37.8 C
Delhi
Thursday, April 25, 2024
spot_img
spot_img

ਭੰਗੜੇ ਦੀ ਧਮਾਲ ਨਾਲ ਸ਼ੁਰੂ ਹੋਇਆ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਤੀਜਾ ਜ਼ੋਨਲ ਯੁਵਕ ਮੇਲਾ

ਯੈੱਸ ਪੰਜਾਬ
ਅੰਮ੍ਰਿਤਸਰ, 29 ਅਕਤੂਬਰ, 2021 –
ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ (ਏ.ਆਈ.ਯੂ.), ਨਵੀਂ ਦਿੱਲੀ ਦੇ ਸਕੱਤਰ ਜਨਰਲ, ਡਾ. ਮਿਸਜ਼ ਪੰਕਜ ਮਿੱਤਲ ਨੇ ਕਿਹਾ ਹੈ ਕਿ ਅੰਤਰ-ਯੂਨੀਵਰਸਿਟੀ ਕੌਮੀ ਯੁਵਕ ਮੇਲਿਆਂ ਦੇ ਜੇਤੂਆਂ ਨੂੰ ਇੰਡੀਅਨ ਕੌਂਸਲ ਆਫ ਕਲਚਰ ਰੀਲੇਸ਼ਨਜ਼ ਆਉਣ ਵਾਲੇ ਸਮੇਂ ਦੇ ਵਿਚ ਵਿਦੇਸ਼ਾਂ ਦੀਆਂ ਸੈਰਾਂ ਕਰਵਾਉਣਗੇ ਅਤੇ ਵਿਦੇਸ਼ੀ ਯੂਨੀਵਰਸਿਟੀਆਂ ਦੇ ਕਲਾਕਾਰ-ਵਿਦਿਆਰਥੀਆਂ ਨੂੰ ਭਾਰਤੀ ਯੁਵਕ ਮੇਲਿਆਂ ਦੇ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਕਰਨ ਦੇ ਲਈ ਸੱਦਾ ਦਿੱਤਾ ਜਾਵੇਗਾ।

ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸਮੇਸ਼ ਆਡੀਟੋਰੀਅਮ ਵਿਚ ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟ ਦੇ ਸ਼ੁਰੂ ਹੋਏ ਯੁਵਕ ਮੇਲੇ ਦੇ ਉਦਘਾਟਨੀ ਸਮਾਗਮ ਮੌਕੇ ਮੁੱਖ ਮਹਿਮਾਨ ਵਜੋਂ ਉਚੇੇਚੇ ਤੌਰ ਤੇ ਪੁੱਜੇ ਸਨ। ਉਨ੍ਹਾਂ ਦਾ ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਪੁੱਜਣ `ਤੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਚ ਹੀ ਹੋ ਰਹੀ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੀ 31ਵੀਂ ਸਾਲਾਨਾ ਮੀਟਿੰਗ ਵਿਚ ਹਿੱਸਾ ਲੈਣ ਪੁੱਜੇ ਸਨ।

ਉਨ੍ਹਾਂ ਨੇ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਵੱਲੋਂ ਭਵਿੱਖ ਵਿਚ ਕੀਤੇ ਜਾਣ ਵਾਲੇ ਕੰਮਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਜਿਥੇ ਅੰਤਰਰਾਸ਼ਟਰੀ ਯੁਵਕ ਮੇਲਾ ਕਰਵਾਉਣ ਜਾ ਰਹੀ ਉਥੇ ਏਸ਼ੀਅਨ ਯੂਨੀਵਰਸਿਟੀਜ਼ ਦਾ ਯੁਵਕ ਮੇਲੇ ਦਾ ਵੀ ਆਯੋਜਨ ਕਰੇਗੀ ਜਿਸ ਦਾ ਮਕਸਦ ਵਿਦਿਆਰਥੀਆਂ ਦੇ ਵਿਚ ਅੰਤਰਰਾਸ਼ਟਰੀ ਪੱਧਰ ਦੀ ਸੋਚ ਵਿਕਸਤ ਕਰਨਾ ਅਤੇ ਇਕ ਦੂਜੇ ਦੇ ਦੇਸ਼ਾਂ ਦੇ ਸਭਿਆਚਾਰਾਂ ਅਤੇ ਲੋਕ ਵਿਹਾਰਾਂ ਨੂੰ ਨੇੜੇ ਤੋਂ ਜਾਨਣਾ ਹੈ।

ਉਨ੍ਹਾਂ ਕਿਹਾ ਕਿ ਇੰਡੀਅਨ ਕੌਂਸਲ ਆਫ ਕਲਚਰ ਰੀਲੇਸ਼ਨਜ਼ ਨਾਲ ਗੱਲ ਚੱਲ ਰਹੀ ਹੈ ਜਿਸ ਦੇ ਵਿਚ ਕੌਮੀ ਪੱਧਰ `ਤੇ ਜੇਤੂ ਰਹਿਣ ਵਾਲੇ ਵਿਦਿਆਰਥੀ ਕਲਾਕਾਰਾਂ ਨੂੰ ਵਿਦੇਸ਼ਾਂ ਦੀਆਂ ਯੂਨੀਵਰਸਿਟੀਆਂ ਦੀਆਂ ਸਟੇਜਾਂ `ਤੇ ਆਪਣੀ ਪੇਸ਼ਕਾਰੀ ਕਰਨ ਦੇ ਮੌਕੇ ਦਿੱਤੇ ਜਾਣਗੇ।

ਉਨ੍ਹਾਂ ਕਿਹਾ ਕਿ ਕਲਾਕਾਰ ਵਿਦਿਆਰਥੀਆਂ ਨੂੰ ਵਿਦੇਸ਼ਾਂ ਵਿਚ ਲੈ ਕੇ ਜਾਣ ਦਾ ਸਾਰਾ ਖਰਚਾ ਕੌਂਸਲ ਦਾ ਹੀ ਹੋਵੇਗਾ। ਉਨ੍ਹਾਂ ਵਿਦਿਆਰਥੀਆਂ ਵਿਚ ਪੜ੍ਹਾਈ ਦੇ ਨਾਲ ਨਾਲ ਦੂਜੇ ਦੇਸ਼ ਦੇ ਸਭਿਆਚਾਰਾਂ ਨੂੰ ਜਾਨਣ ਦੀ ਜਗਿਆਸਾ ਆਪਣੇ ਮਨਾ ਵਿਚ ਪੈਦਾ ਕਰਨ ਲਈ ਪ੍ਰੇਰਿਆ।

ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਵੱਲੋਂ ਯੁਵਕ ਮੇਲੇ ਕਰਵਾਉਣ ਦਾ ਮਕਸਦ ਹੀ ਵਿਦਿਆਰਥੀਆਂ ਵਿਚ ਇਸ ਗੱਲ ਦੀ ਨਿਪੁੰਨਤਾ ਲਿਆਉਣਾ ਹੈ ਕਿ ਉਹ ਆਪਣੀ ਸਖਸ਼ੀਅਤ ਦੇ ਨਿਖਾਰ ਦੇ ਨਾਲ ਨਾਲ ਲੀਡਰਸ਼ਿਪ ਗੁਣ, ਰਾਸ਼ਟਰੀ ਚਰਿੱਤਰ ਅਤੇ ਹੋਰ ਗੁਣਾਂ ਨੂੰ ਪੈਦਾ ਕਰਨ ਤਾਂ ਜੋ ਉਹ ਨਵੇਂ ਦਿਸਹੱਦਿਆਂ ਨੂੰ ਛੂਹ ਸਕਣ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਭਵਿੱਖ ਵਿਚ ਪੰਜ ਜ਼ੋਨ ਦੀ ਥਾਂ 8 ਜ਼ੋਨ ਬਣਾ ਦਿੱਤੇ ਗਏ ਹਨ ਤਾਂ ਜੋ ਯੂਨੀਵਰਸਿਟੀਆਂ ਵਿਚਲੀ ਦੂਰੀ ਨੂੰ ਘਟਾਇਆ ਜਾ ਸਕੇ ਅਤੇ ਕੋਈ ਵੀ ਵਿਦਿਆਰਥੀ ਕਲਾਕਾਰ ਕਿਸੇ ਵੀ ਹੋਰ ਕਾਰਨ ਕਰਕੇ ਯੁਵਕ ਮੇਲਿਆਂ ਵਿਚ ਹਿੱਸਾ ਲੈਣ ਤੋਂ ਅਛੂਤਾ ਨਾ ਰਹਿ ਸਕੇ।

ਉਨ੍ਹਾਂ ਕਿਹਾ ਕਿ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦਾ ਮੁੱਖ ਮਕਸਦ ਵਿਦਿਆਰਥੀਆਂ ਦੇ ਨਾਲ ਨਜ਼ਦੀਕੀਆਂ ਵਧਾਉਣਾ ਹੈ ਇਸੇ ਕਰਕੇ ਕੋਵਿਡ ਸਮੇਂ ਵੀ ਆਨਲਾਈਨ ਗਤੀਵਿਧੀਆਂ ਜਾਰੀ ਰੱਖੀਆਂ ਗਈਆਂ ਸਨ। `ਕੁੁੱਝ ਆਰਟਿਸਟਿਕ ਕਰੋ ਨਾ` ਦੇ ਸਿਰਲੇਖ ਹੇਠ ਵਿਦਿਆਰਥੀਆਂ ਦੀਆਂ ਗਤੀਵਿਧੀਆਂ ਕਰਵਾਈਆਂ ਗਈਆਂ ਸਨ ਜਿਸ ਦੇ ਵਿਚ 2500 ਤੋਂ ਵੱਧ ਐਂਟਰੀਆਂ ਆਈਆਂ ਸਨ ਅਤੇ ਜੇਤੂਆਂ ਨੂੰ ਇਨਾਮ ਦਿੱਤੇ ਗਏ ਸਨ।

ਇਸ ਤੋਂ ਪਹਿਲਾਂ ਉਨ੍ਹਾਂ ਦੇ ਦਸਮੇਸ਼ ਆਡੀਟੋਰੀਅਮ ਵਿਚ ਪੁੱਜਣ `ਤੇ ਡੀਨ ਵਿਦਿਆਰਥੀ ਭਲਾਈ ਪ੍ਰੋ. ਅਨੀਸ਼ ਦੂਆ ਨੇ ਫੁੱਲਾਂ ਦਾ ਗੁੱਲਦਸਤਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। ਇਸ ਮੌਕੇ ਉਨ੍ਹਾਂ ਆਪਣੇ ਸੰਬੋਧਨ ਵਿਚ ਕਿਹਾ ਕਿ ਵਿਦਿਆਰਥੀ ਦੀ ਅੰਦਰਲੀ ਛੁਪੀ ਪ੍ਰਤੀਭਾ ਨੂੰ ਮੰਚ ਪ੍ਰਦਾਨ ਕਰਨ ਅਤੇ ਉਨ੍ਹਾਂ ਨੂੰ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤਕ ਪੁਚਾਉਣ ਲਈ ਐਸੋਸੀਏਸ਼ਨ ਆਫ ਇੰਡੀਅਨ ਯੂਨੀਵਰਸਿਟੀਜ਼ ਦੀ ਮੁੱਖ ਭੂਮਿਕਾ ਹੈ।

ਉਨ੍ਹਾਂ ਕਿਹਾ ਡਾ. ਮਿੱਤਲ ਜੋ ਏ.ਆਈ.ਯੂ. ਸਕੱਤਰ ਜਰਨਲ ਹਨ, ਇਸ ਨੂੰ ਹੋਰ ਵੀ ਉਚਾ ਚੁੱੱਕਣ ਲਈ ਕੰਮ ਕਰ ਰਹੇ ਹਨ। ਉਨ੍ਹਾਂ ਦੀਆਂ ਉਚੇਰੀ ਸਿਖਿਆਂ ਦੇ ਖੇਤਰ ਵਿਚ ਪਿਛਲੇ ਤਿੰਨ ਦਹਾਕਿਆਂ ਦੀਆਂ ਪ੍ਰਾਪਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਲਈ ਇਹ ਮਾਣ ਵਾਲੀ ਗੱਲ ਹੈ ਕਿ ਉਹ ਆਪਣਾ ਕੀਮਤੀ ਸਮਾਂ ਕੱਢ ਕੇ ਇਥੇ ਪੁੱਜੇ ਹਨ।

ਉਨ੍ਹਾਂ ਦੱਸਿਆ ਕਿ ਤਿੰਨ ਦਿਨ ਚੱਲਣ ਵਾਲੇ ਇਸ ਯੁਵਕ ਮੇਲੇ ਵਿਚ ਵੀਹ ਸਰਕਾਰੀ, ਕਾਂਸਟੀਚੁਐਂਟ ਕਾਲਜਾਂ ਅਤੇ ਐਸੋਸੀਏਟਸ ਇੰਸਟੀਚਿਊਟ ਦੇ ਲਗਪਗ 550 ਕਲਾਕਾਰ ਵਿਦਿਆਰਥੀ ਹਿੱਸਾ ਲੈ ਰਹੇ ਹਨ ਜੋ ਤਿੰਨ ਵੱਖ ਵੱਖ ਸਟੇਜਾਂ `ਤੇ 35 ਦੇ ਕਰੀਬ ਮੁਕਾਬਲਿਆਂ ਵਿਚ ਆਪੋ ਆਪਣੀ ਕਲਾ ਦਾ ਪ੍ਰਦਰਸ਼ਨ ਕਰਨਗੇ। ਅੱਜ ਦੇ ਯੁਵਕ ਮੇਲੇ ਦੀ ਸ਼ੁਰੂਆਤ ਭੰਗੜਿਆਂ ਦੀ ਧਮਾਲ ਨਾਲ ਹੋਈ ਜਿਸ ਵਿਚ ਵੱਖ ਵੱਖ ਕਾਲਜਾਂ ਦੀਆਂ ਭੰਗੜਾਂ ਟੀਮਾਂ ਨੇ ਪੰਜਾਬੀ ਲੋਕ ਨਾਚ ਭੰਗੜੇ `ਚ ਆਪਣੇ ਬਲ ਵਿਖਾਏ ਜਿਸ ਦਾ ਮੁੱਖ ਮਹਿਮਾਨ ਤੋਂ ਇਲਾਵਾ ਦਰਸ਼ਕਾਂ ਨੇ ਭਰਪੂਰ ਆਨੰਦ ਮਾਣਿਆ।

ਇਸ ਮੌਕੇ `ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਡਾ. ਦੂਆ ਨੇ ਡਾ. ਮਿੱਤਲ ਦਾ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨ ਵੀ ਕੀਤਾ ਗਿਆ। ਇਸ ਸਮੇਂ ਉਨ੍ਹਾਂ ਦੇ ਨਾਲ ਸਲਾਹਕਾਰ ਯੁਵਕ ਭਲਾਈ ਵਿਭਾਗ, ਸ਼੍ਰੀ ਬਲਜੀਤ ਸਿੰਘ ਸੇਖੋਂ, ਸੁਰੱਖਿਆ ਅਫਸਰ ਕਰਨਲ ਅਮਰਬੀਰ ਸਿੰਘ ਚਾਹਲ, ਡਾ. ਅਮਨਦੀਪ ਸਿੰਘ, ਡਾ. ਤੇਜਵੰਤ ਸਿੰਘ ਕੰਗ, ਡਾ. ਅਮਰਬੀਰ ਸਿੰਘ ਮੱਲ੍ਹੀ, ਡਾ. ਮੁਨੀਸ਼ ਸੈਣੀ, ਡਾ. ਪ੍ਰਭਸਿਮਰਨ ਸਿੰਘ, ਡਾ. ਗੁਰਪ੍ਰੀਤ ਸਿੰਘ, ਡਾ. ਸਤਨਾਮ ਸਿੰਘ ਦਿਓਲ ਵੀ ਆਡੀਟੋਰੀਅਮ ਵਿਚ ਮੌਜੂਦ ਸਨ।

ਅੱਜ ਦੇ ਦਿਨ ਦਸਮੇਸ਼ ਆਡੀਟੋਰੀਅਮ ਦੀ ਸਟੇਜ `ਤੇ ਹੋਏ ਮੁਕਾਬਲਿਆਂ ਵਿਚ ਸਮੂਹ ਸ਼ਬਦ/ਭਜਨ, ਸਮੂਹ ਗਾਇਨ ਭਾਰਤੀ, ਲੋਕ ਸਾਜ਼ ਵਿਚ ਵਿਦਿਆਰਥੀਆਂ ਨੇ ਹਿੱਸਾ ਲਿਆ। ਗੁਰੂ ਨਾਨਕ ਭਵਨ ਆਡੀਟੋਰੀਅਮ ਦੀ ਦੂਜੀ ਸਟੇਜ `ਤੇ ਕਲਾਸੀਕਲ ਇੰਸਟਰੂਮੈਂਟਲ ਪਰਕਸ਼ਨ, ਕਲਾਸੀਕਲ ਇੰਸਟਰੂਮੈਂਟਲ ਨਾਨ-ਪਰਕਸ਼ਨ, ਕਲਾਸੀਕਲ ਵੋਕਲ ਦੀਆਂ ਆਈਟਮਾਂ ਵਿਚ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਨੇ ਬਾਖੂਬੀ ਆਪਣੀਆਂ ਕਲਾਵਾਂ ਦਾ ਪ੍ਰਦਰਸ਼ਨ ਕੀਤਾ। ਆਰਕੀਟੈਕਚਰ ਵਿਭਾਗ ਦੀ ਸਟੇਜ `ਤੇ 17 ਟੀਮਾਂ ਨੇ ਪੇਂਟਿੰਗ ਆਨ ਦ ਸਪੌਟ `ਚ ਭਾਗ ਲੈ ਕੇ ਵੱਖ ਵੱਖ ਵਿਸ਼ਿਆਂ ਨੂੰ ਰੰਗਾਂ `ਚ ਉਤਾਰਿਆ ਜਿਸ ਨੂੰ ਵਿਦਿਆਰਥੀ ਬੜੀ ਨੀਝ ਦੇ ਨਾਲ ਤਕਦੇ ਨਜ਼ਰ ਆ ਰਹੇ ਸਨ।

ਇਥੇ ਹੀ ਕਾਰਟੂਨਿੰਗ, ਪੋਸਟਰ ਮੇਕਿੰਗ, ਕੋਲਾਜ਼, ਕਲੇਅ ਮਾਡਲਿੰਗ, ਆਨ ਦ ਸਪੌਟ ਫੋਟੋਗਰਾਫੀ ਦੇ ਮੁਕਾਬਲੇ ਸਨ। 30 ਅਕਤੂਬਰ ਨੂੰ ਦਸਮੇਸ਼ ਆਡੀਟੋਰੀਅਮ ਵਿਚ ਹੋਣ ਵਾਲੇ ਮੁਕਾਬਲਿਆਂ ਦੇ ਵਿਚ ਪਹਿਰਾਵਾ ਪਰੇਡ, ਮਾਈਮ, ਮਮਿਕਰੀ, ਸਕਿੱਟ ਤੇ ਇਕਾਂਗੀ ਅਤੇ ਗੁਰੂ ਨਾਨਕ ਭਵਨ ਆਡੀਟਰੀਅਮ ਦੇ ਵਿਚ ਵਾਰ ਗਾਇਨ, ਕਵੀਸ਼ਰੀ ਗੀਤ/ਗਜ਼ਲ, ਲੋਕ ਗੀਤ ਦੇ ਮੁਕਾਬਲਿਆਂ ਤੋਂ ਇਲਾਵਾ ਕਾਨਫਰੰਸ ਹਾਲ ਦੇ ਵਿਚ ਪੋਈਟੀਕਲ ਸਿੰਪੋਜ਼ੀਅਮ, ਐਲੋਕਿਊਸ਼ਨ, ਡੀਬੇਟ ਅਤੇ ਕੁਇਜ਼ ਦੇ ਮੁਕਾਬਲੇ ਹੋਣਗੇ।

ਅੰਤਿਮ ਦਿਨ 31 ਅਕਤੂਬਰ ਨੂੰ ਲੋਕ ਨਾਚ ਗਿੱਧੇ ਨਾਲ ਇਹ ਯੁਵਕ ਮੇਲਾ ਆਪਣੀ ਸਮਾਪਤੀ ਵੱਲ ਵਧੇਗਾ। ਇਸ ਦਿਨ ਆਮ ਸਮੂਹ ਨਾਚ ਤੋਂ ਇਲਾਵਾ ਪੱਛਮੀ ਵੋਕਲ ਸੋਲੋ, ਪੱਛਮੀ ਸਮੂਹ ਗੀਤ, ਪੱਛਮੀ ਇੰਸਟਰੂਮੈਂਟਲ, ਰੰਗੋਲੀ, ਫੁਲਕਾਰੀ ਅਤੇ ਮਹਿੰਦੀ ਦੇ ਮੁਕਾਬਲਿਆਂ ਤੋਂ ਬਾਅਦ 2.30 ਵਜੇਂ ਦਸਮੇਸ਼ ਆਡੀਟੋਰੀਅਮ ਵਿਚ ਇਨਾਮ ਵੰਡ ਸਮਾਰੋਹ ਦੌਰਾਨ ਜੇਤੂ ਟੀਮਾਂ ਨੂੰ ਟਰਾਫੀਆਂ ਤਕਸੀਮ ਕੀਤੀਆ ਜਾਣਗੀਆਂ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION