24.1 C
Delhi
Thursday, April 25, 2024
spot_img
spot_img

‘ਭ੍ਰਿਸ਼ਟਾਚਾਰ ਤਾਂ ਭ੍ਰਿਸ਼ਟਾਚਾਰ ਹੀ ਹੈ’; ਬਾਜਵਾ ਵੱਲੋਂ ਲੁੱਕ ਤੇ ਸਕਲਾਰਸ਼ਿਪ ਘੁਟਾਲਿਆਂ ਵਿਚਾਲੇ ਫ਼ਰਕ ਕੀਤੇ ਜਾਣ ’ਤੇ ਬੋਲੇ ਕੈਪਟਨ

ਚੰਡੀਗੜ੍ਹ, 31 ਅਗਸਤ, 2020 –
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਦੇ ਉਸ ਤਰਕ ਨੂੰ ਰੱਦ ਕਰ ਦਿੱਤਾ ਜਿਸ ਵਿੱਚ ਉਸ ਨੇ ਕਿਹਾ ਸੀ ਕਿ ਮੌਜੂਦਾ ਸਕਾਲਰਸ਼ਿਪ ਘੁਟਾਲੇ ਅਤੇ ਤਾਰਕੋਲ ਘੁਟਾਲੇ, ਜਿਸ ਵਿੱਚ 15 ਸਾਲ ਪਹਿਲਾਂ ਬਾਜਵਾ ਦਾ ਨਾਮ ਸਾਹਮਣੇ ਆਇਆ ਸੀ, ਵਿੱਚ ਕੋਈ ਤੁਲਨਾ ਨਹੀਂ ਕੀਤੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਭ੍ਰਿਸ਼ਟਾਚਾਰ ਤਾਂ ਭ੍ਰਿਸ਼ਟਾਚਾਰ ਹੈ ਭਾਵੇਂ ਕਿਸੇ ਵੀ ਰੂਪ ਵਿੱਚ ਹੋਏ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਪਿਛਲੀ ਸਰਕਾਰ ਦੌਰਾਨ ਲੋਕ ਨਿਰਮਾਣ ਮੰਤਰੀ ਰਹੇ ਬਾਜਵਾ ਖਿਲਾਫ ਲੱਗੇ ਤਾਰਕੋਲ ਘੁਟਾਲੇ ਦੇ ਇਲਜ਼ਾਮ ਵੀ ਓਨੇ ਹੀ ਗੰਭੀਰ ਹਨ ਜਿੰਨੇ ਕਿ ਸਕਾਲਸ਼ਿਪ ਮਾਮਲੇ ਵਿੱਚ ਹੁਣ ਲੱਗ ਰਹੇ ਇਲਜ਼ਾਮ ਹਨ। ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਜੇਕਰ ਉਹ ਉਸ ਸਮੇਂ ਵੀ ਉਨੀ ਹੀ ਗੈਰ-ਜ਼ਿੰਮੇਵਾਰੀ ਨਾਲ ਕੰਮ ਲੈਂਦੇ ਜਿਵੇਂ ਕਿ ਬਾਜਵਾ ਹੁਣ ਉਨ੍ਹਾਂ ਤੋਂ ਉਮੀਦ ਕਰਦੇ ਹਨ, ਤਾਂ ਉਨ੍ਹਾਂ ਨੇ ਉਸ ਸਮੇਂ ਦੇ ਮੰਤਰੀ ਨੂੰ ਬਿਨਾਂ ਨਿਰਪੱਖ ਜਾਂਚ-ਪੜਤਾਲ ਦੇ, ਬੇਬੁਨਿਆਦ ਇਲਜ਼ਾਮਾਂ ਦੇ ਆਧਾਰ ‘ਤੇ ਬਰਖਾਸਤ ਕਰ ਦੇਣਾ ਸੀ।

ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਉਨ੍ਹਾਂ ਨੇ ਕਥਿਤ ਸਕਾਲਰਸ਼ਿਪ ਘੁਟਾਲੇ ਦੀ ਗਹਿਰਾਈ ਨਾਲ ਜਾਂਚ ਦੀ ਜ਼ਿੰਮੇਵਾਰੀ ਮੁੱਖ ਸਕੱਤਰ ਨੂੰ ਸੌਂਪਣ ਦਾ ਫੈਸਲਾ ਕੀਤਾ ਕਿਉਂਕਿ ਸਬੰਧਤ ਮੰਤਰੀ ਅਤੇ ਸਮਾਜਿਕ ਭਲਾਈ ਵਿਭਾਗ ਦੇ ਵਧੀਕ ਮੁੱਖ ਸਕੱਤਰ, ਜਿਸ ਦੀ ਅੰਦਰੂਨੀ ਰਿਪੋਰਟ ਮੰਤਰੀ ਖਿਲਾਫ ਇਲਜ਼ਾਮਾਂ ਦਾ ਆਧਾਰ ਬਣੀ, ਦਰਮਿਆਨ ਅਸਹਿਮਤੀ ਸੀ।

ਪੰਜਾਬ ਸਰਕਾਰ ਦੇ ਰੂਲਜ਼ ਆਫ ਬਿਜ਼ਨਸ, 1992 ਦੇ ਅਨੁਸਾਰ ਜਿਨ੍ਹਾਂ ਮਾਮਲਿਆਂ ਵਿੱਚ ਮੰਤਰੀ ਅਤੇ ਸਕੱਤਰ ਦਰਮਿਆਨ ਵਿਚਾਰਾਂ ਦੀ ਸਹਿਮਤੀ ਨਾ ਹੋਵੇ, ਉਹ ਮਾਮਲੇ ਹੁਕਮ ਜਾਰੀ ਹੋਣ ਤੋਂ ਪਹਿਲਾਂ ਮੁੱਖ ਸਕੱਤਰ ਰਾਹੀਂ ਮੁੱਖ ਮੰਤਰੀ ਸਨਮੁੱਖ ਰੱਖੇ ਜਾਣਗੇ। ਕੈਪਟਨ ਅਮਰਿੰਦਰ ਸਿੰਘ ਨੇ ਅੱਗੇ ਦੱਸਿਆ ਕਿ ਇਕ ਮੰਤਰੀ ਰਹਿ ਚੁੱਕੇ ਹੋਣ ਦੇ ਨਾਤੇ ਬਾਜਵਾ ਨੂੰ ਇਹ ਪਤਾ ਹੋਣਾ ਚਾਹੀਦਾ ਸੀ ਕਿ ਮੌਜੂਦਾ ਮਾਮਲੇ ਦੇ ਹਾਲਾਤ ਵੇਖਦੇ ਹੋਏ ਕਾਰਵਾਈ ਅੱਗੇ ਲਿਜਾਣ ਦਾ ਇਹੋ ਹੀ ਇਕ ਰਸਤਾ ਹੈ ਅਤੇ ਉਨ੍ਹਾਂ ਨੇ ਮੁੱਖ ਸਕੱਤਰ ਨੂੰ ਉਨ੍ਹਾਂ ਨੂੰ ਕਾਰਵਾਈ ਲਈ ਮਾਮਲਾ ਭੇਜਣ ਤੋਂ ਪਹਿਲਾਂ ਇਸ ਦੀ ਗਹਿਰਾਈ ਨਾਲ ਜਾਂਚ-ਪੜਤਾਲ ਲਈ ਕਿਹਾ ਹੈ।

ਮੁੱਖ ਮੰਤਰੀ ਨੇ ਇਸ ਨੂੰ ਅਤਿ ਮੰਦਭਾਗਾ ਅਤੇ ਭਿਆਨਕ ਕਰਾਰ ਦਿੰਦਿਆਂ ਕਿਹਾ ਕਿ ਇਨ੍ਹਾਂ ਤੱਥਾਂ ਦਾ ਧਿਆਨ ਲਏ ਬਿਨਾਂ ਮੁੱਖ ਸਕੱਤਰ ਜਾਂਚ ਦੀ ਆਲੋਚਨਾ ਕਰਦਿਆਂ ਇਹ ਦਰਸਾਇਆ ਗਿਆ ਹੈ ਕਿ ਸੰਸਦ ਮੈਂਬਰ ਨੂੰ ਸਰਕਾਰ ਦੇ ਕੰਮਕਾਜ ਦੇ ਤਰੀਕਿਆਂ ਬਾਰੇ ਬਿਲਕੁਲ ਜਾਣਕਾਰੀ ਨਹੀਂ ਸੀ।

ਉਨ੍ਹਾਂ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋਂ ਦੀ ਇਸ ਗੱਲੋਂ ਵੀ ਨਿੰਦਾ ਕੀਤਾ ਕਿ ਮੁੱਖ ਸਕੱਤਰ ਦੀ ਜਾਂਚ ਦੇ ਨਤੀਜਿਆਂ ਦੀ ਉਡੀਕ ਕੀਤੇ ਬਿਨਾਂ ਹੀ ਉਹ ਕਥਿਤ ਘੁਟਾਲੇ ਵਿੱਚ ਸੀ.ਬੀ.ਆਈ. ਜਾਂਚ ਕਰਵਾਉਣ ਦੀ ਮੰਗ ਦਾ ਸਮਰਥਨ ਕਰ ਰਹੇ ਹਨ। ਉਨ੍ਹਾਂ ਬਾਜਵਾ ਤੇ ਦੂਲੋਂ ‘ਤੇ ਲਗਾਤਾਰ ਪਾਰਟੀ ਵਿਰੋਧੀ ਕਾਰਵਾਈਆਂ ਕਰਨ ਲਈ ਵਰ੍ਹਦਿਆਂ ਕਿਹਾ ਕਿ ਦੋਵੇਂ ਸੰਸਦ ਮੈਂਬਰਾਂ ਵੱਲੋਂ ਆਪਣੀ ਹੀ ਸਰਕਾਰ ਉਤੇ ਦਿਖਾਈ ਜਾ ਰਹੀ ਬੇਭਰੋਸੇਯੋਗਤਾ ਉਨ੍ਹਾਂ ਦੀ ਮਾੜੀ ਨੀਅਤ ਨੂੰ ਦਰਸਾਉਂਦੀ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਆਮ ਆਦਮ ਪਾਰਟੀ ਵੱਲੋਂ ਇਸ ਮਾਮਲੇ ਵਿੱਚ ਮੁੱਖ ਸਕੱਤਰ ਜਾਂਚ ਨੂੰ ਅਖੌਤੀ ਰੱਦ ਕਰਨ ਦੇ ਰਵੱਈਏ ਨੂੰ ਨਕਾਰਦਿਆਂ ਇਸ ਨੂੰ ਪੂਰੀ ਤਰ੍ਹਾਂ ਬੇਤੁਕਾ ਤੇ ਤਰਕਹੀਣ ਕਾਰ ਦਿੱਤਾ। ਉਨ੍ਹਾਂ ਕਿਹਾ, ”ਉਹ ਕਿਸੇ ਵੀ ਗੱਲ ਨੂੰ ਸਵਿਕਾਰ ਜਾਂ ਰੱਦ ਕਰਨ ਵਾਲੇ ਕੌਣ ਹਨ?” ਉਨ੍ਹਾਂ ਅੱਗੇ ਆਖਿਆ ਕਿ ਆਮ ਆਦਮੀ ਪਾਰਟੀ ਨੂੰ ਤਾਂ ਬਹੁਤ ਪਹਿਲਾਂ ਹੀ ਪੰਜਾਬ ਦੇ ਲੋਕ ਰੱਦ ਕਰ ਚੁੱਕੇ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਉਹ ਨਾ ਤਾਂ ਆਪ ਜਾਂ ਕਿਸੇ ਹੋਰ ਧਿਰ ਵੱਲੋਂ ਇਸ ਮਾਮਲੇ ਵਿੱਚ ਉਸ ਦੇ ਕੀਤੇ ਕੰਮਾਂ ਦੀ ਹਮਾਇਤ ਕਰਨ ਵਿੱਚ ਕੋਈ ਪ੍ਰਵਾਹ ਕਰਦੇ ਹਨ ਅਤੇ ਨਾ ਹੀ ਉਨ੍ਹਾਂ ਵਿੱਚ ਦਿਲਚਸਪੀ ਰੱਖਦੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਇਕੋ-ਇੱਕ ਚਿੰਤਾ ਸੂਬੇ ਦੇ ਲੋਕਾਂ ਦੀ ਹੈ ਜਿਨ੍ਹਾਂ ਬਾਰੇ ਉਨ੍ਹਾਂ ਕਿਹਾ, ”ਉਨ੍ਹਾਂ ਨੇ ਹੀ ਮੈਨੂੰ ਅਤੇ ਮੇਰੇ ਕੰਮਾਂ ਨੂੰ ਸਵਿਕਾਰ ਕਰਨਾ ਜਾਂ ਰੱਦ ਕਰਨਾ ਹੈ। ਹੋਰ ਕਿਸੇ ਨੇ ਨਹੀਂ।”

ਇਸ ਗੱਲ ਵੱਲ ਇਸ਼ਾਰਾ ਕਰਦਿਆਂ ਕਿ ਆਪ ਦੇ ਬਿਆਨ ਨੇ ਸਿਰਫ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਤੀਕ੍ਰਿਆ ਦੀ ਹੀ ਗੂੰਜ ਉਠਾਈ ਹੈ, ਜਿਵੇਂ ਕਿ ਹਾਲ ਹੀ ਵਿਚ ਵਾਪਰੇ ਨਕਲੀ ਸ਼ਰਾਬ ਦੁਖਾਂਤ ਦੌਰਾਨ ਵੀ ਹੋਇਆ ਸੀ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ”ਕਿਉਂ ਜੋ ਇੰਝ ਜਾਪਦਾ ਹੈ ਕਿ ਤੁਸੀਂ ਇਕੋ ਪਲੜੇ ਵਿੱਚ ਹੋ ਤਾਂ ਫੇਰ ਤੁਸੀਂ ਭਾਜਪਾ-ਅਕਾਲੀ ਦਲ ਗੱਠਜੋੜ ਵਿੱਚ ਸ਼ਾਮਲ ਕਿਉਂ ਨਹੀਂ ਹੋ ਜਾਂਦੇ?” ਉਨ੍ਹਾਂ ਅੱਗੇ ਕਿਹਾ, ”ਸ਼ਾਇਦ ਮਿਲ ਕੇ ਤੁਸੀਂ 2022 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਵਿਰੁੱਧ ਘੱਟੋ-ਘੱਟ ਲੜਾਈ ਲੜਨ ਦੇ ਯੋਗ ਤਾਂ ਹੋ ਜਾਵੋਗੇ।”

ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਭ੍ਰਿਸ਼ਟਾਚਾਰ ਖਿਲਾਫ ਵੱਡੇ ਅੰਦੋਲਨ ਵਿੱਚੋਂ ਪੈਦਾ ਹੋਈ ਪਾਰਟੀ ਹੋਣ ਦੇ ਦਾਅਵੇ ‘ਤੇ ਵੀ ਚੁਟਕੀ ਲੈਂਦਿਆਂ ਕਿਹਾ ਕਿ ਉਹ ਪਹਿਲਾਂ ਹੀ ਦਿੱਲੀ ਵਿੱਚ ਆਪਣੇ ਅਸਲ ਰੰਗ ਦਿਖਾ ਚੁੱਕੇ ਹਨ। ਉੁਨ੍ਹਾਂ ਕਿਹਾ, ”ਤੁਹਾਡੇ (ਆਪ) ਦਿੱਲੀ ਦੇ ਮੁੱਖ ਮੰਤਰੀ ਨੂੰ ਵੱਖ-ਵੱਖ ਸੰਵੇਦਨਸ਼ੀਲ ਮੁੱਦਿਆਂ ‘ਤੇ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਅੱਗੇ ਡਟ ਕੇ ਨਾ ਖੜ੍ਹਾ ਹੋਣ ਕਰਕੇ ਚੁਫੇਰਿਓ ਨਿੰਦਾ ਦਾ ਸਾਹਮਣਾ ਕਰਨਾ ਪੈ ਰਿਹਾ ਹੈ।’

ਉਨ੍ਹਾਂ ਕਿਹਾ ਕਿ ਅਰਵਿੰਦ ਕੇਜਰੀਵਾਲ ਦਿੱਲੀ ਚੋਣਾਂ ਭਾਜਪਾ ਦੇ ਵਿਰੋਧ ਦੇ ਨਾਂ ਉਤੇ ਜਿੱਤਣ ਦੇ ਬਾਵਜੂਦ ਹੁਣ ਉਸੇ ਭਾਜਪਾ ਦੀ ਜੀ ਹਜ਼ੂਰੀ ਵਿੱਚ ਲਗੇ ਹੋਏ ਹਨ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਅਜਿਹੀ ਕੋਈ ਸਿਧਾਂਤਕ ਪਾਰਟੀ ਦੀ ਲੋੜ ਨਹੀਂ ਹੈ ਅਤੇ ਨਾ ਹੀ ਉਹ ਅਜਿਹੀ ਪਾਰਟੀ ਨੂੰ ਚਾਹੁੰਦੇ ਹਨ ਜਿਸ ਦੀਆਂ ਕੋਈ ਨੈਤਿਕ ਕਦਰਾਂ ਕੀਮਤਾਂ ਨਾ ਹੋਣ।

Yes Punjab Gall Punjab Di


ਸਾਡਾ ਫ਼ੇਸਬੁੱਕ ਪੇਜ ਲਾਈਕ ਕਰਨ ਲਈ ਕਲਿੱਕ ਕਰੋ


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION