ਮਾਨਸਾ, 09 ਜੁਲਾਈ, 2019 –
ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਖਿਆਲਾ ਕਲਾਂ ਵਿਖੇ ਮਿਲੇ ਖੁੱਲੇ ਬੋਰਵੈੱਲ ਵਾਲੀ ਜ਼ਮੀਨ ਦੇ ਮਾਲਕਾਂ ਤੇ ਐਫ਼.ਆਈ.ਆਰ. ਦਰਜ਼ ਕਰਨ ਦੇ ਆਦੇਸ਼ ਐਸ.ਐਸ.ਪੀ. ਮਾਨਸਾ ਨੂੰ ਦਿੱਤੇ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬਲਾਕ ਵਿਕਾਸ ਤੇ ਪੰਚਾਇਤ ਦਫ਼ਤਰ ਮਾਨਸਾ ਵਿਖੇ ਖਿਆਲਾ ਕਲਾਂ ਵਿਚ ਖੁੱਲੇ ਪਏ ਬੋਰਵੈੱਲ ਦੀ ਸ਼ਿਕਾਇਤ ਪ੍ਰਾਪਤ ਹੋਈ ਸੀ। ਪੜਤਾਲ ਦੌਰਾਨ ਪਤਾ ਲੱਗਿਆ ਕਿ ਗੁਰਦੁਆਰਾ ਬੇਰੀ ਸਾਹਿਬ ਦੇ ਨੇੜੇ ਪਿੰਡ ਦੇ ਰਛਪਾਲ ਸਿੰਘ ਦੁਆਰਾ 3 ਫੁੱਟ ਚੌੜਾ ਅਤੇ 10 ਫੁੱਟ ਡੂੰਘਾ ਟੋਆ ਪਖਾਨੇ ਲਈ ਪੁੱਟਿਆ ਹੋਇਆ ਸੀ।
ਜ਼ਿਲ੍ਹਾ ਪ੍ਰਸ਼ਾਸ਼ਨ ਦੁਆਰਾ ਹੁਣ ਇਸ ਨੂੰ ਬੰਦ ਕਰ ਦਿੱਤਾ ਗਿਆ ਹੈ। ਇਸੇ ਤਰਾਂ ਹੀ ਇਸੇ ਪਿੰਡ ਦੇ ਰਾਕੇਸ਼ ਕੁਮਾਰ ਦੁਆਰਾ 6 ਫੁੱਟ ਚੌੜਾ ਅਤੇ 12 ਫੁੱਟ ਡੂੰਘਾ ਬੋਰਵੈੱਲ ਪੁੱਟਿਆ ਗਿਆ ਸੀ ਜੋ ਕਿ ਖੁੱਲਾ ਪਾਇਆ ਗਿਆ, ਵੀ ਬੰਦ ਕਰ ਦਿੱਤਾ ਗਿਆ ਹੈ।
ਸ੍ਰੀਮਤੀ ਅਪਨੀਤ ਰਿਆਤ ਨੇ ਕਿਹਾ ਕਿ ਖੁੱਲੇ ਪਏ ਬੋਰਵੈੱਲ ਵਾਲੀਆਂ ਜ਼ਮੀਨਾਂ ਦੇ ਮਾਲਕਾਂ ਖਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਉਨ੍ਹਾਂ ਲੋਕਾਂ ਨੂੰ ਸਾਵਧਾਨੀ ਵਰਤਦਿਆਂ ਉਨ੍ਹਾਂ ਦੀਆਂ ਜ਼ਮੀਨਾਂ ਤੇ ਪਏ ਖੁੱਲੇ ਬੋਰਵੈੱਲ ਬੰਦ ਕਰਨ ਲਈ ਕਿਹਾ।