24.1 C
Delhi
Thursday, April 18, 2024
spot_img
spot_img

ਰਾਣਾ ਗੁਰਜੀਤ ਸਿੰਘ ਦੀ ਕੋਰੋਨਾ ਦੇ ਖਿਲਾਫ਼ ਜੰਗ – ਕੀ ਕਰ ਰਹੇ ਹਨ ਕਾਂਗਰਸ ਵਿਧਾਇਕ? – ਵੇਖ਼ੋ ਵੀਡੀਓ

ਯੈੱਸ ਪੰਜਾਬ
ਚੰਡੀਗੜ੍ਹ, 28 ਮਾਰਚ, 2020:

ਜਦ ਪੰਜਾਬ ਹੀ ਨਹੀਂ ਸਗੋਂ ਦੇਸ਼ ਦੇ ਵੱਖ ਵੱਖ ਰਾਜਾਂ ਨਾਲ ਸੰਬੰਧਤ ਵਧੇਰੇ ਵਿਧਾਇਕ ਕੋਰੋਨਾਵਾਇਰਸ ਦੇ ਖਿਲਾਫ਼ ਲੜਾਈ ਦੀ ਰਣਨੀਤੀ ਅਤੇ ਫੰਡਾਂ ਲਈ ਸਰਕਾਰਾਂ ’ਤੇ ਟੇਕ ਲਗਾਈ ਬੈਠੇ ਹਨ, ਪੰਜਾਬ ਕਾਂਗਰਸ ਦੇ ਵਿਧਾਇਕ ਅਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਨੇ ਆਪਣੇ ਹਲਕੇ ਦੇ ਲੋਕਾਂ ਦੇ ਵਿਸ਼ਵ ਵਿਚ ਮਨੁੱਖ਼ਤਾ ਨੂੰ ਮੌਤ ਦੀ ਚੁਣੌਤੀ ਦੇ ਰਹੀ ਮਾਰੂ ਮਹਾਂਮਾਰੀ ਦੇ ਦੁਸ਼ਪ੍ਰਭਾਵਾਂ ਤੋਂ ਬਚਾਅ ਲਈ ਇਕ ਵਿਆਪਕ ਰਣਨੀਤੀ ਘੜੀ ਹੈ।

ਹਰ ਵੇਲੇ ਲੋਕਾਂ ਦੇ ਵਿਚ ਰਹਿ ਕੇ ਉਨ੍ਹਾਂ ਹੱਸ ਹੱਸ ਜੱਫ਼ੀਆਂ ਪਾ ਮਿਲਣ ਲਈ ਜਾਣੇ ਜਾਂਦੇ ਨਿੱਘੇ ਸੁਭਾਅ ਦੇ ਹਲਕਾ ਕਪੂਰਥਲਾ ਦੇ ਰਾਣਾ ਗੁਰਜੀਤ ਸਿੰਘ ਇਸ ਵੇਲੇ ਭਾਵੇਂ ਜੱਫ਼ੀ ਤੋਂ ਪਰਹੇਜ਼ ਕਰ ਰਹੇ ਹਨ ਪਰ ਸਨਿਚਰਵਾਰ ਤੋਂ ਉਹ ਆਪਣੇ ਹਲਕੇ ਦੇ ਹਰ ਪਰਿਵਾਰ ਲਈ ਅੱਧਾ ਕਿੱਲੋ ਪੈਕਿੰਗ ਵਾਲਾ ਸੈਨੇਟਾਈਜ਼ਰ ਵੰਡਣ ਦੀ ਮੁਹਿੰਮ ਸ਼ੁਰੂ ਕਰ ਰਹੇ ਹਨ ਜਿਹੜੀ 2-3 ਦਿਨਾਂ ਵਿਚ ਮੁਕੰਮਲ ਹੋ ਜਾਵੇਗੀ। ਉਨ੍ਹਾਂ ਦੇ ਅੰਦਾਜ਼ੇ ਮੁਤਾਬਕ ਹਲਕੇ ਦੇ 40 ਹਜ਼ਾਰ ਤੋਂ ਵੀ ਵੱਧ ਘਰਾਂ ਨੂੰ ਇਹ ਸੈਨੇਟਾਈਜ਼ਰ ਮੁਫ਼ਤ ਵੰਡਿਆ ਜਾਵੇਗਾ ਜਿਹੜਾ ਉਨ੍ਹਾਂ ਦੀ ਨਿੱਜੀ ਵਰਤੋਂ ਲਈ ਹੋਵੇਗਾ।

ਇਸ ਤੋਂ ਇਲਾਵਾ ਰਾਣਾ ਗੁਰਜੀਤ ਸਿੰਘ ਕਪੂਰਥਲਾ ਦੀਆਂ ਸੜਕਾਂ ਨੂੰ ‘ਸੈਨੇਟਾਈਜ਼’ ਕਰਨ ਦਾ ਕੰਮ ਪਹਿਲਾਂ ਹੀ ਸ਼ੁਰੂ ਕਰ ਚੁੱਕੇ ਹਨ। ਸੜਕਾਂ ਨੂੰ ਸੈਨੇਟਾਈਜ਼ ਕਰਨ ਦੀ ਇਹ ਸੇਵਾ ‘ਸੋਡੀਅਮ ਹਾਈਪੋ ਕਲੋਰਾਈਡ’ ਦੇ ਮਿਸ਼ਰਣ ਨਾਲ ਨੇਪਰੇ ਚੜ੍ਹਾਈ ਜਾ ਰਹੀ ਹੈ। ਸ: ਰਾਣਾ ਨੇ ਦੱਸਿਆ ਕਿ ਪਿਛਲੇ ਤਿੰਨ ਦਿਨਾਂ ਤੋਂ ਕਪੂਰਥਲਾ ਦੀਆਂ ਲਗਪਗ ਅੱਧੀਆਂ ਸੜਕਾਂ ਦਾ ਕੰਮ ਨਿਪਟਾਇਆ ਜਾ ਚੁੱਕਾ ਹੈ ਅਤੇ ਬਾਕੀ ਰਹਿੰਦੀਆਂ ਸੜਕਾਂ ਦਾ ਕੰਮ ਛੇਤੀ ਹੀ ਨਿਬੇੜ ਲਿਆ ਜਾਵੇਗਾ। ਇਸ ਲਈ ਇਲਾਕੇ ਦੇ ਕਿਸਾਨਾਂ ਤੋਂ ਵੱਡੇ ਪੰਪ ਲੈ ਕੇ ਇਹ ਕਾਰਜ ਨੇਪਰੇ ਚਾੜਿ੍ਹਆ ਜਾ ਰਿਹਾ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਤੋਂ ਬਾਅਦ ਮੁਹੱਲਿਆ ਅਤੇ ਗਲੀਆਂ ਦੀ ਵਾਰੀ ਆਵੇਗੀ ਜਿਸ ਲਈ ਪਿੱਠੂ ਸਪਰੇਅ ਪੰਪਾਂ ਨਾਲ ਗਲੀਓ ਗਲੀ ਸੈਨੇਟਾਈਜ਼ੇਸ਼ਨ ਕੀਤੀ ਜਾਵੇਗੀ। ਉਹਨਾਂ ਕਿਹਾ ਕਿ ਮੰਤਵ ਤਾਂ ਇਹ ਹੈ ਕਿ ਕਰੋਨਾ ਦੇ ਖਿਲਾਫ਼ ਜੰਗ ਵਿਚ ਕਿਸੇ ਤਰ੍ਹਾਂ ਦੀ ਕੋਈ ਢਿੱਲ ਨਾ ਆਉਣ ਦਿੱਤੀ ਜਾਵੇ।

ਯੈੱਸ ਪੰਜਾਬ ਨਾਲ ਗੱਲਬਾਤ ਕਰਦਿਆਂ ਕਾਂਗਰਸ ਵਿਧਾਇਕ ਨੇ ਕਿਹਾ, ‘‘ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣੇ ਨਿਵੇਕਲੇ, ਵਿਹਾਰਕ ਅਤੇ ਜੰਗਜੂ ਤਰੀਕਿਆਂ ਨਾਲ ਇਕ ਜਰਨੈਲ ਵਾਂਗ ਅੱਗੇ ਹੋ ਕੇ ਲੜਦੇ ਹੋਏ ਪਹਿਲਾਂ ਹੀ ਸੂਬੇ ਦੇ ਲੋਕਾਂ ਨੂੰ ਇਸ ਮਹਾਂਮਾਰੀ ਤੋਂ ਬਚਾਉਣ ਲਈ ਲੱਗੇ ਹੋਏ ਹਨ। ਇਸ ਗੱਲ ਵਿਚ ਕੋਈ ਸ਼ੱਕ ਨਹੀਂ ਕਿ ਸਰਕਾਰ ਆਪਣੇ ਵੱਲੋਂ ਸੂਬੇ ਦੇ ਕੋਨੇ ਕੋਨੇ ਵਿਚ ਖ਼ਾਣ ਪੀਣ ਅਤੇ ਹੋਰ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਉਣ ਵਾਸਤੇ ਬਹੁਤ ਕੁਝ ਕਰ ਰਹੀ ਹੈ ਅਤੇ ਜਿਨ੍ਹਾਂ ਨੂੰ ਜ਼ਰੂਰਤ ਹੈ ਉਨ੍ਹਾਂ ਨੂੰ ਖ਼ਾਣਾ ਅਤੇ ਹੋਰ ਚੀਜ਼ਾਂ ਘਰੋ ਘਰ ਪੁਚਾਉਣ ਦਾ ਪ੍ਰਬੰਧ ਕੀਤਾ ਗਿਆ ਹੈ ਪਰ ਮੈਂ ਆਪਣੇ ਹਲਕੇ ਦੇ ਲੋਕਾਂ ਦੇ ਨਾਲ ਮਿਲ ਕੇ ਇਸ ਮਹਾਂਮਾਰੀ ਦਾ ਮੁਕਾਬਲਾ ਕਰਾਂਗਾ ਕਿਉਂਕਿ ਇਹੀ ਮੇਰਾ ਪਰਿਵਾਰ ਹੈ।

ਇਸ ਤੋਂ ਇਲਾਵਾ ਵੀ ਸ: ਰਾਣਾ ਅੱਧਾ ਕਿੱਲੋ ਪੈਕਿੰਗ ਵਾਲੇ ਹੀ 900 ਸੈਨੈਟਾਈਜ਼ਰ ਕਪੂਰਥਲਾ ਪੁਲਿਸ ਦੇ ਫ਼ੀਲਡ ਵਿਚ ਤੈਨਾਤ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ, 250 ਸੈਨੇਟਾਈਜ਼ਰ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਅਤੇ 150 ਜੁਡੀਸ਼ੀਅਲ ਅਧਿਕਾਰੀਆਂ ਲਈ ਭੇਜ ਰਹੇ ਹਨ। ‘‘ਮੇਰਾ ਮੰਨਣਾ ਹੈ ਕਿ ਇਨ੍ਹਾਂ ਕੋਰੋਨਾ ਦੇ ਜੋਧਿਆਂ ਦੀਆਂ ਸੇਵਾਵਾਂ ਦਾ ਕਦੇ ਕੋਈ ਮੁੱਲ ਨਹੀਂ ਪਾਇਆ ਜਾ ਸਕੇਗਾ ਕਿਉਂਕਿ ਇਹ ਇਸ ਮਾਰੂ ਬਿਮਾਰੀ ਦਾ ਖ਼ਤਰਾ ਸਹੇੜਦੇ ਹੋਏ ਵੀ ਕਰਫ਼ਿਊ ਅਤੇ ਲਾਕਡਾਊਨ ਵਰਗੇ ਹਾਲਾਤ ਵਿਚ ਆਪਣੇ ਪਰਿਵਾਰਾਂ ਨੂੰ ਘਰ ਛੱਡ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ। ਮੇਰੇ ਵੱਲੋਂ ਇਹ ਉਨ੍ਹਾਂ ਨੂੰ ਸਲਾਮ ਕਰਨ ਅਤੇ ਉਨ੍ਹਾਂ ਦਾ ਧੰਨਵਾਦ ਕਰਨ ਦੀ ਇਕ ਛੋਟੀ ਜਿਹੀ ਕੋਸ਼ਿਸ਼ ਹੋਵੇਗੀ।

ਇੱਥੇ ਹੀ ਬੱਸ ਨਹੀਂ, ਕਾਂਗਰਸ ਵਿਧਾਇਕ ਨੇ ਆਪਣੀ ਕਰੋਨਾ ਖਿਲਾਫ਼ ਜੰਗ ਦੇ ਕਈ ਪੜਾਅ ਉਲੀਕੇ ਹਨ। ‘‘ਮੇਰਾ ਮਨ ਹੋਰ ਬਹੁਤ ਕੁਝ ਕਰਨ ਦਾ ਹੈ ਜਿਸ ਦਾ ਖੁਲਾਸਾ ਮੈਂ ਸਮੇਂ ਸਮੇਂ ਕਰਦਾ ਰਹਾਂਗਾ। ਮੇਰੇ ਹਲਕੇ ਦੇ ਲੋਕਾਂ ਨੇ ਹਮੇਸ਼ਾ ਮੇਰੇ ’ਤੇ ਭਰੋਸਾ ਜਤਾਇਆ ਹੈ ਅਤੇ ਮੇਰਾ ਮੰਨਣਾ ਹੈ ਕਿ ਸਾਡੇ ਸਾਰਿਆਂ ਦੀ ਸੰਕਟ ਦੀ ਘੜੀ ਵਿਚ ਅਸੀਂ ਹੌਂਸਲੇ ਅਤੇ ਇਕਮੁੱਠਤਾ ਦਾ ਪ੍ਰਗਟਾਵਾ ਕਰਦਿਆਂ ਹੀ ਇਹ ਜੰਗ ਜਿੱਤ ਸਕਾਂਗੇ।’’

ਸ: ਰਾਣਾ ਜਿਹੜੇ ਪੰਜਾਬ ਵਿਚ ਸ਼ੂਗਰ ਮਿੱਲ ਅਤੇ ਡਿਸਟਿਲਰੀ ਦੇ ਮਾਲਕ ਹਨ ਨੇ ਆਪਣੀ ਸਰਕਾਰ ਨੂੰ ਇਹ ਸੁਝਾਅ ਦਿੱਤਾ ਸੀ ਕਿ ਸਰਕਾਰ ਡਿਸਟਿਲਰੀਆਂ ਨੂੰ ਸੈਨੇਟਾਈਜ਼ਰ ਬਣਾਉਣ ਅਤੇ ਸਪਲਾਈ ਕਰਨ ਦੀ ਇਜਾਜ਼ਤ ਦੇਵੇ ਕਿਉਂÎਕ ਇਸ ਵੇਲੇ ਖ਼ਪਤ ਵਧ ਜਾਣ ਕਾਰਨ ਸੈਨੇਟਾਈਜ਼ਰਾਂ ਦੀ ਬਹੁਤ ਕਿੱਲਤ ਮਹਿਸੂਸ ਕੀਤੀ ਜਾ ਰਹੀ ਹੈ। ‘‘ਮੈਂ ਮੁੱਖ ਮੰਤਰੀ ਨੂੰ ਬੇਨਤੀ ਕੀਤੀ ਸੀ ਕਿ ਉਹ ਡਿਸਟਿਲਰੀਆਂ ਨੂੰ ਸੈਨੇਟਾਈਜ਼ਰ ਬਣਾਉਣ ਲਈ ਅਧਿਕਾਰਤ ਕਰਨ ਪਰ ਇਸ ਲਈ ਕੇਂਦਰ ਤੋਂ ਐਲ-21 ਲਾਇਸੰਸ ਦੀ ਲੋੜ ਸੀ। ਮੇਰੇ ਇਸ ਸੁਝਾਅ ਨੂੰ ਮੰਨਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਲਈ ਦਖ਼ਲ ਦਿੱਤਾ।’’

ਸੀਨੀਅਰ ਕਾਂਗਰਸ ਆਗੂ ਨੇ ਕਿਹਾ ਕਿ ਉਹਨਾਂ ਨੇ ਆਪਣੇ ਹਲਕੇ ਦੇ ਲੋਕਾਂ ਦੀ ਸਹੂਲਤ ਲਈ ਇਕ ਵੱਖਰਾ ਕੰਟਰੋਲ ਰੂਮ ਵੀ ਸਥਾਪਿਤ ਕੀਤਾ ਹੈ ਜਿਹੜਾ ਅੱਜ ਹੀ ਕੰਮ ਕਰਨਾ ਸ਼ੁਰੂ ਕਰ ਦੇਵੇਗਾ। ‘‘ਅਸੀਂ ਫ਼ੋਨ ’ਤੇ ਡਾਕਟਰੀ ਸਲਾਹ ਦਾ ਇੰਤਜ਼ਾਮ ਕੀਤਾ ਹੈ ਜਿਸ ਮਗਰੋਂ ਲੋੜਵੰਦਾਂ ਨੂੰ ਦਵਾਈਆਂ ਵੀ ਮੁਹੱਈਆ ਕਰਵਾਈਆਂ ਜਾਣਗੀਆਂ। ਜਿਨ੍ਹਾਂ ਲੋਕਾਂ ਨੂੰ ਦਵਾਈਆਂ ਤੋਂ ਇਲਾਵਾ ਕਿਸੇ ਵੱਡੇ ਕਾਰਨ ਡਾਕਟਰੀ ਇਮਦਾਦ ਦੀ ਲੋੜ ਹੋਵੇਗੀ ਅਸੀਂ ਉਹਨਾਂ ਨੂੰ ਸਿਵਲ ਹਸਪਤਾਲ ਵਿਚ ਲਿਜਾ ਕੇ ਇਲਜਾ ਕਰਾਉਣ ਵਿਚ ਮਦਦ ਕਰਾਂਗੇ।’’


ਯੈੱਸ ਪੰਜਾਬ ਦੀਆਂ ‘ਅਪਡੇਟਸ’ TELEGRAM ਤੇ ਪ੍ਰਾਪਤ ਕਰਨ ਲਈ TELEGRAM ਐਪ ਡਾਊਨਲੋਡ ਕਰਕੇ ਇੱਥੇ ਕਲਿੱਕ ਕਰੋ


TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION