37.1 C
Delhi
Saturday, April 27, 2024
spot_img
spot_img

ਮਜੀਠੀਆ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਕੇ ‘ਆਪ’ ਸਰਕਾਰ ਸਿਆਸੀ ਬਦਲਾਖੋਰੀ ’ਤੇ ਉਤਰੀ: ਅਕਾਲੀ ਦਲ

ਯੈੱਸ ਪੰਜਾਬ
ਚੰਡੀਗੜ੍ਹ, 11 ਅਪ੍ਰੈਲ, 2022:
ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਅਕਾਲੀ ਦਲ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਦੀੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰ ਕੇ ਅਤੇ ਪੀ ਟੀ ਸੀ ਦੇ ਐਮ ਡੀ ਰਬਿੰਦਰ ਨਰਾਇਣ ਨੁੰ ਝੂਠੇ ਕੇਸ ਵਿਚ ਫਸਾ ਕੇ ਪ੍ਰੈਸ ਦੀ ਆਜ਼ਾਦੀ ’ਤੇ ਹਮਲਾ ਕਰ ਕੇ ਆਮ ਆਦਮੀ ਪਾਰਟੀ ਸਿਆਸੀ ਬਦਲਾਖੋਰੀ ’ਤੇ ਉਤਰ ਆਈ ਹੈ ਜਦੋਂ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਕਰਨ ਵਾਲੇ ਸਿਆਸੀ ਆਗੂਆਂ ਤੇ ਸੋਸ਼ਲ ਮੀਡੀਆ ਕਾਰਕੁੰਨਾਂ ਖਿਲਾਫ ਪਰਚੇ ਦਰਜ ਕਰ ਕੇ ਪੰਜਾਬ ਪੁਲਿਸ ਦੀ ਦੁਰਵਰਤੋਂ ਕੀਤੀ ਜਾ ਰਹੀ ਹੈ।

ਅੱਜ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਅਤੇ ਡਾ. ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਇਹ ਬਹੁਤ ਹੀ ਨਿੰਦਣਯੋਗ ਗੱਲ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਾਰੇ ਸਥਾਪਿਤ ਲੋਕਤੰਤਰੀ ਨਿਯਮਾਂ ਅਤੇ ਜੇਲ ਮੈਨੁਅਲ ਦੀ ਉਲੰਘਣਾ ਕਰ ਕੇ ਸਰਦਾਰ ਬਿਕਰਮ ਸਿੰਘ ਮਜੀਠੀਆ ਨਾਲ ਅਣਮਨੁੱਖੀ ਵਿਹਾਰ ਕਰ ਰਹੀ ਹੈ। ਉਹਨਾਂ ਕਿਹਾ ਕਿ ਇਕ ਹਵਾਲਾਤੀ ਵਜੋਂ ਜਿਹੜੀਆਂ ਸਹੂਲਤਾਂ ਸਰਦਾਰ ਮਜੀਠੀਆ ਨੁੰ ਮਿਲਣੀਆਂ ਚਾਹੀਦੀਆਂ ਹਨ, ਉਹ ਵੀ ਨਹੀਂ ਦਿੱਤੀਆਂ ਜਾ ਰਹੀਆਂ।

ਉਹਨਾਂ ਕਿਹਾ ਕਿ ਸਰਕਾਰ ਉਹਨਾਂ ਨੁੰ ਜਾਣ ਬੁੱਝ ਕੇ ਡਰਾਉਣ ਧਮਕਾਉਣ ਤੇ ਪ੍ਰੇਸ਼ਾਨ ਕਰਨ ਲਈ ਕੰਮ ਕਰ ਰਹੇ ਹਨ ਤੇ ਜੇਲ੍ਹ ਮੰਤਰੀ ਨੇ ਆਪ ਜੇਲ੍ਹ ਦਾ ਦੌਰਾ ਕਰ ਕੇ ਅਧਿਕਾਰੀਆਂ ਦੀ ਝਾੜ ਝੰਬ ਵੀ ਕੀਤੀ ਹੈ ਤੇ ਉਹਨਾ ਨੁੰ ਹਦਾਇਤਾਂ ਵੀ ਦਿੱਤੀਆਂ ਹਨ। ਉਹਨਾ ਕਿਹਾ ਕਿ ਸੂਬੇ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੋਇਆ ਹੈ ਕਿ ਇਕ ਮੰਤਰੀ ਨੇ ਇਕ ਹਵਾਲਾਤੀ ਦੀ ਬੈਰਕ ਦਾ ਦੌਰਾ ਕੀਤਾ ਹੋਵੇ ਜਿਸ ਤੋਂ ਸਪਸ਼ਟ ਹੈ ਕਿ ਆਮ ਆਦਮੀ ਪਾਰਟੀ ਸਰਕਾਰ ਸਿਆਸੀ ਬਦਲਾਖੋਰੀ ਕਰ ਰਹੀ ਹੈ।

ਪ੍ਰੋ. ਚੰਦੂਮਾਜਰਾ ਨੇ ਜ਼ੋਰ ਦੇ ਕੇ ਕਿਹਾ ਕਿ ਇਹ ਬਦਲਾਖੋਰੀ ਸਿਰਫ ਸਰਦਾਰ ਮਜੀਠੀਆ ਤੱਕ ਸੀਮਤ ਨਹੀਂ ਹੈ ਬਲਕਿ ਸਰਕਾਰ ਪ੍ਰੈਸ ਦੀ ਆਜ਼ਾਦੀ ਨੁੰ ਵੀ ਕੁਚਲਣਾ ਚਾਹੁੰਦੀ ਹੈ। ਉਹਨਾਂ ਕਿਹਾ ਕਿ ਮਿਸ ਪੰਜਾਬਣ ਮੁਕਾਬਲੇ ਵਿਚ ਐਫ ਆਈ ਆਰ ਵਿਚ ਪੀ ਟੀ ਸੀ ਦੇ ਮੈਨੇਜਿੰਗ ਡਾਇਰੈਕਟਰ ਦਾ ਨਾਂ ਵੀ ਨਹੀਂ ਹੈ ਪਰ ਫਿਰ ਵੀ ਸੂਬੇ ਦੀ ਪੁਲਿਸ ਨੇ ਪੀ ਟੀ ਸੀ ਦੀ ਆਵਾਜ਼ ਕੁਚਲਣ ਲਈ ਸ੍ਰੀ ਨਰਾਇਣ ਨੁੰ ਝੂਠੇ ਕੇਸ ਵਿਚ ਫਸਾ ਦਿੱਤਾ। ਉਹਨਾਂ ਕਿਹਾ ਕਿ ਅਜਿਹਾ ਉਦੋਂ ਕੀਤਾ ਗਿਆ ਜਦੋਂ ਪੀ ਟੀ ਸੀ ਦੇ ਐਮ ਡੀ ਅਤੇ ਹੋਰ ਸਟਾਫ ਜਾਂਚ ਵਿਚ ਸ਼ਾਮਲ ਹੋਏ ਸਨ ਤੇ ਉਹਨਾਂ ਸੀ ਸੀ ਟੀ ਵੀ ਦੀ ਫੁਟੇਜ ਪੁਲਿਸ ਨੁੰ ਸੌਂਪੀ ਸੀ ਤਾਂ ਜੋ ਕੇਸ ਦਾ ਸੱਚ ਸਾਹਮਣੇ ਆ ਸਕੇ।

ਉਹਨਾਂ ਕਿਹਾ ਕਿਾ ਪੀ ਟੀ ਸੀ ਦੀ ਮੈਨੇਜਮੈਂਟ ਵਾਰ ਵਾਰ ਇਹ ਕਹਿੰਦੀ ਆ ਰਹੀ ਹੈ ਕਿ ਉਸਦਾ ਮੁੱਖ ਮੁਲਜ਼ਮ ਨੈਂਸੀ ਘੁੰਮਣ ਤੇ ਭੁਪਿੰਦਰ ਸਿੰਘ ਨਾਲ ਕੋਈ ਸੰਬੰਧ ਨਹੀਂ ਹੈ। ਉਹਨਾਂ ਕਿਹਾ ਕਿ ਇਸਦੇ ਬਾਵਜੂਦ ਪੁਲਿਸ ਨੇ ਕੇਸ ਦੇ ਦੋ ਮੁੱਖ ਮੁਲਜ਼ਮਾਂ ਦੇ ਖਿਲਾਫ ਕਾਰਵਾਈ ਕਰਨ ਦੀ ਥਾਂ ਪੀ ਟੀ ਸੀ ਦੇ ਐਮ ਡੀ ਦੇ ਖਿਲਾਫ ਕਾਰਵਾਈ ਕਰ ਦਿੱਤੀ ਹੈ।

ਪ੍ਰੋ. ਚੰਦੂਮਾਜਰਾ ਨੇ ਕਿਹਾ ਕਿ ਪੀ ਟੀ ਸੀ ਦੀ ਮੈਨੇਜਮੈਂਟ ਨੇ ਡੀ ਜੀ ਪੀ ਨੁੂੰ ਪੱਤਰ ਲਿਖ ਕੇ ਅਤੇ ਫਿਰ ਦੁਬਾਰਾ ਯਾਦ ਪੱਤਰ ਭੇਜ ਕੇ ਕਿਹਾ ਹੈ ਕਿ ਕੇਸ ਦੇ ਸਾਰੇ ਸਬੂਤ ਦੇਣ ਦੇ ਬਾਵਜੂਦ ਸੂਬਾ ਪੁਲਿਸ ਨੇ ਇਸਨੁੰ ਝੂਠੇ ਕੇਸ ਵਿਚ ਕਿਉਂ ਫਸਾ ਦਿੱਤਾ ਹੈ। ਉਹਨਾਂ ਕਿਹਾ ਕਿ ਪੀ ਟੀ ਸੀ ਨੇ ਨਾ ਸਿਰਫ ਮੁਹਾਲੀ ਦਫਤਰ ਵਿਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੇ ਡੀ ਵੀ ਆਰ ਪੁਲਿਸ ਨੁੰ ਸੌਂਪੇ ਬਲਕਿ ਵੀਡੀਓ ਸਬੂਤ ਵੀ ਦਿੱਤੇ ਜਿਸ ਤੋਂ ਸਪਸ਼ਟ ਹੈ ਕਿ ਸ਼ਿਕਾਇਤਕਰਤਾ ਮੁਕਾਬਲੇ ਵਿਚ ਸ਼ਾਮਲ ਹੋਰ ਲੜਕੀਆਂ ਨਾਲ ਰਹਿ ਰਹੀ ਸੀ।

ਉਹਨਾਂ ਕਿਹਾ ਕਿ ਜਿਸ ਦਿਨ ਸ਼ਿਕਾਇਤਕਰਤਾ ਨੂੰ ਵਾਰੰਟ ਅਫਸਰ ਨੇ ‘ਛੁਡਾਇਆ’ ਸੀ, ਉਹ ਖੁਸ਼ ਦਿਸ ਰਹੀ ਸੀ ਤੇ ਉਹ ਮੁਕਾਬਲੇ ਵਿਚ ਸ਼ਾਮਲ ਹੋਰ ਲੜਕੀਆਂ ਦੇ ਨਾਲ ਮੁਕਾਬਲੇ ਵਿਚ ਭਾਗ ਲੈ ਰਹੀ ਸੀ। ਉਹਨਾਂ ਕਿਹਾ ਕਿ ਪਹਿਲਾਂ 11 ਤੋਂ 15 ਮਾਰਚ ਤੱਕ ਸ਼ਿਕਾਇਤਕਰਤਾ ਨੇ ਨ੍ਰਿਤ ਵਿਚ ਭਾਗ ਲਿਆ, ਖਾਣਾ ਖਾਧਾ ਤੇ ਖੁਲ੍ਹੀ ਘੁੰਮ ਫਿਰ ਰਹੀ ਸੀ। ਉਹਨਾਂ ਕਿਹਾ ਕਿ ਜਦੋਂ ਇਸ ਲੜਕੀ ਨੂੰ ‘ਛੁਡਾਇਆ’ ਗਿਆ ਤਾਂ ਇਹ ਹੋਰ ਲੜਕੀਆਂ ਨਾਲ ਬੈਠੀ ਸੀ ਨਾ ਕਿ ਕਿਤੇ ਇਕੱਲੀ ਬੰਦੀ ਬਣਾਈ ਹੋਈ ਸੀ।

ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਕਿਵੇਂ ਮੁਹਾਲੀ ਵਿਚ ਸਾਈਬਰ ਕ੍ਰਾਈਮ ਪੁਲਿਸ ਥਾਣੇ ਨੁੰ ਦੇਸ਼ ਭਰ ਵਿਚ ਉਹਨਾਂ ਖਿਲਾਫ ਵਰਤਿਆ ਜਾ ਰਿਹਾ ਹੈ ਜੋ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੀ ਨਿਖੇਧੀ ਕਰਦੇ ਹਨ। ਉਹਨਾਂ ਕਿਹਾ ਕਿ ਇਹ ਸੂਬਾ ਪੁਲਿਸ ਫੋਰਸ ਦੀ ਘੋਰ ਦੁਰਵਰਤੋਂ ਹੈ ਜਦੋਂ ਕਿ ਇਹ ਫੋਰਸ ਸੂਬੇ ਵਿਚ ਅਮਨ ਕਾਨੂੰਨ ਵਿਵਸਥਾ ਲਾਗੂ ਕਰਨ ਵਾਸਤੇ ਵਰਤਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸੂਬੇ ਵਿਚ ਇਹ ਹਾਲਾਤ ਬਣੇ ਹੋਏ ਹਨ ਤਾਂ ਫਿਰ ਆਮ ਆਦਮੀ ਪਾਰਟੀ ਦਾ ਕੀ ਹਾਲ ਹੋਵੇਗਾ।

ਸਰਦਾਰ ਮਹੇਸ਼ਇੰਦਰ ਸਿੰਘ ਗਰੇਵਾਲ ਨੇ ਅਮਨ ਕਾਨੁੰਨ ਵਿਵਸਥਾ ਬਾਰੇ ਗੱਲ ਕਰਦਿਆਂ ਦੱਸਿਆ ਕਿ ਅਪਰਾਧ ਸਾਰੀਆਂ ਹੱਦਾਂ ਟੱਪ ਗਿਆ ਹੈ। ਉਹਨਾਂ ਕਿਹਾ ਕਿ ਮਿੱਥ ਕੇ ਕੀਤੇ ਕਤਲਾਂ ਤੋਂ ਇਲਾਵਾ ਲੁਧਿਆਣਾ ਵਿਚ ਚੌੜਾ ਬਜ਼ਾਰ ਵਿਚੋਂ ਬੰਦੂਕ ਦੇ ਸਿਰ ’ਤੇ 40 ਲੱਖ ਰੁਪਏ ਦੋ ਦਿਨ ਪਹਿਲਾਂ ਲੁੱਟ ਲਏ ਗਏ।

ਇਹਨਾਂ ਆਗੂਆਂ ਨੇ ਕਿਹਾ ਕਿ ਭਾਵੇਂ ਸ੍ਰੀ ਕੇਜਰੀਵਾਲ ਨੇ ਕਿਹਾ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਸਿਆਸੀ ਬਦਲਾਖੋਰੀ ਵਿਚ ਨਹੀਂ ਨਿਤਰੇਗੀ ਪਰ ਇਥੇ ਹੋ ਬਿਲਕੁਲ ਉਲਟ ਰਿਹਾ ਹੈ।

ਇਹਨਾਂ ਆਗੂਆਂ ਨੇ ਕਿਹਾ ਕਿ ਪੰਜਾਬੀ ਆਮ ਆਦਮੀ ਪਾਰਟੀ ਤੋਂ ਆਸ ਕਰ ਰਹੇ ਸੀ ਕਿ ਉਹ ਸਿਆਸੀ ਵਿਵਸਥਾ ਸੁਧਾਰਨ ਵਾਸਤੇ ਆਪਣੇ ਵਾਅਦੇ ਪੂਰੇ ਕਰੇਗੀ ਤੇ ਨੌਕਰੀਆਂ ਪ੍ਰਦਾਨ ਕਰੇਗੀ ਅਤੇ ਸਮਾਜ ਭਲਾਈ ਸਕੀਮਾਂ ਪ੍ਰਦਾਨ ਕਰੇਗੀ। ਉਹਨਾਂ ਕਿਹਾ ਕਿ ਪੰਜਾਬੀ ਆਪਣੀ ਸੂਬਾ ਸਰਕਾਰ ਤੋਂ ਇਹ ਵੀ ਆਸ ਕਰ ਰਹੇ ਸਨ ਕਿ ਉਹ ਕੇਂਦਰ ਸਰਕਾਰ ਵੱਲੋਂ ਇਸਦੇ ਮਾਮਲਿਆਂ ਵਿਚ ਕੀਤੇ ਜਾ ਰਹੇ ਦਖਲ ਦਾ ਵੀ ਵਿਰੋਧ ਕਰੇਗੀ। ਉਹਨਾਂ ਕਿਹਾ ਕਿ ਇਹ ਵੀ ਆਸ ਲਗਾਈ ਜਾ ਰਹੀ ਸੀ ਕਿ ਸੂਬਾ ਪੇਂਡੂ ਵਿਕਾਸ ਫੰਡ ਅਤੇ 500 ਰੁਪਏ ਪ੍ਰਤੀ ਏਕੜ ਕਣਕ ਦੇ ਹੋਏ ਨੁਕਸਾਨ ਲਈ 1200 ਰੁਪਏ ਕਰੋੜ ਕੇਂਦਰ ਤੋਂ ਲੈਣ ਵਾਸਤੇ ਡਟੀ ਰਹੇਗੀ।

ਅਕਾਲੀ ਆਗੂਆਂ ਨੇ ਕਿਹਾ ਕਿ ਪਾਰਟੀ ਦਾ ਲੋਕਾਂ ਦੇ ਲੋਕਤੰਤਰੀ ਹੱਕਾਂ ਵਾਸਤੇ ਡੱਟਣ ਦਾ ਲੰਬਾ ਇਤਿਹਾਸ ਰਿਹਾ ਹੈ ਤੇ ਜੇਕਰ ਸਰਕਾਰ ਨੇ ਇਹਨਾਂ ਨੁੰ ਕੁਚਲਣਾ ਜਾਰੀ ਰੱਖਿਆ ਤਾਂ ਪਾਰਟੀ ਚੁੱਪ ਨਹੀਂ ਰਹੇਗੀ ਅਤੇ ਇਸ ਸਿਆਸੀ ਬਦਲਾਖੋਰੀ ਦਾ ਢੁਕਵਾਂ ਜਵਾਬ ਦੇਵੇਗੀ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION