36.1 C
Delhi
Thursday, March 28, 2024
spot_img
spot_img

ਮੋਦੀ ਵੱਲੋਂ ਸੰਸਦ ’ਚ ਕੀਤੇ ਐਲਾਨ ਨੇ ਕਮਲਨਾਥ ਨੂੰ 1984 ਕਤਲੇਆਮ ਦੇ ਕੇਸਾਂ ’ਚ ਜੇਲ੍ਹ ਭੇਜਣ ਦਾ ਰਾਹ ਪੱਧਰਾ ਕੀਤਾ: ਸਿਰਸਾ

ਨਵੀਂ ਦਿੱਲੀ, 6 ਫਰਵਰੀ, 2020:

ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰ ਮਨਜਿੰਦਰ ਸਿੰਘ ਸਿਰਸਾ ਨੇ ਅੱਜ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਵੱਲੋਂ ਕੀਤੇ ਐਲਾਨ ਨੇ 1984 ਦੇ ਸਿੱਖ ਕਤਲੇਆਮ ਕੇਸਾਂ ‘ਚ ਭੂਮਿਕਾ ਬਦਲੇ ਕਮਲਨਾਥ ਨੂੰ ਜੇਲ ਭੇਜਣ ਦਾ ਰਾਹ ਪੱਧਰਾ ਕਰ ਦਿੱਤਾ ਹੈ।

ਪ੍ਰਧਾਨ ਮੰਤਰੀ ਵੱਲੋਂ ਅੱਜ ਸੰਸਦ ਵਿਚ ਦਿੱਤੇ ਬਿਆਨ ਦਾ ਸਵਾਗਤ ਕਰਦਿਆਂ ਸ੍ਰੀ ਸਿਰਸਾ ਨੇ ਇਥੇ ਜਾਰੀ ਕੀਤੇ ਬਿਆਨ ਵਿਚ ਆਖਿਆ ਕਿ ਪ੍ਰਧਾਨ ਮੰਤਰੀ ਮੋਦੀ ਨੇ ਅੱਜ ਸੰਸਦ ਵਿਚ ਦਿੱਤੇ ਦਲੇਰੀ ਭਰਪੂਰ ਭਾਸ਼ਣ ਵਿਚ ਕਾਂਗਰਸ ਪਾਰਟੀ ਨੂੰ ਸਿੱਖ ਕਤਲੇਆਮ ਵਿਚ ਇਸਦੀ ਭੂਮਿਕਾ ਚੇਤੇ ਕਰਵਾ ਦਿੱਤੀ ਹੈ।

ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੂੰ ਇਸਦੇ ਆਗੂ ਰਾਜੀਵ ਗਾਂਧੀ ਦਾ ਭਾਸ਼ਣ ਚੇਤੇ ਹੋਵੇਗਾ ਜਿਸਨੇ ਆਖਿਆ ਸੀ ਕਿ ਜਦੋਂ ਵੱਡਾ ਦਰੱਖਤ ਡਿੱਗਦਾ ਹੈ ਤਾਂ ਧਰਤੀ ਹਿਲਦੀ ਹੈ ਜਦਕਿ ਅੱਜ ਪ੍ਰਧਾਨ ਮੰਤਰੀ ਨੇ ਜਿਥੇ ਕਾਂਗਰਸ ਨੂੰ ਸਿੱਖ ਕਤਲੇਆਮ ਵਿਚ ਇਸਦੀ ਭੂਮਿਕਾ ਚੇਤੇ ਕਰਵਾਈ, ਉਥੇ ਹੀ ਇਸ ਗੱਲੋਂ ਘੱਟ ਗਿਣਤੀਆਂ ਦੇ ਮਾਮਲੇ ‘ਤੇ ਅਪਣਾਏ ਜਾ ਰਹੇ ਦੋਗਲੇਪਨ ਦਾ ਵੀ ਪਰਦਾਫਾਸ਼ ਕੀਤਾ।

ਇਥੇ ਦੱਸਣਯੋਗ ਹੈ ਕਿ ਸ੍ਰੀ ਕਮਲਨਾਥ ਨੇ ਹੀ ਉਸ ਭੀੜ ਦੀ ਅਗਵਾਈ ਕੀਤੀ ਸੀ ਜਿਸਨੇ 1984 ਦੇ ਸਿੱਖ ਕਤਲੇਆਮ ਦੌਰਾਨ ਗੁਰਦੁਆਰਾ ਰਕਾਬਗੰਜ ਸਾਹਿਬ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਤੇ ਦੋ ਸਿੱਖ ਨੌਜਵਾਨਾਂ ਨੂੰ ਜਿਉਂਦਿਆਂ ਸਾੜ ਦਿੱਤਾ ਸੀ।

ਇਹ ਕੇਸ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਪਰ ਸ੍ਰੀ ਸਿਰਸਾ ਵੱਲੋਂ ਕੀਤੇ ਅਣਥੱਕ ਯਤਨਾਂ ਦੀ ਬਦੌਲਤ ਐਸ ਆਈ ਟੀ ਨੇ ਇਹ ਦੁਬਾਰਾ ਖੋਲਿਆ ਅਤੇ ਇਸਦੇ ਕੇਸ ਵਿਚ ਗਵਾਹਾਂ ਨੂੰ ਅੱਗੇ ਆਉਣ ਲਈ ਕਿਹਾ। ਗਵਾਹਾਂ ਨੇ ਐਸ ਆਈ ਟੀ ਨੂੰ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ ਤੇ ਹੁਣ ਸ੍ਰੀ ਕਮਲਨਾਥ ਦੀ ਗ੍ਰਿਫਤਾਰੀ ਦਾ ਰਸਮੀ ਹੁਕਮ ਕਿਸੇ ਸਮੇਂ ਵੀ ਜਾਰੀ ਹੋ ਸਕਦਾ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਪਹਿਲੀ ਵਾਰ ਦੇਸ਼ ਦੇ ਪ੍ਰਧਾਨ ਮੰਤਰੀ ਨੇ ਸੰਸਦ ਨੂੰ ਦੱਸਿਆ ਹੈ ਕਿ ਕਿਵੇਂ ਸਿੱਖਾਂ ਦੇ ਗਲਾਂ ਵਿਚ ਟਾਇਰ ਪਾ ਕੇ ਉਹਨਾਂ ਨੂੰ ਸਾੜਿਆ ਗਿਆ ਤੇ ਕਿਵੇਂ ਕਾਂਗਰਸ ਪਾਰਟੀ ਨੇ ਦੋਸ਼ੀਆਂ ਨੂੰ ਜੇਲ ਨਹੀਂ ਭੇਜਿਆ ਬਲਕਿ ਉਲਟਾ ਜੋ ਆਗੂ ਕਤਲੇਆਮ ਵਿਚ ਸ਼ਾਮਲ ਸੀ, ਉਸਨੂੰ ਮੁੱਖ ਮੰਤਰੀ ਦੀ ਕੁਰਸੀ ਦੇ ਕੇ ਨਿਵਾਜਿਆ।

ਉਹਨਾਂ ਕਿਹਾ ਕਿ ਹੁਣ ਤੱਕ ਕਮਲਨਾਥ ਕਾਂਗਰਸ ਹਾਈ ਕਮਾਂਡ ਦੀ ਮਦਦ ਨਾਲ ਬਚਦੇ ਆਏ ਹਨ ਪਰ ਹੁਣ ਸਮਾਂ ਆ ਗਿਆ ਹੈ ਜਦੋਂ ਖੁਦ ਪ੍ਰਧਾਨ ਮੰਤਰੀ ਨੇ ਉਹਨਾਂ ਨੂੰ ਬੇਨਕਾਬ ਕਰ ਦਿੱਤਾ ਹੈ ਤੇ ਆਪਣੀ ਸਰਕਾਰ ਵੱਲੋਂ ਉਹਨਾਂ ਨੂੰ ਜੇਲ ਭੇਜਣ ਦਾ ਇਰਾਦਾ ਜਾਹਰ ਕਰ ਦਿੱਤਾ ਹੈ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੇ ਕਿਹਾ ਕਿ ਹੁਣ ਸ੍ਰੀ ਕਮਲਨਾਥ ਨੂੰ ਮੁੱਖ ਮੰਤਰੀ ਹੁੰਦਿਆਂ ਜੇਲ ਜਾਣ ਵਾਲਾ ਪਹਿਲਾ ਆਗੂ ਬਣਨ ਅਤੇ ਤਿਹਾੜ ਜੇਲ ਵਿਚ ਸੱਜਣ ਕੁਮਾਰ ਦਾ ਸਾਥ ਦੇਣ ਲਈ ਤਿਆਰ ਹੋ ਜਾਣਾ ਚਾਹੀਦਾ ਹੈ।

ਉਹਨਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਇਹ ਵੀ ਦੱਸਿਆ ਕਿ ਕਿਵੇਂ 35 ਸਾਲ ਤੱਕ ਕਤਲੇਆਮ ਦੀਆਂ ਪੀੜਤ ਵਿਧਵਾਵਾਂ ਨਿਆਂ ਦੀ ਉਡੀਕ ਕਰਦੀਆਂ ਰਹੀਆਂ ਤੇ ਹੁਣ ਉਹਨਾਂ ਦੀ ਅਗਵਾਈ ਹੇਠ ਬਣੀ ਐਨ ਡੀ ਏ ਦੀ ਸਰਕਾਰ ਨੇ ਐਸ ਆਈ ਟੀ ਦਾ ਗਠਨ ਕੀਤਾ ਹੈ ਜਿਸਨੇ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਜੇਲ ਭੇਜਣ ਦਾ ਕੰਮ ਸ਼ੁਰੂ ਕੀਤਾ ਹੈ।

ਸ੍ਰੀ ਸਿਰਸਾ ਨੇ ਕਿਹਾ ਕਿ ਇਹ ਦਿਨ ਇਤਿਹਾਸ ਵਿਚ ਹਮੇਸ਼ਾ ਯਾਦ ਰੱਖਿਆ ਜਾਵੇਗਾ ਕਿਉਂਕਿ ਸਿੱਖਾਂ ਨੂੰ ਆਸ ਜਗੀ ਹੈ ਕਿ ਕਤਲੇਆਮ ਦੇ ਮਾਮਲੇ ਵਿਚ ਪੂਰਨ ਨਿਆਂ ਮਿਲੇਗਾ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨੇ ਖੁਦ ਇਸ ਮਾਮਲੇ ‘ਤੇ ਸੰਸਦ ਵਿਚ ਬਿਆਨ ਦਿੱਤਾ ਹੈ ਤੇ ਦੋਸ਼ੀਆਂ ਨੂੰ ਉਹਨਾਂ ਦਾ ਅਪਰਾਧ ਚੇਤੇ ਕਰਵਾਇਆ ਹੈ।

ਉਹਨਾਂ ਕਿਹਾ ਕਿ ਸਿੱਖ ਭਾਈਚਾਰਾ ਪ੍ਰਧਾਨ ਮੰਤਰੀ ਦਾ ਧੰਨਵਾਦੀ ਹੈ ਤੇ ਆਸ ਕਰਦਾ ਹੈ ਕਿ ਧਰਤੀ ‘ਤੇ ਹੋਏ ਇਸ ਹੁਣ ਤੱਕ ਦੇ ਸਭ ਤੋਂ ਘਿਨੌਣੇ ਅਪਰਾਧ ਦੇ ਸਾਰੇ ਦੋਸ਼ੀ ਸਲਾਖਾਂ ਪਿੱਛੇ ਭੇਜੇ ਜਾਣਗੇ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION