮਾਫ਼ੀਆ ਚਲਾਉਣ ਲਈ ਜੋ ਪੁਲਸ ਸੱਤਾਧਾਰੀ ਸਿਆਸਤਦਾਨਾਂ ਲਈ ‘ਡੇਲੀਵੇਜਰ’ ਵਜੋਂ ਕੰਮ ਕਰ ਰਹੀ ਹੋਵੇ ਅਤੇ ਵਜ਼ੀਰ, ਵਿਧਾਇਕ ਜਾਂ ਅਖੌਤੀ ਹਲਕਾ ਇੰਚਾਰਜ ਆਪਣੀ ਮਰਜ਼ੀ ਨਾਲ ਥਾਣੇ ਠੇਕੇ ‘ਤੇ ਚੜਾਉਂਦੇ ਹੋਣ, ਅਜਿਹੀ ਜਰਜਰੀ ਕਾਨੂੰਨ ਵਿਵਸਥਾ (ਪੁਲਸ ਤੰਤਰ) ਕੋਲੋਂ ਇਨਸਾਫ਼ ਜਾਂ ਨਿਰਪੱਖ ਜਾਂਚਾਂ ਦੀ ਕੀ ਉਮੀਦ ਕੀਤੀ ਜਾ ਸਕਦੀ ਹੈ।

ਭਗਵੰਤ ਮਾਨ ਨੇ ਕਿਹਾ ਕਿ ਜੇਕਰ ਕਾਂਗਰਸ ਸਰਕਾਰ ਸੱਚਮੁੱਚ ਹੀ ਬਾਦਲਾਂ ਦੇ ਮਾਫ਼ੀਆ ਨੂੰ ਕੁਚਲਨਾ ਚਾਹੁੰਦੀ ਹੁੰਦੀ ਤਾਂ ਵਾਅਦੇ ਮੁਤਾਬਿਕ ਸਰਕਾਰੀ ਸ਼ਰਾਬ ਨਿਗਮ ਬਣਾ ਕੇ ਮਾਫ਼ੀਆ ਭਜਾਉਂਦੀ ਅਤੇ ਤਾਮਿਲਨਾਡੂ ਅਤੇ ਦਿੱਲੀ ਦੀ ਕੇਜਰੀਵਾਲ ਦੀ ਸਰਕਾਰ ਦੀ ਤਰਜ਼ ‘ਤੇ ਆਬਕਾਰੀ ਵਿਭਾਗ ਰਾਹੀਂ ਨੌਜਵਾਨਾਂ ਨੂੰ ਵੱਡੇ ਪੱਧਰ ‘ਤੇ ਰੁਜ਼ਗਾਰ ਦੇ ਮੌਕੇ ਅਤੇ ਸਰਕਾਰੀ ਖ਼ਜ਼ਾਨੇ ਨੂੰ ਅਰਬਾਂ ਦਾ ਮੁਨਾਫ਼ਾ ਦਿੰਦੀ।

ਇਸ ਮੌਕੇ ਭਗਵੰਤ ਮਾਨ ਨਾਲ ਡਾ. ਬਲਵੀਰ ਸਿੰਘ, ਹਰਚੰਦ ਸਿੰਘ ਬਰਸਟ, ਨੀਨਾ ਮਿੱਤਲ, ਗਗਨਦੀਪ ਸਿੰਘ ਚੱਢਾ, ਆਰ.ਪੀ.ਐਸ. ਮਲਹੋਤਰਾ, ਸਤਬੀਰ ਸਿੰਘ ਬਖਸ਼ੀਵਾਲਾ, ਦਲਵੀਰ ਸਿੰਘ ਢਿੱਲੋਂ, ਚੇਤਨ ਜੋਰਮਾਜਰਾ, ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਪ੍ਰੀਤੀ ਮਲਹੋਤਰਾ ਆਦਿ ਆਗੂ ਮੌਜੂਦ ਸਨ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION