35.1 C
Delhi
Saturday, April 20, 2024
spot_img
spot_img

ਮਾਇਆਵਤੀ ਦੇ ਇਲਜ਼ਾਮ ’ਤੇ ਬੋਲੇ ਕੇਜਰੀਵਾਲ: ਕਿਹਾ ਦਿੱਲੀ ਸਰਕਾਰ ਦਾ ਗੁਰੂ ਰਵਿਦਾਸ ਮੰਦਿਰ ਢਾਹੁਣ ’ਚ ਹੱਥ ਨਹੀਂ

ਯੈੱਸ ਪੰਜਾਬ
ਨਵੀਂ ਦਿੱਲੀ, 14 ਅਗਸਤ, 2019:

ਦਿੱਲੀ ਦੇ ਮੁੱਖ ਮੰਤਰੀ ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਉਹਨਾਂ ਦੀ ਸਰਕਾਰ ਦਾ ਤੁਗਲਕਾਬਾਦ ਦੇ ਗੁਰੂ ਰਵਿਦਾਸ ਮੰਦਿਰ ਨੂੰ ਢਾਹੇ ਜਾਣ ਦੀ ਕਾਰਵਾਈ ਨਾਲ ਕੋਈ ਲਾਗਾ ਦਾਗਾ ਨਹੀਂ ਹੈ ਸਗੋਂ ਉਨ੍ਹਾਂ ਦੀ ਸਰਕਾਰ ਤਾਂ ਇਸ ਕਾਰਵਾਈ ਤੋਂ ਚਿੰਤਿਤ ਹੈ।

ਸ੍ਰੀ ਕੇਜਰੀਵਾਲ ਦਾ ਇਹ ਬਿਆਨ ਉੱਤਰ ਪ੍ਰਦੇਸ਼ ਦੀ ਸਾਬਕਾ ਮੁੱਖ ਮੰਤਰੀ ਅਤੇੇ ਬਸਪਾ ਦੀ ਕੌਮੀ ਪ੍ਰਧਾਨ ਕੁਮਾਰੀ ਮਾਇਆਵਤੀ ਦੇ ਉਸ ਬਿਆਨ ਤੋਂ ਬਾਅਦ ਆਇਆ ਹੈ ਜਿਸ ਵਿਚ ਉਨ੍ਹਾਂ ਦੋਸ਼ ਲਗਾਇਆ ਸੀ ਕਿ ਮੰਦਿਰ ਢਾਹੇ ਜਾਣ ਦੀ ਕਾਰਵਾਈ ਲਈ ਕੇਂਦਰ ਅਤੇ ਦਿੱਲੀ ਸਰਕਾਰ ਦੋਵੇਂ ਜ਼ਿੰਮੇਵਾਰ ਹਨ। ਕੁਮਾਰੀ ਮਾਇਆਵਤੀ ਨੇ ਆਪਣੇ ਬਿਆਨ ਵਿਚ ਇਹ ਵੀ ਕਿਹਾ ਸੀ ਕਿ ਕੇਂਦਰ ਅਤੇ ਦਿੱਲੀ ਸਰਕਾਰ ਦੋਹਾਂ ਨੂੰ ਹੀ ਮੰਦਿਰ ਦੀ ਮੁੜ ਉਸਾਰੀ ਲਈ ਹੋਣ ਵਾਲੇ ਖ਼ਰਚੇ ਦੀ ਅਦਾਇਗੀ ਕਰਨੀ ਚਾਹੀਦੀ ਹੈ।

ਇਸ ’ਤੇ ਆਪਣਾ ਪ੍ਰਤੀਕਰਮ ਦਿੰਦਿਆਂ ਸ੍ਰੀ ਕੇਜਰੀਵਾਲ ਨੇ ਕਿਹਾ ਕਿ ਉਹਨਾਂ ਦੀ ਸਰਕਾਰ ਤਾਂ ਆਪ ਇਸ ਤਰ੍ਹਾਂ ਦੀਆਂ ਕਾਰਵਾਈਆਂ ਦੇ ਖ਼ਿਲਾਫ਼ ਹੈ।

ਸ੍ਰੀ ਕੇਜਰੀਵਾਲ ਨੇ ਕੁਮਾਰੀ ਮਾਇਆਵਤੀ ਨੂੰ ਟਵਿੱਟਰ ’ਤੇ ਜਵਾਬ ਦਿੰਦਿਆਂ ਕਿਹਾ, ‘ਮਾਇਆਵਤੀ ਜੀ, ਅਸੀਂ ਤਾਂ ਆਪ ਇਸ ਕਾਰਵਾਈ ਤੋਂ ਨਿਰਾਸ਼ ਹਾਂ। ਅਸੀਂ ਇਸ ਤਰ੍ਹਾਂ ਦੀ ਕਾਰਵਾਈ ਦੇ ਹੱਕ ਵਿਚ ਨਹੀਂ ਸਗੋਂ ਵਿਰੋਧ ਵਿਚ ਹਾਂ। ਮੈਨੂੰ ਇੰਜ ਜਾਪਦਾ ਹੈ ਕਿ ਜਿਵੇਂ ਤੁਸੀਂ ਕੇਂਦਰ ਦੇ ਨਾਲ ਨਾਲ ਸਾਨੂੰ ਵੀ ਇਸ ਲਈ ਜ਼ਿੰਮੇਵਾਰ ਮੰਨ ਰਹੇ ਹੋ। ਦਿੱਲੀ ਵਿਚਲੀ ਇਹ ਜਗ੍ਹਾ ਕੇਂਦਰ ਦੇ ਅਖ਼ਤਿਆਰ ਹੇਠ ਹੈ ਅਤੇ ਮੰਦਿਰ ਢਾਹੇ ਜਾਣ ਵਿਚ ਸਾਡੀ ਕੋਈ ਭੂਮਿਕਾ ਨਹੀਂ ਹੈ।’

ਜ਼ਿਕਰਯੋਗ ਹੈ ਕਿ ਸੋਮਵਾਰ ਨੂੂੰ ‘ਆਮ ਆਦਮੀ ਪਾਰਟੀ’ ਨੇ ਮੰਦਿਰ ਢਾਹੇ ਜਾਣ ਦੀ ਕਾਰਵਾਈ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਸੀ।

ਇਸ ਤੋਂ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਨੇ ਵੀ ‘ਆਮ ਆਦਮੀ ਪਾਰਟੀ’ ਨੂੰ ਇਸ ਮਾਮਲੇ ਦਾ ਦੋਸ਼ੀ ਕਰਾਰ ਦੇਣ ਸੰਬੰਧੀ ਇਕ ਬਿਆਨ ਜਾਰੀ ਕੀਤਾ ਸੀ ਪਰ ਪਾਰਟੀ ਦੀ ਪੰਜਾਬ ਇਕਾਈ ਨੇ ਸਪਸ਼ਟ ਕੀਤਾ ਸੀ ਕਿ ਇਹ ਦੋਸ਼ ਗ਼ਲਤ ਹੈ ਅਤੇ ਇਸ ਦੇ ਨਾਲ ਹੀ ਉਨ੍ਹਾਂ ਅਕਾਲੀ ਦਲ ਨੂੰ ਚੇਤਾਵਨੀ ਦਿੱਤੀ ਸੀ ਕਿ ਇਸ ਮਾਮਲੇ ਵਿਚ ਝੂਠ ਬੋਲਣ ਸੰਬੰਧੀ ਉਨ੍ਹਾਂ ਵਿਰੁੱਧ ਕੇਸ ਕੀਤਾ ਜਾਵੇਗਾ।

ਉੱਧਰ ਦਿੱਲੀ ਦੇ ਸਮਾਜ ਭਲਾਈ ਮੰਤਰੀ ਸ੍ਰੀ ਰਜਿੰਦਰ ਪਾਲ ਗੌਤਮ ਨੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਨੂੰ ਪੱਤਰ ਲਿਖ਼ ਕੇ ਮੰਗ ਕੀਤੀ ਹੈ ਕਿ ਉਹ ਡੀ.ਡੀ.ਏ. ਨੂੰ ਮੰਦਿਰ ਦੀ ਮੁੜ ਉਸਾਰੀ ਲਈ ਲੋੜੀਂਦੇ ਨਿਰਦੇਸ਼ ਦੇਣ।

ਸ੍ਰੀ ਗੌਤਮ ਨੇ ਦੋਸ਼ ਲਗਾਇਆ ਸੀ ਕਿ ਇਹ ਕਾਰਵਾਈ ਡੀ.ਡੀ.ਏ. ਨੇ ਕੀਤੀ ਹੈ ਜਦਕਿ ਡੀ.ਡੀ.ਏ. ਦਾ ਕਹਿਣਾ ਹੈ ਕਿ ਕਾਰਵਾਈ ਸੁਪਰੀਮ ਕੋਰਟ ਦੇ 9 ਅਗਸਤ ਦੇ ਫ਼ੈਸਲੇ ਦੇ ਆਧਾਰ ’ਤੇ ਕੀਤੀ ਗਈ ਹੈ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION