24.1 C
Delhi
Thursday, April 25, 2024
spot_img
spot_img

ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂ ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਯੋਗ ਹੋਣਗੇ: ਰਾਣਾ ਸੋਢੀ ਨੇ ਕੀਤਾ ਐਲਾਨ

ਚੰਡੀਗੜ੍ਹ, 14 ਸਤੰਬਰ, 2020 –

ਪੰਜਾਬ ਦੇ ਖੇਡਾਂ ਤੇ ਯੁਵਕ ਸੇਵਾਵਾਂ ਅਤੇ ਪਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਅੱਜ ਐਲਾਨ ਕੀਤਾ ਕਿ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂ ਆਪਣੇ ਆਪ ਪੰਜਾਬ ਦੇ ਵੱਕਾਰੀ ਐਵਾਰਡ, ਮਹਾਰਾਜਾ ਰਣਜੀਤ ਸਿੰਘ ਪੁਰਸਕਾਰ ਲਈ ਯੋਗ ਹੋਣਗੇ। ਖੇਡ ਮੰਤਰੀ ਨੇ ਇਹ ਐਲਾਨ ਅੱਜ ਇੱਥੇ ਆਪਣੀ ਸਰਕਾਰੀ ਨਿਵਾਸ ਉਤੇ ਅਰਜੁਨਾ, ਧਿਆਨ ਚੰਦ ਤੇ ਤੇਨਜ਼ਿੰਗ ਨੋਰਗੇ ਐਵਾਰਡ ਜੇਤੂਆਂ ਦਾ ਸਨਮਾਨ ਕਰਦਿਆਂ ਕੀਤਾ।

ਇਸ ਮੌਕੇ ਰਾਣਾ ਸੋਢੀ ਨੇ ਜਿੱਥੇ ਇਹ ਵੱਕਾਰੀ ਐਵਾਰਡ ਜਿੱਤਣ ਵਾਲਿਆਂ ਦੀ ਸ਼ਲਾਘਾ ਕੀਤੀ, ਉਥੇ ਕਿਹਾ ਕਿ ਖੇਡ ਪਿੜ ਵਿੱਚ ਇਨ੍ਹਾਂ ਦੀਆਂ ਲਾਮਿਸਾਲ ਉਪਲਬਧੀਆਂ ਰਾਜ ਦੇ ਨੌਜਵਾਨਾਂ ਖ਼ਾਸ ਤੌਰ ਉਤੇ ਉੱਭਰਦੇ ਖਿਡਾਰੀਆਂ ਨੂੰ ਪ੍ਰੇਰਨਗੀਆਂ। ਸਮਾਗਮ ਦੌਰਾਨ ਵਧੀਕ ਮੁੱਖ ਸਕੱਤਰ ਪਰਵਾਸੀ ਭਾਰਤੀ ਮਾਮਲੇ ਸ੍ਰੀ ਕਿਰਪਾ ਸ਼ੰਕਰ ਸਰੋਜ ਅਤੇ ਡਾਇਰੈਕਟਰ ਖੇਡਾਂ ਸ੍ਰੀ ਡੀ.ਪੀ.ਐਸ. ਖਰਬੰਦਾ ਹਾਜ਼ਰ ਸਨ।

ਖੇਡ ਮੰਤਰੀ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਸੂਬਾ ਸਰਕਾਰ ਵੱਲੋਂ ਸਾਲ 2018 ਵਿੱਚ ਬਣਾਈ ਖੇਡ ਨੀਤੀ ਵਿੱਚ ਅਰਜੁਨਾ ਐਵਾਰਡ ਅਤੇ ਰਾਜੀਵ ਗਾਂਧੀ ਖੇਲ ਰਤਨ ਪੁਰਸਕਾਰ ਜੇਤੂਆਂ ਨੂੰ ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡ ਹਾਸਲ ਕਰਨ ਦੇ ਹੱਕਦਾਰ ਬਣਾਇਆ ਗਿਆ ਸੀ, ਜਿਸ ਤਹਿਤ ਪਿਛਲੇ ਸਾਲ 2019 ਵਿੱਚ ਪੁਰਾਣੇ ਦਿੱਗਜ਼ ਖਿਡਾਰੀਆਂ ਸਣੇ 101 ਖਿਡਾਰੀਆਂ ਨੂੰ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ।

ਹੁਣ ਇਸ ਨੀਤੀ ਵਿੱਚ ਸਾਰੇ ਕੌਮੀ ਖੇਡ ਐਵਾਰਡ ਜੇਤੂ ਖਿਡਾਰੀ ਸ਼ਾਮਲ ਹੋਣਗੇ, ਜਿਸ ਵਿੱਚ ਧਿਆਨ ਚੰਦ ਐਵਾਰਡ ਤੇ ਦਰੋਣਾਚਾਰੀਆ ਐਵਾਰਡ ਵੀ ਸ਼ਾਮਲ ਹਨ। ਉਨ੍ਹਾਂ ਕਿਹਾ ਕਿ ਲਾਈਫ਼ਟਾਈਮ ਅਚੀਵਮੈਂਟ ਐਵਾਰਡ ਜੇਤੂਆਂ (ਦਰੋਣਚਾਰੀਆ ਅਤੇ ਧਿਆਨ ਚੰਦ ਐਵਾਰਡੀ) ਆਪਣੇ ਆਪ ਮਹਾਰਾਜਾ ਰਣਜੀਤ ਸਿੰਘ ਐਵਾਰਡਾਂ ਲਈ ਯੋਗ ਹੋ ਜਾਣਗੇ।


ਇਸ ਨੂੰ ਵੀ ਪੜ੍ਹੋ:
ਖ਼ੇਤੀ ਆਰਡੀਨੈਂਸਾਂ ’ਤੇ ਅਕਾਲੀ ਦਲ ਦਾ ਮੋੜਾ: ਬਹੁਤ ਦੇਰ ਕੀ ਮੇਹਰਬਾਂ ਆਤੇ ਆਤੇ – ਐੱਚ.ਐੱਸ.ਬਾਵਾ


ਇਸ ਲਈ ਖੇਡ ਨੀਤੀ ਵਿੱਚ ਜਲਦੀ ਲੋੜੀਂਦੀ ਤਬਦੀਲੀ ਕੀਤੀ ਜਾਵੇਗੀ। ਮੰਤਰੀ ਨੇ ਖੇਡ ਡਾਇਰੈਕਟਰ ਨੂੰ ਕਿਹਾ ਕਿ ਉਹ ਖੇਡ ਨੀਤੀ ਵਿੱਚ ਜਲਦੀ ਲੋੜੀਂਦੀ ਤਬਦੀਲੀ ਯਕੀਨੀ ਬਣਾਉਣ। ਕੈਬਨਿਟ ਮੰਤਰੀ ਨੇ ਸਾਰੇ ਜ਼ਿਲ੍ਹਾ ਖੇਡ ਅਫ਼ਸਰਾਂ ਨੂੰ ਵੀ ਹਦਾਇਤ ਕੀਤੀ ਕਿ ਉਹ ਆਪਣੇ ਜ਼ਿਲ੍ਹਿਆਂ ਨਾਲ ਸਬੰਧਤ ਮਹਾਰਾਜਾ ਰਣਜੀਤ ਸਿੰਘ ਐਵਾਰਡ ਲਈ ਯੋਗ ਖਿਡਾਰੀਆਂ ਦੇ ਫ਼ਾਰਮ ਭਰਵਾ ਕੇ ਹੈੱਡਕੁਆਰਟਰ ਵਿਖੇ ਭੇਜਣ ਤਾਂ ਕਿ ਕੋਈ ਵੀ ਯੋਗ ਖਿਡਾਰੀ ਵਾਂਝਾ ਨਾ ਰਹੇ।

ਖੇਡ ਮੰਤਰੀ ਨੇ ਅੱਗੇ ਐਲਾਨ ਕੀਤਾ ਕਿ ਬਜ਼ੁਰਗ ਖਿਡਾਰੀਆਂ ਨੂੰ ਦਿੱਤੀ ਜਾਂਦੀ ਪੈਨਸ਼ਨ ਉਤੇ ਸਾਲਾਨਾ ਆਮਦਨ ਦੀ ਕੋਈ ਹੱਦ ਨਹੀਂ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਪੁਰਾਣੇ ਖਿਡਾਰੀ ਦੀ ਕਿੰਨੀ ਵੀ ਸਾਲਾਨਾ ਆਮਦਨ ਹੋਵੇ, ਉਹ ਪੈਨਸ਼ਨ ਦਾ ਹੱਕਦਾਰ ਬਣਿਆ ਰਹੇਗਾ।

ਆਗਾਮੀ ਖੇਡ ਮੁਕਾਬਲਿਆਂ ਲਈ ਇਨ੍ਹਾਂ ਖਿਡਾਰੀਆਂ ਨੂੰ ਸੂਬਾ ਸਰਕਾਰ ਵੱਲੋਂ ਹਰ ਤਰ੍ਹਾਂ ਦੀ ਮਦਦ ਮੁਹੱਈਆ ਕਰਾਉਣ ਦਾ ਭਰੋਸਾ ਦਿੰਦਿਆਂ ਖੇਡ ਮੰਤਰੀ ਨੇ ਕਿਹਾ ਕਿ ਖੇਡਾਂ ਦੇ ਖੇਤਰ ਵਿੱਚ ਪੰਜਾਬ ਤੇਜ਼ੀ ਨਾਲ ਅੱਗੇ ਵਧ ਰਿਹਾ ਹੈ ਕਿਉਂ ਜੋ ਸਰਕਾਰ ਨੇ ਨੌਜਵਾਨਾਂ ਨੂੰ ਉਤਸ਼ਾਹਤ ਕਰਨ ਲਈ ਵਿਆਪਕ ਖੇਡ ਨੀਤੀ ਐਲਾਨੀ ਹੈ, ਜਿਸ ਵਿੱਚ ਨੌਜਵਾਨਾਂ ਦੀ ਵਡੇਰੀ ਸ਼ਮੂਲੀਅਤ, ਤਮਗ਼ੇ ਜਿੱਤਣ ਵਾਲੀਆਂ ਸੰਭਾਵੀ ਖੇਡਾਂ ਉਤੇ ਵੱਧ ਧਿਆਨ ਕੇਂਦਰਿਤ ਕਰਨਾ, ਬੱਚਿਆਂ ਤੇ ਨੌਜਵਾਨਾਂ ਦੀ ਸ਼ਮੂਲੀਅਤ ਲਈ ਪਾਠਕ੍ਰਮ ਵਿੱਚ ਬੁਨਿਆਦੀ ਤਬਦੀਲੀਆਂ, ਤਮਗ਼ਾ ਜੇਤੂਆਂ ਲਈ ਵਿੱਤੀ ਸਹਾਇਤਾ ਵਧਾਉਣੀ ਅਤੇ ਸਰਕਾਰੀ ਤੇ ਪ੍ਰਾਈਵੇਟ ਖੇਤਰ ਵਿੱਚ ਹੋਣਹਾਰ ਖਿਡਾਰੀਆਂ ਲਈ ਨੌਕਰੀਆਂ ਦੇ ਮੌਕੇ ਮੁਹੱਈਆ ਕਰਵਾਉਣਾ ਸ਼ਾਮਲ ਹੈ।

ਖੇਡ ਮੰਤਰੀ ਨੇ ਕਿਹਾ ਕਿ ਜੁਲਾਈ ਮਹੀਨੇ ਵਿੱਚ ਹੋਈ ਕੈਬਨਿਟ ਮੀਟਿੰਗ ਦੌਰਾਨ ਖਿਡਾਰੀਆਂ ਲਈ ਨੌਕਰੀਆਂ ਦੇ ਹੋਰ ਮੌਕੇ ਸਿਰਜਣ ਦਾ ਅਹਿਮ ਫ਼ੈਸਲਾ ਲਿਆ ਗਿਆ ਸੀ। ਹੁਣ ਕੌਮੀ ਖੇਡਾਂ/ਸੀਨੀਅਰ ਕੌਮੀ ਚੈਂਪੀਅਨਸ਼ਿਪਾਂ/ਮਾਨਤਾ ਪ੍ਰਾਪਤ ਕੌਮਾਂਤਰੀ ਟੂਰਨਾਮੈਂਟਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦੇ ਤਮਗ਼ੇ ਜਿੱਤਣ ਵਾਲੇ ਖਿਡਾਰੀ ਗਰੁੱਪ-ਏ ਤੇ ਗਰੁੱਪ-ਬੀ ਦੀਆਂ ਆਸਾਮੀਆਂ ਉਤੇ ਭਰਤੀ ਲਈ ਯੋਗ ਹੋਣਗੇ।

ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਸਰਕਾਰੀ ਨੌਕਰੀਆਂ ਵਿੱਚ ਖਿਡਾਰੀਆਂ ਲਈ ਵੱਖਰਾ ਕੋਟਾ ਸਿਰਜਣ ਦੀ ਸਿਧਾਂਤਕ ਪ੍ਰਵਾਨਗੀ ਦੇ ਦਿੱਤੀ ਹੈ। ਉਨ੍ਹਾਂ ਕਿਹਾ ਕਿ ਸਰਕਾਰ, ਪੰਜਾਬ ਦੇ ਵਸਨੀਕ ਗ੍ਰੇਡਿਡ ਖਿਡਾਰੀਆਂ, ਜਿਨ੍ਹਾਂ ਨੇ ਕੌਮੀ ਪੱਧਰ ਉਤੇ ਸੂਬੇ ਦੀ ਨੁਮਾਇੰਦਗੀ ਕੀਤੀ ਹੈ, ਉਨ੍ਹਾਂ ਲਈ ਸਰਕਾਰੀ, ਬੋਰਡਾਂ, ਕਾਰਪੋਰੇਸ਼ਨਾਂ, ਸਹਿਕਾਰੀ/ਵਿਧਾਨਕ ਸੰਸਥਾਵਾਂ ਤੇ ਸਥਾਨਕ ਸਰਕਾਰਾਂ ਦੀਆਂ ਨੌਕਰੀਆਂ ਵਿੱਚ 3 ਫ਼ੀਸਦੀ ਰਾਖਵਾਂ ਕੋਟਾ ਜਾਰੀ ਰੱਖਣ ਲਈ ਵਚਨਬੱਧ ਹੈ।

ਸਮਾਗਮ ਦੌਰਾਨ ਜਿਨ੍ਹਾਂ ਖਿਡਾਰੀਆਂ ਦਾ ਸਨਮਾਨ ਕੀਤਾ ਗਿਆ, ਉਨ੍ਹਾਂ ਵਿੱਚ ਹਾਕੀ ਖਿਡਾਰੀ ਆਕਾਸ਼ਦੀਪ ਸਿੰਘ (ਅਰਜੁਨਾ ਐਵਾਰਡ ਜੇਤੂ), ਅਥਲੀਟ ਕੁਲਦੀਪ ਸਿੰਘ ਭੁੱਲਰ, ਹਾਕੀ ਖਿਡਾਰੀ ਅਜੀਤ ਸਿੰਘ, ਕਬੱਡੀ ਖਿਡਾਰੀ ਮਨਪ੍ਰੀਤ ਸਿੰਘ, ਰੋਇੰਗ ਖਿਡਾਰੀ ਮਨਜੀਤ ਸਿੰਘ, ਫੁੱਟਬਾਲ ਖਿਡਾਰੀ ਸੁਖਵਿੰਦਰ ਸਿੰਘ ਤੇ ਮੁੱਕੇਬਾਜ਼ ਲੱਖਾ ਸਿੰਘ (ਸਾਰੇ ਮੇਜਰ ਧਿਆਨ ਚੰਦ ਐਵਾਰਡ ਜੇਤੂ) ਅਤੇ ਤੇਨਜ਼ਿੰਗ ਨੋਰਗੇ ਕੌਮੀ ਐਵਾਰਡ ਜੇਤੂ ਕਰਨਲ ਸਰਫ਼ਰਾਜ਼ ਸਿੰਘ ਸ਼ਾਮਲ ਹਨ। ਰਾਣਾ ਸੋਢੀ ਨੇ ਇਨ੍ਹਾਂ ਖਿਡਾਰੀਆਂ ਨੂੰ ਹੱਲਾਸ਼ੇਰੀ ਦਿੰਦਿਆਂ ਆਖਿਆ ਕਿ ਸਾਰੇ ਖਿਡਾਰੀ ਆਪਣੇ ਟੀਚਿਆਂ ਦੀ ਪੂਰਤੀ ਲਈ ਹੋਰ ਵਧੇਰੇ ਕੋਸ਼ਿਸ਼ ਕਰਨ ਅਤੇ ਸੂਬੇ ਲਈ ਹੋਰ ਨਾਮਣਾ ਖੱਟਣ।

ਇਸ ਦੌਰਾਨ ਜਿਥੇ ਖਿਡਾਰੀਆਂ ਨੇ ਖੇਡਾਂ ਸਬੰਧੀ ਆਪਣੇ ਤਜਰਬੇ ਸਾਂਝੇ ਕੀਤੇ, ਉਥੇ ਉਨ੍ਹਾਂ ਅਤੇ ਸਕੇ-ਸਬੰਧੀਆਂ ਨੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਦਾ ਵਿਸ਼ੇਸ਼ ਤੌਰ ’ਤੇ ਧੰਨਵਾਦ ਕੀਤਾ। ਖੇਡ ਮੰਤਰੀ ਨੇ ਖਿਡਾਰੀਆਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਦੀਆਂ ਮੰਗਾਂ ਛੇਤੀ ਪੂਰੀਆਂ ਕੀਤੀਆਂ ਜਾਣਗੀਆਂ।

ਇਸ ਦੇ ਨਾਲ ਹੀ ਖੇਡ ਮੰਤਰੀ ਨੇ ਹਾਲ ਹੀ ਵਿੱਚ ਧਿਆਨ ਚੰਦ ਐਵਾਰਡ ਹਾਸਲ ਕਰਨ ਵਾਲੇ ਏਸ਼ਿਆਈ ਖੇਡਾਂ ਦੇ ਤਮਗ਼ਾ ਜੇਤੂ ਤੇ ਓਲੰਪੀਅਨ ਮੁੱਕੇਬਾਜ਼ ਲੱਖਾ ਸਿੰਘ ਦੀ ਕਮਜ਼ੋਰ ਮਾਲੀ ਹਾਲਤ ਦੇ ਸਨਮੁੱਖ ਐਲਾਨ ਕੀਤਾ ਕਿ ਖੇਡ ਵਿਭਾਗ ਵੱਲੋਂ ਲੱਖਾ ਸਿੰਘ ਨੂੰ ਨੌਕਰੀ ਦਿੱਤੀ ਜਾਵੇਗੀ, ਜਿਸ ਲਈ ਉਨ੍ਹਾਂ ਖੇਡ ਵਿਭਾਗ ਦੇ ਡਾਇਰੈਕਟਰ ਨੂੰ ਇਸੇ ਮਹੀਨੇ ਮੁੱਕੇਬਾਜ਼ੀ ਕੋਚ ਵਜੋਂ ਨੌਕਰੀ ਦੇਣ ਦੇ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ ਲੱਖਾ ਸਿੰਘ ਆਪਣੀ ਕਮਜ਼ੋਰ ਮਾਲੀ ਹਾਲਤ ਕਾਰਨ ਟੈਕਸੀ ਚਲਾ ਕੇ ਗੁਜ਼ਾਰਾ ਕਰ ਰਿਹਾ ਹੈ।

Yes Punjab Gall Punjab Di 1


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION