31.1 C
Delhi
Saturday, April 20, 2024
spot_img
spot_img

ਭਾਰਤ, ਜਮਹੂਰੀ ਮੁਲਕ ਨਾ ਕਿ ਪਾਕਿਸਤਾਨ, ਨਾਗਰਿਕਤਾ ਕਾਨੂੰਨ ਦਾ ਕਰਾਂਗੇ ਸ਼ਾਂਤਮਈ ਵਿਰੋਧ: ਬਿੰਦਰਾ

ਐਸ.ਏ.ਐਸ. ਨਗਰ, 3 ਜਨਵਰੀ, 2019 –

‘‘ਭਾਰਤ ਵਿੱਚ ਪਾਕਿਸਤਾਨ ਵਰਗੀਆਂ ਸੌੜੀਆਂ ਚਾਲਾਂ ਲਾਗੂ ਨਹੀਂ ਹੋ ਸਕਦੀਆਂ ਕਿਉਂਕਿ ਭਾਰਤ ਦੁਨੀਆਂ ਦੀ ਸਭ ਤੋਂ ਵੱਡੀ ਜਮਹੂਰੀਅਤ ਹੈ ਅਤੇ ਇਸ ਦੀ ਸ਼ਕਤੀ ਅਨੇਕਤਾ ਵਿੱਚ ਏਕਤਾ ਹੈ।’’ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਦੇ ਚੇਅਰਮੈਨ ਸ੍ਰੀ ਸੁਖਵਿੰਦਰ ਸਿੰਘ ਬਿੰਦਰਾ ਨੇ ਅੱਜ ਇਨਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਦੇ ਨੌਜਵਾਨ ਲੋਕ ਮਾਰੂ ਫੈਸਲੇ ਦਾ ਡਟ ਕੇ ਸ਼ਾਂਤਮਈ ਵਿਰੋਧ ਕਰਨਗੇ।

ਇੱਥੇ ਵਣ ਭਵਨ ਸੈਕਟਰ-68 ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਨਾਗਰਿਕਤਾ ਸੋਧ ਕਾਨੂੰਨ ਬਾਰੇ ਦੇਸ਼ ਭਰ ਵਿੱਚ ਚੱਲ ਰਹੇ ਮੁਜ਼ਾਹਰਿਆਂ ਦੇ ਸੰਦਰਭ ਵਿੱਚ ਗੱਲ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਭਾਰਤ ਵਿੱਚ ਵੱਖ ਵੱਖ ਧਰਮਾਂ, ਜਾਤਾਂ ਤੇ ਕਬੀਲਿਆਂ ਦੇ ਲੋਕ ਰਹਿੰਦੇ ਹਨ, ਜਿਨਾਂ ਵਿੱਚੋਂ ਕਈਆਂ ਕੋਲ ਲੋੜੀਂਦੇ ਸ਼ਨਾਖ਼ਤੀ ਕਾਗਜ਼ਾਤ ਨਹੀਂ ਹਨ, ਉਨਾਂ ਨੂੰ ਕੋਈ ਸਰਕਾਰ ਇਹ ਕਿਵੇਂ ਆਖ ਸਕਦੀ ਹੈ ਕਿ ਉਹ ਇਸ ਮੁਲਕ ਦੇ ਨਾਗਰਿਕ ਨਹੀਂ ਹਨ?

ਉਨਾਂ ਕਿਹਾ ਕਿ ਪੰਜਾਬ ਸਰਕਾਰ ਤੇ ਕਈ ਹੋਰ ਰਾਜ ਸਰਕਾਰਾਂ ਨੇ ਇਸ ਕਾਨੂੰਨ ਦਾ ਵਿਰੋਧ ਕੀਤਾ ਹੈ। ਚੇਅਰਮੈਨ ਪੰਜਾਬ ਯੂਥ ਡਿਵੈਲਪਮੈਂਟ ਬੋਰਡ ਨੇ ਕਿਹਾ ਕਿ ਇਸ ਕਾਨੂੰਨ ਖ਼ਿਲਾਫ਼ ਬੋਰਡ ਵੱਲੋਂ ਯੂਨੀਵਰਸਿਟੀਆਂ ਤੇ ਕਾਲਜਾਂ ਦੇ ਵਿਦਿਆਰਥੀਆਂ ਨੂੰ ਨਾਲ ਲੈ ਕੇ ਸ਼ਾਂਤਮਈ ਵਿਰੋਧ ਲਾਮਬੰਦ ਕੀਤਾ ਜਾਵੇਗਾ ਅਤੇ ਲੋਕਾਂ ਨੂੰ ਇਸ ਕਾਨੂੰਨ ਨੂੰ ਲਿਆਉਣ ਪਿੱਛੇ ਦੀ ਕੇਂਦਰ ਸਰਕਾਰ ਦੀ ਅਸਲ ਭਾਵਨਾ ਤੋਂ ਜਾਣੂੰ ਕਰਵਾਇਆ ਜਾਵੇਗਾ।

ਇਸ ਦੌਰਾਨ ਅਜੋਕੇ ਪੰਜਾਬੀ ਗੀਤਾਂ ਰਾਹੀਂ ਸੱਭਿਆਚਾਰ ਵਿੱਚ ਆ ਰਹੇ ਨਿਘਾਰ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਸ੍ਰੀ ਬਿੰਦਰਾ ਨੇ ਕਿਹਾ ਕਿ ਬੋਰਡ ਇਸ ਸੱਭਿਆਚਾਰਕ ਪ੍ਰਦੂਸ਼ਣ ਨੂੰ ਰੋਕਣ ਲਈ ਯਤਨ ਕਰੇਗਾ। ਉਨਾਂ ਕਿਹਾ ਕਿ ਪੰਜਾਬੀ ਸੱਭਿਆਚਾਰ ਸਾਂਝੇ ਵਿਰਸੇ ਅਤੇ ਗੁਰੂ ਸਾਹਿਬਾਨ ਦੇ ਗੌਰਵਮਈ ਇਤਿਹਾਸ ਨਾਲ ਭਰਪੂਰ ਹੈ।

ਪਿਛਲੇ ਕੁੱਝ ਸਮੇਂ ਤੋਂ ਪੰਜਾਬੀ ਨੌਜਵਾਨਾਂ ਨੂੰ ਨਸ਼ੇ/ਭੜਕਾਊ ਅਤੇ ਹਥਿਆਰਾਂ ਵਾਲੇ ਗੀਤਾਂ ਰਾਹੀਂ ਮਿੱਥ ਕੇ ਕੁਰਾਹੇ ਪਾਇਆ ਜਾ ਰਿਹਾ ਹੈ ਤਾਂ ਜੋ ਉਹ ਆਪਣੇ ਵਿਰਸੇ ਅਤੇ ਭਵਿੱਖ ਪ੍ਰਤੀ ਅਵੇਸਲੇ ਹੋ ਜਾਣ। ਇਹ ਪੰਜਾਬ ਅਤੇ ਪੰਜਾਬੀਅਤ ਲਈ ਨੁਕਸਾਨਦਾਇਕ ਸਾਬਿਤ ਹੋ ਰਿਹਾ ਹੈ।

ਸ੍ਰੀ ਬਿੰਦਰਾ ਨੇ ਪੰਜਾਬ ਯੂਥ ਡਿਵੈਲਪਮੈਂਟ ਦੇ ਚੇਅਰਮੈਨ ਹੋਣ ਨਾਤੇ ਪੰਜਾਬੀ ਗਾਇਕਾਂ ਨੂੰ ਅਪੀਲ/ਹਦਾਇਤ ਕੀਤੀ ਕਿ ਉਹ ਭਵਿੱਖ ਵਿੱਚ ਲੱਚਰ, ਨਸ਼ੇ ਅਤੇ ਹਥਿਆਰਾਂ ਨੂੰ ਉਤਸ਼ਾਹਤ ਕਰਨ ਵਾਲੇ ਗਾਣੇ ਗਾਉਣ ਤੋਂ ਪ੍ਰਹੇਜ਼ ਕਰਨ।

ਨੌਜਵਾਨਾਂ ਨੂੰ ਰੋਜ਼ਗਾਰ ਦੇਣ ਸਬੰਧੀ ਚੇਅਰਮੈਨ ਨੇ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਘਰ ਘਰ ਰੋਜ਼ਗਾਰ ਸਕੀਮ ਤਹਿਤ ਹੁਣ ਤੱਕ ਲਗਪਗ 11 ਲੱਖ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਗਿਆ ਹੈ, ਜਿਸ ਵਿੱਚ ਸਵੈ ਰੋਜ਼ਗਾਰ, ਪ੍ਰਾਈਵੇਟ ਸੈਕਟਰ ਅਤੇ ਸਰਕਾਰੀ ਵਿਭਾਗਾਂ ਵਿੱਚ ਨੌਕਰੀਆਂ ਸ਼ਾਮਲ ਹਨ। ਪੰਜਾਬ ਸਰਕਾਰ ਦੇ ਯਤਨਾਂ ਸਦਕਾ ਹੁਣ ਤੱਕ ਪੰਜਾਬ ਵਿੱਚ 55 ਹਜ਼ਾਰ ਕਰੋੜ ਦਾ ਨਿਵੇਸ਼ ਹੋ ਚੁੱਕਾ ਹੈ, ਜਿਸ ਦੇ ਨਾਲ ਪੰਜਾਬ ਦੇ ਨੌਜਵਾਨਾਂ ਨੂੰ ਹੋਰ ਰੋਜ਼ਗਾਰ ਦੇ ਮੌਕੇ ਪੈਦਾ ਹੋਣਗੇ।

ਪੰਜਾਬ ਸਰਕਾਰ ਦੀ ਨਸ਼ੇ ਵਿਰੁੱਧ ਚਲਾਈ ਮੁਹਿੰਮ ਦੇ ਸਬੰਧ ਵਿੱਚ ਸ੍ਰੀ ਬਿੰਦਰਾ ਨੇ ਦੱਸਿਆ ਕਿ ਇਸ ਸਮੇਂ ਪੰਜਾਬ ਵਿੱਚ ਲਗਪਗ 200 ਓਟ ਸੈਂਟਰ ਚੱਲ ਰਹੇ ਹਨ, ਜਿਨਾਂ ਵਿੱਚ ਹੁਣ ਤੱਕ 1,07331 ਨੌਜਵਾਨਾਂ ਵੱਲੋਂ ਨਸ਼ਾ ਛੱਡਣ ਲਈ ਆਪਣੇ ਨਾਮ ਦਰਜ ਕਰਵਾਏ ਗਏ ਹਨ।

ਐਸ.ਟੀ.ਐਫ. ਵੱਲੋਂ ਨਸ਼ਾ ਤਸਕਰਾਂ ਦੀ ਸਪਲਾਈ ਲਾਈਨ ਨੂੰ ਪੂਰੀ ਤਰਾਂ ਕੱਟ ਦਿੱਤਾ ਗਿਆ ਹੈ। ਔਰਤਾਂ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਵੱਲੋਂ ਹੈਲਪ ਲਾਈਨ ਨੰਬਰ ਅਤੇ ਰਾਤ ਸਮੇਂ ਵੱਡੇ ਸ਼ਹਿਰਾਂ ਵਿੱਚ ਔਰਤਾਂ ਨੂੰ ਘਰ ਛੱਡਣ ਦੀ ਸਹੂਲਤ ਸ਼ੁਰੂ ਕੀਤੀ ਗਈ ਹੈ ਤਾਂ ਜੋ ਲੜਕੀਆਂ ਖਿਲਾਫ਼ ਹੋ ਰਹੀ ਦੁਰਘਟਨਾਵਾਂ ਨੂੰ ਰੋਕਣ ਵਿੱਚ ਮਦਦ ਮਿਲੇ।

ਅੰਤ ਵਿੱਚ ਉਨਾਂ ਕਿਹਾ ਕਿ ਯੂਥ ਡਿਵੈਲਪਮੈਂਟ ਬੋਰਡ ਨੌਜਵਾਨਾਂ ਦੀ ਹਰ ਤਰਾਂ ਦੀਆਂ ਸਮੱਸਿਆਵਾਂ ਦੇ ਹੱਲ ਲਈ ਯਤਨਸ਼ੀਲ ਹੈ ਅਤੇ ਨੌਜਵਾਨਾਂ ਦੀ ਹਰ ਪੱਖੋ ਸੰਭਵ ਮਦਦ ਕਰਨ ਲਈ ਉਹ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION