25.1 C
Delhi
Tuesday, April 23, 2024
spot_img
spot_img

ਬ੍ਰਹਮ ਮਹਿੰਦਰਾ ਵੱਲੋਂ ‘ਇਕਮੁਸ਼ਤ ਨਿਪਟਾਰਾ’ ਨੀਤੀ ਦੁਬਾਰਾ ਲਿਆਉਣ ਦਾ ਐਲਾਨ – ਰਮਨ ਸੁਬਰਾਮਨੀਅਮ ਨੇ ਅਹੁਦਾ ਸੰਭਾਲਿਆ

ਲੁਧਿਆਣਾ, 13 ਜੁਲਾਈ, 2019:

ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ‘ਇੱਕਮੁਸ਼ਤ ਨਿਪਟਾਰਾ’ ਨੀਤੀ ਦੁਬਾਰਾ ਲਿਆਂਦੀ ਜਾ ਰਹੀ ਹੈ।

ਸਥਾਨਕ ਸਰਕਾਰਾਂ ਵਿਭਾਗ ਵੱਲੋਂ ਸ਼ਹਿਰਾਂ ਦੀ ਸਫ਼ਾਈ, ਮੀਂਹ ਦੇ ਪਾਣੀ ਦੇ ਇਕੱਠੇ ਹੋਣ ਦੀ ਸਮੱਸਿਆ ਤੋਂ ਨਿਜ਼ਾਤ ਅਤੇ ਫਾਇਰ ਸੇਫਟੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਵਿਸ਼ੇਸ਼ ਤਵੱਜ਼ੋ ਦਿੱਤੀ ਜਾ ਰਹੀ ਹੈ।

ਵਿਭਾਗ ਦੀਆਂ ਨੀਤੀਆਂ ਨੂੰ ‘ਪੀਪਲ ਫਰੈਂਡਲੀ’ ਬਣਾਇਆ ਜਾ ਰਿਹਾ ਹੈ। ਉਹ ਅੱਜ ਲੁਧਿਆਣਾ ਸੁਧਾਰ ਟਰੱਸਟ ਦੇ ਨਵੇਂ ਨਾਮਜ਼ਦ ਚੇਅਰਮੈਨ ਸ੍ਰੀ ਰਮਨ ਸੁਬਰਾਮਨੀਅਮ ਵੱਲੋਂ ਅਹੁਦਾ ਸੰਭਾਲਣ ਮੌਕੇ ਵਿਸ਼ੇਸ਼ ਤੌਰ ‘ਤੇ ਪਹੁੰਚੇ ਸਨ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ੍ਰੀ ਮਹਿੰਦਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇੱਕਮੁਸ਼ਤ ਨਿਪਟਾਰਾ ਨੀਤੀ 5 ਮਾਰਚ ਨੂੰ ਲਾਗੂ ਕੀਤੀ ਸੀ, ਜਿਸ ਵਿੱਚ ਕੁਝ ਕਮੀਆਂ ਪੇਸ਼ੀਆਂ ਸਾਹਮਣੇ ਆਈਆਂ ਸਨ, ਜਿਸ ‘ਤੇ ਮੁੜ ਤੋਂ ਰਿਵਿਊ ਕੀਤਾ ਜਾ ਰਿਹਾ ਹੈ।

ਇਸ ਸੰਬੰਧੀ ਵਿਭਾਗ ਵੱਲੋਂ ਵੱਖ-ਵੱਖ ਮਾਧਿਅਮਾਂ ਰਾਹੀਂ ਸੂਬੇ ਦੇ ਲੋਕਾਂ ਤੋਂ ਇਤਰਾਜ ਅਤੇ ਸੁਝਾਅ ਮੰਗੇ ਗਏ ਹਨ। ਪ੍ਰਾਪਤ ਹੋਣ ਵਾਲੇ ਇਤਰਾਜਾਂ ਅਤੇ ਸੁਝਾਵਾਂ ‘ਤੇ ਗੌਰ ਕਰਨ ਉਪਰੰਤ ਇਹ ਨੀਤੀ ਜਲਦ ਦੁਬਾਰਾ ਲਾਗੂ ਕਰ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲਾਂ ਲਾਗੂ ਕੀਤੀ ਨੀਤੀ ਅਧੀਨ 4 ਜੂਨ ਤੱਕ 1018 ਆਨਲਾਈਨ ਅਤੇ 138 ਆਫ਼ਲਾਈਨ ਅਰਜ਼ੀਆਂ ਹੀ ਪ੍ਰਾਪਤ ਹੋਈਆਂ ਸਨ, ਜਿਸ ਕਰਕੇ ਸੂਬਾ ਸਰਕਾਰ ਨੇ ਇਸ ਨੂੰ ਰਿਵਿਊ ਕਰਨ ਦਾ ਫੈਸਲਾ ਕੀਤਾ ਹੈ।

ਸ੍ਰੀ ਮਹਿੰਦਰਾ ਨੇ ਕਿਹਾ ਉਨ੍ਹਾਂ ਦੇ ਵਿਭਾਗ ਵੱਲੋਂ ਸ਼ਹਿਰਾਂ ਦੀ ਸਫਾਈ ਤਹਿਤ ਕੂੜੇ ਦੀ ਕੁਲੈਕਸ਼ਨ ਨਿਯਮਤ ਕਰਨ, ਬਰਸਾਤਾਂ ਦੇ ਮੌਸਮ ਦੌਰਾਨ ਪਾਣੀ ਦੇ ਇਕੱਠੇ ਹੋਣ ਦੀ ਸਮੱਸਿਆ ਤੋਂ ਨਿਜ਼ਾਤ ਅਤੇ ਫਾਇਰ ਸੇਫਟੀ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ‘ਤੇ ਸਭ ਤੋਂ ਵਧੇਰੇ ਕੰਮ ਕੀਤਾ ਜਾ ਰਿਹਾ ਹੈ।

ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਹੈ ਕਿ ਜਿਹੜੇ ਖੇਤਰਾਂ ਵਿੱਚ ਪਾਣੀ ਇਕੱਤਰ ਹੁੰਦਾ ਹੈ ਉਥੇ ਦੀ ਮੁਕੰਮਲ ਸਫਾਈ 10 ਦਿਨਾਂ ਵਿੱਚ ਅਤੇ ਸ਼ਹਿਰਾਂ ਦੇ ਸਮੁੱਚੇ ਸੀਵਰੇਜ਼ ਦੀ ਸਫਾਈ ਇੱਕ ਮਹੀਨੇ ਵਿੱਚ ਮੁਕੰਮਲ ਕਰਵਾਈ ਜਾਵੇ। ਸ਼ਹਿਰਾਂ ਵਿੱਚ ਸੀਵਰੇਜ਼ ਦੀ ਸਮੱਸਿਆ ਦਾ ਹੱਲ ਕਰਨ ਲਈ ਸਟੌਰਮ ਸੀਵਰੇਜ਼ ਪਾਏ ਜਾਣਗੇ।

ਉਨ੍ਹਾਂ ਕਿਹਾ ਕਿ ਲੁਧਿਆਣਾ ਵਰਗੇ ਵੱਡੇ ਸ਼ਹਿਰਾਂ ਵਿੱਚ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਘਟਾਉਣ ਅਤੇ ਅਜਿਹੀਆਂ ਘਟਨਾਵਾਂ ‘ਤੇ ਤੁਰੰਤ ਕਾਬੂ ਪਾਉਣ ਲਈ ਵਿਭਾਗ ਵੱਲੋਂ ਫਾਇਰ ਸੇਫਟੀ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਫਾਇਰ ਕਰਮੀਆਂ ਲਈ ਮੁਕੰਮਲ ਵਰਦੀਆਂ ਦਾ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਵੱਲੋਂ 9 ਕਰੋੜ ਰੁਪਏ ਦਾ ਵਿਸ਼ੇਸ਼ ਫੰਡ ਮੁਹੱਈਆ ਕਰਵਾਇਆ ਗਿਆ ਹੈ।

ਉਨ੍ਹਾਂ ਕਿਹਾ ਕਿ ਲੁਧਿਆਣਾ ਵਿੱਚ ਮੌਜੂਦਾ ਸਮੇਂ 23 ਫਾਇਰ ਟੈਂਡਰ ਮੌਜੂਦ ਹਨ। ਇਸ ਤੋਂ ਇਲਾਵਾ ਲੋੜਂੀਂਦੀ ਗਿਣਤੀ ਵਿੱਚ ਛੋਟੇ ਫਾਇਰ ਟੈਂਡਰ ਵੀ ਬੇੜੇ ਵਿੱਚ ਉਤਾਰੇ ਜਾ ਰਹੇ ਹਨ ਤਾਂ ਜੋ ਸ਼ਹਿਰ ਦੀਆਂ ਅੰਦਰੂਨੀ ਗਲੀਆਂ ਵਿੱਚ ਫਾਇਰ ਟੈਂਡਰ ਨੂੰ ਪਹੁੰਚਾਉਣ ਵਿੱਚ ਆਉਂਦੀ ਦਿੱਕਤ ਦੂਰ ਕੀਤੀ ਜਾ ਸਕੇ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਬੇਹਤਰ ਸੇਵਾਵਾਂ ਅਤੇ ਸਹੂਲਤਾਂ ਮੁਹੱਈਆ ਕਰਾਉਣ ਵਿੱਚ ਢਿੱਲਮੁੱਠ ਦਿਖਾਉਣ ਵਾਲੇ ਅਧਿਕਾਰੀਆਂ ਨੂੰ ਕਿਸੇ ਵੀ ਹੀਲੇ ਬਖ਼ਸ਼ਿਆ ਨਹੀਂ ਜਾਵੇਗਾ।

ਇਸ ਤੋਂ ਪਹਿਲਾਂ ਸ੍ਰੀ ਰਮਨ ਸੁਬਰਾਮਨੀਅਮ ਨੇ ਲੁਧਿਆਣਾ ਸੁਧਾਰ ਟਰੱਸਟ ਦੇ ਚੇਅਰਮੈਨ ਵਜੋਂ ਆਪਣਾ ਕਾਰਜਭਾਰ ਸੰਭਾਲਿਆ। ਸ੍ਰੀ ਰਮਨ ਨੇ ਕਿਹਾ ਕਿ ਉਹ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉਨ੍ਹਾਂ ਵਿੱਚ ਪ੍ਰਗਟਾਏ ਭਰੋਸੇ ਨੂੰ ਸਤਿਕਾਰ ਦਿੰਦੇ ਹੋਏ ਆਪਣੀ ਜਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ।

ਇਸ ਮੌਕੇ ਉਨ੍ਹਾਂ ਨਾਲ ਪੰਜਾਬ ਦੇ ਖੁਰਾਕ, ਸਿਵਲ ਸਪਲਾਈ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਵਿਭਾਗ ਦੇ ਕੈਬਨਿਟ ਮੰਤਰੀ ਸ਼੍ਰੀ ਭਾਰਤ ਭੂਸ਼ਣ ਆਸ਼ੂ, ਸ੍ਰ. ਕੁਲਦੀਪ ਸਿੰਘ ਵੈਦ ਅਤੇ ਸ੍ਰੀ ਸੰਜੇ ਤਲਵਾੜ (ਦੋਵੇਂ ਵਿਧਾਇਕ), ਨਗਰ ਨਿਗਮ ਲੁਧਿਆਣਾ ਦੇ ਮੇਅਰ ਸ੍ਰ. ਬਲਕਾਰ ਸਿੰਘ ਸੰਧੂ, ਸ੍ਰੀ ਰਮਨ ਬਹਿਲ ਚੇਅਰਮੈਨ ਅਧੀਨ ਸੇਵਾਵਾਂ ਚੋਣ ਬੋਰਡ ਪੰਜਾਬ, ਲੋਕ ਸਭਾ ਮੈਂਬਰ ਸ੍ਰ. ਰਵਨੀਤ ਸਿੰਘ ਬਿੱਟੂ ਨੇ ਨੁਮਾਇੰਦੇ ਵਜੋਂ ਉਨ੍ਹਾਂ ਦੇ ਨਿੱਜੀ ਸਹਾਇਕ ਸ੍ਰ. ਗੁਰਦੀਪ ਸਿੰਘ ਸਰਪੰਚ, ਪੰਜਾਬ ਰਾਜ ਸਨਅਤੀ ਵਿਕਾਸ ਨਿਗਮ ਦੇ ਚੇਅਰਮੈਨ ਸ੍ਰੀ ਕੇ. ਕੇ. ਬਾਵਾ, ਜ਼ਿਲ੍ਹਾ ਕਾਂਗਰਸ ਪ੍ਰਧਾਨ ਸ੍ਰੀ ਅਸ਼ਵਨੀ ਸ਼ਰਮਾ ਅਤੇ ਸ੍ਰ. ਕਰਨਜੀਤ ਸਿੰਘ ਸੋਨੀ, ਮੁਹੰਮਦ ਗੁਲਾਬ ਚੇਅਰਮੈਨ ਪੰਜਾਬ ਕਾਂਗਰਸ ਪ੍ਰਵਾਸੀ ਸੈੱਲ, ਸ੍ਰ. ਅਮਰਜੀਤ ਸਿੰਘ ਟਿੱਕਾ ਜਨਰਲ ਸਕੱਤਰ ਪੰਜਾਬ ਕਾਂਗਰਸ, ਸ੍ਰ. ਮੇਜਰ ਸਿੰਘ ਭੈਣੀ, ਜ਼ਿਲ੍ਹਾ ਯੂਥ ਪ੍ਰਧਾਨ ਸ੍ਰੀ ਰਾਜੀਵ ਰਾਜਾ, ਸਥਾਨਕ ਸਰਕਾਰਾਂ ਮੰਤਰੀ ਦੇ ਨਿੱਜੀ ਸਹਾਇਕ ਸ੍ਰੀ ਪੰਕਜ ਅਤੇ ਹੋਰ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION