ਅੱਜ-ਨਾਮਾ
ਲੀਡਰ ਦਾਗਣ ਬਿਆਨ ਤਾਂ ਪੜ੍ਹ ਲਈਦੇ,
ਬੱਚਾ ਚੂਸ ਲਏ ਜਿਉਂ ਲਾਲੀਪਾਪ ਮੀਆਂ।
ਬਹੁਤੇ ਲੋਕ ਨਾ ਹੈਡਿੰਗ ਤੋਂ ਵੱਧ ਪੜ੍ਹਦੇ,
ਪੜ੍ਹਦੇ ਚਾਟੜੇ ਜਾਂ ਲੀਡਰ ਆਪ ਮੀਆਂ।
ਉਹੀਓ ਆਉਂਦਾ ਬਿਆਨ ਤੇ ਉਹੀ ਫੋਟੋ,
ਦਿੱਤਾ ਬਦਲ ਤਰੀਕ ਫਿਰ ਛਾਪ ਮੀਆਂ।
ਮੂਹਰੇ ਆਏ ਤੋਂ ਕਰਨ ਸਲਾਮ ਬੇਸ਼ੱਕ,
ਆਖਣ ਲੀਡਰ ਨੂੰ ਲੋਕ ਸੰਤਾਪ ਮੀਆਂ।
ਬਣਿਆ ਪਿਆ ਮਜ਼ਾਕ ਆ ਲੋਕਤੰਤਰ,
ਕੀਤਾ ਮੁਲਕ ਦਾ ਸੱਤਿਆਨਾਸ ਮੀਆਂ।
ਵਾਅਦਾ ਹੋਵੇ ਨਾ ਕਦੀ ਵੀ ਜਦੋਂ ਪੂਰਾ,
ਲੋਕ ਕਰਨਗੇ ਕਿਵੇਂ ਵਿਸ਼ਵਾਸ ਮੀਆਂ।
-ਤੀਸ ਮਾਰ ਖਾਂ
29 ਅਕਤੂਬਰ, 2020
Click here to Like us on Facebook