29 C
Delhi
Friday, April 19, 2024
spot_img
spot_img

ਮਿਲਟਰੀ ਲਿਟਰੇਚਰ ਫੈਸਟੀਵਲ: ਵਿਦਿਆਰਥੀਆਂ ਤੇ ਪਟਿਆਲਵੀਆਂ ਨੇ ਆਨੰਦ ਮਾਣਿਆ 

ਪਟਿਆਲਾ, 24 ਨਵੰਬਰ, 2019:
ਤੀਸਰੇ ਮਿਲਟਰੀ ਸਾਹਿਤ ਮੇਲੇ ਦੇ ਉਤਸਵਾਂ ਵਜੋਂ ਵੈਸਟਰਨ ਕਮਾਂਡ ਪੋਲੋ ਚੈਲੇਂਜ ਦਾ ਪ੍ਰਦਰਸ਼ਨੀ ਮੈਚ ਪਟਿਆਲਾ ਰੇਡਰਜ ਅਤੇ ਪਟਿਆਲਾ ਚਾਰਜਰਸ ਦੀ ਟੀਮ ਦਰਮਿਆਨ ਅੱਜ ਸ਼ਾਮ ਪਟਿਆਲਾ ਪੋਲੋ ਐਂਡ ਰਾਇਡਿੰਗ ਕਲੱਬ ਸੰਗਰੂਰ ਰੋਡ ਵਿਖੇ ਕਰਵਾਇਆ ਗਿਆ, ਜਿਸ ਦੌਰਾਨ ਪਟਿਆਲਾ ਰੇਡਰਜ ਦੀ ਟੀਮ ਨੇ ਇਹ ਮੈਚ 5-3 ਦੇ ਫ਼ਰਕ ਨਾਲ ਜਿੱਤ ਲਿਆ।

ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਕਰਵਾਏ ਗਏ ‘ਦੀ ਵੈਸਟਰਨ ਕਮਾਂਡ ਪੋਲੋ ਚੈਂਲੇਂਜ’ ਦੇ ਇਸ ਪ੍ਰਦਰਸ਼ਨੀ ਮੈਚ ‘ਚ ਪਟਿਆਲਾ ਚਾਰਜਰਸ ਅਤੇ ਪਟਿਆਲਾ ਰੇਡਰਜ ਦੀਆਂ ਟੀਮਾਂ ਦਰਮਿਆਨ ਸਖ਼ਤ ਮੁਕਾਬਲਾ ਹੋਇਆ। ਇਸ ਦੌਰਾਨ ਵੱਡੀ ਗਿਣਤੀ ਸਕੂਲੀ ਵਿਦਿਆਰਥੀਆਂ ਅਤੇ ਸਥਾਨਕ ਦਰਸ਼ਕਾਂ ਨੇ ਘੋੜ ਸਵਾਰਾਂ ਦੀ ਪੋਲੋ ਦੇ ਇਸ ਸਾਹਸ ਭਰਪੂਰ ਦਿਲਦਾਰ-ਜਾਨਦਾਰ ਤੇ ਦਿਲਕਸ਼ ਖੇਡ ਦਾ ਭਰਪੂਰ ਅਨੰਦ ਮਾਣਿਆ।

ਮਿਲਟਰੀ ਸਾਹਿਤ ਮੇਲੇ ਦੀ ਲੜੀ ਤਹਿਤ ਕਰਵਾਏ ਗਏ ਇਸ ਪ੍ਰਦਰਸ਼ਨੀ ਮੈਚ ਦੇ ਮੁੱਖ ਮਹਿਮਾਨ ਵਜੋਂ ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਦੇ ਜੀਓਸੀ-ਇਨ-ਸੀ ਲੈਫਟੀਨੈਟ ਜਨਰਲ ਆਰ.ਪੀ. ਸਿੰਘ ਏ.ਵੀ.ਐਸ.ਐਮ., ਵੀ.ਐਸ.ਐਮ. ਨੇ ਸ਼ਿਰਕਤ ਕੀਤੀ ਅਤੇ ਮੈਦਾਨ ‘ਚ ਗੇਂਦ ਸੁੱਟਕੇ ਮੈਚ ਦੀ ਸ਼ੁਰੂਆਤ ਕਰਵਾਈ। ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਭਾਰਤੀ ਫ਼ੌਜ ਦੇਸ਼ ਸੇਵਾ ਨੂੰ ਸਮਰਪਿਤ ਸੇਵਾ ਹੈ, ਇਸ ਲਈ ਨੌਜਵਾਨਾਂ ਨੂੰ ਇਸ ਸਾਹਸੀ ਸੇਵਾ ਦਾ ਹਿੱਸਾ ਬਨਣਾ ਚਾਹੀਦਾ ਹੈ।

ਇਸ ਮੈਚ ਦੀ ਪ੍ਰਧਾਨਗੀ ਪੰਜਾਬ ਦੇ ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਲੈਫਟੀਨੈਟ ਜਨਰਲ (ਸੇਵਾ ਮੁਕਤ) ਟੀ.ਐਸ. ਸ਼ੇਰਗਿੱਲ ਪੀ.ਵੀ.ਐਸ.ਐਮ. ਨੇ ਕੀਤੀ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਲਏ ਗਏ ਸੁਪਨੇ ਨੂੰ ਪੂਰਾ ਕਰਦਿਆਂ ਰਾਜ ਸਰਕਾਰ ਨੌਜਵਾਨਾਂ ਨੂੰ ਸਾਹਸ ਭਰਪੂਰ ਖੇਡਾਂ ਪ੍ਰਤੀ ਉਤਸ਼ਾਹਤ ਕਰ ਰਹੀ ਹੈ, ਜਿਸ ਲਈ ਪਟਿਆਲਾ ਵਿਖੇ ਖੇਡ ਯੂਨੀਵਰਸਿਟੀ ਵੀ ਸਥਾਪਤ ਕੀਤੀ ਗਈ ਹੈ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਸ਼ੇਰਗਿੱਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਗਤੀਸ਼ੀਲ ਅਗਵਾਈ ਹੇਠ, ਪੰਜਾਬ ਦੇ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਸ੍ਰੀ ਵੀ.ਪੀ. ਸਿੰਘ ਬਦਨੌਰ ਨਾਲ ਮਿਲਕੇ ਭਾਰਤੀ ਸੈਨਾ ਦੇ ਸਹਿਯੋਗ ਨਾਲ ਮਿਲਟਰੀ ਸਾਹਿਤ ਮੇਲਾ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਪੋਲੋ ਮੈਚ ਨੇ ਮਿਲਟਰੀ ਸਾਹਿਤ ਮੇਲੇ ਲਈ ਚੰਗਾ ਮਾਹੌਲ ਸਿਰਜਿਆ ਹੈ।

ਭਾਰਤੀ ਫ਼ੌਜ ਦੀ ਪੱਛਮੀ ਕਮਾਂਡ ਵੱਲੋਂ ਕਰਵਾਏ ਗਏ ‘ਦੀ ਵੈਸਟਰਨ ਕਮਾਂਡ ਪੋਲੋ ਚੈਲੇਂਜ’ ਦੇ ਪ੍ਰਦਰਸ਼ਨੀ ਮੈਚ ਮੌਕੇ ਪਟਿਆਲਾ ਰੇਡਰਜ ਵਾਲੀ ਅਰਜਨਾ ਅਵਾਰਡੀ, ਭਾਰਤੀ ਟੀਮ ਦੇ ਕੈਪਟਨ ਤੇ ਵਿਸ਼ਵ ਕੱਪ ਖਿਡਾਰੀ ਕਰਨਲ ਰਵੀ ਰਾਠੌਰ ਦੀ ਟੀਮ ਨੇ ਇਸ ਖੇਡ ਦੇ ਚਾਰੇ ਚੱਕਰਾਂ ਦੌਰਾਨ ਵਿਰੋਧੀ ਟੀਮ ਪਟਿਆਲਾ ਚਾਰਜਰਸ ‘ਤੇ ਦਬਾਅ ਬਣਾਈ ਰੱਖਿਆ।

ਕਰਨਲ ਰਾਠੌਰ ਨੇ ਚਾਰ ਚੱਕਰਾਂ ਦੌਰਾਨ 5 ਗੋਲ ਕੀਤੇ। ਦੋਵੇਂ ਟੀਮਾਂ ਪਹਿਲੇ ਤੀਜੇ ਚੱਕਰ ‘ਚ 3-3 ਗੋਲਾਂ ਨਾਲ ਬਰਾਬਰ ਪੁੱਜ ਗਈਆਂ ਸਨ। ਪਰੰਤੂ ਤੀਜੇ ਤੇ ਚੌਥੇ ਚੱਕਰਾਂ ‘ਚ ਕਰਨਲ ਰਵੀ ਰਾਠੌਰ ਨੇ ਦੋ ਗੋਲ ਕਰਦਿਆਂ ਪਟਿਆਲਾ ਚਾਰਜਰਸ ਦੀ ਟੀਮ ‘ਤੇ ਜਿੱਤ ਹਾਸਲ ਕੀਤੀ।

ਇਸੇ ਦੌਰਾਨ ਪਟਿਆਲਾ ਚਾਰਜਰਸ ਦੇ ਅਤੇ ਕੌਮਾਂਤਰੀ ਖਿਡਾਰੀ ਕਰਨਲ ਐਨ.ਐਸ. ਸੰਧੂ ਨੇ ਦੋ ਗੋਲ ਕੀਤੇ। ਤੀਜਾ ਗੋਲ ਕੌਮਾਂਤਰੀ ਖਿਡਾਰੀ ਕੈਪਟਨ ਰਾਘਵ ਰਾਜ ਨੇ ਕੀਤਾ। ਪਰੰਤੂ ਆਖਰੀ ਚੱਕਰ ‘ਚ ਪਟਿਆਲਾ ਚਾਰਜਰਸ ਕੋਈ ਗੋਲ ਨਾ ਕਰ ਸਕੀ ਤੇ ਇਸ ਹੱਥੋਂ ਮੈਚ ਖੁਸ ਗਿਆ। ਇਸ ਦੌਰਾਨ ਬੈਸਟ ਪੋਲੋ ਪੋਨੀ ਦਾ ਅਵਾਰਡ ਕਰਨਲ ਐਨ.ਐਸ. ਸੰਧੂ ਦੀ ਘੋੜੀ ਮਸਾਇਆ ਨੇ ਜਿੱਤਿਆ।

ਇਸ ਦੌਰਾਨ ਫ਼ੌਜ ਦੀ 61 ਕੈਵਲਰੀ ਦੇ ਘੋੜ ਸਵਾਰਾਂ ਨੇ ਘੋੜਸਵਾਰੀ ਕਰਦਿਆਂ ਖੜੇ ਹੋਕੇ ਸਲਿਊਟ, ਲੈਂਸ ਪੈਗ, ਤੀਹਰੀ ਟੈਂਟ ਪੈਗਿੰਗ, ਇੰਡੀਅਨ ਫਾਇਲ, ਰੁਮਾਲ ਚੁੱਕਣਾ, ਟ੍ਰਿਕ ਟੈਂਟ ਪੈਗਿੰਗ ਦੇ ਕਰਤੱਬ ਦਿਖਾਏ। ਜਦੋਂਕਿ ਪਟਿਆਲਾ ਏਵੀਏਸ਼ਨ ਕਲੱਬ ਦੇ ਸੀਨੀਅਰ ਇੰਸਟ੍ਰਕਰ ਕੈਪਟਨ ਮਲਕੀਅਤ ਸਿੰਘ, ਜ਼ਿਨ੍ਹਾਂ ਕੋਲ 10 ਹਜ਼ਾਰ ਘੰਟੇ ਹਵਾਈ ਜਹਾਜ ਉਡਾਉਣ ਦਾ ਤਜਰਬਾ ਹੈ, ਨੇ ਸੈਸਨਾ 172 ਜਹਾਜ ਨਾਲ ਏਅਰੋਬੈਟਿਕ ਸਕਿਲਜ ਦਾ ਸ਼ਾਨਦਾਰ ਮੁਜ਼ਾਹਰਾ ਕੀਤਾ।

ਇਸ ਤੋਂ ਪਹਿਲਾਂ ਮੈਚ ਦੇ ਸ਼ੁਰੂ ‘ਚ ਫਸਟ ਰਾਜਰਾਇਫ ਦੇ ਥਰਡ ਗਾਰਡ ਮਿਲਟਰੀ ਬੈਂਡ ਨੇ ਨਾਇਬ ਸੂਬੇਦਾਰ ਮਹਿੰਦਰ ਕੁਮਾਰ ਦੀ ਅਗਵਾਈ ‘ਚ ਬੈਂਡ ਦੀਆਂ ਮਧੁਰ ਧੁੰਨਾ ਨਾਲ ਮਾਹੌਲ ਨੂੰ ਸ਼ਾਨਦਾਰ ਕਰ ਦਿੱਤਾ।

ਪਟਿਆਲਾ ਚਾਰਜਰਸ ਟੀਮ ‘ਚ ਸ੍ਰੀ ਅਸ਼ਵਨੀ ਸ਼ਰਮਾ, ਦਫ਼ੇਦਾਰ ਰਾਮਵੀਰ ਸਿੰਘ, ਕਰਨਲ ਐਨ.ਐਸ. ਸੰਧੂ, ਕੈਪਟਨ ਰਾਘਵ ਰਾਜ ਸ਼ਾਮਲ ਸਨ ਅਤੇ ਪਟਿਆਲਾ ਰੇਡਰਜ ਦੀ ਟੀਮ ‘ਚ ਕਰਨਲ ਰਵੀ ਰਾਠੌਰ, ਕੈਪਟਨ ਮ੍ਰਿਤੁਅੰਜੇ ਸਿੰਘ, ਮੇਜਰ ਪ੍ਰਿਥਵੀ ਸਿੰਘ, ਲੈਫ. ਕਰਨਲ ਏ ਸਮਾਤਰੇ ਸ਼ਾਮਲ ਸਨ।

ਮੈਚ ਦੌਰਾਨ ਸ੍ਰੀ ਪ੍ਰੀਤਇੰਦਰ ਸਿੰਘ ਅਤੇ ਲੈਫ. ਕਰਨਲ ਏ.ਐਸ ਬਾਠ ਨੇ ਅੰਮਾਇਰ ਵਜੋਂ ਤੇ ਮੇਜਰ ਜਨਰਲ ਐਨ.ਐਸ. ਰਾਜਪੁਰੋਹਿਤ ਵੀ.ਐਸ.ਐਮ. ਨੇ ਤਕਨੀਕੀ ਰੈਫ਼ਰੀ ਵਜੋਂ ਭੂਮਿਕਾ ਨਿਭਾਈ ਤੇ ਕਰਨਲ ਸ਼ਕਤੀ ਰਾਠੌਰ ਨੇ ਕਮੈਂਟਰੀ ਕੀਤੀ।

ਇਸ ਮੌਕੇ ਕੋਰ ਕਮਾਂਡਰ ਲੈਫ. ਜਨਰਲ ਐਮ.ਜੇ.ਐਮ. ਕਾਹਲੋਂ ਏ.ਵੀ.ਐਸ.ਐਮ., ਵੀ.ਐਸ.ਐਮ., ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਖੇਡ ਯੂਨੀਵਰਸਿਟੀ ਦੇ ਉਪ ਕੁਲਪਤੀ ਲੈਫ. ਜਨਰਲ ਜੇ.ਐਸ. ਚੀਮਾ, ਲੈਫ. ਜਨਰਲ ਚੇਤਿੰਦਰ ਸਿੰਘ, ਮਿਲਟਰੀ ਲਿਟਰੇਚਰ ਫੈਸਟੀਵਲ ਦੇ ਡਾਇਰੈਕਟਰ ਸ. ਮਨਦੀਪ ਸਿੰਘ ਬਾਜਵਾ, ਸ੍ਰੀਮਤੀ ਮਨਮੀਤ ਕਾਹਲੋਂ, ਮੁੱਖ ਮੰਤਰੀ ਪੰਜਾਬ ਦੇ ਪ੍ਰਮੁੱਖ ਸਕੱਤਰ ਸ੍ਰੀ ਤੇਜਵੀਰ ਸਿੰਘ, ਮੇਜਰ ਜਨਰਲ ਟੀ.ਪੀ.ਐਸ. ਵੜੈਚ, ਕੈਪਟਨ ਅਮਰਜੀਤ ਸਿੰਘ ਜੇਜੀ, ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ, ਕਮਿਸ਼ਨਰ ਨਗਰ ਨਿਗਮ ਪੂਨਮਦੀਪ ਕੌਰ, ਏ.ਡੀ.ਸੀ. (ਡੀ) ਡਾ. ਪ੍ਰੀਤੀ ਯਾਦਵ, ਐਸ.ਡੀ.ਐਮ ਰਾਜਪੁਰਾ ਸ੍ਰੀ ਸ਼ਿਵ ਕੁਮਾਰ, 12 ਆਰਮਡ ਡਵੀਜਨ ਦੇ ਫ਼ੌਜੀ ਅਧਿਕਾਰੀ ਤੇ ਸੈਨਿਕ, ਐਨ.ਸੀ.ਸੀ. ਕੈਡਿਟਸ, ਪੀ.ਪੀ.ਐਸ. ਨਾਭਾ ਸਕੂਲ ਦੇ ਵਿਦਿਆਰਥੀ ਤੇ ਸੈਨਿਕਾਂ ਦੇ ਪਰਿਵਾਰਕ ਮੈਂਬਰ ਤੇ ਪਟਿਆਲਵੀ ਵੱਡੀ ਗਿਣਤੀ ‘ਚ ਸ਼ਾਮਲ ਹੋਏ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION