ਯੈੱਸ ਪੰਜਾਬ
ਚੰਡੀਗੜ੍ਹ, 15 ਦਸੰਬਰ, 2021:
ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਦਫ਼ਤਰ ਸਕੱਤਰ ਅਤੇ ਬੁਲਾਰੇ ਸ: ਮਨਿੰਦਰਪਾਲ ਸਿੰਘ ਬਰਾੜ ਨੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀਆਂ ਰੈਲੀਆਂ ਵਿੱਚ ਆਏ ਦਿਨ ਪੁਲਿਸ ਵੱਲੋਂ ਬੇਰੁਜ਼ਗਾਰ ਨੌਜਵਾਨਾਂ ਨਾਲ ਹੋ ਰਹੀ ਲਾਠੀਚਾਰਜ਼ ਅਤੇ ਕੁੱਟਮਾਰ ਦੀਆਂ ਵਾਪਰ ਰਹੀਆਂ ਘਟਨਾਵਾਂ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਬੀਤੇ ਦਿਨੀ ਮਾਨਸਾ ਅਤੇ ਸੰਗਰੂਰ ਜਿ਼ਲ੍ਹੇ ਵਿੱਚ ਬੇਰੁਜ਼ਗਾਰ ਅਧਿਆਪਕਾਂ `ਤੇ ਹੋਈ ਲਾਠੀਚਾਰਜ਼ ਦੀ ਘਟਨਾ `ਤੇ ਬੋਲਦਿਆਂ ਸ: ਮਨਿੰਦਰਪਾਲ ਸਿੰਘ ਬਰਾੜ ਨੇ ਕਿਹਾ ਪੁਲਿਸ ਵੱਲੋਂ ਹੱਕ ਮੰਗਦੇ ਬੇਰੁਜ਼ਗਾਰ ਨੌਜਵਾਨਾਂ ਦੇ ਮੂੰਹ `ਤੇ ਹੱਥ ਰੱਖ ਕੇ ਨਾਅਰੇਬਾਜ਼ੀ ਤੋਂ ਰੋਕਣਾ ਅਤੇ ਉਨ੍ਹਾਂ `ਤੇ ਅਨ੍ਹੇਵਾਹ ਲਾਠੀਚਾਰਜ਼ ਕਰਨਾ ਸਰਕਾਰ ਦਾ ਅਣ-ਮਨੁੱਖੀ ਵਰਤਾਰਾ ਹੈ। ਜਿਸ ਨੂੰ ਕਦੇ ਵੀ ਬਰਦਾਸ਼ਤ ਨਹੀ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੜ੍ਹੇ-ਲਿਖੇ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਬਜਾਏ ਚੰਨੀ ਸਰਕਾਰ ਅਤੇ ਉਨ੍ਹਾਂ ਦੀ ਪੁਲਿਸ ਵੱਲੋਂ ਹਰ ਥਾਂ `ਤੇ ਧੱਕਾ-ਮੁੱਕੀ ਕੀਤੀ ਜਾ ਰਹੀ ਅਤੇ ਜਿਸ ਕਾਰਨ ਕਈਂ ਥਾਵਾਂ `ਤੇ ਨੌਜਵਾਨ ਜ਼ਖ਼ਮੀ ਵੀ ਹੋਏ ਅਤੇ ਉਨ੍ਹਾਂ ਦੀਆਂ ਪੱਗਾਂ ਵੀ ਲੱਥੀਆਂ।
ਇਸ ਤੋਂ ਪਹਿਲਾਂ ਮਾਨਸਾ ਵਿੱਚ ਮੁੱਖ ਮੰਤਰੀ ਦੀ ਰੈਲੀ ਦੌਰਾਨ ਡੀਐੱਸਪੀ ਵੱਲੋਂ ਬੇਰੁਜ਼ਗਾਰ ਅਧਿਆਪਕਾਂ `ਤੇ ਕੀਤੇ ਗਏ ਅਨ੍ਹੇਵਾਹ ਲਾਠੀਚਾਰਜ਼ ਨੇ ਮਨੁੱਖਤਾ ਨੂੰ ਸ਼ਰਮਸਾਰ ਕਰਨ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ। ਸ: ਬਰਾੜ ਨੇ ਅਜਿਹੇ ਪੁਲਿਸ ਅਧਿਕਾਰੀ ਵਿਰੁੱਧ ਸਖ਼ਤ ਕਾਰਵਾਈ ਕਰਨ ਦੀ ਵੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਇਕ ਪਾਸੇ ਚਰਨਜੀਤ ਸਿੰਘ ਚੰਨੀ ਆਏ ਦਿਨ ਐਲਾਨ ਤੇ ਐਲਾਨ ਕਰ ਰਹੇ ਹਨ ਅਤੇ ਦੂਜੇ ਪਾਸੇ ਬੇਰੁਜ਼ਗਾਰ ਪੜ੍ਹੇ-ਲਿਖੇ ਨੌਜਵਾਨ ਰੁਜ਼ਗਾਰ ਪ੍ਰਾਪਤੀ ਲਈ ਧੱਕੇ ਖਾਹ ਰਹੇ ਹਨ ਅਤੇ ਥਾਂ-ਥਾਂ ਰੋਸ ਵਜੋਂ ਧਰਨਾ-ਪ੍ਰਦਰਸ਼ਨ ਕਰਨ ਲਈ ਮਜਬੂਰ ਹਨ। ਸ: ਬਰਾੜ ਨੇ ਮੋਹਾਲੀ ਵਿੱਚ ਪਾਣੀ ਦੀ ਟੈਂਕੀ `ਤੇ ਚੜ੍ਹੀ ਬੇਰੁਜ਼ਗਾਰ ਪੀਪੀਟੀ ਅਧਿਆਪਕਾ ਦਾ ਵੀ ਜਿ਼ਕਰ ਕੀਤਾ ਜੋ ਪਿਛਲੇ ਲੰਮੇ ਸਮੇਂ ਤੋਂ ਰੁਜ਼ਗਾਰ ਪ੍ਰਾਪਤੀ ਲਈ ਮਰਨ ਵਰਤ `ਤੇ ਬੈਠੀ ਹੈ ਅਤੇ ਉਸ ਦੀ ਹਾਲਾਤ ਆਏ ਦਿਨ ਗੰਭੀਰ ਹੁੰਦੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਚੰਨੀ ਸਰਕਾਰ ਇਨ੍ਹਾ ਬੇਰੁਜ਼ਗਾਰਾਂ `ਤੇ ਤਰਸ ਕਰਨ ਦੀ ਥਾਂ ਉਲਟਾ ਜ਼ੁਲਮ ਢਾਹ ਰਹੀ ਹੈ। ਸ: ਬਰਾੜ ਨੇ ਚੰਨੀ ਸਰਕਾਰ ਵੱਲੋਂ ਪੰਜਾਬੀਆਂ ਨਾਲ ਕੀਤੀ ਜਾ ਰਹੀਆਂ ਧੱਕੇਸ਼ਾਹੀਆਂ ਦਾ ਜਵਾਬ ਦੇਣਾ ਪਵੇਗਾ ਅਤੇ ਆਉਣ ਵਾਲੀਆਂ ਚੋਣਾਂ ਵਿੱਚ ਪੰਜਾਬ ਦੇ ਲੋਕ ਕਾਂਗਰਸ ਸਰਕਾਰ ਨੂੰ ਜਰੂਰ ਸਬਕ ਸਿਖਾਉਣਗੇ।
ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ