ਯੈੱਸ ਪੰਜਾਬ
ਜਲੰਧਰ, 28 ਮਈ, 2022
ਵਿਰਸਾ ਵਿਹਾਰ ਅਤੇ ਕਾਲੇ ਰਾਮ ਸੰਗੀਤ ਕਲਾ ਮੰਦਿਰ, ਜਲੰਧਰ ਵਲੋਂ ਅੱਜ ਸ਼ਾਮ 6 ਵਜੇ ਤੋਂ 8 ਵਜੇ ਤੱਕ ਵਿਰਸਾ ਵਿਹਾਰ ਦੇ ਆਡੀਟੋਰੀਅਮ ਵਿਖੇ ਪੰਜਾਬ ਦੇ ਪ੍ਰਸਿੱਧ ਤਬਲਾ ਨਵਾਜ਼ ਪੰਡਿਤ ਕਾਲ਼ੇ ਰਾਮ ਜੀ ਦੇ ਨਿਰਦੇਸ਼ਨ ਹੇਠ ਸੰਗੀਤ ਸੰਮੇਲਨ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਇਸ ਸੰਮੇਲਨ ਵਿੱਚ ਕਲਕੱਤਾ ਦੇ ਪ੍ਰਸਿੱਧ ਸਿਤਾਰ ਵਾਦਕ ਸ੍ਰੀ ਸੌਮਨ ਭੱਟਾਚਾਰਜੀ ਸਿਤਾਰ ਵਾਦਨ ਪ੍ਰਸਤੁਤ ਕਰਨਗੇ ਅਤੇ ਸ੍ਰੀ ਸਿਧਾਰਥ ਚੈਟਰਜੀ ਉਨ੍ਹਾਂ ਦੇ ਨਾਲ ਤਬਲੇ ਤੇ ਸੰਗਤ ਕਰਨਗੇ। ਇਸ ਤੋਂ ਇਲਾਵਾ ਮਿਸ ਨਿਸ਼ਾ ਪਾਮੇਹ ਗਾਇਨ ਪ੍ਰਸਤੁਤ ਕਰਨਗੇ।
ਇਨ੍ਹਾਂ ਦੇ ਨਾਲ ਸ੍ਰੀ ਰਹਿਮਤ ਸਿੱਧੂ ਤਬਲੇ ਤੇ ਅਤੇ ਸ੍ਰੀ ਜੀਵਨ ਥਾਪਰ ਹਾਰਮੋਨੀਅਮ ਤੇ ਸੰਗਤ ਕਰਨਗੇ। ਪ੍ਰੋਗਰਾਮ ਦੀ ਆਰੰਭਤਾ ਸ੍ਰੀ ਮੋਹਨ ਸਾਂਵਰੀਆ ਦੇ ਸੂਫ਼ੀ ਗਾਇਨ ਨਾਲ ਹੋਵੇਗੀ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਵਿਰਸਾ ਵਿਹਾਰ ਦੇ ਸਕੱਤਰ ਸ੍ਰ. ਗੁਰਮੀਤ ਸਿੰਘ ਨੇ ਦੱਸਿਆ ਕਿ ਜਲੰਧਰ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਸ੍ਰੀ ਘਨਸ਼ਿਆਮ ਥੋਰੀ ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕਰਨਗੇ।
ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਮਾਗਮ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਅਤੇ ਸਮੂਹ ਸੰਗੀਤ ਪ੍ਰੇਮੀਆਂ ਨੂੰ ਇਸ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਨਿੱਘਾ ਸੱਦਾ ਹੈ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ