ਯੈੱਸ ਪੰਜਾਬ
ਚੰਡੀਗੜ੍ਹ, ਮਾਰਚ 21, 2021:
ਸੰਯੁਕਤ ਕਿਸਾਨ ਮੋਰਚੇ ਦੇ 26 ਮਾਰਚ ਨੂੰ ਭਾਰਤ-ਬੰਦ ਦੇ ਸੱਦੇ ਨੂੰ ਸਫਲ ਬਣਾਉਣ ਲਈ ਪੰਜਾਬ ਦੀਆਂ 32 ਕਿਸਾਨ-ਜਥੇਬੰਦੀਆਂ ਵੱਲੋਂ ਭਰਾਤਰੀ ਸਮਾਜਿਕ ਜਥੇਬੰਦੀਆਂ ਨਾਲ ਅੱਜ ਜਿਲ੍ਹਾ ਪੱਧਰੀ ਪੱਧਰੀ ਮੀਟਿੰਗਾਂ ਕੀਤੀਆਂ ਜਾਣਗੀਆਂ।
ਭਾਰਤੀ ਕਿਸਾਨ ਯੂਨੀਅਨ-ਏਕਤਾ(ਡਕੌਂਦਾ) ਦੇ ਜਨਰਲ-ਸਕੱਤਰ ਜਗਮੋਹਨ ਸਿੰਘ ਪਟਿਆਲਾ ਨੇ ਦੱਸਿਆ ਕਿ ਇਹਨਾਂ ਮੀਟਿੰਗਾਂ ‘ਚ ਅਮਨ-ਸ਼ਾਂਤੀ ਅਤੇ ਭਾਈਚਾਰਕ ਸਾਂਝ ਨਾਲ ਭਾਰਤ-ਬੰਦ ਸਫਲ ਬਣਾਉਣ ਲਈ ਧਰਨਾ ਸਥਾਨਾਂ ਦੀ ਵਿਉਂਤਬੰਦੀ ਕੀਤੀ ਜਾਵੇਗੀ ਅਤੇ ਇਹ ਵੀ ਸੰਕਲਪ ਲਿਆ ਜਾਵੇਗਾ ਕਿ ਕਿਸੇ ਵੀ ਹਾਲਤ ‘ਚ ਕਣਕ ਦੀ ਅਦਾਇਗੀ ਲਈ ਐਫਸੀਆਈ ਨੂੰ ਜ਼ਮੀਨ ਦੀ ਜਮ੍ਹਾਂਬੰਦੀ ਨਹੀਂ ਜਮ੍ਹਾਂ ਕਰਵਾਈ ਜਾਵੇਗੀ।
23 ਮਾਰਚ ਨੂੰ ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਦੇ ਸ਼ਹਾਦਤ ਦਿਵਸ ਮੌਕੇ ਦਿੱਲੀ ਦੇ ਕਿਸਾਨ-ਮੋਰਚਿਆਂ ‘ਚ ਸ਼ਮੂਲੀਅਤ ਕਰਨ ਲਈ ਪੰਜਾਬ ਤੋਂ ਹਜ਼ਾਰਾਂ ਨੌਜਵਾਨ ਅੱਜ ਦਿੱਲੀ ਲਈ ਚਾਲੇ ਪਾਉਣਗੇ। ਜਿਸਦੀਆਂ ਤਿਆਰੀਆਂ ਲਈ ਸੈਂਕੜੇ ਪਿੰਡਾਂ ‘ਚ ਮੋਟਰਸਾਈਕਲ ਮਾਰਚ ਕਰਦਿਆਂ ਚੇਤਨਾ-ਮਾਰਚ ਕੱਢੇ ਗਏ ਹਨ।
ਜਗਮੋਹਨ ਸਿੰਘ ਪਟਿਆਲਾ ਨੇ ਕਿਹਾ ਕਿ ਹਰਿਆਣਾ ਦੀ ਖੱਟਰ ਸਰਕਾਰ ਵੱਲੋਂ ਜਾਇਦਾਦ ਦੇ ਨੁਕਸਾਨ ਸਬੰਧੀ ਭਰਪਾਈ ਅੰਦੋਲਨਕਾਰੀਆਂ ਤੋਂ ਕਰਨ ਸਬੰਧੀ ਮੌਜੂਦਾ ਵਿਧਾਨ ਸਭਾ ਸੈਸ਼ਨ ਵਿੱਚ ਬਣਾਇਆ ਕਾਨੂੰਨ, ਅਸਲ ਵਿੱਚ ਅੰਦੋਲਨਕਾਰੀਆਂ ਨੂੰ ਡਰਾਉਣਾ/ ਧਮਕਾਉਣਾ ਹੈ , ਜੋ ਕਦਾਚਿੱਤ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਦਾ ਡੱਟ ਕੇ ਵਿਰੋਧ ਕਰਦੇ ਹਾਂ,ਵਾਪਸ ਲੈਣ ਦੀ ਮੰਗ ਵੀ ਕਰਦੇ ਹਾਂ।