ਯੈੱਸ ਪੰਜਾਬ
ਲੁਧਿਆਣਾ, 28 ਜੂਨ, 2019:
ਲੁਧਿਆਣਾ ਦੀ ਕੇਂਦਰੀ ਜੇਲ੍ਹ ਵਿਚ ਵੀਰਵਾਰ ਨੂੰ ਇਕ ਕੈਦੀ ਮੋਨੂੂੰ ਸੂਦ ਦੀ ਮੌਤ ਮਗਰੋਂ ਭੜਕੇ ਕੈਦੀਆਂ ਅਤੇ ਪੁਲਿਸ ਵਿਚਾਲੇ ਹੋਈ ਹਿੰਸਾ ਦੇ ਮਾਮਲੇ ਵਿਚ ਲੁਧਿਆਣਾ ਪੁਲਿਸ ਵੱਲੋਂ 20 ਕੈਦੀਆਂ ਖਿਲਾਫ਼ ਕੇਸ ਦਰਜ ਕੀਤੇ ਜਾਣ ਦੀ ਖ਼ਬਰ ਹੈ।
ਕੈਦੀਆਂ ’ਤੇ ਧਾਰਾ 307 ਸਣੇ ਹੋਰ ਗੰਭੀਰ ਧਾਰਾਵਾਂ ਤਹਿਤ ਮੁਕੱਦਮੇ ਡਿਵੀਜ਼ਨ ਨੰਬਰ 7 ਵਿਚ ਦਰਜ ਕੀਤੇ ਗਏ ਹਨ।
ਦੋਸ਼ ਲਗਾਇਆ ਗਿਆ ਹੈ ਕਿ ਕੈਦੀਆਂ ਨੇ ਜੇਲ੍ਹ ਵਿਚ ਤਾਇਨਾਤ ਪੁਲਿਸ ਕਰਮੀਆਂ ’ਤੇ ਜਾਨਲੇਵਾ ਹਮਲਾ ਕੀਤਾ, ਸਰਕਾਰੀ ਜਾਇਦਾਦ ਦੀ ਭੰਨ ਤੋੜ ਕੀਤੀ ਅਤੇ ਜੇਲ੍ਹ ਦਾ ਮਾਹੌਲ ਖ਼ਰਾਬ ਕੀਤਾ।
ਐਫ.ਆਈ.ਆਰ. ਵਿਚ ਇਹ ਕਿਹਾ ਗਿਆਹ ਹੈ ਕਿ ਇਹ ਹਿੰਸਾ ਕੈਦੀਆਂ ਦੇ ਦੋ ਧੜਿਆਂ ਵਿਚਾਲੇ ਹੋਈ ਲੜਾਈ ਦਾ ਸਿੱਟਾ ਸੀ।
ਯਾਦ ਰਹੇ ਕਿ ਵੀਰਵਾਰ ਨੂੰ ਇਕ ਕੈਦੀ ਮੋਨੂੰ ਸੂਦ ਦੀ ਮੌਤ ’ਤੋਂ ਬਾਅਦ ਭੜਕੇ ਕੈਦੀਆਂ ਵੱਲੋਂ ਕਥਿਤ ਤੌਰ ’ਤੇ ਜੇਲ੍ਹ ਦੇ ਅੰਦਰ ਕੀਤੀ ਗਈ ਹਿੰਸਾ ਦੇ ਜਵਾਬ ਵਿਚ ਪੁਲਿਸ ਵੱਲੋਂ ਕੀਤੀ ਗਈ ਗੋਲੀਬਾਰੀ ਕਾਰਨ ਅਜੀਤ ਬਾਬਾ ਨਾਂਅ ਦੇ ਇਕ ਕੈਦੀ ਦੀ ਮੌਤ ਹੋ ਗਈ ਸੀ।
ਕੈਦੀਆਂ ਵੱਲੋਂ ਰਾਡਾਂ, ਤੇਜ਼ ਧਾਰ ਹਥਿਆਰਾਂ ਦੀ ਵਰਤੋਂ ਤੋਂ ਇਲਾਵਾ ਪਥਰਾਉ ਕੀਤਾ ਗਿਆ ਜਦਕਿ ਪੁਲਿਸ ਨੇ ਵੀ ਪੱਥਰਾਂ ਨਾਲ ਮੁਕਾਬਲਾ ਕਰਨ ਤੋਂ ਇਲਾਵਾ ਪਹਿਲਾਂ ਲਾਠੀਚਾਰਜ ਕੀਤਾ ਅਤੇ ਮੁੜ ਗੋਲੀਆਂ ਚਲਾਈਆਂ।