35.1 C
Delhi
Thursday, April 25, 2024
spot_img
spot_img

ਭਾਜਪਾ ਦੀ ਮਦਦ ਨਾਲ ਅਕਾਲੀ ਦਲ ਸੀ.ਬੀ.ਆਈ. ਦੇ ਸਹਾਰੇ ਬੇਅਦਬੀ ਦੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੈ: ਸੁਖ਼ਜਿੰਦਰ ਰੰਧਾਵਾ

ਚੰਡੀਗੜ, 9 ਜੁਲਾਈ, 2020 –
”ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਦੀ ਬੇਅਦਬੀ ਅਤੇ ਨਿਹੱਥੇ ਸਿੱਖਾਂ ਉਤੇ ਗੋਲੀ ਚਲਾਉਣ ਦੇ ਕੇਸਾਂ ਦੇ ਮਾਮਲੇ ਵਿੱਚ ਸਿੱਧੇ ਤੌਰ ‘ਤੇ ਜ਼ਿੰਮੇਵਾਰ ਅਕਾਲੀ ਹੁਣ ਆਪਣੇ ਰਾਜਸੀ ਆਕਾ ਭਾਜਪਾ ਦੀ ਮੱਦਦ ਨਾਲ ਸੀ.ਬੀ.ਆਈ. ਦੇ ਸਹਾਰੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੇ ਹਨ।” ਇਹ ਦੋਸ਼ ਸੀਨੀਅਰ ਕਾਂਗਰਸੀ ਆਗੂ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਵਿੱਚ ਲਾਏ।

ਬਰਗਾੜੀ ਕਾਂਡ ਵਿੱਚ ਐਸ.ਆਈ.ਟੀ. ਜਾਂਚ ਰੋਕਣ ਸੀ.ਬੀ.ਆਈ. ਵੱਲੋਂ ਮੁੜ ਅੜਿੱਕਾ ਢਾਹੁਣ ਲਈ ਅਦਾਲਤ ਵਿੱਚ ਕੀਤੀ ਪਹੁੰਚ ਨਾਲ ਬਾਦਲਾਂ ਦੀ ਬਿੱਲੀ ਥੈਲਿਓ ਬਾਹਰ ਆਈ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਐਸ.ਆਈ.ਟੀ. ਆਪਣੀ ਜਾਂਚ ਵਿੱਚ ਅੱਗੇ ਵਧਦੀ ਹੈ ਤਾਂ ਬਾਦਲ ਪਰਿਵਾਰ ਤਿਲਮਲਾਉਣ ਲੱਗ ਜਾਂਦਾ ਹੈ ਅਤੇ ਦਿੱਲੀ ਦਰਬਾਰ ਵਿੱਚ ਗੋਡੇ ਟੇਕਦਾ ਹੋਇਆ ਕੇਂਦਰ ਸਰਕਾਰ ਦੇ ਕਠਪੁਤਲੀ ਸੀ.ਬੀ.ਆਈ. ਰਾਹੀਂ ਦੋਸ਼ੀਆਂ ਨੂੰ ਬਚਾਉਣ ਲਈ ਹੱਥ-ਪੈਰ ਮਾਰਨ ਲੱਗ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਹੁਣ ਵੀ ਅਕਾਲੀ ਦਲ ਦੇ ਇਸ਼ਾਰੇ ‘ਤੇ ਸੀ.ਬੀ.ਆਈ. ਸਭ ਕੁਝ ਕਰ ਰਹੀ ਹੈ ਅਤੇ ਇਸ ਬਦਲੇ ਅਕਾਲੀ ਦਲ ਨੇ ਪੰਜਾਬ, ਸਿੱਖਾਂ ਅਤੇ ਕਿਸਾਨਾਂ ਦੇ ਹਿੱਤਾਂ ਦੀ ਤਿਲਾਂਜਲੀ ਦੇ ਦਿੱਤੀ ਹੈ। ਹਾਲ ਹੀ ਵਿੱਚ ਖੇਤੀ ਆਰਡੀਨੈਂਸਾਂ ਉਤੇ ਅਕਾਲੀ ਦਲ ਵੱਲੋਂ ਕਿਸਾਨ ਵਿਰੋਧੀ ਫੈਸਲੇ ਲਈ ਭਾਜਪਾ ਦੀ ਹਮਾਇਤ ਵੀ ਇਸੇ ਦਾ ਸਿੱਟਾ ਹੈ।

ਸ. ਰੰਧਾਵਾ ਨੇ ਕਿਹਾ ਕਿ ਬਾਦਲ ਪਰਿਵਾਰ ਨਹੀਂ ਚਾਹੁੰਦਾ ਕਿ ਬੇਅਦਬੀ ਤੇ ਗੋਲੀ ਕਾਂਡ ਦੇ ਕੇਸਾਂ ਦਾ ਸੱਚ ਸਾਹਮਣੇ ਆਏ। ਉਨ੍ਹਾਂ ਕਿਹਾ ਕਿ ਪਹਿਲੀ ਗੱਲ ਤਾਂ ਅਕਾਲੀ ਸਰਕਾਰ ਵੇਲੇ ਇਹ ਸਭ ਕੁੱਝ ਵਾਪਰਿਆ ਜਿਸ ਲਈ ਇਹ ਸਿੱਧੇ ਜ਼ਿੰਮੇਵਾਰ ਹਨ। ਉਨ੍ਹਾਂ ਅੱਗੇ ਕਿਹਾ ਕਿ 2015 ਵਿੱਚ ਵਾਪਰੀਆਂ ਇਸ ਹਿਰਦੇ ਵਲੂੰਧਰਨ ਵਾਲੀਆਂ ਘਟਨਾਵਾਂ ਦੀ ਜਾਂਚ ਲਮਕਾਉਣ ਲਈ ਜਾਣਬੁੱਝ ਕੇ ਕੇਸ ਸੀ.ਬੀ.ਆਈ. ਨੂੰ ਸੌਂਪ ਕੇ ਠੰਢੇ ਬਸਤੇ ਪਾ ਦਿੱਤਾ ਸੀ।

ਇਸ ਤੋਂ ਬਾਅਦ ਜਦੋਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਕਾਂਗਰਸ ਸਰਕਾਰ ਨੇ ਇਨ੍ਹਾਂ ਕੇਸਾਂ ਦਾ ਨਿਪਟਾਰਾ ਕਰਨ ਲਈ ਐਸ.ਆਈ.ਟੀ. ਬਣਾਈ ਤਾਂ ਸੀ.ਬੀ.ਆਈ. ਨੇ ਅਦਾਲਤ ਕੋਲ ਕਲੋਜਰ ਰਿਪੋਰਟ ਸੌਂਪ ਦਿੱਤੀ। ਇਸ ਬਾਰੇ ਪੰਜਾਬ ਵਿਧਾਨ ਸਭਾ ਨੇ ਮਤਾ ਵੀ ਪਾਇਆ ਅਤੇ ਪੰਜਾਬ ਸਰਕਾਰ ਨੇ ਉਚ ਅਦਾਲਤਾਂ ਵਿੱਚ ਜਾ ਕੇ ਲੜਾਈ ਵੀ ਜਿੱਤੀ।

ਹੁਣ ਜਦੋਂ ਐਸ.ਆਈ.ਟੀ. ਇਨ੍ਹਾਂ ਕੇਸਾਂ ਵਿੱਚ ਪੜਾਅ ਦਰ ਪੜਾਅ ਅੱਗੇ ਵਧਦੀ ਹੋਈ ਅਸਲ ਦੋਸ਼ੀਆਂ ਨੂੰ ਨੰਗਾ ਕਰਕੇ ਇਨਸਾਫ ਦਿਵਾਉਣਾ ਚਾਹੁੰਦੀ ਹੈ ਤਾਂ ਅਕਾਲੀ ਦਲ ਦੇ ਇਸ਼ਾਰੇ ਉਤੇ ਸੀ.ਬੀ.ਆਈ. ਨੇ ਫੇਰ ਅਦਾਲਤ ਵਿੱਚ ਅੜਿੱਕਾ ਢਾਹੁਣ ਦੀ ਕੋਸ਼ਿਸ਼ ਕੀਤੀ ਹੈ।

ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਦੋਵਾਂ ਦਾ ਹੀ ਡੇਰਾ ਸਿਰਸਾ ਨੂੰ ਬਚਾਉਣ ਵਿੱਚ ਸਾਰਾ ਜ਼ੋਰ ਲੱਗਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਪਿਛਲੀਆਂ ਦੋ ਵਿਧਾਨ ਸਭਾ ਚੋਣਾਂ ਵਿੱਚ ਡੇਰੇ ਵੱਲੋਂ ਅਕਾਲੀ ਦਲ ਅਤੇ ਹਰਿਆਣਾ ਵਿੱਚ ਭਾਜਪਾ ਨੂੰ ਕੀਤੀ ਸਿੱਧੀ ਹਮਾਇਤ ਇਸ ਗੱਲ ਦਾ ਸਬੂਤ ਹੈ ਕਿ ਅਕਾਲੀ-ਭਾਜਪਾ ਇਸ ਕੇਸ ਦੇ ਦੋਸ਼ੀਆਂ ਨੂੰ ਬਚਾਉਣਾ ਚਾਹੁੰਦੀ ਹੈ।

ਕਾਂਗਰਸੀ ਆਗੂ ਨੇ ਕਿਹਾ ਕਿ ਸਿਤਮਜਰੀਫੀ ਦੇਖੋ ਸਿੱਖਾਂ ਦੀ ਨੁਮਾਇੰਦਾ ਪਾਰਟੀ ਅਖਵਾਉਣ ਵਾਲੀ ਅਕਾਲੀ ਦਲ ਅੱਜ ਗੁਰੂ ਸਾਹਿਬ ਦੀ ਬੇਅਦਬੀ ਅਤੇ ਨਿਹੱਥੇ ਸਿੱਖਾਂ ਉਤੇ ਗੋਲੀ ਚਲਾਉਣ ਦੇ ਦੋਸ਼ੀਆਂ ਨੂੰ ਬਚਾਉਣ ਵਾਲਿਆਂ ਨਾਲ ਖੜ ਗਈ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਇਸ ਬੱਜਰ ਗੁਨਾਹ ਲਈ ਅਕਾਲੀ ਦਲ ਖਾਸ ਕਰ ਕੇ ਬਾਦਲ ਪਰਿਵਾਰ ਨੂੰ ਕਦੇ ਮੁਆਫ ਨਹੀਂ ਕਰੇਗੀ। ਉਨ੍ਹਾਂ ਕਿਹਾ ਕਿ ਸਿੱਖਾਂ ਦਾ ਸਭ ਤੋਂ ਵੱਡਾ ਦੁੱਖ ਅਕਾਲੀ ਦਲ ਦੇ ਰੋਲ ਉਤੇ ਹੈ, ਭਾਜਪਾ ਤੋਂ ਤਾਂ ਕਦੇ ਸਿੱਖਾਂ ਨੇ ਚੰਗੀ ਆਸ ਰੱਖੀ ਹੀ ਨਹੀਂ।


ਪੰਜਾਬੀ ਅਤੇ ਅੰਗਰੇਜ਼ੀ ਖ਼ਬਰਾਂ ਲਈ ਹੁਣ ਸਾਡੇ ਅੱਡ ਅੱਡ ਫ਼ੇਸਬੁੱਕ ਪੇਜ ਹਨ – ਲਾਈਕ ਤੇ ਸ਼ੇਅਰ ਕਰੋ
ਪੰਜਾਬੀ ਫ਼ੇਸਬੁੱਕ ਪੇਜ – https://www.facebook.com/yespunjabpunjabi/
ਅੰਗਰੇਜ਼ੀ ਫ਼ੇਸਬੁੱਕ ਪੇਜ – https://www.facebook.com/yespunjab/


 

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION