34 C
Delhi
Thursday, April 25, 2024
spot_img
spot_img

ਭਗਵੰਤ ਮਾਨ ਨੇ ਪੰਜਾਬ ਦੇ ਕਿਸਾਨਾਂ ਦੀ ਤਕਦੀਰ ਬਦਲਣ ਦੀ ਵਚਨਬੱਧਤਾ ਦੁਹਰਾਈ

ਯੈੱਸ ਪੰਜਾਬ
ਚੰਡੀਗੜ੍ਹ, 22 ਮਈ, 2022:
ਸੂਬੇ ਦੇ ਕਿਸਾਨਾਂ ਦੀ ਤਕਦੀਰ ਬਦਲਣ ਦਾ ਤਹੱਈਆ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਖੇਤੀਬਾੜੀ ਨੂੰ ਆਰਥਿਕ ਤੌਰ ਉਤੇ ਟਿਕਾਊ ਅਤੇ ਮੁਨਾਫ਼ੇ ਵਾਲਾ ਕਿੱਤਾ ਬਣਾਉਣ ਦੀ ਆਪਣੀ ਸਰਕਾਰ ਦੀ ਵਚਨਬੱਧਤਾ ਦੁਹਰਾਉਂਦਿਆਂ ਕਿਹਾ ਕਿ ਇਸ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਇਸ ਪਿਤਾ-ਪੁਰਖੀ ਕਿੱਤੇ ਨੂੰ ਮਾਣ ਤੇ ਸਤਿਕਾਰ ਨਾਲ ਅਪਨਾਉਣ ਦੀ ਪ੍ਰੇਰਨਾ ਮਿਲੇਗੀ।

ਅੱਜ ਇੱਥੇ ਟੈਗੋਰ ਥੀਏਟਰ ਵਿੱਚ ਕਰਵਾਏ ਇਕ ਸਮਾਗਮ ਦੌਰਾਨ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਦੀ ਹਾਜ਼ਰੀ ’ਚ ਭਗਵੰਤ ਮਾਨ ਨੇ ਕਿਸਾਨ ਅੰਦੋਲਨ ਵਿਚ ਜਾਨ ਗਵਾਉਣ ਵਾਲੇ ਕਿਸਾਨਾਂ ਅਤੇ ਗਲਵਾਨ ਘਾਟੀ ਦੇ ਸ਼ਹੀਦਾਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅੱਜ ਦਾ ਇਹ ਸਮਾਗਮ ਬਹਾਦਰ ਸੈਨਿਕਾਂ ਦੇ ਪਰਿਵਾਰਾਂ ਤੇ ਕਿਸਾਨਾਂ ਪ੍ਰਤੀ ਸਾਡੀ ਅਥਾਹ ਸ਼ਰਧਾ ਤੇ ਸਤਿਕਾਰ ਅਤੇ ‘ਜੈ ਜਵਾਨ, ਜੈ ਕਿਸਾਨ’ ਦੇ ਨਾਅਰੇ ਦੀ ਭਾਵਨਾ ਨੂੰ ਸਜੀਵ ਕਰਦਾ ਹੈ।

ਜ਼ਿਕਰਯੋਗ ਹੈ ਕਿ ਤਿਲੰਗਾਨਾ ਦੇ ਮੁੱਖ ਮੰਤਰੀ ਕੇ ਚੰਦਰਸ਼ੇਖਰ ਰਾਓ ਨੇ ਪੰਜਾਬ ਤੇ ਦਿੱਲੀ ਦੇ ਮੁੱਖ ਮੰਤਰੀਆਂ ਨਾਲ ਇਸ ਸਮਾਗਮ ਵਿੱਚ ਉਚੇਚੇ ਤੌਰ ਉਤੇ ਕਿਸਾਨ ਸੰਘਰਸ਼ ਦੌਰਾਨ ਜਾਨ ਗਵਾਉਣ ਵਾਲੇ ਪੀੜਤ ਪਰਿਵਾਰਾਂ ਅਤੇ ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਤਿਲੰਗਾਨਾ ਦੇ ਲੋਕਾਂ ਪ੍ਰਤੀ ਵੱਲੋਂ ਤਹਿ ਦਿਲੋਂ ਸਤਿਕਾਰ ਭੇਟ ਕਰਦਿਆਂ ਪ੍ਰਤੀ ਪਰਿਵਾਰ ਕ੍ਰਮਵਾਰ 3 ਲੱਖ ਤੇ 10 ਲੱਖ ਦੀ ਵਿੱਤੀ ਸਹਾਇਤਾ ਭੇਟ ਕੀਤੀ।

ਪਿਛਲੀਆਂ ਸਰਕਾਰਾਂ ਦੀ ਲੀਡਰਸ਼ਿਪ ਦੀ ਤਿੱਖੀ ਆਲੋਚਨਾ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੇ ਆਪਣੀ ਸੌੜੀ ਸੋਚ ਅਤੇ ਮਾੜੇ ਰਵੱਈਏ ਸਦਕਾ ਕਿਸਾਨਾਂ ਦੇ ਹਿੱਤਾਂ ਨੂੰ ਮੁੱਢੋਂ ਅਣਗੌਲਿਆ ਕੀਤਾ ਹੈ। ਉਨ੍ਹਾਂ ਆਖਿਆ ਕਿ ਇਹ ਤ੍ਰਾਸਦੀ ਹੈ ਕਿ ਪੰਜਾਬ ਦਾ ਕਿਸਾਨ ਜਿਸ ਦੀ ਜ਼ਮੀਨ ਸਾਰੀ ਦੁਨੀਆ ਵਿੱਚ ਸਭ ਤੋਂ ਵੱਧ ਜਰਖੇਜ਼ ਹੈ ਅਤੇ ਦੂਜੇ ਹਿੱਸਿਆਂ ਅਤੇ ਦੁਨੀਆ ਦੇ ਹੋਰ ਖਿੱਤਿਆਂ ਦੇ ਮੁਕਾਬਲੇ ਵੰਨ-ਸੁਵੰਨੀਆਂ ਫ਼ਸਲਾਂ ਦਾ ਵੱਧ ਝਾੜ ਦੇ ਬਾਵਜੂਦ ਉਹ ਅਤਿ ਦੀ ਗਰੀਬੀ ਹੰਢਾ ਰਹੇ ਹਨ।

ਇਸ ਕਾਰਨ ਉਸ ਨੂੰ ਦੋ ਡੰਗ ਦੀ ਰੋਟੀ ਨਸੀਬ ਹੋਣਾ ਵੀ ਮੁਹਾਲ ਹੈ, ਜਦੋਂ ਕਿ ਬਾਹਰਲੇ ਮੁਲਕਾਂ ਦੇ ਕਿਸਾਨ ਜਿਨ੍ਹਾਂ ਕੋਲ ਬਹੁਤ ਹੀ ਘੱਟ ਉਪਜਾਊ ਜ਼ਮੀਨ ਹੈ ਅਤੇ ਉਨ੍ਹਾਂ ਨੂੰ ਖੇਤੀ ਕਰਨ ਲਈ ਕਈ ਤਰ੍ਹਾਂ ਦੀਆਂ ਮੌਸਮੀ ਦੁਸ਼ਵਾਰੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਪਰ ਉਹ ਵਧੀਆ ਤੇ ਸੁਖਾਲੀ ਜ਼ਿੰਦਗੀ ਬਤੀਤ ਕਰ ਰਹੇ ਹਨ।

ਉਨ੍ਹਾਂ ਪਿਛਲੀਆਂ ਸਰਕਾਰਾਂ ਦੀ ਲੀਡਰਸ਼ਿਪ ਨੂੰ ਵੰਗਾਰਦਿਆਂ ਪੁੱਛਿਆ ਕਿ “ਉਨ੍ਹਾਂ ਨੇ ਕਿਸਾਨਾਂ ਦੀ ਭਲਾਈ ਅਤੇ ਸਰਬਵੱਖੀ ਵਿਕਾਸ ਲਈ ਕੀ ਪਹਿਲਕਦਮੀਆਂ ਕੀਤੀਆਂ ਹਨ, ਜਿਸ ਕਾਰਨ ਖੇਤੀਬਾੜੀ ਧੰਦਾ ਘੱਟ ਮੁਨਾਫ਼ੇ ਅਤੇ ਵਧੇਰੇ ਖਰਚੇ ਵਾਲਾ ਹੋਣ ਕਾਰਨ ਉਹ ਕਰਜ਼ੇ ਦੇ ਜਾਲ ਵਿੱਚ ਬੁਰੀ ਤਰ੍ਹਾਂ ਫਸਦੇ ਗਏ।”

ਭਗਵੰਤ ਮਾਨ ਨੇ ਅੱਗੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਅਹੁਦਾ ਸੰਭਾਲਣ ਤੋਂ ਹੁਣ ਤੱਕ ਮਸਾਂ ਦੋ ਮਹੀਨਿਆਂ ਵਿੱਚ ਕਿਸਾਨਾਂ ਦੀ ਭਲਾਈ ਲਈ ਕਈ ਮਿਸਾਲੀ ਕਦਮ ਚੁੱਕੇ ਹਨ, ਜਿਨ੍ਹਾਂ ਵਿੱਚ ਮੂੰਗੀ ਦੀ ਕਾਸ਼ਤ ਨੂੰ ਉਤਸ਼ਾਹਤ ਕਰਨ ਲਈ ਉਸ ਨੂੰ ਘੱਟੋ ਘੱਟ ਸਮਰਥਨ ਮੁੱਲ ਉਤੇ ਖਰੀਦਣ, ਝੋਨੇ ਦੀ ਸਿੱਧੀ ਬਿਜਾਈ ਲਈ 1500 ਰੁਪਏ ਪ੍ਰਤੀ ਏਕੜ ਦੇਣ ਤੋਂ ਇਲਾਵਾ ਫ਼ਸਲੀ ਵੰਨ-ਸੁਵੰਨਤਾ ਲਈ ਕਈ ਕਦਮ ਚੁੱਕੇ ਹਨ।

ਉਨ੍ਹਾਂ ਝੋਰਾ ਪ੍ਰਗਟਾਉਂਦਿਆਂ ਆਖਿਆ ਕਿ ਪਿਛਲੀਆਂ ਸਰਕਾਰਾਂ ਨੇ ਸਾਡੇ ਕਿਸਾਨ ਨੂੰ ਅੰਨਦਾਤੇ ਤੋਂ ਭਿਖਾਰੀ ਬਣਾ ਦਿੱਤਾ ਹੈ ਅਤੇ ਸਾਡੀ ਸਰਕਾਰ ਇਸ ਨੂੰ ਮੁੜ ਇਸ ਦਾ ਅੰਨਦਾਤੇ ਦਾ ਖੁਸਿਆ ਹੋਇਆ ਰੁਤਬਾ ਦਿਵਾਉਣ ਵਿੱਚ ਹਰ ਸੰਭਵ ਕੋਸ਼ਿਸ਼ ਕਰੇਗੀ। ਉਨ੍ਹਾਂ ਕਿਹਾ, “ਮੇਰੀ ਸਰਕਾਰ ਦੀ ਸਭ ਤੋਂ ਵੱਡੀ ਤਰਜੀਹ ਕਿਸਾਨੀ ਦਾ ਨਾ ਕੇਵਲ ਕਰਜ਼ਾ ਮੁਆਫ਼ ਕਰਨਾ, ਸਗੋਂ ਉਨ੍ਹਾਂ ਨੂੰ ਕਰਜ਼ਾ ਮੁਕਤ ਕਰਨਾ ਹੈ ਤਾਂ ਜੋ ਉਹ ਆਪਣੇ ਪੈਰਾਂ ਉਤੇ ਖੜ੍ਹੇ ਹੋ ਸਕਣ।”

ਦਿੱਲੀ ਦੀ ਹੱਦ ਉਤੇ ਕਿਸਾਨ ਸੰਘਰਸ਼ ਦੌਰਾਨ ਸ਼ਹੀਦ ਹੋਏ ਕਿਸਾਨਾਂ ਦੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਅਸੀਂ ਤੁਹਾਡੇ ਪਿਆਰਿਆਂ ਨੂੰ ਵਾਪਸ ਤਾਂ ਨਹੀਂ ਲਿਆ ਸਕਦੇ ਅਤੇ ਨਾ ਹੀ ਦੁਨੀਆ ਦੀ ਕਿਸੇ ਕਰੰਸੀ ਨਾਲ ਇਸ ਨਾ ਪੂਰੇ ਜਾਣ ਵਾਲੇ ਘਾਟੇ ਦਾ ਮੁੱਲ ਤਾਰਿਆ ਜਾ ਸਕਦਾ ਪਰ ਫਿਰ ਵੀ ਇਸ ਦੁੱਖ ਦੀ ਘੜੀ ਵਿੱਚ ਅਸੀਂ ਉਨ੍ਹਾਂ ਨਾਲ ਖੜ੍ਹੇ ਹਾਂ।

ਗਲਵਾਨ ਘਾਟੀ ਦੇ ਸ਼ਹੀਦਾਂ ਦੇ ਪਰਿਵਾਰਾਂ ਨਾਲ ਹਮਦਰਦੀ ਪ੍ਰਗਟ ਕਰਦਿਆਂ ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਦੀ ਸ਼ਹਾਦਤ ਨੂੰ ਕਿਸੇ ਵੀ ਸੂਰਤ ਵਿੱਚ ਅਣਗੌਲਿਆ ਨਹੀਂ ਜਾ ਸਕਦਾ ਕਿਉਂਕਿ ਅਸੀਂ ਆਪੋ-ਆਪਣੇ ਘਰੇ ਚੈਨ ਦੀ ਨੀਂਦ ਸੌਂਦੇ ਹਾਂ ਅਤੇ ਉਹ ਅਨੇਕਾਂ ਦੁਸ਼ਵਾਰੀਆਂ ਝੱਲਦੇ ਹੋਏ ਜੈਸਲਮੇਰ ਵਰਗੇ ਇਲਾਕਿਆਂ ਵਿੱਚ 50 ਡਿਗਰੀ ਦੀ ਅਸਹਿਣਯੋਗ ਗਰਮੀ ਅਤੇ ਮਨਫ਼ੀ 20 ਤੋਂ 25 ਡਿਗਰੀ ਵਰਗੇ ਤਾਪਮਾਨ ਵਿੱਚ ਕਾਰਗਿਲ ਵਰਗੇ ਬਰਫ਼ੀਲੇ ਮੌਸਮ ਵਿੱਚ ਡਿਊਟੀ ਨਿਭਾ ਰਹੇ ਹੁੰਦੇ ਹਨ।

ਕਿਸਾਨ ਅੰਦੋਲਨ ਦੌਰਾਨ ਆਪਣੀਆਂ ਜਾਨਾਂ ਗੁਆਉਣ ਵਾਲੇ ਕਿਸਾਨਾਂ ਅਤੇ ਸ਼ਹੀਦ ਸੈਨਿਕਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਦੀ ਸਕੂਲੀ ਸਿੱਖਿਆ, ਸਿਹਤ ਖੇਤਰ ਦਾ ਬੁਨਿਆਦੀ ਢਾਂਚਾ, ਮੁਹੱਲਾ ਕਲੀਨਿਕ ਅਤੇ ਸਸਤੀਆਂ ਦਰਾਂ ‘ਤੇ ਨਿਰਵਿਘਨ ਬਿਜਲੀ ਦੇਣ ਦਾ ਮਾਡਲ ਕਿਸੇ ਵੀ ਸੂਬੇ ਜਾਂ ਦੇਸ਼ ਲਈ ਹੁਣ ਵਿਕਾਸ ਦੇ ਵਿਸ਼ਵ ਪ੍ਰਸਿੱਧ ਮਾਡਲ ਵਜੋਂ ਉੱਭਰਿਆ ਹੈ।

ਕੇਜਰੀਵਾਲ ਨੇ ਕਿਹਾ ਕਿ ਬਿਨਾਂ ਸ਼ੱਕ ਪੰਜਾਬ ਛੇਤੀ ਹੀ ਅਗਾਂਹਵਧੂ ਖੇਤੀ ਤਜਰਬਿਆਂ ਅਤੇ ਅਮਲਾਂ ‘ਤੇ ਅਧਾਰਤ ਵਿਲੱਖਣ ਖੇਤੀ ਮਾਡਲ ਲਿਆਉਣ ਲਈ ਮੋਹਰੀ ਸੂਬਾ ਬਣ ਜਾਵੇਗਾ ਤਾਂ ਜੋ ਕਿਸਾਨੀ ਪਿਛੋਕੜ ਵਾਲੇ ਮੁੱਖ ਮੰਤਰੀ ਭਗਵੰਤ ਮਾਨ ਦੀ ਦੂਰਅੰਦੇਸ਼ੀ ਅਗਵਾਈ ਹੇਠ ਫਸਲੀ ਵਿਭਿੰਨਤਾ ‘ਤੇ ਜ਼ੋਰ ਦਿੱਤਾ ਜਾ ਸਕੇ।

ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੇ ਪਹਿਲਾਂ ਹੀ ਖੇਤੀਬਾੜੀ ਸੈਕਟਰ ਨੂੰ ਸਿਖਰਾਂ ਵੱਲ ਲਿਜਾਣ ਲਈ ਕੁਝ ਕਿਸਾਨ ਪੱਖੀ ਕਦਮ ਚੁੱਕ ਕੇ ਇਸ ਪਾਸੇ ਵੱਲ ਨਿਮਾਣੀ ਜਿਹੀ ਸ਼ੁਰੂਆਤ ਕਰ ਦਿੱਤੀ ਹੈ। ਕੇਜਰੀਵਾਲ ਨੇ ਭਰੋਸਾ ਜ਼ਾਹਰ ਕਰਦਿਆਂ ਕਿਹਾ ਕਿ ਪੰਜਾਬ ਦੀ ਤਰਜ਼ ’ਤੇ ਖੇਤੀ ਦੇ ਇਸ ਨਵੀਨਤਮ ਮਾਡਲ ਨੂੰ ਦੇਸ਼ ਦੇ ਹੋਰ ਸੂਬਿਆਂ ਵੱਲੋਂ ਵੀ ਆਪਣੀ ਖੇਤੀ ਆਰਥਿਕਤਾ ਨੂੰ ਸੁਧਾਰਨ ਲਈ ਲਾਗੂ ਕੀਤਾ ਜਾਵੇਗਾ।

ਕਿਸਾਨਾਂ ਨਾਲ ਇਕਜੁਟਤਾ ਦਿਖਾਉਂਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਕੇਂਦਰ ਵੱਲੋਂ ਉਨ੍ਹਾਂ ਦੀ ਸਰਕਾਰ ‘ਤੇ ਕਿਸਾਨ ਅੰਦੋਲਨ ਨੂੰ ਰੋਕਣ ਲਈ ਦਿੱਲੀ ਦੇ ਸਾਰੇ ਸਟੇਡੀਅਮਾਂ ਨੂੰ ਖੁੱਲ੍ਹੀਆਂ ਜੇਲ੍ਹਾਂ ਵਿੱਚ ਤਬਦੀਲ ਕਰਨ ਲਈ ਬਹੁਤ ਦਬਾਅ ਪਾਇਆ ਜਾ ਰਿਹਾ ਸੀ ਤਾਂ ਜੋ ਕਾਲੇ ਖੇਤੀ ਕਾਨੂੰਨ ਵਿਰੁੱਧ ਸੰਘਰਸ਼ ਦੌਰਾਨ ਕਿਸਾਨਾਂ ਨੂੰ ਜੇਲ੍ਹਾਂ ਵਿੱਚ ਡੱਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਉਹ ਕਿਸੇ ਵੀ ਲੋਕ ਅੰਦੋਲਨ ਦੀ ਮਹੱਤਤਾ ਨੂੰ ਚੰਗੀ ਤਰ੍ਹਾਂ ਜਾਣਦੇ ਹਨ ਕਿਉਂਕਿ ਉਹ ‘ਅੰਨਾ ਅੰਦੋਲਨ’ ਵਿਚ ਵੀ ਮੋਹਰੀ ਸਨ ਅਤੇ ਇਸ ਲਈ ਕੇਂਦਰ ਸਰਕਾਰ ਦੇ ਦਬਾਅ ਹੇਠ ਝੁਕੇ ਨਹੀਂ।

ਇਸ ਮੌਕੇ ਪੀੜਤ ਕਿਸਾਨਾਂ ਅਤੇ ਗਲਵਾਨ ਘਾਟੀ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਤਿਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਨੇ ਕਿਹਾ ਕਿ ਦੁੱਖ ਦੀ ਘੜੀ ਵਿਚ ਇਨ੍ਹਾਂ ਪਰਿਵਾਰਾਂ ਦੀ ਇਮਦਾਦ ਕਰਨਾ ਉਨ੍ਹਾਂ ਦੀ ਸਰਕਾਰ ਦੀ ਦ੍ਰਿੜ ਵਚਨਬੱਧਤਾ ਸੀ। ਇਸ ਮੌਕੇ ਰਾਓ ਨੇ ਅਫਸੋਸ ਜ਼ਾਹਰ ਕੀਤਾ ਕਿ ਉਨ੍ਹਾਂ ਨੂੰ ਇਸ ਨੇਕ ਕਾਰਜ ਲਈ ਬਹੁਤ ਪਹਿਲਾਂ ਆਉਣਾ ਚਾਹੀਦਾ ਸੀ ਪਰ ਵਿਧਾਨ ਸਭਾ ਦੀ ਚੋਣ ਪ੍ਰਕਿਰਿਆ ਦੌਰਾਨ ਪੰਜਾਬ ਵਿੱਚ ਚੋਣ ਜ਼ਾਬਤੇ ਕਾਰਨ ਅਜਿਹਾ ਸੰਭਵ ਨਹੀਂ ਹੋ ਸਕਿਆ।

ਕਿਸਾਨਾਂ ਨੂੰ ਕੇਂਦਰ ਤੋਂ ਸੰਵਿਧਾਨਕ ਗਾਰੰਟੀ ਦੇ ਨਾਲ ਸਾਰੀਆਂ ਫਸਲਾਂ ‘ਤੇ ਘੱਟੋ-ਘੱਟ ਸਮਰਥਨ ਮੁੱਲ ਸਮੇਤ ਕੁੱਲ ਮੰਗਾਂ ਲਈ ਆਪਣਾ ਅੰਦੋਲਨ ਮੁੜ ਸ਼ੁਰੂ ਕਰਨ ਦਾ ਸੱਦਾ ਦਿੰਦਿਆਂ ਰਾਓ ਨੇ ਕਿਹਾ ਕਿ ਹੁਣ ਇਹ ਸੰਘਰਸ਼ ਸਿਰਫ਼ ਪੰਜਾਬ, ਹਰਿਆਣਾ ਅਤੇ ਪੱਛਮੀ ਉੱਤਰ ਪ੍ਰਦੇਸ਼ ਤੱਕ ਹੀ ਸੀਮਤ ਨਹੀਂ ਰਹਿਣਾ ਚਾਹੀਦਾ ਸਗੋਂ ਬਾਕੀ ਸੂਬਿਆਂ ਦੇ ਸਾਰੇ ਕਿਸਾਨਾਂ ਨੂੰ ਚਾਹੀਦਾ ਹੈ ਕਿ ਉਹ ਕੇਂਦਰ ਤੋਂ ਉਨ੍ਹਾਂ ਦੀਆਂ ਹੱਕੀ ਮੰਗਾਂ ਨੂੰ ਪ੍ਰਵਾਨ ਕਰਵਾਉਣ ਲਈ ਸਰਗਰਮੀ ਨਾਲ ਅੱਗੇ ਆਉਣ।

ਉਨ੍ਹਾਂ ਕਿਹਾ ਕਿ ਅਜਿਹੇ ਸੰਘਰਸ਼ ਦੇਸ਼ ਭਰ ਦੇ ਕਿਸਾਨਾਂ ਦੀ ਭਲਾਈ ਅਤੇ ਖੁਸ਼ਹਾਲੀ ਨੂੰ ਯਕੀਨੀ ਬਣਾਉਣ ਦਾ ਮੂਲ ਆਧਾਰ ਹਨ। ਉਨ੍ਹਾਂ ਨੇ ਸਾਲ 2014 ਤੋਂ ਉਨ੍ਹਾਂ ਦੇ ਸੱਤਾਕਾਲ ਵਿੱਚ ਸੂਬੇ ਦੀ ਸਥਾਪਨਾ ਤੋਂ ਬਾਅਦ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ, ਖੇਤੀ ਸੈਕਟਰ ਵਿੱਚ ਮੁਫਤ ਬਿਜਲੀ ਅਤੇ ਕਿਸਾਨਾਂ ਦੇ ਸਰਬਪੱਖੀ ਵਿਕਾਸ ਤੋਂ ਇਲਾਵਾ ਸਾਰੇ ਵਰਗਾਂ ਦੇ ਖਪਤਕਾਰਾਂ ਲਈ 24 ਘੰਟੇ ਬਿਜਲੀ ਯਕੀਨੀ ਬਣਾਉਣ ਲਈ ਆਪਣੀ ਸਰਕਾਰ ਦੁਆਰਾ ਕੀਤੀਆਂ ਮਹੱਤਵਪੂਰਨ ਪਹਿਲਕਦਮੀਆਂ ਬਾਰੇ ਵੀ ਸੰਖੇਪ ਵਿੱਚ ਚਾਨਣਾ ਪਾਇਆ।

ਰਾਓ ਨੇ ਖੇਤੀ ਸੈਕਟਰ ਵਿੱਚ ਬਿਜਲੀ ਮੀਟਰ ਲਾਉਣ ਦੇ ਕੇਂਦਰ ਦੇ ਕਦਮ ਦਾ ਸਪੱਸ਼ਟ ਤੌਰ ‘ਤੇ ਵਿਰੋਧ ਕਰਦਿਆਂ ਕਿਹਾ, “ਅਸੀਂ ਪਹਿਲਾਂ ਹੀ ਆਪਣੇ ਸੂਬੇ ਦੀ ਵਿਧਾਨ ਸਭਾ ਵਿੱਚ ਇੱਕ ਮਤਾ ਪਾਸ ਕਰ ਚੁੱਕੇ ਹਾਂ ਕਿ ਤਿਲੰਗਾਨਾ ਸਰਕਾਰ ਕਿਸਾਨ ਭਾਈਚਾਰੇ ਦੇ ਵਡੇਰੇ ਹਿੱਤ ਵਿੱਚ ਅਜਿਹਾ ਨਹੀਂ ਕਰੇਗੀ”।

ਇਸ ਮੌਕੇ ਤਿਲੰਗਾਨਾ ਦੇ ਮੁੱਖ ਮੰਤਰੀ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਨਾਲ ਮਿਲ ਕੇ ਪੰਜਾਬ ਦੇ 24 ਕਿਸਾਨ ਪਰਿਵਾਰਾਂ ਅਤੇ ਹਰਿਆਣਾ ਦੇ 5 ਕਿਸਾਨ ਪਰਿਵਾਰਾਂ ਨੂੰ 3-3 ਲੱਖ ਰੁਪਏ ਦੇ ਚੈੱਕ ਅਤੇ ਗਲਵਾਨ ਘਾਟੀ ਦੇ ਸ਼ਹੀਦਾਂ ਦੇ 4 ਪਰਿਵਾਰਾਂ ਨੂੰ 10-10 ਲੱਖ ਰੁਪਏ ਦੇ ਚੈੱਕ ਮੰਚ ਤੋਂ ਸੰਕੇਤਕ ਰੂਪ ਵਿਚ ਸੌਂਪੇ। ਉਨ੍ਹਾਂ ਨੇ ਕਿਸਾਨਾਂ ਅਤੇ ਸ਼ਹੀਦਾਂ ਦੇ ਦੁਖੀ ਪਰਿਵਾਰਾਂ ਨੂੰ ਭਰੋਸਾ ਦਿਵਾਇਆ ਕਿ ਇਸ ਔਖੀ ਘੜੀ ਵਿੱਚ ਪੂਰਾ ਦੇਸ਼ ਉਨ੍ਹਾਂ ਦੇ ਨਾਲ ਹੈ। ਇਸ ਦੌਰਾਨ ਪੰਜਾਬ ਦੇ 543 ਪੀੜਤ ਕਿਸਾਨਾਂ ਦੇ ਪਰਿਵਾਰਾਂ ਤੋਂ ਇਲਾਵਾ ਹਰਿਆਣਾ ਦੇ 150 ਕਿਸਾਨ ਪਰਿਵਾਰਾਂ ਅਤੇ ਗਲਵਾਨ ਘਾਟੀ ਦੇ 5 ਸ਼ਹੀਦ ਪਰਿਵਾਰਾਂ ਨੂੰ ਉਨ੍ਹਾਂ ਦੇ ਨੋਡਲ ਅਫਸਰਾਂ ਰਾਹੀਂ ਚੈੱਕ ਦਿੱਤੇ ਗਏ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਤਿਲੰਗਾਨਾ ਦੇ ਕੈਬਨਿਟ ਮੰਤਰੀ ਵੀ. ਪ੍ਰਸੰਥ ਰੈਡੀ ਅਤੇ ਸੰਸਦ ਮੈਂਬਰ ਨਾਮਾ ਨਾਗੇਸ਼ਵਰ ਰਾਓ, ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਆਗੂ ਰਾਕੇਸ਼ ਟਿਕੈਤ, ਤੇਲੰਗਾਨਾ ਦੇ ਮੁੱਖ ਸਕੱਤਰ ਸੋਮੇਸ਼ ਕੁਮਾਰ, ਪੰਜਾਬ ਦੇ ਮੁੱਖ ਸਕੱਤਰ ਅਨਿਰੁਧ ਤਿਵਾੜੀ, ਮੁੱਖ ਮੰਤਰੀ ਦੇ ਵਧੀਕ ਮੁੱਖ ਸਕੱਤਰ ਏ. ਵੇਨੂੰ ਪ੍ਰਸਾਦ ਤੋਂ ਇਲਾਵਾ ਤਿਲੰਗਾਨਾ ਦੇ ਮੁੱਖ ਮੰਤਰੀ ਨਾਲ ਆਏ ਕਈ ਵਿਧਾਇਕ ਵੀ ਹਾਜ਼ਰ ਸਨ।

ਯੈੱਸ ਪੰਜਾਬ ਦੀਆਂ ਅਹਿਮ ਖ਼ਬਰਾਂ ਦੇ ਅਪਡੇਟਸ ਲਈ ਇੱਥੇ ਕਲਿੱਕ ਕਰਕੇ ਸਾਡੇ ਟੈਲੀਗਰਾਮ ਚੈਨਲ ਨਾਲ ਜੁੜੋ

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION