ਯੈੱਸ ਪੰਜਾਬ
ਨਵੀਂ ਦਿੱਲੀ, 17 ਜਨਵਰੀ, 2021:
ਕਿਸਾਨ ਜੱਥੇਬੰਦੀਆਂ ਨੇ ਅੱਜ ਲੰਬੀ ਚੱਲੀ ਮੈਰਾਥਨ ਮੀਟਿੰਗ ਤੋਂ ਬਾਅਦ ਇਹ ਐਲਾਨ ਕੀਤਾ ਹੈ ਕਿ 26 ਜਨਵਰੀ ਨੂੰ ਉਨ੍ਹਾਂ ਵੱਲੋਂ ਨਾ ਤਾਂ ਰਾਜਪਥ ’ਤੇ ਕੀਤੇ ਜਾਣ ਵਾਲੀ ਸਾਲਾਨਾ ਸਰਕਾਰੀ ਪਰੇਡ ਵਿੱਚ ਕੋਈ ਵਿਘਨ ਪਾਇਆ ਜਾਵੇਗਾ ਅਤੇ ਨਾ ਹੀ ਕਿਸੇ ਸਰਕਾਰੀ ਅਤੇ ਇਤਿਹਾਸਕ ਥਾਂ ’ਤੇ ਕਬਜ਼ੇ ਆਦਿ ਦੀ ਯੋਜਨਾ ਹੈ ਪਰ ਕਿਸਾਨਾਂ ਵੱਲੋਂ ਦਿੱਲੀ ਵਿੱਚ ਪਹਿਲਾਂ ਕੀਤੇ ਐਲਾਨ ਅਨੁਸਾਰ ਟਰੈਕਟਰ ਪਰੇਡ ਅਵੱਸ਼ ਕੀਤੀ ਜਾਵੇਗੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਸ੍ਰੀ ਯੋਗਿੰਦਰ ਯਾਦਵ ਨੇ ਦੱਸਿਆ ਕਿ ਇਸ ਵਾਰ ਜਵਾਨ ਦੇ ਨਾਲ ਨਾਲ ਕਿਸਾਨ ਵੀ ਗਣਤੰਤਰ ਦਿਵਸ ਮਨਾਏਗਾ। ਉਨ੍ਹਾਂ ਕਿਹਾ ਕਿ ਜਵਾਨ ਆਪਣੀ ਵਰਦੀ ਵਿੱਚ ਰਾਜਪਥ ’ਤੇ ਪਹਿਲਾਂ ਵਾਂਗ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ ਜਦਕਿ ਕਿਸਾਨ ਆਊਟਰ ਰਿੰਗ ਰੋਡ ’ਤੇ ਟਰੈਕਟਰ ਪਰੇਡ ਕਰਨਗੇ ਜਿਸ ਵਿੱਚ ਹਰ ਵਾਹਨ ’ਤੇ ਤਿਰੰਗਾ ਅਤੇ ਇਕ ਕਿਸਾਨ ਜੱਥੇਬੰਦੀ ਦਾ ਝੰਡਾ ਲੱਗਾ ਹੋਵੇਗਾ ਅਤੇ ਕਿਸੇ ਵੀ ਸਿਆਸੀ ਧਿਰ ਦਾ ਕੋਈ ਝੰਡਾ ਨਹੀਂ ਹੋਵੇਗਾ।
ਉਨ੍ਹਾਂ ਦੱਸਿਆ ਕਿ ਪਰੇਡ ਬਿਲਕੁਲ ਸ਼ਾਂਤੀਪੂਰਨ ਰਹੇਗੀ। ਕਿਸੇ ਤਰ੍ਹਾਂ ਦਾ ਕੋਈ ਹਥਿਆਰ ਲੈ ਕੇ ਚੱਲਣ, ਹਿੰਸਾ ਕਰਨ ਜਾਂ ਫ਼ਿਰ ਭੜਕਾਊ ਭਾਸ਼ਾ ਵਰਤਣ ’ਤੇ ਵੀ ਮਨਾਹੀ ਰਹੇਗੀ।
ਸ੍ਰੀ ਯਾਦਵ ਨੇ ਆਸ ਪ੍ਰਗਟਾਈ ਕਿ ਦਿੱਲੀ ਅਤੇ ਹਰਿਆਣਾ ਸਰਕਾਰਾਂ ਇਸ ਸ਼ਾਂਤੀਪੂਰਨ ਪ੍ਰੋਗਰਾਮ ਵਿੱਚ ਰੋਕਾਂ ਖੜ੍ਹੀਆਂ ਕਰਨ ਦੀ ਕੋਸ਼ਿਸ਼ ਨਹੀਂ ਕਰਨਗੀਆਂ ਕਿਉਂਕਿ ਕਿਸਾਨ ਤਿਰੰਗੇ ਦੀ ਆਨ ਬਾਨ ਸ਼ਾਨ ਰੱਖਣ ਅਤੇ ਦੇਸ਼ ਦੇ ਸਾਰੇ ਪ੍ਰਤੀਕਾਂ ਅਤੇ ਇਤਿਹਾਸਕ ਥਾਂਵਾਂ ਦੀ ਕਦਰ ਕਰਦਾ ਹੈ।
ਉਨ੍ਹਾਂ ਕਿਹਾ ਕਿ ਦੇਸ਼ ਦੇ ਜਿੰਨ੍ਹਾਂ ਇਲਾਕਿਆਂ ਦੇ ਕਿਸਾਨ ਦਿੱਲੀ ਨਹੀਂ ਪਹੁੰਚ ਸਕਦੇ ਉਨ੍ਹਾਂ ਨੂੰ ਵੀ ਪ੍ਰੋਗਰਾਮ ਦਿੱਤਾ ਗਿਆ ਹੈ ਕਿ ਉਹ ਆਪੋ ਆਪਣੇ ਸੂਬੇ ਦੀ ਰਾਜਧਾਨੀ ਜਾਂਫ਼ਿਰ ਜ਼ਿਲ੍ਹਾ ਪੱਧਰ ’ਤੇ ਪ੍ਰੋਗਰਾਮ ਕਰਨਗੇ ਜਿਸ ਵਿੱਚ ਦਿੱਲੀ ਵਾਲੇ ਪ੍ਰੋਗਰਾਮ ਲਈ ਦਿੱਤੇ ਨਿਯਮਾਂ ਦੀ ਪਾਲਣਾ ਕੀਤੀ ਜਾਵੇਗੀ।
ਇਸ ਮੌਕੇ ਐਨ.ਆਈ.ਏ. ਵੱਲੋਂ ਕਿਸਾਨ ਆਗੂਆਂ ਅਤੇ ਸਮਰਥਕਾਂ ਨੂੰ ਆਏ ਨੋਟਿਸਾਂ ਦੀ ਨਿਖੇਧੀ ਕੀਤੀ ਗਈ। ਇਹ ਵੀ ਕਿਹਾ ਗਿਆ ਕਿ ਇਕ ਪਾਸੇ ਸਰਕਾਰ ਕਿਸਾਨਾਂ ਨਾਲ ਗੱਲਬਾਤ ਕਰ ਰਹੀ ਹੈ ਅਤੇ ਦੂਜੇ ਬੰਨੇ ਇਸ ਤਰ੍ਹਾਂ ਦੀਆਂ ਕੋਝੀਆਂ ਚਾਲਾਂ ਚੱਲੀਆਂ ਜਾ ਰਹੀਆਂ ਹਨ।