25.1 C
Delhi
Friday, March 29, 2024
spot_img
spot_img

ਸ਼ਰਾਬ ਕਾਂਡ ’ਤੇ ਲੋਕ ਭਾਵਨਾਵਾਂ ਨਾਲ ਖਿਲਵਾੜ ਕਰ ਰਹੇ ਹਨ ਅਕਾਲੀ ਦਲ ਅਤੇ ‘ਆਪ’ – ਪੰਜਾਬ ਦੇ ਮੰਤਰੀ ਵਿਰੋਧੀਆਂ ’ਤੇ ਵਰ੍ਹੇ

ਚੰਡੀਗੜ, 6 ਅਗਸਤ, 2020 –
ਪੰਜਾਬ ਦੇ ਮੰਤਰੀਆਂ ਦੇ ਇੱਕ ਸਮੂਹ ਨੇ ਵੀਰਵਾਰ ਨੂੰ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ (ਆਪ) ‘ਤੇ ਨਿਸ਼ਾਨਾ ਲਾਉਂਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਵਲੋਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਲੋਕਾਂ ਦੀਆਂ ਭਾਵਨਾਵਾਂ ਨਾਲ ਖੇਡਣ ਲਈ ਜ਼ਹਿਰੀਲੀ ਸ਼ਰਾਬ ਦੁਖਾਂਤ ਦੀ ਬੜੀ ਬੇਸ਼ਰਮੀ ਨਾਲ ਵਰਤੋਂ ਕੀਤੀ ਜਾ ਰਹੀ ਹੈ।

ਮੰਤਰੀਆਂ ਨੇ ਇਥੇ ਜਾਰੀ ਇਕ ਸਾਂਝੇ ਬਿਆਨ ਵਿਚ ਕਿਹਾ ਕਿ ਵਿਰੋਧੀ ਧਿਰ ਇਸ ਮੰਦਭਾਗੀ ਘਟਨਾ ਦਾ ਲਾਹਾ ਲੈਣ ਲਈ ਇੰਨੀ ਰੁੱਝੀ ਹੋਈ ਹੈ ਕਿ ਪੀੜਤ ਲੋਕਾਂ ਅਤੇ ਉਨਾਂ ਦੇ ਪਰਿਵਾਰਾਂ ਦੇ ਦੁੱਖਾਂ ਦਾ ਉਨਾਂ ਉੱਤੇ ਕੋਈ ਅਸਰ ਨਹੀਂ ਹੋਇਆ।

ਇਹ ਬਿਆਨ ਕੈਬਨਿਟ ਮੰਤਰੀ ਸੁੱਖ ਸਰਕਾਰੀਆ, ਸਾਧੂ ਸਿੰਘ ਧਰਮਸੋਤ, ਸੁੰਦਰ ਸ਼ਾਮ ਅਰੋੜਾ ਅਤੇ ਭਾਰਤ ਭੂਸ਼ਣ ਨੇ ਜਾਰੀ ਕੀਤਾ।

ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਇਸ ਐਲਾਨ ਕਿ ਉਨਾਂ ਦੀ ਪਾਰਟੀ ਕਾਂਗਰਸ ਸਰਕਾਰ ਦੀ ਬਰਖਾਸਤਗੀ ਲਈ ਰਾਜਪਾਲ ਕੋਲ ਪਹੁੰਚ ਕਰੇਗੀ, ਦਾ ਖੰਡਨ ਕਰਦਿਆਂ ਮੰਤਰੀਆਂ ਨੇ ਕਿਹਾ ਕਿ ਅਕਾਲੀ ਪਾਰਟੀ ਦਾ ਗੇਮ-ਪਲਾਨ ਹੁਣ ਪੂਰੀ ਤਰਾਂ ਜੱਗ ਜ਼ਾਹਰ ਹੋ ਗਿਆ ਹੈ। ਇਹ ਸਪੱਸ਼ਟ ਹੈ ਕਿ ਆਪਣੀ ਰਾਜਨੀਤਿਕ ਸਰਪ੍ਰਸਤ – ਭਾਰਤੀ ਜਨਤਾ ਪਾਰਟੀ ਦੇ ਨਿਰਦੇਸ਼ਾਂ ‘ਤੇ ਕੰਮ ਕਰਦਿਆਂ ਅਕਾਲੀਆਂ ਵਲੋਂ ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੀ ਤਰਜ਼ ‘ਤੇ ਪੰਜਾਬ ਦੇ ਲੋਕਾਂ ਵਲੋਂ ਚੁਣੀ ਹੋਈ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਮੰਤਰੀਆਂ ਨੇ ਕਿਹਾ ਕਿ ਅਕਾਲੀਆਂ ਦੀਆਂ ਕੋਝੀਆਂ ਚਾਲਾਂ ਸਫਲ ਨਹੀਂ ਹੋਣਗੀਆਂ ਅਤੇ ਉਹ ਪੰਜਾਬ ਦੇ ਲੋਕਾਂ ਦੀਆਂ ਨਜ਼ਰਾਂ ਵਿਚ ਪਿਛਲੇ ਸਾਢੇ ਤਿੰਨ ਸਾਲਾਂ ਦੇ ਮੁਕਾਬਲੇ ਹੋਰ ਵੀ ਨੀਵੇਂ ਹੋ ਜਾਣਗੇ। ਉਨਾਂ ਕਿਹਾ ਕਿ ਜੇ ਗੈਂਗਸਟਰਾਂ ਅਤੇ ਅਪਰਾਧਿਕ ਮਾਫੀਆ ਦੁਆਰਾ ਕੀਤੇ ਗਏ ਜੁਰਮਾਂ ਲਈ ਸਰਕਾਰਾਂ ਨੂੰ ਬਰਖਾਸਤ ਕੀਤਾ ਜਾ ਸਕਦਾ ਹੈ ਤਾਂ ਪਿਛਲੀ ਅਕਾਲੀ-ਭਾਜਪਾ ਸਰਕਾਰ ਆਪਣੇ ਸ਼ਾਸਨ ਦੇ ਪਹਿਲੇ ਸਾਲ ਵਿੱਚ ਹੀ ਖਾਰਜ ਹੋ ਜਾਣੀ ਚਾਹੀਦੀ ਸੀ ਕਿਉਂਜੋ ਉਸ ਸ਼ਾਸਨਕਾਲ ਦੌਰਾਨ ਸੂਬੇ ਵਿੱਚ ਮਾਫੀਆ ਰਾਜ ਜ਼ੋਰਾਂ ’ਤੇ ਸੀ।

ਅਕਾਲੀ -ਭਾਜਪਾ ਸਾਸ਼ਨ ਦੌਰਾਨ ਸੂਬੇ ਵਿਚ ਵਾਪਰੇ ਜ਼ਹਿਰੀਲੀ ਸ਼ਰਾਬ ਦੇ ਵੱਖ-ਵੱਖ ਦੁਖਾਂਤਾਂ ਅਤੇ ਹੁਣ ਭਾਜਪਾ ਸ਼ਾਸਨ ਵਾਲੇ ਬਹੁਤ ਸਾਰੇ ਰਾਜਾਂ ਵਿੱਚ ਵਾਪਰ ਰਹੀਆਂ ਘਟਨਾਵਾਂ ਵੱਲ ਇਸ਼ਾਰਾ ਕਰਦਿਆਂ ਮੰਤਰੀਆਂ ਨੇ ਸੁਖਬੀਰ ਨੂੰ ਅਜਿਹੇ ਕਿਸੇ ਵੀ ਮਾਮਲੇ ਵਿਚ ਉਨਾਂ(ਅਕਾਲੀ-ਭਾਜਪਾ) ਦੀ ਸਰਕਾਰ ਵਲੋਂ ਕੀਤੀ ਕਾਰਵਾਈ ਦਾ ਵੇਰਵਾ ਪੇਸ਼ ਕਰਨ ਲਈ ਚੁਣੌਤੀ ਦਿੱਤੀ ।ਉਨਾਂ ਸਪੱਸ਼ਟ ਕੀਤਾ ਕਿ ਪੰਜਾਬ ਪੁਲਿਸ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਖਤ ਨਿਰਦੇਸ਼ਾਂ ‘ਤੇ, ਪਹਿਲਾਂ ਹੀ 50 ਲੋਕਾਂ ਨੂੰ ਗਿ੍ਰਫਤਾਰ ਕੀਤਾ ਹੈ, ਜਿਨਾਂ ਵਿਚ ਮਾਫੀਆ ਦੇ ਕਈ ਸਰਗਨਾ ਵੀ ਸ਼ਾਮਲ ਸਨ ਜੋ ਿਕ ਮੌਜੂਦਾ ਦੁਖਾਂਤ ਵਿਚ 100 ਤੋਂ ਵੱਧ ਲੋਕਾਂ ਦੀ ਮੌਤ ਦੇ ਜਿੰਮੇਵਾਰ ਹਨ।

ਮੰਤਰੀਆਂ ਨੇ ਕੁਝ ਚੁਣੇ ਗਏ ਕਾਂਗਰਸੀ ਨੇਤਾਵਾਂ ਦੀ ਸ਼ਰਾਬ ਮਾਫੀਆ ਵਿੱਚ ਸ਼ਮੂਲੀਅਤ ਦੇ ਬੇਬੁਨਿਆਦ ਦੋਸ਼ ਲਾਉਣ ਲਈ ਅਕਾਲੀਆਂ ਨੂੰ ਝਾੜ ਪਾਈ ਅਤੇ ਜਾਂਚ ਖਤਮ ਹੋਣ ਦਾ ਇੰਤਜ਼ਾਰ ਕਰਨ ਲਈ ਕਿਹਾ । ਮੰਤਰੀਆਂ ਨੇ ਕਿਹਾ ਕਿ ਮੁੱਖ ਮੰਤਰੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਇਸ ਦੁਖਾਂਤ ਵਿਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ। ਉਨਾਂ ਕਿਹਾ ਕਿ ਜੇ ਇਹ ਸਰਕਾਰ ਬਿਨਾਂ ਕਿਸੇ ਜਾਂਚ (ਜੋ ਚੱਲ ਰਹੀ ਹੈ) ਬਿਨਾਂ ਸੁਣਵਾਈ ਅਤੇ ਬੇਬੁਨਿਆਦ ਇਲਜ਼ਾਮਬਾਜ਼ੀ ਕਰ ਕੇ ਚਲਦੀ ਹੁੰਦੀ ਤਾਂ ਦੋਵੇਂ ਸੁਖਬੀਰ ਅਤੇ ਉਸਦਾ ਰਿਸ਼ਤੇਦਾਰ ਬਿਕਰਮ ਮਜੀਠੀਆ ਹੁਣ ਤਕ ਸਲਾਖਾਂ ਪਿੱਛੇ ਹੁੰਦੇ।

ਸੁਖਬੀਰ ਵਲੋਂ ਮੁੱਖ ਮੰਤਰੀ ਦੇ ਅਸਤੀਫੇ ਦੀ ਮੰਗ ‘ਤੇ ਪ੍ਰਤੀਕਿ੍ਰਆ ਪ੍ਰਗਟਾਉਂਦਿਆਂ ਮੰਤਰੀਆਂ ਨੇ ਅਕਾਲੀ ਦਲ ਦੇ ਪ੍ਰਧਾਨ ਨੂੰ ਪੁੱਛਿਆ ਕਿ ਬਾਦਲ ਸ਼ਾਸਨ ਦੌਰਾਨ ਨਜਾਇਜ਼ ਸ਼ਰਾਬ, ਨਸ਼ਿਆਂ, ਪੁਲਿਸ ਦੀ ਧੱਕੇਸ਼ਾਹੀ ਆਦਿ ਕਾਰਨ ਹੋਈਆਂ ਕਈ ਮੌਤਾਂ ਤੋਂ ਬਾਅਦ ਉਸ(ਸੁਖਬੀਰ) ਨੇ ਖੁਦ ਕਿੰਨੀ ਵਾਰ ਅਹੁਦਾ ਛੱਡਿਆ ਸੀ। ਅਸਲ ਵਿਚ ਕੈਪਟਨ ਅਮਰਿੰਦਰ ਸਰਕਾਰ ਹਾਲੇ ਵੀ ਅਕਾਲੀ-ਭਾਜਪਾ ਵੱਲੋਂ ਹਰ ਖੇਤਰ ਵਿਚ ਕੀਤੀ ਗੜਬੜੀ ਨੂੰ ਸਹੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਮੰਤਰੀਆਂ ਨੇ ਕਿਹਾ ਕਿ ਅਕਾਲੀ ਅਤੇ ਭਾਜਪਾ ਜਿਹੜੇ ਕਿ ਖੁਦ ਵੱਡੇ ਜੁਰਮਾਂ ’ਤੇ ਪਰਦਾ ਪਾਉਣ ਲਈ ਬਦਨਾਮ ਹਨ ਅਤੇ ਆਪਣੇ 10 ਸਾਲਾਂ ਦੇ ਕਾਰਜਕਾਲ ਦੌਰਾਨ ਮਾਫੀਆ ਦੀ ਸਰਪ੍ਰਸਤੀ ਕਰਦੇ ਰਹੇ ਸਨ, ਦੇ ਉਲਟ ਕੈਪਟਨ ਅਮਰਿੰਦਰ ਨੇ ਪੁਲਿਸ ਨੂੰ ਇਸ ਕੇਸ ਦੀ ਜਾਂਚ ਕਰਨ ਲਈ ਸਿਰਫ ਇੱਕ ਖੱੁਲ ਹੀ ਨਹੀਂ ਦਿੱਤੀ ਸੀ ਸਗੋਂ ਉਨਾਂ ‘ਤੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਕੇਸ ਦਰਜ ਕਰਨ ਲਈ ਜਿੰਮੇਵਾਰੀ ਵੀ ਲਗਾਈ ਸੀ।

ਮੰਤਰੀਆਂ ਨੇ ਦੱਸਿਆ ਕਿ ਇਸ ਕੇਸ ਵਿੱਚ ਸ਼ਾਮਲ ਆਬਕਾਰੀ ਵਿਭਾਗ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ । ਮੰਤਰੀਆਂ ਨੇ ਸੁਖਬੀਰ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਕਿੰਨੀ ਵਾਰ ਅਜਿਹੇ ਕਿਸੇ ਅਪਰਾਧਿਕ ਮਾਮਲੇ ਵਿੱਚ ਅਜਿਹੀ ਸਖਤ ਕਾਰਵਾਈ ਕਰਨ ਦੀ ਹਿੰਮਤ ਕੀਤੀ ਸੀ।

ਮੰਤਰੀਆਂ ਨੇ ਅੱਗੇ ਕਿਹਾ ਕਿ ਇਸ ਕੇਸ ਦੇ ਮੁਲਜ਼ਮਾਂ ਦੇ ਸਾਰੇ ਰਾਜਨੀਤਿਕ ਅਤੇ ਹੋਰ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਸਲ ਵਿਚ ਕੈਪਟਨ ਅਮਰਿੰਦਰ ਸਿੰਘ ਨੇ ਜ਼ਹਿਰੀਲੀ ਸ਼ਰਾਬ ਦੇ ਦੁਖਾਂਤ ਵਿੱਚ ਹੋਈਆਂ ਮੌਤਾਂ ਨੂੰ ਖੁਦ ਕਤਲ ਦੱਸਿਆ ਸੀ ਅਤੇ ਇਸੇ ਜਾਣਕਾਰੀ ਨੂੰ ਸੁਖਬੀਰ ਨੇ ਮੁੱਦਾ ਬਣਾ ਲਿਆ ।

ਮੰਤਰੀਆਂ ਨੇ ਕਿਹਾ ਕਿ ਰਾਜ ਵਿਚ ਮੁੱਖ ਵਿਰੋਧੀ ਪਾਰਟੀ ਹੋਣ ਦੇ ਬਾਵਜੂਦ ਵੀ ‘ਆਪ ’ ਦਾ ਕੋਈ ਅਧਾਰ ਨਹੀਂ ਹੈ ਅਤੇ ਦਿੱਲੀ ਵਿਚ ‘ਆਪ’ ਪਾਰਟੀ ਮਾੜੇ ਪ੍ਰਬੰਧਾਂ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਜੇ ਕੇਂਦਰ ਨੂੰ ਅਰਵਿੰਦ ਕੇਜਰੀਵਾਲ ਦੀ ਸਰਕਾਰ ਨੂੰ ਕੋਵਿਡ ਮਹਾਂਮਾਰੀ ਦੇ ਪ੍ਰਬੰਧਨ ਲਈ ਸਹਾਇਤਾ ਕਰਨੀ ਪਈ, ਤਾਂ ਕੋਈ ਵੀ ਅੰਦਾਜ਼ਾ ਲਗਾ ਸਕਦਾ ਹੈ ਕਿ ਦਿੱਲੀ ਵਿਚ ਸ਼ਾਸਨ ਦਾ ਆਮ ਪੱਧਰ ਕੀ ਹੋਣਾ ਚਾਹੀਦਾ ਹੈ। ਉਨਾਂ ਨੇ ਇਸ ਤੱਥ ਨੂੰ ਹਾਸੋ-ਹੀਣਾ ਦੱਸਦਿਆਂ ਕਿਹਾ ਕਿ ਜ਼ਹਿਰੀਲੀ ਸ਼ਰਾਬ ਦੁਖਾਂਤ ਵਿਰੁੱਧ ‘ਆਪ’ ਦੇ ਵਿਰੋਧ ਦੀ ਅਗਵਾਈ ਅਜਿਹੇ ਵਿਅਕਤੀ ਨੇ ਕੀਤੀ ਜੋ ਖੁਦ ਸ਼ਰਾਬਖ਼ੋਰੀ ਲਈ ਬਦਨਾਮ ਹੈ।


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION