ਚੰਡੀਗੜ੍ਹ, 1 ਅਗਸਤ, 2020 –
ਕੋਵਿਡ-19 ਦੇ ਚੱਲਦਿਆਂ ਰੱਖੜੀ ਦੇ ਤਿਉਹਾਰ ਮੌਕੇ ਜੇਲ੍ਹਾਂ ਵਿੱਚ ਬੰਦ ਕੈਦੀਆਂ ਨੂੰ ਰੱਖੜੀਆਂ ਪਹੰੁਚਾਣ ਲਈ ਪਰਿਵਾਰਕ ਮੈਂਬਰਾਂ ਦੀ ਸਹੂਲਤ ਲਈ ਜੇਲ੍ਹ ਵਿਭਾਗ ਵੱਲੋਂ ਵਿਸਥਾਰ ਵਿੱਚ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜਿਸ ਤਹਿਤ 3 ਅਗਸਤ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਬਾਹਰੀ ਗੇਟਾਂ ਉਤੇ ਰੱਖੜੀਆਂ ਸਵੇਰੇ 8.30 ਤੋਂ ਸ਼ਾਮ 5 ਵਜੇ ਤੱਕ ਪ੍ਰਾਪਤ ਕੀਤੀਆਂ ਜਾ ਸਕਣਗੀਆਂ।
ਏ.ਡੀ.ਜੀ.ਪੀ. ਜੇਲ੍ਹਾਂ ਸ੍ਰੀ ਪ੍ਰਵੀਨ ਕੁਮਾਰ ਸਿਨਹਾ ਨੇ ਸਾਰੇ ਜੇਲ੍ਹ ਸੁਪਰਡੈਂਟਾਂ ਨੂੰ ਨਿਰਦੇਸ਼ ਦਿੱਤੇ ਹਨ ਕਿ ਰੱਖੜੀ ਦੇ ਤਿਉਹਾਰ ਮੌਕੇ 3 ਅਗਸਤ ਨੂੰ ਕੋਈ ਫਿਜ਼ੀਕਲ ਮੁਲਾਕਾਤ ਦੀ ਆਗਿਆ ਨਹÄ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਰੱਖੜੀਆਂ ਹਾਸਲ ਕਰਨ ਲਈ ਬਾਹਰੀ ਗੇਟਾਂ ਉਤੇ ਪੂਰਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜਿਹੜਾ ਵੀ ਪੈਕੇਟ ਰੱਖੜੀ ਦਾ ਗੇਟ ਉਤੇ ਰੱਖਿਆ ਜਾਵੇ ਉਹ ਪੂਰੀ ਤਰ੍ਹਾਂ ਬੰਦ ਹੋਵੇ ਅਤੇ ਸੈਨੇਟਾਈਜ਼ ਕਰਨ ਤੋਂ ਬਾਅਦ ਹੀ ਜੇਲ੍ਹ ਅੰਦਰ ਭੇਜਿਆ ਜਾਵੇ।
ਏ.ਡੀ.ਜੀ.ਪੀ. ਨੇ ਕਿਹਾ ਕਿ ਸਮਾਜਿਕ ਵਿੱਥ ਦਾ ਪੂਰੀ ਤਰ੍ਹਾਂ ਪਾਲਣ ਕਰਨ ਲਈ ਗੇਟ ਦੇ ਬਾਹਰ ਆਉਣ ਵਾਲੇ ਕੈਦੀਆਂ ਦੇ ਪਰਿਵਾਰਕ ਮੈਂਬਰਾਂ ਲਈ ਤੈਅ ਦੂਰੀ ’ਤੇ ਗੋਲ ਚੱਕਰ ਬਣਾ ਦਿੱਤੇ ਜਾਣ। ਰੱਖੜੀ ਦੇ ਪੈਕੇਟ ਉਪਰ ਸਬੰਧਤ ਕੈਦੀ ਦੇ ਨਾਂ ਦੀ ਸਲਿੱਪ ਲਗਾਈ ਹੋਵੇ ਅਤੇ ਇਕ ਘੰਟੇ ਦੇ ਅੰਦਰ ਉਸ ਕੈਦੀ ਨੂੰ ਰੱਖੜੀ ਪਹੁੰਚ ਜਾਣੀ ਚਾਹੀਦੀ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਸੁਰੱਖਿਆ ਅਮਲੇ ਦੇ ਨਾਲ ਇਕ ਅਧਿਕਾਰੀ ਵੀ ਜੇਲ੍ਹ ਦੇ ਬਾਹਰੀ ਗੇਟ ਉਤੇ ਤਾਇਨਾਤ ਕੀਤਾ ਜਾਵੇ ਜੋ ਰੱਖੜੀ ਦੇ ਪੈਕੇਟ ਦੀ ਚੈਕਿੰਗ ਅਤੇ ਸੈਨੇਟਾਈਜ਼ ਆਦਿ ਦਾ ਪੂਰਾ ਖਿਆਲ ਰੱਖੇ। ਕੋਵਿਡ-19 ਨੇਮਾਂ ਦੀ ਪਾਲਣਾ ਕਰਦੇ ਹੋਏ ਜੇਲ੍ਹ ਕਰਮੀ ਮਾਸਕ ਅਤੇ ਦਸਤਾਨੇ ਪਹਿਨ ਕੇ ਹੀ ਇਹ ਪੈਕੇਟ ਹਾਸਲ ਕਰਨ।
ਏ.ਡੀ.ਜੀ.ਪੀ. ਜੇਲ੍ਹਾਂ ਨੇ ਕਿਹਾ ਕਿ ਰੱਖੜੀ ਦੇ ਨਾਲ ਮਠਿਆਈ ਦੀ ਆਗਿਆ ਨਹÄ ਦਿੱਤੀ ਜਾਵੇਗੀ ਅਤੇ ਹਰੇਕ ਪੈਕੇਟ ਦੇ ਨਾਲ ਸਿਰਫ ਮਿਸ਼ਰੀ ਦਾ ਛੋਟਾ ਪੈਕੇਟ ਭੇਜਿਆ ਜਾ ਸਕਦਾ ਹੈ ਜਿਸ ਦਾ ਪ੍ਰਬੰਧ ਜੇਲ੍ਹ ਵਿਭਾਗ ਵੱਲੋਂ ਬਾਹਰੀ ਗੇਟ ਉਤੇ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖੁੱਲ੍ਹੀਆਂ ਰੱਖੜੀਆਂ ਲਈ ਵਿਭਾਗ ਵੱਲੋਂ ਜੇਲ੍ਹ ਦੇ ਬਾਹਰ ਛੋਟੇ ਪੈਕੇਟਾਂ ਦਾ ਵੀ ਪ੍ਰਬੰਧ ਕੀਤਾ ਜਾਵੇਗਾ।
ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/