36.1 C
Delhi
Thursday, March 28, 2024
spot_img
spot_img

ਰਾਜੋਆਣਾ-ਲੌਂਗੋਵਾਲ ਮੁਲਾਕਾਤ ਨਾਲ ਕੋਈ ਜੱਗੋਂ ਤੇਰ੍ਹਵੀਂ ਨਹੀਂ ਹੋਈ: ਬੀਰ ਦਵਿੰਦਰ ਸਿੰਘ

ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ), 9 ਜਨਵਰੀ 2020 :

ਪੰਜਾਬ ਦੇ ਸਾਬਕਾ ਡਿਪਟੀ ਸਪੀਕਰ ਅਤੇ ਅਕਾਲੀ ਦਲ ਟਕਸਾਲੀ ਦੇ ਸੀਨੀਅਰ ਆਗੂ ਸ: ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਮੌਤ ਦੀ ਸਜ਼ਾ ਮਿਲਣ ਤੋਂ ਬਾਅਦ ਫਾਂਸ਼ੀ ਦੀ ਕੋਠੜੀ ਵਿੱਚ ਬੰਦ ਬਲਵੰਤ ਸਿੰਘ ਸਿੰਘ ਰਾਜੋਆਣਾ ਅਤੇ ਗੋਬਿੰਦ ਸਿੰਘ ਲੌਂਗੋਵਾਲ ਦੀ ਮੁਲਾਕਾਤ ਨੂੰ ਲੈ ਕੇ ਉੱਠਿਆ ਬਵਾਲ ਸਰਾਸਰ ਗ਼ਲਤ ਹੈ। ਇਸ ਮੁਲਕਾਤ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਬੇਨਿਯਮੀ ਨਹੀਂ ਹੋਈ।

ਉਨ੍ਹਾਂ ਕਿਹਾ ਕਿ ਕਿਸੇ ਵੀ ਅਜਿਹੇ ਕੈਦੀ ਪਾਸੋਂ, ਜੋ ਮੌਤ ਦੀ ਸਜ਼ਾ ਯਾਫ਼ਤਾ ਹੈ ਅਤੇ ਉਸਦੀ ਰਹਿਮ ਦੀ ਅਪੀਲ ਲੰਬਿਤ ਦਸ਼ਾ ਵਿੱਚ ਹੋਵੇ, ਉਸ ਨੂੰ ਮੁਲਾਕਾਤ ਦੇ ਅਧਿਕਾਰ ਤੋਂ ਵਿਰਵਾ ਨਹੀਂ ਰੱਖਿਆ ਜਾ ਸਕਦਾ ਬਸ਼ਰਤ ਇਹ ਕਿ ਮੁਲਾਕਾਤ ਨਿਯਮਾਂ ਅਨੁਸਾਰ ਕਰਵਾਈ ਗਈ ਹੋਵੇ।

ਇੱਥੇ ਇਹ ਵੀ ਵਰਨਣ ਯੋਗ ਹੈ ਕਿ ਬਲਵੰਤ ਸਿੰਘ ਰਾਜੋਆਣਾ ਨੂੰ ਜੋ ਫਾਂਸੀ ਦੀ ਸਜਾ ਹੋਈ ਹੈ ਉਸ ਮਾਮਲੇ ਵਿੱਚ ਅਪੀਲ ਕਰਤਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਹੈ। ਇਹ ਅਪੀਲ ਭਾਰਤ ਸਰਕਾਰ ਅਤੇ ਰਾਸ਼ਟਰਪਤੀ ਪਾਸ ਸਵਰਗਵਾਸੀ ਜੱਥੇਦਾਰ ਅਵਤਾਰ ਸਿੰਘ ਮੱਕੜ ਦੀ ਪ੍ਰਧਾਨਗੀ ਸਮੇਂ ਦਾਇਰ ਕੀਤੀ ਗਈ ਸੀ।

ਸ: ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਬਲਵੰਤ ਸਿੰਘ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਬਾਕਾਇਦਾ ਲਿਖਤੀ ਮਨਮਜ਼ੂਰੀ ਲਈ ਗਈ ਹੈ ਅਤੇ ਮੁਲਾਕਾਤ ਲਈ ਦਿੱਤੀ ਗਈ ਅਰਜ਼ੀ ਵਿੱਚ ਸਾਰੇ ਮੁਲਾਕਾਤੀਆਂ ਦੇ ਨਾਮ ਵੀ ਦਰਜ ਹਨ।

ਇੱਥੇ ਇਹ ਦੱਸਣਾ ਵੀ ਜ਼ਰੂਰੀ ਹੈ ਕਿ ਬਲਵੰਤ ਸਿੰਘ ਸਿੰਘ ਰਾਜੋਆਣਾ ਨੇ 11 ਜਨਵਰੀ ਤੋਂ ਅਣਮਿਥੇ ਸਮੇਂ ਲਈ ਭੁੱਖ ਹੜਤਾਲ ਤੇ ਬੈਠਣ ਦਾ ਐਲਾਨ ਕੀਤਾ ਹੋਇਆ ਸੀ ਜੋ ਪੰਜਾਬ ਵਿੱਚ ਅਮਨ ਤੇ ਕਾਨੂੰਨ ਦੀ ਸਥਿੱਤੀ ਲਈ ਇੱਕ ਵੱਡੀ ਮੁਸੀਬਤ ਬਣ ਸਕਦੀ ਸੀ। ਅਜਿਹੇ ਵਿੱਚ ਤਾਂ ਇਸ ਮੁਲਾਕਤ ਦਾ ਪ੍ਰਬੰਧ ਕਰਨ ਲਈ, ਪੰਜਾਬ ਸਰਕਾਰ ਦੇ ਜੇਲ੍ਹ ਮਹਿਕਮੇ ਅਤੇ ਗਹਿ੍ਰ ਵਿਭਾਗ ਨੂੰ ਖੁਦ ਪਹਿਲ ਕਰਨੀ ਚਾਹੀਦੀ ਸੀ। ਜੇ ਇਹ ਪਹਿਲ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਇੱਕ ਉੱਚ ਪੱਧਰੀ ਵਫ਼ਦ ਵੱਲੋਂ ਹੋਈ ਤਾਂ ਇਸ ਵਿੱਚ ਨਾ ਤਾਂ ਕੋਈ ਗ਼ਲਤੀ ਹੈ ਤੇ ਨਾ ਹੀ ਕੋਈ ਬੇਨਿਯਮੀ ਹੈ ਜਿਸ ਉੱਤੇ ਖਾਹਮਖਾਹ ਬਵਾਲ ਖੜ੍ਹਾ ਕੀਤਾ ਜਾ ਰਿਹਾ ਹੈ।

ਉਨ੍ਹਾਂ ਕਿਹਾ ਕਿ ਮੁਲਾਕਾਤ ਕਰਨ ਵਾਲੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵਿੱਚ ਇੱਕ ਮੌਜੂਦਾ ਪ੍ਰਧਾਨ ਜੱਥੇਦਾਰ ਗੋਬਿੰਦ ਸਿੰਘ ਲੌਂਗੋਵਾਲ ਹਨ ਅਤੇ ਦੂਸਰੇ ਜੱਥੇਦਾਰ ਕਿਰਪਾਲ ਸਿੰਘ ਬਡੂੰਗਰ ਸਾਬਕਾ ਪ੍ਰਧਾਨ ਹਨ ਅਤੇ ਬਾਕੀ ਤਿੰਨ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਹਨ। ਇਨ੍ਹਾਂ ਸਾਰਿਆਂ ਨੂੰ ਸਤਿਕਾਰ ਨਾਲ ਸੁਪਰਡੈਂਟ ਦੇ ਦਫ਼ਤਰ ਵਿੱਚ ਬਿਠਾ ਕੇ ਬਲਵੰਤ ਸਿੰਘ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਵਾ ਦੇਣ ਨਾਲ ਨਾਂ ਤਾਂ ਕੋਈ ਆਫ਼ਤ ਆਈ ਹੈ ਅਤੇ ਨਾ ਹੀ ਕੋਈ ਜੱਗੋਂ ਤੇਰ੍ਹਵੀਂ ਹੋਈ ਹੈ।

ਉਨ੍ਹਾਂ ਕਿਹਾ ਕਿ ਮੌਤ ਦੀ ਸਜ਼ਾ ਯਾਫ਼ਤਾ ਕੈਦੀਆਂ ਦੀਆਂ ਮੁਲਾਕਾਤਾਂ ਦੇ ਸਬੰਧ ਵਿੱਚ ਸੁਪਰਡੈਂਟ ਜੇਲ੍ਹ ਦੇ ਅਧਿਕਾਰਾਂ ਦੀ ਵਿਆਖਿਆ ਜੇਲ੍ਹ ਮੈਨੂਅਲ ਦੇ ਰੂਲ 3 ਅਧੀਨ, ਪੈਰਾ 468 ਤੋਂ 470 ਤੱਕ ਸਪਸ਼ਟ ਰੂਪ ਵਿੱਚ ਕੀਤੀ ਹੋਈ ਅਤੇ ਇਹ ਚਰਚਿਤ ਮੁਲਾਕਾਤ ਵੀ ਸੁਪਰਡੈਂਟ ਜੇਲ੍ਹ ਭੁਪਿੰਦਰ ਜੀਤ ਸਿੰਘ ਵਿਰਕ ਵੱਲੋਂ ਉਨ੍ਹਾਂ ਅਧਿਕਾਰਾਂ ਤਹਿਤ ਹੀ ਕਰਵਾਈ ਗਈ ਹੈ।

ਸ: ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਅੱਜ ਦੇਸ਼ ਵਿੱਚ ਕੋਈ ਐਮਰਜੈਂਸੀ ਨਹੀਂ ਲੱਗੀ ਹੋਈ। ਮੈਂ ਐਮਰਜੈਂਸੀ ਵਿੱਚ ਕੇਂਦਰੀ ਜੇਲ੍ਹ ਪਟਿਆਲਾ ਵਿੱਚ ਨਜ਼ਰਬੰਦ ਰਿਹਾ ਹਾਂ ਉਸ ਵੇਲੇ ਵੀ ਏਨੀਆਂ ਸਖਤ ਪਾਬੰਦੀਆਂ ਦੇ ਬਾਵਜੂਦ ਸਾਡੀ ਮੁਲਾਕਾਤ ਜਾਂ ਤਾਂ ਡਿਪਟੀ ਸੁਪਰਡੈਂਟ ਜਾਂ ਫੇਰ ਸੁਪਰਡੈਂਟ ਜੇਲ੍ਹ ਦੇ ਦਫ਼ਤਰ ਵਿੱਚ ਹੀ ਕਰਵਾਈ ਜਾਂਦੀ ਸੀ। ਪਰ ਕੋਈ ਮਸਲਾ ਖੜ੍ਹਾ ਨਹੀ ਸੀ ਹੁੰਦਾ, ਹਾਲਾਂ ਕਿ ਉਸ ਸਮੇਂ ਵੀ ਪੰਜਾਬ ਵਿੱਚ ਗਿਆਨੀ ਜ਼ੈਲ ਸਿੰਘ ਦੀ ਕਾਂਗਰਸ ਦੀ ਸਰਕਾਰ ਹੀ ਸੀ।ਉੰਝ ਵੀ ਜੇਲ੍ਹ ਦੇ ਅੰਦਰੂਨੀ ਪ੍ਰਬੰਧ ਵਿੱਚ ਬਾਹਰ ਦੇ ਰਾਜਨੀਤਕ ਪ੍ਰਭਾਵਾਂ ਦੀ ਦਖਲ ਅੰਦਾਜ਼ੀ ਕੋਈ ਸਰਾਹਨਾਂ ਯੋਗ ਨਹੀਂ ਹੈ।

ਉਨ੍ਹਾਂ ਕਿਹਾ ਕਿ ਸਰਦਾਰ ਬੇਅੰਤ ਸਿੰਘ ਦੇ ਪਰਿਵਾਰ ਨੂੰ ਵੀ ਹੁਣ ਜ਼ਰਾ ਸਹਿਜ ਤੇ ਸ਼ਹਿਣਸ਼ੀਲਤਾ ਤੋਂ ਕੰਮ ਲੈਣਾਂ ਚਾਹੀਦਾ ਹ ਅਤੇ ਜੇਲ੍ਹ ਮੰਤਰੀ ਨੂੰ ਵੀ ਹੱਦੋਂ ਕਾਹਲ਼ਾ ਵੱਗਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ। ਸਜ਼ਾ-ਏ-ਮੌਤ ਤੋਂ ਉੱਪਰ ਹੋਰ ਕਿਸੇ ਨੂੰ ਕਿਹੜੀ ਸਜ਼ਾ ਦਿੱਤੀ ਜਾ ਸਕਦੀ ? ਪੰਜਾਬ ਦੀਆਂ ਜੇਲ੍ਹਾਂ ਕੋਈ ਸਾਇਬੇਰੀਆ ਦੇ ਵਗਾਰੀ ਕੈਂਪ ਨਹੀਂ ਹਨ ਕਿ ਜਿੱਥੇ ਕੋਈ ਜੋ ਮਰਜ਼ੀ ਜ਼ੁਲਮ ਕਰੀਂ ਜਾਵੇ ਕੋਈ ਸੁਣਵਾਈ ਨਹੀਂ। ਇਹ ਠੀਕ ਹੈ ਕਿ ਜੇਲ੍ਹ ਦੇ ਪ੍ਰਬੰਧਾਂ ਵਿੱਚ ਵੱਡੇ ਸੁਧਾਰਾਂ ਦੀ ਲੋੜ ਹੈ ਪਰ ਹਰ ਕੰਮ ਕਾਨੂਨ ਦੇ ਜ਼ਾਬਤਿਆਂ ਅਨੁਸਾਰ ਹੀ ਕਰਨਾ ਯੋਗ ਜਾਪਦਾ ਹੈ।ਮੇਰੀ ਸਰਕਾਰ ਪਾਸੋਂ ਮੰਗ ਹੈ ਕਿ ਕੇਂਦਰੀ ਜੇਲ੍ਹ ਪਟਿਆਲਾ ਦੇ ਸੁਪਰਡੈਂਟ ਭੁਪਿੰਦਰ ਜੀਤ ਸਿੰਘ ਵਿਰਕ ਦੇ ਕਾਹਲੀ ਨਾਲ ਕੀਤੇ ਗਏ ਤਬਾਦਲੇ ਤੇ ਮੁੜ ਨਜ਼ਰਸਾਨੀ ਕਰਕੇ ਇਹ ਤਬਾਦਲਾ ਫੌਰਨ ਰੱਦ ਕੀਤਾ ਜਾਵੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION