23.1 C
Delhi
Wednesday, April 24, 2024
spot_img
spot_img

ਲੁਧਿਆਣਾ ਵਿਚ ਕਰਫ਼ਿਊ ਦੌਰਾਨ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਦਾ ਕੰਮ ਸੌਖ਼ਾ ਕੀਤਾ: ਡਿਪਟੀ ਕਮਿਸ਼ਨਰ

ਲੁਧਿਆਣਾ, 26 ਮਾਰਚ, 2020 –

ਜ਼ਿਲ੍ਹਾ ਲੁਧਿਆਣਾ ਵਿੱਚ ਜਾਰੀ ਲੌਕਡਾਊਨ ਦੇ ਚੱਲਦਿਆਂ ਲੋਕਾਂ ਤੱਕ ਜ਼ਰੂਰੀ ਵਸਤਾਂ ਦੀ ਪਹੁੰਚ ਯਕੀਨੀ ਬਣਾਉਣ ਲਈ ਇਨ੍ਹਾਂ ਵਸਤਾਂ ਦੀ ਆਵਾਜਾਈ ਸਮੱਸਿਆ ਹੱਲ ਕਰਨ ਲਈ ਸਾਰੀ ਪ੍ਰਕਿਰਿਆ ਸੌਖੀ ਕਰ ਦਿੱਤੀ ਗਈ ਹੈ। ਇਨ੍ਹਾਂ ਵਸਤਾਂ ਦੀ ਸਪਲਾਈ ਲਈ ਪ੍ਰਵਾਨਗੀਆਂ ਜਾਰੀ ਕਰਨ ਦਾ ਜਿੰਮਾ ਹੁਣ ਵੱਖ-ਵੱਖ ਵਿਭਾਗੀ ਅਧਿਕਾਰੀਆਂ ਦੇ ਜਿੰਮੇ ਲਗਾਇਆ ਗਿਆ ਹੈ ਤਾਂ ਜੋ ਪ੍ਰਵਾਨਗੀਆਂ ਜਾਰੀ ਕਰਨ ਵਿੱਚ ਜਿਆਦਾ ਸਮਾਂ ਨਾ ਲੱਗੇ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਪ੍ਰਦੀਪ ਕੁਮਾਰ ਅਗਰਵਾਲ ਨੇ ਅੱਜ ਸਥਾਨਕ ਬਚਤ ਭਵਨ ਵਿਖੇ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਹੁਣ ਖੁਰਾਕ, ਗਰੌਸਰੀ, ਖਾਧ ਪਦਾਰਥਾਂ ਦੀ ਢੋਆ-ਢੁਆਈ, ਤਾਜ਼ੇ ਖਾਣੇ, ਮੰਡੀ ਲੇਬਰ ਆਦਿ ਦੀ ਪ੍ਰਵਾਨਗੀ ਲਈ ਜ਼ਿਲ੍ਹ ਖੁਰਾਕ ਅਤੇ ਸਪਲਾਈ ਕੰਟਰੋਲਰ ਕੋਲ ਅਪਲਾਈ ਕਰਨਾ ਪਵੇਗਾ। ਬੱਸਾਂ, ਆਟੋ, ਟੈਕਸੀਆਂ, ਜ਼ਿਲ੍ਹਾ ਪ੍ਰਸਾਸ਼ਨ ਦੇ ਵੱਖ-ਵੱਖ ਵਾਹਨਾਂ ਦੀ ਪ੍ਰਵਾਨਗੀ ਸਕੱਤਰ ਖੇਤਰੀ ਟਰਾਂਸਪੋਰਟ ਅਥਾਰਟੀ ਲੁਧਿਆਣਾ ਜਾਰੀ ਕਰਨਗੇ।

ਖੇਤਾਂ ਵਿੱਚ ਆਲੂ ਤੋੜਨ, ਕੋਲਡ ਸਟੋਰੇਜ, ਕਿਸਾਨਾਂ ਅਤੇ ਫਸਲਾਂ ਦੀ ਕਟਾਈ ਆਦਿ ਨਾਲ ਸੰਬੰਧਤ ਪ੍ਰਵਾਨਗੀ ਮੁੱਖ ਖੇਤੀਬਾੜੀ ਅਫ਼ਸਰ ਜਾਰੀ ਕਰਨਗੇ। ਸਨਅਤਾਂ, ਸਨਅਤਾਂ ਦੀ ਲੇਬਰ ਦੀ ਅਦਾਇਗੀ, ਕੋਵਿਡ 19 ਦੇ ਪ੍ਰਬੰਧਾਂ ਨਾਲ ਸੰਬੰਧਤ ਸਾਜੋ ਸਮਾਨ ਤਿਆਰ ਕਰਨ, ਫੂਡ ਪ੍ਰੋਸੈਸਿੰਗ ਸਮੇਤ ਹੋਰ ਜ਼ਰੂਰੀ ਯੂਨਿਟਾਂ ਨੂੰ ਚਲਾਉਣ ਦੀ ਪ੍ਰਵਾਨਗੀ ਜਨਰਲ ਮੈਨੇਜਰ ਜ਼ਿਲ੍ਹ ਉਦਯੋਗ ਕੇਂਦਰ ਜਾਰੀ ਕਰਨਗੇ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਦਵਾਈਆਂ, ਫਾਰਮਸੁਇਟੀਕਲ ਅਤੇ ਦਵਾਈਆਂ ਦੀ ਸਪਲਾਈ ਸੰਬੰਧੀ ਲਾਇਸੰਸ ਕਰਨ ਦਾ ਕੰਮ ਜ਼ੋਨਲ ਲਾਇਸੰਸਿੰਗ ਅਥਾਰਟੀ ਡਰੱਗਜ਼ ਨੂੰ ਸੌਂਪਿਆ ਗਿਆ ਹੈ। ਪੋਲਟਰੀ, ਚਾਰਾ ਅਤੇ ਪਸ਼ੂਆਂ ਨਾਲ ਸੰਬੰਧਤ ਕੰਮ ਡਿਪਟੀ ਡਾਇਰੈਕਟਰ ਪਸ਼ੂ ਪਾਲਣ ਦੇਖਣਗੇ। ਦੁੱਧ ਦੀ ਸਪਲਾਈ ਨਿਰਵਿਘਨ ਜਾਰੀ ਰੱਖਣ ਲਈ ਡਿਪਟੀ ਡਾਇਰੈਕਟਰ ਡੇਅਰੀ ਨੂੰ ਪਾਬੰਦ ਬਣਾਇਆ ਗਿਆ ਹੈ।

ਮੰਡੀਆਂ ਅਤੇ ਖਰੀਦ ਕੇਂਦਰ, ਆੜਤੀਆਂ, ਫ਼ਲਾਂ ਅਤੇ ਸਬਜ਼ੀਆਂ ਆਦਿ ਦੀ ਸਪਲਾਈ ਲਈ ਪ੍ਰਵਾਨਗੀ ਜਾਰੀ ਕਰਨ ਦੀ ਡਿਊਟੀ ਜ਼ਿਲ੍ਹਾ ਮੰਡੀ ਅਫ਼ਸਰ ਨੂੰ ਲਗਾਇਆ ਗਿਆ ਹੈ। ਗਲੀਆਂ ਅਤੇ ਮੁਹੱਲਿਆਂ ਵਿੱਚ ਸਮਾਨ ਵੇਚਣ ਦੀ ਪ੍ਰਵਾਨਗੀ ਨਗਰ ਨਿਗਮ ਲੁਧਿਆਣਾ ਅਤੇ ਸੰਬੰਧਤ ਐੱਸ. ਡੀ. ਐੱਮਜ਼ ਨੂੰ ਅਪਲਾਈ ਕੀਤੀ ਜਾ ਸਕਦੀ ਹੈ। ਘਰ-ਘਰ ਵਸਤਾਂ ਦੀ ਹੋਮ ਡਲਿਵਰੀ ਸਰਵਿਸ ਦਾ ਕੰਮ ਦੇਖਣ ਦਾ ਕੰਮ ਵਧੀਕ ਕਮਿਸ਼ਨਰ ਨਗਰ ਨਿਗਮ ਕਰਨਗੇ। ਇਸ ਤੋਂ ਇਲਾਵਾ ਜੇਕਰ ਕਿਸੇ ਵਿਅਕਤੀ ਨੂੰ ਵਿਅਕਤੀਗਤ ਐਮਰਜੈਂਸੀ ਪਾਸ ਦੀ ਲੋੜ ਹੈ ਤਾਂ ਉਹ ਸੰਬੰਧਤ ਐੱਸ. ਡੀ. ਐੱਮ., ਵਧੀਕ ਜ਼ਿਲ੍ਹਾ ਮੈਜਿਸਟ੍ਰੇਟ, ਸਹਾਇਕ ਪੁਲਿਸ ਕਮਿਸ਼ਨਰ ਅਤੇ ਡੀ. ਐੱਸ. ਪੀ. ਤੋਂ ਵੀ ਲੈ ਸਕਦਾ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਜ਼ਿਲ੍ਹਾ ਲੁਧਿਆਣਾ ਵਿੱਚ ਹੁਣ ਤੱਕ ਵੱਖ-ਵੱਖ ਸ਼ੱਕੀ ਮਰੀਜ਼ਾਂ ਦੇ 52 ਨਮੂਨੇ ਲਏ ਗਏ ਹਨ, ਜਿਨ੍ਹਾਂ ਵਿੱਚੋਂ 43 ਨੈਗੇਟਿਵ, 1 ਪਾਜ਼ੀਟਿਵ, 7 ਨਮੂਨਿਆਂ ਦੇ ਨਤੀਜਿਆਂ ਦੀ ਉਡੀਕ ਕੀਤੀ ਜਾ ਰਹੀ ਹੈ। ਬੀਤੀ ਰਾਤ ਜਲੰਧਰ ਨਾਲ ਸੰਬੰਧਤ ਇੱਕ ਹੋਰ ਮਰੀਜ਼ ਦੇ ਮੁੱਢਲੇ ਨਮੂਨਿਆਂ ਵਿੱਚ ਇਸ ਬਿਮਾਰੀ ਦੇ ਲੱਛਣ ਪਾਏ ਗਏ ਹਨ, ਜਿਸ ਦਾ ਨਮੂਨਾ ਲੈਬਾਰਟਰੀ ਵਿੱਚ ਭੇਜਿਆ ਗਿਆ ਹੈ।

ਸ੍ਰੀ ਅਗਰਵਾਲ ਨੇ ਦੱਸਿਆ ਕਿ ਇਸ ਸਾਰੀ ਪ੍ਰਕਿਰਿਆ ਨੂੰ ਸੁਚੱਜੇ ਤਰੀਕੇ ਨਾਲ ਜਾਰੀ ਰੱਖਣ ਲਈ ਜ਼ਿਲ੍ਹਾ ਪੱਧਰ ’ਤੇ ਇੱਕ ‘ਵਾਰ ਰੂਮ’ ਤਿਆਰ ਕੀਤਾ ਗਿਆ ਹੈ, ਜਿੱਥੇ ਸੀਨੀਅਰ ਅਧਿਕਾਰੀ ਪ੍ਰਵਾਨਗੀਆਂ ਅਤੇ ਸ਼ਿਕਾਇਤਾਂ ਆਦਿ ਦੇ ਕੰਮ ਨੂੰ ਨਿਪਟਾਉਣ ਦਾ ਕੰਮ ਦੇਖਣਗੇ। ਇਹ ਵਾਰ ਰੂਮ 24 ਘੰਟੇ ਕੰਮ ਕਰੇਗਾ।

ਉਨ੍ਹਾਂ ਕਿਹਾ ਕਿ ਇਸ ਸਥਿਤੀ ਵਿੱਚ ਜ਼ਿਲ੍ਹਾ ਲੁਧਿਆਣਾ ਦੇ ਕਈ ਸਮਾਜ ਸੇਵੀ ਲੋਕ ਅਤੇ ਸੰਸਥਾਵਾਂ ਲੋਕਾਂ ਦੀ ਸਹਾਇਤਾ ਲਈ ਅੱਗੇ ਆ ਰਹੇ ਹਨ। ਜੇਕਰ ਕਿਸੇ ਵੀ ਵਿਅਕਤੀ ਨੇ ਆਰਥਿਕ ਮਦਦ ਆਦਿ ਦੇਣੀ ਹੈ ਤਾਂ ਉਹ ਸਕੱਤਰ ਜ਼ਿਲ੍ਹਾ ਰੈੱਡ ਕਰਾਸ ਸੁਸਾਇਟੀ ਲੁਧਿਆਣਾ ਨਾਲ ਤਾਲਮੇਲ ਕਰਕੇ ਮੁਹੱਈਆ ਕਰਵਾ ਸਕਦੇ ਹਨ। ਜੇਕਰ ਕਿਸੇ ਨੇ ਕਿਸੇ ਵੀ ਤਰ੍ਹਾਂ ਦੀ ਵਲੰਟੀਅਰ ਸੇਵਾ ਲਈ ਅੱਗੇ ਆਉਣਾ ਹੈ ਤਾਂ ਉਹ ਨਗਰ ਨਿਗਮ ਲੁਧਿਆਣਾ ਦੇ ਵਧੀਕ ਕਮਿਸ਼ਨਰ ਸ੍ਰੀ ਰਿਸ਼ੀਪਾਲ ਸਿੰਘ ਨਾਲ ਰਾਬਤਾ ਕਾਇਮ ਕਰ ਸਕਦੇ ਹਨ।

ਸ੍ਰੀ ਅਗਰਵਾਲ ਨੇ ਪੁਲਿਸ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜੋ ਵਿਅਕਤੀ ਬਕਾਇਦਾ ਪ੍ਰਵਾਨਗੀ ਲੈ ਕੇ ਘਰੋਂ ਨਿਕਲਦੇ ਹਨ ਜਾਂ ਸਰਕਾਰੀ ਡਿਊਟੀ ਨਿਭਾ ਰਹੇ ਹਨ, ਉਨ੍ਹਾਂ ਨਾਲ ਨਰਮੀ ਦਾ ਵਰਤਾਅ ਕੀਤਾ ਜਾਵੇ ਤਾਂ ਲੋਕਾਂ ਨੂੰ ਰਾਹਤ ਪਹੁੰਚਾਉਣ ਦਾ ਇਹ ਕੰਮ ਨਿਰੰਤਰ ਸੁਚੱਜੇ ਤਰੀਕੇ ਨਾਲ ਜਾਰੀ ਰੱਖਿਆ ਜਾ ਸਕੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION