35.1 C
Delhi
Friday, March 29, 2024
spot_img
spot_img

ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਕਿਸਾਨੀ ਧਰਨਿਆਂ ‘ਚ ਸ਼ਹੀਦ ਕਰਤਾਰ ਸਿੰਘ ਸਰਾਭਾ ਅਤੇ ਸਾਥੀਆਂ ਦੇ 106ਵੇਂ ਸ਼ਹੀਦੀ ਦਿਹਾੜੇ ਮੌਕੇ ਸ਼ਰਧਾਂਜਲੀ ਸਮਾਗਮ ਕੀਤੇ ਜਾਣਗੇ

ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 14 ਨਵੰਬਰ, 2021:
ਖਰੀ ਕੌਮੀ ਆਜ਼ਾਦੀ ਖਾਤਰ ਸਾਮਰਾਜ-ਵਿਰੋਧੀ ਆਪਾ-ਵਾਰੂ ਗ਼ਦਰ ਲਹਿਰ ਦੇ ਆਕਾਸ਼ ਵਿੱਚ ਸੀਸ ਤਲ਼ੀ ਧਰ ਜੂਝਣ ਵਾਲੇ 7 ਚਮਕਦੇ ਸਿਤਾਰਿਆਂ ਕਰਤਾਰ ਸਿੰਘ ਸਰਾਭਾ, ਵਿਸ਼ਨੂੰ ਗਣੇਸ਼ ਪਿੰਗਲੇ, ਹਰਨਾਮ ਸਿੰਘ ਸਿਆਲਕੋਟੀ, ਜਗਤ ਸਿੰਘ ਸੁਰਸਿੰਘ, ਸੁਰੈਣ ਸਿੰਘ ਵੱਡਾ ਤੇ ਸੁਰੈਣ ਸਿੰਘ ਛੋਟਾ ਗਿੱਲਵਾਲੀ ਅਤੇ ਬਖਸ਼ੀਸ਼ ਸਿੰਘ ਗਿੱਲਵਾਲੀ ਨੂੰ ਜ਼ਾਲਮ ਸਾਮਰਾਜੀ ਬਰਤਾਨਵੀ ਹਕੂਮਤ ਦੁਆਰਾ ਫਾਂਸੀ ਲਟਕਾਇਆ ਗਿਆ ਸੀ।

ਇਨ੍ਹਾਂ ਸਿਰਲੱਥ ਯੋਧਿਆਂ ਦਾ 106ਵਾਂ ਸ਼ਹੀਦੀ ਦਿਹਾੜਾ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵੱਲੋਂ ਸ਼ਰਧਾਂਜਲੀ ਸਮਾਗਮ ਵਜੋਂ ਸਾਮਰਾਜੀ ਭਾਜਪਾ ਗੱਠਜੋੜ ਵਿਰੁੱਧ ਕਾਲੇ ਖੇਤੀ ਕਾਨੂੰਨਾਂ ਦੀ ਵਾਪਸੀ ਲਈ ਚੱਲ ਰਹੇ ਮੁਲਕ ਪੱਧਰੇ ਸਾਂਝੇ ਜਾਨ-ਹੂਲਵੇਂ ਸਾਮਰਾਜ ਵਿਰੋਧੀ ਘੋਲ਼ ਵਿੱਚ ਦਿੱਲੀ ਟਿਕਰੀ ਬਾਰਡਰ ਸਮੇਤ ਪੰਜਾਬ ਵਿਚਲੇ 40 ਪੱਕੇ ਮੋਰਚਿਆਂ ਵਿੱਚ ਸ਼ਰਧਾ ਤੇ ਜੋਸ਼ ਨਾਲ ਮਨਾਇਆ ਜਾਵੇਗਾ।

ਇੱਥੇ ਜਾਰੀ ਕੀਤੇ ਗਏ ਸਾਂਝੇ ਪ੍ਰੈੱਸ ਬਿਆਨ ਰਾਹੀਂ ਇਹ ਜਾਣਕਾਰੀ ਦਿੰਦੇ ਹੋਏ ਜਥੇਬੰਦੀ ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਹੈ ਕਿ ਇਨ੍ਹਾਂ ਸ਼ਹੀਦਾਂ ਸਮੇਤ ਸਾਮਰਾਜ ਵਿਰੋਧੀ ਕੌਮੀ ਲਹਿਰ ਦੇ ਸਮੂਹ ਸ਼ਹੀਦਾਂ ਦੀਆਂ ਕੁਰਬਾਨੀਆਂ ਮੁਲਕ ਭਰ ਦੇ ਮੋਰਚਿਆਂ ਵਿੱਚ ਡਟੇ ਹੋਏ ਕਿਸਾਨਾਂ ਮਜ਼ਦੂਰਾਂ ਤੇ ਆਮ ਕਿਰਤੀ ਲੋਕਾਂ ਲਈ ਅੱਜ ਵੀ ਚਾਨਣਮੁਨਾਰੇ ਬਣੀਆਂ ਹੋਈਆਂ ਹਨ।

ਇਸ ਲਈ ਮੌਜੂਦਾ ਸਾਮਰਾਜ ਵਿਰੋਧੀ ਕਿਸਾਨ ਘੋਲ਼ ਦੀ ਹੋਰ ਮਜ਼ਬੂਤੀ ਲਈ ਇਨ੍ਹਾਂ ਸ਼ਰਧਾਂਜਲੀ ਸਮਾਗਮਾਂ ਵਿੱਚ ਸਾਰੇ ਜੁਝਾਰੂ ਲੋਕਾਂ ਨੂੰ ਪੂਰੇ ਜੋਸ਼-ਓ-ਖਰੋਸ਼ ਨਾਲ ਵਧ ਚੜ੍ਹ ਕੇ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION