35.1 C
Delhi
Friday, April 19, 2024
spot_img
spot_img

ਮੇਰੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਅਕਾਲੀਆਂ ਦੇ ਦੋਸ਼ ਝੂਠ ਦਾ ਪੁਲੰਦਾ, ਆਪਣੀ ਇਕ ਵੀ ਪ੍ਰਾਪਤੀ ਦੱਸਣ: ਕੈਪਟਨ

ਚੰਡੀਗੜ, 17 ਸਤੰਬਰ, 2019:
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਦੀ ਸਰਕਾਰ ਦੀਆਂ ਪ੍ਰਾਪਤੀਆਂ ਬਾਰੇ ਬੇਬੁਨਿਆਦ ਦੋਸ਼ ਲਾਉਣ ’ਤੇ ਅਕਾਲੀਆਂ ਨੂੰ ਆੜੇ ਹੱਥੀਂ ਲੈਂਦਿਆਂ ਆਖਿਆ ਕਿ ਅਜਿਹੇ ਦੋਸ਼ ਲਾਉਣਾ ਨਾਲ ਅਕਾਲੀ-ਭਾਜਪਾ ਗਠਜੋੜ ਦੀ ਪਿਛਲੀ ਸਰਕਾਰ ਦੀ ਨਖਿੱਧ ਕਾਰਗੁਜ਼ਾਰੀ ਰਹਿਣ ਕਾਰਨ ਉਨਾਂ ਦੀ ਨਿਰਾਸ਼ਾ ਦਾ ਪ੍ਰਗਟਾਵਾ ਹੁੰਦਾ ਹੈ।

ਅਕਾਲੀਆਂ ਦੇ ਦੋਸ਼ਾਂ ਨੂੰ ਤੱਥਾਂ ਤੇ ਅੰਕੜਿਆਂ ਦਾ ਹਵਾਲਾ ਦੇ ਕੇ ਨਕਾਰਦਿਆਂ ਹੋਇਆ ਮੁੱਖ ਮੰਤਰੀ ਨੇ ਅਕਾਲੀ ਲੀਡਰਸ਼ਿਪ ਨੂੰ ਆਪਣੇ 10 ਸਾਲਾਂ ਦੇ ਸ਼ਾਸਨਕਾਲ ਦੌਰਾਨ ਲੋਕਾਂ ਦੀ ਭਲਾਈ ਲਈ ਕੀਤੀ ਇਕ ਵੀ ਪ੍ਰਾਪਤੀ ਦੱਸਣ ਲਈ ਵੰਗਾਰਿਆ।

ਅਕਾਲੀਆਂ ਵੱਲੋਂ ਕੋਰੇ ਝੂਠ ਅਤੇ ਬੇਬੁਨਿਆਦ ਦਾਅਵਿਆਂ ਰਾਹੀਂ ਲੋਕਾਂ ਨੂੰ ਗੰੁਮਰਾਹ ਕਰਨ ਦੇ ਕੋਝੇ ਯਤਨ ਕਰਨ ’ਤੇ ਫਿਟਕਾਰ ਲਾਉਂਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀਆਂ ਨੇ ਤਾਂ ਉਨਾਂ (ਕੈਪਟਨ ਅਮਰਿੰਦਰ ਸਿੰਘ) ਦੇ ਪਿਛਲੇ ਸ਼ਾਸਨਕਾਲ ਦੌਰਾਨ ਵਿਕਾਸ ਦੀਆਂ ਪਾਈਆਂ ਪੈੜਾਂ ਨੂੰ ਵੀ ਮਲੀਆਮੇਟ ਕਰਕੇ ਰੱਖ ਦਿੱਤਾ।

ਮੁੱਖ ਮੰਤਰੀ ਨੇ ਕਿਹਾ ਕਿ ਅਕਾਲੀ ਅਤੇ ਉਸ ਦੀ ਭਾਈਵਾਲ ਭਾਜਪਾ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਇੱਕ ਵੀ ਵਾਅਦਾ ਪੁਗਾਉਣ ਵਿੱਚ ਅਸਫ਼ਲ ਰਹੇ ਜਦਕਿ ਇਸ ਦੇ ਉਲਟ ਕਾਂਗਰਸ ਸਰਕਾਰ ਨੇ ਨਾ ਸਿਰਫ ਆਪਣੀ ਪਾਰਟੀ ਦੇ ਚੋਣ ਮਨੋਰਥ ਪੱਤਰ ਵਿਚ ਕੀਤੇ ਵਾਅਦਿਆਂ ਵਿੱਚੋਂ ਬਹੁਤਿਆਂ ਨੂੰ ਲਾਗੂ ਕਰ ਦਿੱਤਾ ਹੈ ਸਗੋਂ ਸੂਬੇ ਨੂੰ ਮੁੜ ਪਟੜੀ ’ਤੇ ਲਿਆਂਦਾ ਹੈ ਜਿਸ ਨੂੰ ਪਿਛਲੀ ਸਰਕਾਰ ਨੇ ਲੀਹੋਂ ਲਾਹ ਦਿੱਤਾ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਦਾਅਵਿਆਂ ਅਤੇ ਦੋਸ਼ਾਂ ਨੂੰ ਝੂਠ ਦਾ ਪੁਲੰਦਾ ਦੱਸਦਿਆਂ ਆਖਿਆ ਕਿ ਅਸਲ ਵਿੱਚ ਅਕਾਲੀ ਆਪਣੀਆਂ ਨਾਕਾਮੀਆਂ ’ਤੇ ਪਰਦਾ ਪਾਉਣ ਲਈ ਅਜਿਹੀਆਂ ਚਾਲਾਂ ਚੱਲ ਰਹੇ ਹਨ। ਉਨਾਂ ਕਿਹਾ ਕਿ ਉਨਾਂ ਦੀ ਸਰਕਾਰ ਨੇ ਨਾ ਸਿਰਫ ਕੇਂਦਰੀ ਸਕੀਮਾਂ ਨੂੰ ਕਾਰਗਰ ਢੰਗ ਨਾਲ ਅਮਲ ਵਿਚ ਲਿਆਂਦਾ ਹੈ ਸਗੋਂ ਪੰਜਾਬ ਦੇ ਵਿਕਾਸ ਲਈ ਕਈ ਅਹਿਮ ਸਕੀਮਾਂ ਤੇ ਪ੍ਰੋਗਰਾਮ ਵੀ ਲਾਗੂ ਕੀਤੇ ਜਦਕਿ ਪਿਛਲੀ ਸਰਕਾਰ ਦੌਰਾਨ ਵਿਕਾਸ ਦਾ ਪੱਧਰ ਬਹੁਤ ਹੇਠਾਂ ਚਲਾ ਗਿਆ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਉਨਾਂ ਦੀ ਸਰਕਾਰ ਦੇ ਦਾਅਵਿਆਂ ਦੀ ਤਸਦੀਕ ਲਈ ਤੱਥਾਂ ਦਾ ਹਵਾਲਾ ਦਿੰਦਿਆਂ ਪਿਛਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੀ 10 ਸਾਲਾਂ ਦੀ ਨਖਿੱਧ ਕਾਰਗੁਜ਼ਾਰੀ ਦੇ ਮੁਕਾਬਲੇ ਪਿਛਲੇ 30 ਮਹੀਨਿਆਂ ਵਿੱਚ ਸ਼ੁਰੂ ਕੀਤੀਆਂ ਵੱਖ-ਵੱਖ ਸਕੀਮਾਂ ਅਤੇ ਪ੍ਰੋਗਰਾਮਾਂ ਦਾ ਜ਼ਿਕਰ ਕੀਤਾ।

ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਲਈ ਅਕਾਲੀ ਜ਼ਿੰਮੇਵਾਰ ਹਨ ਜਦਕਿ ਉਨਾਂ ਦੀ ਸਰਕਾਰ ਨੇ ਸੱਤਾ ਸੰਭਾਲਣ ਤੋਂ ਤੁਰੰਤ ਬਾਅਦ ਵਿਸ਼ੇਸ਼ ਟਾਸਕ ਫੋਰਸ ਦਾ ਗਠਨ ਕੀਤਾ ਜਿਸ ਨਾਲ ਬਹੁਤੇ ਵੱਡੇ ਤਸਕਰ ਮਜਬੂਰ ਹੋ ਕੇ ਸੂਬਾ ਛੱਡ ਕੇ ਭੱਜ ਗਏ। ਇਸੇ ਤਰਾਂ ਸਰਕਾਰ ਦੀ ਸਖ਼ਤੀ ਕਾਰਨ 27,744 ਐਨ.ਡੀ.ਪੀ.ਐਸ ਮਾਮਲੇ ਦਰਜ ਕੀਤੇ ਗਏ ਜਦਕਿ 33,622 ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਗਿਆ ਅਤੇ ਇਸ ਤੋਂ ਇਲਾਵਾ ਵੱਡੀ ਮਾਤਰਾ ਵਿਚ ਨਸ਼ੇ ਬਰਾਮਦ ਕੀਤੇ ਗਏ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਸਿਰਫ ਇਹੋ ਕੁਝ ਨਹੀਂ ਕੀਤਾ ਸਗੋਂ ਉਨਾਂ ਦੀ ਸਰਕਾਰ ਨੇ ਨਸ਼ਿਆਂ ਵਿਚ ਗ੍ਰਸਤ ਵਿਅਕਤੀਆਂ ਦੇ ਇਲਾਜ ਤੇ ਮੁੜ ਵਸੇਬੇ ਨੂੰ ਵੀ ਯਕੀਨੀ ਬਣਾਇਆ ਜਿਸ ਤਹਿਤ ਹੁਣ ਤੱਕ 178 ਓ.ਪੀ.ਡੀ ਕਲੀਨਿਕਾਂ ਵਿਚ 87 ਹਜ਼ਾਰ ਨਸ਼ਾ ਗ੍ਰਸਤ ਵਿਅਕਤੀ ਇਲਾਜ ਕਰਵਾ ਚੁੱਕੇ ਹਨ। ਇਸੇ ਲੜੀ ਵਿਚ ਨਸ਼ਿਆਂ ਵਿਰੁੱਧ ਲੜਾਈ ਲਈ ਨਿਵੇਕਲੀ ਡੈਪੋ ਸਕੀਮ ਸ਼ੁਰੂ ਕੀਤੀ ਗਈ ਜਿਸ ਨਾਲ 5.5 ਲੱਖ ਵਾਲੰਟੀਅਰ ਜੁੜੇ ਜਦਕਿ 7.5 ਲੱਖ ਬੱਡੀ ਗਰੁੱਪਾਂ ਵਿਚ 37.5 ਲੱਖ ਵਿਅਕਤੀ ਦਰਜ ਹੋਏ।

ਉਨਾਂ ਆਖਿਆ, ‘‘ਇਸ ਘਾਤਕ ਅਲਾਮਤ ਤੋਂ ਸਾਡੀਆਂ ਆਉਣ ਵਾਲੀਆਂ ਪੀੜੀਆਂ ਨੂੰ ਬਚਾਉਣ ਲਈ ਅਕਾਲੀ ਦਲ ਨੇ ਕੀ ਕੀਤਾ?’’ ਉਨਾਂ ਕਿਹਾ ਕਿ ਅਕਾਲੀਆਂ ਦੇ ਸ਼ਾਸਨਕਾਲ ਦੌਰਾਨ ਅਰਥਚਾਰੇ ਦਾ ਲੱਕ ਟੁੱਟ ਜਾਣ ਕਾਰਨ ਵੱਡੀ ਪੱਧਰ ’ਤੇ ਬੇਰੁਜ਼ਗਾਰੀ ਪੈਦਾ ਹੋਣ ਦੇ ਨਤੀਜੇ ਵਜੋਂ ਅਕਾਲੀ ਨੌਜਵਾਨਾਂ ਨੂੰ ਨਸ਼ਿਆਂ ਵਿਚ ਧੱਕਦੇ ਰਹੇ।

ਮੁੱਖ ਮੰਤਰੀ ਨੇ ਕਿਹਾ ਕਿ ਉਨਾਂ ਦੀ ਸਰਕਾਰ ਨੇ ਬੇਰੋਜ਼ਗਾਰ ਨੌਜਵਾਨਾਂ ਨੂੰ ਰੋਜ਼ਗਾਰ ਦੇਣ ਲਈ ਵਿਸ਼ੇਸ਼ ਤੌਰ ’ਤੇ ‘ਘਰ ਘਰ ਰੋਜ਼ਗਾਰ’ ਪ੍ਰੋਗਰਾਮ ਸ਼ੁਰੂ ਕੀਤਾ ਜਿਸ ਤਹਿਤ ਹੁਣ ਤੱਕ ਪ੍ਰਤੀ ਦਿਨ 1034 ਨੌਕਰੀਆਂ ਦੀ ਦਰ ਨਾਲ 9 ਲੱਖ ਨੌਕਰੀਆਂ/ਸਵੈ-ਰੋਜ਼ਗਾਰ ਦੇ ਮੌਕੇ ਸਿਰਜੇ ਜਾ ਚੁੱਕੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਵੱਲੋਂ ਵਿਰਾਸਤ ਵਿਚ ਦਿੱਤੇ ਖਾਲੀ ਖਜ਼ਾਨੇ ਦੇ ਬਾਵਜੂਦ ਉਨਾਂ ਦੀ ਸਰਕਾਰ ਨੇ 4700 ਕਰੋੜ ਰੁਪਏ ਦਾ ਖੇਤੀ ਕਰਜ਼ਾ ਮੁਆਫ ਕੀਤਾ ਅਤੇ ਮਹਾਤਮਾ ਗਾਂਧੀ ਸਰਬਤ ਵਿਕਾਸ ਯੋਜਨਾ ਤਹਿਤ ਵੱਖ ਵੱਖ ਸਕੀਮਾਂ ਚਲਾ ਕੇ 9.28 ਲੱਖ ਲੋਕਾਂ ਨੂੰ ਲਾਭ ਪਹੁੰਚਾਇਆ।

ਮੁੱਖ ਮੰਤਰੀ ਨੇ ਕਿਹਾ, ‘‘ਕੀ ਅਕਾਲੀਆਂ ਨੇ ਕਦੇ ਆਪਣੇ ਸ਼ਾਸਨਕਾਲ ਦੌਰਾਨ ਅਜਿਹੀ ਸਕੀਮ ਸ਼ੁਰੂ ਕਰਨ ਬਾਰੇ ਸੋਚਿਆ ਸੀ ਜਾਂ ਫਿਰ ਉਹ ਆਪਣੇ ਸੌੜੇ ਹਿੱਤ ਪੁਗਾਉਣ ਵਿਚ ਏਨਾ ਰੁਝੇ ਰਹੇ ਕਿ ਉਨਾਂ ਨੂੰ ਕਿਸਾਨਾਂ ਅਤੇ ਹੇਠਲੇ ਵਰਗਾਂ ਦੀਆਂ ਸਮੱਸਿਆਵਾਂ ਦਾ ਕਦੇ ਚਿੱਤ-ਚੇਤਾ ਵੀ ਨਹੀਂ ਆਇਆ?’’

ਅਕਾਲੀਆਂ ਵੱਲੋਂ ਆਪਣੇ 10 ਸਾਲਾਂ ਦੇ ਕੁਸ਼ਾਸਨ ਦੌਰਾਨ ਪੰਜਾਬ ਨੂੰ ਆਪਣੇ ਹਾਲ ’ਤੇ ਛੱਡ ਦੇਣ ਦੀ ਸਖ਼ਤ ਆਲੋਚਨਾ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਅਕਾਲੀਆਂ ਵੱਲੋਂ ਸੂਬੇ ਦੇ ਵਿਕਾਸ ਨਾਲ ਜੁੜੇ ਹਰੇਕ ਪਹਿਲੂ ਨੂੰ ਬਰਬਾਦ ਕਰਨ ਦੇਣ ਤੋਂ ਬਾਅਦ ਸੂਬੇ ਦੀ ਕਾਂਗਰਸ ਸਰਕਾਰ ਦੀਆਂ ਪ੍ਰਾਪਤੀਆਂ ਨੂੰ ਨਿੰਦਣਾ ਨਾ ਸਿਰਫ ਹੈਰਾਨੀਜਨਕ ਹੈ ਸਗੋਂ ਇਨਾਂ ਦੀ ਲੋਕ ਵਿਰੋਧੀ ਮਾਨਸਿਕਤਾ ਦਾ ਵੀ ਪ੍ਰਗਟਾਵਾ ਹੁੰਦਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਲੋਕ ਜ਼ਮੀਨੀ ਪੱਧਰ ’ਤੇ ਆਈ ਤਬਦੀਲੀ ਨੂੰ ਦੇਖ ਸਕਦੇ ਹਨ ਅਤੇ ਅਕਾਲੀਆਂ ਵੱਲੋਂ ਕੀਤੀਆਂ ਮਨਘੜਤ ਗੱਲਾਂ ਦਾ ਕੋਈ ਵਜੂਦ ਨਹੀਂ ਰਹਿਣਾ। ਉਨਾਂ ਕਿਹਾ ਕਿ ਹਾਲ ਹੀ ਵਿਚ ਲੋਕ ਸਭਾ ਦੇ ਨਤੀਜਿਆਂ ਨੇ ਇਹ ਸਪੱਸ਼ਟ ਤੌਰ ’ਤੇ ਦੱਸ ਦਿੱਤਾ ਹੈ ਕਿ ਸੂਬੇ ਦੇ ਲੋਕ ਸਿਆਸਤਦਾਨਾਂ ਦੇ ਇੱਕ ਟੋਲੇ ਦੀਆਂ ਬੇਤੁਕੀਆਂ ਗੱਲਾਂ ਸੁਨਣ ਨੂੰ ਵੀ ਤਿਆਰ ਨਹੀਂ ਕਿਉਂ ਜੋ ਇਨਾਂ ਲੋਕਾਂ ਨੇ ਆਪਣੇ ਸ਼ਾਸਨਕਾਲ ਦੌਰਾਨ ਸੂਬੇ ਦੀ ਸਾਰ ਹੀ ਨਹੀਂ ਲਈ।

ਮੁੱਖ ਮੰਤਰੀ ਨੇ ਆਖਿਆ ਕਿ ਹਰ ਮੁਹਾਜ਼ ’ਤੇ ਪੰਜਾਬ ਨੂੰ ਤਬਾਹ ਕਰ ਦੇਣ ਲਈ ਸਿੱਧੇ ਤੌਰ ’ਤੇ ਜ਼ਿੰਮੇਵਾਰ ਅਕਾਲੀਆਂ ਨੂੰ ਉਨਾਂ ਦੀ ਸਰਕਾਰ ਦੇ ਉਪਰਾਲਿਆਂ ਅਤੇ ਪਹਿਲਕਦਮੀਆਂ ਦਾ ਭੰਡੀ ਪ੍ਰਚਾਰ ਕਰਦਿਆਂ ਸ਼ਰਮ ਨਹੀਂ ਆਉਂਦੀ।

ਮੁੱਖ ਮੰਤਰੀ ਨੇ ਚੇਤੇ ਕਰਦਿਆਂ ਆਖਿਆ ਕਿ ਅਕਾਲੀ ਸਰਕਾਰ ਮੌਕੇ ਸਿਹਤ ਅਤੇ ਸਿੱਖਿਆ ਖੇਤਰ ਦਾ ਸਭ ਤੋਂ ਬੁਰਾ ਹਾਲ ਸੀ ਅਤੇ ਸਾਲ 2017 ਵਿਚ ਜਦੋਂ ਉਨਾਂ ਦੀ ਸਰਕਾਰ ਨੇ ਸੂਬੇ ਦੀ ਵਾਗਡੋਰ ਸੰਭਾਲੀ ਤਾਂ ਸੂਬੇ ਦੀਆਂ ਸਾਰੀਆਂ ਵਿਦਿਅਕ ਸੰਸਥਾਵਾਂ ਤਰਸਯੋਗ ਹਾਲਤ ਵਿਚ ਸਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨਾਂ ਨੇ ਇਨਾਂ ਅਹਿਮ ਸੈਕਟਰਾਂ ਨੂੰ ਸਭ ਤੋਂ ਵੱਧ ਤਰਜੀਹ ਦਿੰਦਿਆਂ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਲਈ 847 ਵੈਲਨੈਸ ਕਲੀਨਿਕ ਸਥਾਪਤ ਕੀਤੇ ਅਤੇ ਮਾਰਚ, 2020 ਤੱਕ 650 ਹੋਰ ਕਲੀਨਿਕ ਚਾਲੂ ਹੋ ਜਾਣਗੇ।

ਉਨਾਂ (ਅਕਾਲੀ-ਬੀਜੇਪੀ ) ਸਰਕਾਰ ਵੱਲੋਂ ਕੇਵਲ 31.4 ਲੱਖ ਪਰਿਵਾਰਾਂ ਲਈ 2 ਲੱਖ ਦਾ ਬੀਮਾ ਕੀਤਾ ਗਿਆ ਸੀ ਜਦਕਿ ਮੌਜੂਦਾ ਸਰਕਾਰ ਨੇ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਇਸ ਨੂੰ 2 ਲੱਖ ਵਧਾ ਕੇ 5 ਲੱਖ ਕੀਤਾ ਅਤੇ 46 ਲੱਖ ਪਰਿਵਾਰਾਂ ਤੱਕ ਪਹੁੰਚਾਇਆ ਗਿਆ। ਮੁੱਖ ਮੰਤਰੀ ਨੇ ਅਕਾਲੀਆਂ ਨੂੰ ਵੰਗਾਰਦਿਆਂ ਕਿਹਾ ਕਿ ਜੇ ਉਨਾਂ ਵਿੱਚ ਹਿੰਮਤ ਹੈ ਤਾਂ ਇਨਾਂ ਤੱਥਾਂ ਨੂੰ ਝੁਠਲਾ ਕੇ ਦਿਖਾਉਣ।

ਉਨਾਂ ਕਿਹਾ ਕਿ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਭੋਜਨ ਪਦਾਰਥਾਂ ਦੀ ਮਿਲਾਵਟਖੋਰੀ ’ਤੇ ਨਿਰੰਤਰ ਰੂਪ ਵਿੱਚ ਨਜ਼ਰਸਾਨੀ ਰੱਖੀ ਜਾ ਰਹੀ ਹੈ ਅਤੇ ਯੂਰੀਆ ਦੀ ਵਰਤੋਂ ਵਿੱਚ ਇਕ ਲੱਖ ਮੀਟਿ੍ਰਕ ਟਨ ਤੇ ਡੀਏਪੀ ਦੀ ਵਰਤੋਂ ਵਿੱਚ 46000 ਮੀਟਿ੍ਰਕ ਟਨ ਦੀ ਕਟੌਤੀ ਆਉਣ ਕਰਕੇ ਕਿਸਾਨਾਂ ਨੂੰੂ 200 ਕਰੋੜ ਰੁਪਏ ਦੀ ਬੱਚਤ ਹੋਈ ਹੈ। ਮੁੱਖ ਮੰਤਰੀ ਨੇ ਪੁੱਛਿਆ, ‘‘ਮੇਰੀ ਸਰਕਾਰ ’ਤੇ ਬੇ-ਬੁਨਿਆਦ ਦੂਸ਼ਣਬਾਜ਼ੀ ਕਰਨ ਵਾਲੇ ਅਕਾਲੀ ਇਸ ਪਾਸੇ ਵੱਲ ਕੀਤਾ ਕੋਈ ਵੀ ਉਪਰਾਲਾ ਦੱਸਣ?’’

ਸਮਾਜ ਦੇ ਵਿਕਾਸ ਵਿੱਚ ਸਿੱਖਿਆ ਦੀ ਮਹੱਤਤਾ ਅਤੇ ਪੜਾਈ ਨੂੰ ਹਰੇਕ ਦੀ ਆਸਾਨ ਪਹੁੰਚ ਵਿੱਚ ਲਿਆਉਣ ਦੇ ਮੱਦੇਨਜ਼ਰ 4261 ਸਮਾਰਟ ਸਕੂਲ ਪਹਿਲਾਂ ਹੀ ਕਾਰਜਸ਼ੀਲ ਹਨ ਅਤੇ 12,921 ਸਰਕਾਰੀ ਸਕੂਲਾਂ ਵਿੱਚ ਪ੍ਰੀ-ਪ੍ਰਾਇਮਰੀ ਜਮਾਤਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ।

ਮੁੱਖ ਮੰਤਰੀ ਨੇ ਕਿਹਾ ਅਕਾਲੀ-ਬੀਜੇਪੀ ਸਰਕਾਰ ਦੌਰਾਨ ਸਰਕਾਰੀ ਸਕੂਲ ਦੀ ਹਾਲਤ ਬਦਤਰ ਸੀ ਪਰ ਹੁਣ 6000 ਸਰਕਾਰੀ ਸਕੂਲਾਂ ਵਿੱਚ ਅੰਗਰੇਜ਼ੀ ਮਾਧਿਅਮ ਦੀ ਪੜਾਈ ਆਰੰਭੀ ਜਾ ਚੁੱਕੀ ਹੈ ਅਤੇ ਪਿਛਲੇ ਦੋ ਸਾਲਾਂ ਵਿਚ ਸਰਕਾਰੀ ਸਕੂਲਾਂ ਦੇ ਕਾਰਗੁਜ਼ਾਰੀ ਵਿੱਚ ਜ਼ਿਕਰਯੋਗ ਤੇ ਮਿਸਾਲੀ ਸੁਧਾਰ ਆਇਆ ਹੈ।

ਮੁੱਖ ਮੰਤਰੀ ਨੇ ਅਕਾਲੀਆਂ ਨੂੰ ਕਰੜੇ ਹੱਥੀਂ ਲੈਂਦਿਆਂ ਸਵਾਲ ਕੀਤਾ ਕਿ ਅਕਾਲੀ ਸਰਕਾਰ ਨੇ ਆਪਣੇ ਸ਼ਾਸਨਕਾਲ ਦੌਰਾਨ ਵਾਤਾਵਰਣ ਸੰਭਾਲ ਲਈ ਕੀ ਕੀਤਾ ਸੀ? ਉਨਾਂ ਦੱਸਿਆ ਕਿ ਸਾਡੀ ਸਰਕਾਰ ਨੇ ਸ਼ਹਿਰੀ ਵਾਤਾਵਰਣ ਸੁਧਾਰ ਸਕੀਮ ਤਹਿਤ 298.5 ਕਰੋੜ ਦਿੱਤੇ ਹਨ ਅਤੇ ਬੂਟੇ ਲਾਓ ਮੁਹਿੰਮ ਤਹਿਤ ਸੂਬੇ ਦੇ 11066 ਪਿੰਡਾਂ ਵਿੱਚ 66 ਲੱਖ ਬੂਟੇ ਲਾਏ ਹਨ।

ਉਨਾਂ ਕਿਹਾ ਕਿ ਲੋਕਾਂ ਨੂੰ ਯਾਦ ਹੈ ਕਿ ਪਿਛਲੀ ਸਰਕਾਰ ਦੌਰਾਨ ਕਿਵੇਂ ਉਦਯੋਗ ਸੂਬੇ ਵਿੱਚੋਂ ਹਿਜਰਤ ਕਰਨ ਲੱਗੇ ਸਨ ਅਤੇ ਉਦਯੋਗਾਂ ਨੂੰ ਮੁੜ ਪੈਰਾਂ-ਸਿਰ ਕਰਨ ਲਈ ਸਾਡੀ ਸਰਕਾਰ ਨੇ ਉਦਯੋਗਾਂ ਲਈ 5 ਸਾਲਾਂ ਵਾਸਤੇ 5 ਰੁਪਏ ਪ੍ਰਤੀ ਯੂਨਿਟ ਦੀ ਦਰ ਅਤੇ 1146 ਕਰੋੜ ਰੁਪਏ ਦੀ ਔਸਤਨ ਸਾਲਾਨਾ ਸਬਸਿਡੀ ਦੀ ਸਹੂਲਤ ਦਿੱਤੀ ਹੈ ਤਾਂ ਜੋ ਇਸ ਖੇਤਰ ਵਿੱਚ ਵੱਧ ਤੋਂ ਵਧ ਨਿਵੇਸ਼ ਨੂੰ ਹੁਲਾਰਾ ਮਿਲੇ।

ਸਰਕਾਰ ਵੱਲੋਂ ਪਿਛਲੇ ਸਿਰਫ 30 ਮਹੀਨਿਆਂ ਵਿੱਚ 50,000 ਕਰੋੜ ਰੁਪਏ ਦਾ ਅਸਲ ਨਿਵੇਸ਼ ਕੀਤਾ ਗਿਆ ਜਦਕਿ ਪਿਛਲੀ ਸਰਕਾਰ ਨੇ 10 ਸਾਲਾਂ ਵਿਚ ਕੁੱਲ 31323 ਕਰੋੜ ਰੁਪਏ ਦਾ ਨਿਵੇਸ਼ ਕੀਤਾ ਸੀ।

ਉਨਾਂ ਪੁੱਛਿਆ, ‘‘ਅਕਾਲੀਆਂ ਨੇ ਪਿੰਡਾਂ ਲਈ ਕੀ ਕੀਤਾ ਸੀ, ਜਿੱਥੇ ਅਸੀਂ ਸਮਾਰਟ ਪਿੰਡ ਮੁਹਿੰਮ ਤਹਿਤ 796 ਕਰੋੜ ਰੁਪਏ ਖਰਚੇ ਹਨ।’’ ਸਾਡੀ ਸਰਕਾਰ ਨੇ ਪੀਣ ਵਾਲੇ ਸਾਫ ਪਾਣੀ ਲਈ ਔਸਤਨ ਸਾਲਾਨਾ 460 ਕਰੋੜ ਰੁਪਏ, ਪੇਂਡੂ ਸੈਨੀਟੇਸ਼ਨ ਲਈ 2.46 ਲੱਖ ਰੁਪਏ ਅਤੇ ਪੇਂਡੂ ਿਕ ਸੜਕਾਂ ਲਈ 1639 ਕਰੋੜ ਰੁਪਏ (ਸਾਲਾਨਾ ਔਸਤਨ) ਲਾਏ ਹਨ।

ਇਸ ਦੇ ਨਿਸਬਤ ਅਕਾਲੀ ਸਰਕਾਰ ਨੇ ਇਨਾਂ ਕਾਰਜਾਂ ਲਈ ਕ੍ਰਮਵਾਰ 219 ਕਰੋੜ , 1.57 ਕਰੋੜ ਅਤੇ 571 ਕਰੋੜ ਰੁਪਏ ਹੀ ਖ਼ਰਚੇ ਸਨ ਜਿਸ ਨਾਲ ਅਕਾਲੀਆਂ ਦੇ ਝੂਠ ਦਾ ਪਰਦਾਫਾਸ਼ ਹੋਇਆ ਹੈ।

ਮਨਰੇਗਾ ਦੇ ਖਰਚਿਆਂ, ਅਮਰੁਤ, ਆਸ਼ੀਰਵਾਦ, ਸਮਾਜਿਕ ਸੁਰੱਖਿਆ ਪੈਨਸ਼ਨ, ਸਮਾਰਟ ਸਿਟੀ ਆਦਿ ਦਾ ਜ਼ਿਕਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਆਖਿਆ ਕਿ ਦੂਸਰੀਆਂ ਸਕੀਮਾਂ ਦੇ ਅੰਕੜੇ ਵੀ ਇਹੀ ਦੱਸ ਰਹੇ ਹਨ। ਉਨਾਂ ਕਿਹਾ ਕਿ ਜਿਸ ਰਫਤਾਰ ਨਾਲ ਸੂਬੇ ਵਿਚ ਸੜਕਾਂ ਅਤੇ ਪੁਲਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ, ਅਕਾਲੀ ਸਰਕਾਰ ਦੌਰਾਨ ਉਸ ਦੀ ਕਲਪਨਾ ਵੀ ਨਹੀਂ ਸੀ ਕੀਤੀ ਜਾ ਸਕਦੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION