22.1 C
Delhi
Wednesday, April 24, 2024
spot_img
spot_img

ਭਾਜਪਾ ਆਗੂ ਮਦਨ ਮੋਹਨ ਮਿੱਤਲ ਅਕਾਲ ਤਖ਼ਤ ਦੇ ਜਥੇਦਾਰ ਦੇ ਵਿਰੁੱਧ ਬੋਲਣ ਦੀ ਬਜਾਏ ਆਰ.ਐਸ.ਐਸ. ਨੂੰ ਮੱਤ ਦੇਣ: ਸੁਖ਼ਦੇਵ ਸਿੰਘ ਭੂਰਾਕੋਹਨਾ

ਯੈੱਸ ਪੰਜਾਬ
ਸ੍ਰੀ ਅਨੰਦਪੁਰ ਸਾਹਿਬ, 11 ਜੁਲਾਈ, 2021:
ਭਾਜਪਾ ਦੇ ਸੀਨੀਅਰ ਆਗੂ ਤੇ ਸਾਬਕਾ ਕੈਬਨਿਟ ਮੰਤਰੀ ਮਦਨ ਮੋਹਨ ਮਿੱਤਲ ਵਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵਿਰੁੱਧ ਦਿੱਤੇ ਬਿਆਨ ‘ਤੇ ਤਿੱਖਾ ਪ੍ਰਤੀਕਰਮ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਧੀਕ ਸਕੱਤਰ ਸ.ਸੁਖਦੇਵ ਸਿੰਘ ਭੂਰਾ ਕੋਹਨਾ ਨੇ ਚਿਤਾਵਨੀ ਦਿੱਤੀ ਹੈ ਕਿ ਸਿੱਖ ਆਪਣੇ ਸਰਬਉੱਚ ਅਸਥਾਨ ਦੇ ਜਥੇਦਾਰ ਵਿਰੁੱਧ ਕੋਈ ਟਿੱਪਣੀ ਬਰਦਾਸ਼ਤ ਨਹੀਂ ਕਰ ਸਕਦੇ।

ਸ. ਭੂਰਾ ਕੋਹਨਾ ਨੇ ਜਾਰੀ ਬਿਆਨ ਵਿਚ ਕਿਹਾ ਕਿ ਆਰ.ਐਸ.ਐਸ ਮੁਖੀ ਮੋਹਨ ਭਾਗਵਤ ਵਲੋਂ ਸਾਰੇ ਭਾਰਤ ਵਾਸੀਆਂ ਨੂੰ ਹਿੰਦੂ ਕਰਾਰ ਦੇ ਕੇ ਵੱਖ-ਵੱਖ ਧਰਮਾਂ ਤੇ ਨਸਲਾਂ ਦੇ ਲੋਕਾਂ ਦੀ ਹੋਂਦ ‘ਤੇ ਹਮਲਾ ਕਰਨ ਦੀਆਂ ਅਨੇਕਾਂ ਵਾਰ ਕੋਸ਼ਿਸ਼ਾਂ ਕੀਤੀਆਂ ਜਾ ਚੁੱਕੀਆਂ ਹਨ। ਉਨ੍ਹਾਂ ਕਿਹਾ ਕਿ ਸਿੱਖ ਕੌਮ ਕਦੇ ਵੀ ਆਪਣੀ ਹੋਂਦ ‘ਤੇ ਹਮਲਾ ਬਰਦਾਸ਼ਤ ਨਹੀਂ ਕਰ ਸਕਦੀ।

ਉਨ੍ਹਾਂ ਕਿਹਾ ਕਿ ਭਾਰਤ ਦੀ ਆਜ਼ਾਦੀ ਵਿਚ ਵੱਖ-ਵੱਖ ਧਰਮਾਂ ਤੇ ਸੱਭਿਆਚਾਰ ਦੇ ਲੋਕਾਂ ਦਾ ਯੋਗਦਾਨ ਰਿਹਾ ਹੈ ਜਿਨ੍ਹਾਂ ਵਿਚੋਂ ਸਭ ਤੋਂ ਵੱਧ ਯੋਗਦਾਨ ਸਿੱਖ ਕੌਮ ਦਾ ਰਿਹਾ। ਉਨ੍ਹਾਂ ਕਿਹਾ ਕਿ ਭਾਰਤ ਦੀ ਅਖੰਡਤਾ ਹੀ ਵੱਖ-ਵੱਖ ਸੱਭਿਆਚਾਰਾਂ, ਖਿੱਤਿਆਂ ਅਤੇ ਧਰਮਾਂ ਦੀ ਵੰਨ-ਸੁਵੰਨਤਾ ਵਾਲੇ ਦੇਸ਼ ਨਾਲ ਹੈ। ਜਦੋਂਕਿ ਆਰ.ਐਸ.ਐਸ. ਸਾਰੇ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ‘ਤੇ ਉਤਾਰੂ ਹੈ।

ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਸਿੱਖਾਂ ਦੀ ਰਾਜਨੀਤਕ ਪ੍ਰਭੂਸੱਤਾ ਦਾ ਕੇਂਦਰ ਹੈ, ਜਿਸ ਕਰਕੇ ਘੱਟ-ਗਿਣਤੀਆਂ ਦੀ ਹੋਂਦ ਨੂੰ ਖ਼ਤਰਾ ਹੋਣ ‘ਤੇ ਇਥੋਂ ਆਵਾਜ਼ ਉੱਠਣੀ ਲਾਜ਼ਮੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ਦੇ ਆਗੂ ਮਦਨ ਮੋਹਨ ਮਿੱਤਲ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਵਿਰੁੱਧ ਨਫਰਤ ਭਰਿਆ ਤੇ ਘਟੀਆ ਮਾਨਸਿਕਤਾ ਨੂੰ ਪ੍ਰਗਟਾਉਂਦਾ ਬਿਆਨ ਦੇਣ ਦੀ ਬਜਾਇ ਆਰ.ਐਸ.ਐਸ. ਨੂੰ ਮੱਤ ਦੇਣੀ ਚਾਹੀਦੀ ਸੀ ਕਿ ਉਹ ਭਾਰਤ ਦੀ ਅਖੰਡਤਾ ਨੂੰ ਸੱਟ ਮਾਰਨ ਤੋਂ ਗੁਰੇਜ਼ ਕਰੇ।

ਉਨ੍ਹਾਂ ਕਿਹਾ ਕਿ ਮਦਨ ਮੋਹਨ ਮਿੱਤਲ ਕੇਂਦਰ ਦੀ ਭਾਜਪਾ ਸਰਕਾਰ ਨੂੰ ਦੇਸ਼ ਵਿਚ ਸਹੀ ਤਰੀਕੇ ਰਾਜ ਧਰਮ ਨਿਭਾਉਣ ਅਤੇ ਸਹੀ ਤਰੀਕੇ ਪਰਜਾ ਦੇ ਹਿਤਾਂ ਦੀ ਨੁਮਾਇੰਦਗੀ ਕਰਨ ਦੀ ਸਲਾਹ ਦਿੰਦਾ ਤਾਂ ਜ਼ਰੂਰ ਸ਼ੋਭਾ ਦਿੰਦਾ ਪਰ ਉਸ ਵਲੋਂ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵਿਰੁੱਧ ਦਿੱਤਾ ਗਿਆ ਬਿਆਨ ਪੰਜਾਬ ਦਾ ਮਾਹੌਲ ਖ਼ਰਾਬ ਕਰਨ ਦੀ ਕੋਝੀ ਹਰਕਤ ਹੈ।

ਉਨ੍ਹਾਂ ਕਿਹਾ ਕਿ ਕਾਂਗਰਸ ਨੇ 1984 ‘ਚ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਇਮਾਰਤ ਢਾਹੀ ਸੀ ਜਿਸ ਨੂੰ ਸਿੱਖਾਂ ਨੇ ਮੁੜ ਉਸਾਰ ਲਿਆ ਪਰ ਕਾਂਗਰਸ ਨੂੰ ਕਦੇ ਮਾਫ਼ ਨਹੀਂ ਕੀਤਾ ਅਤੇ ਭਾਜਪਾ ਆਗੂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਿਧਾਂਤਾਂ ‘ਤੇ ਹਮਲਾ ਕਰਨ ਦੀ ਹਿਮਾਕਤ ਕਰ ਰਿਹਾ ਹੈ, ਜਿਸ ਨੂੰ ਵੀ ਸਿੱਖ ਕਦੇ ਮਾਫ਼ ਨਹੀਂ ਕਰਨਗੇ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION