ਅੱਜ-ਨਾਮਾ
ਬਹਿ ਗਈ ਜੜ੍ਹੀਂ ਜ਼ਮੀਨ ਹੈ ਭਾਈ ਜੱਟਾ,
ਰੱਖੀ ਜਾਂਦੀ ਨਹੀਂ, ਹੁੰਦੀ ਨਾ ਛੱਡ ਮੀਆਂ।
ਫਸਲ ਤੇਰੀ ਨਿਸਾਰੇ ਵੱਲ ਜਦੋਂ ਤੁਰਦੀ,
ਵਿੰਹਦੇ ਚੋਰ ਕਈ ਅੱਖੀਆਂ ਟੱਡ ਮੀਆਂ।
ਲੱਗਦੇ ਲੂੰਬੜ ਸਮਝਾਉਣੀਆਂ ਦੇਣ ਤੈਨੂੰ,
ਸਮਝਿਆ ਤੈਨੂੰ ਹੈ ਅਸਲ ਉਜੱਡ ਮੀਆਂ।
ਲਾਹ ਕੇ ਕੁੱਲ ਮਲਾਈ ਲੈ ਜਾਣ ਲੂੰਬੜ,
ਰਹਿਨਾ ਰਗੜਦਾ ਨਿਰੇ ਤੂੰ ਹੱਡ ਮੀਆਂ।
ਸਾਧ ਸੰਤ ਵੀ ਕਿਸਮਤ ਦਾ ਰੋਣ ਰੋਣਾ,
ਲੱਗ ਕੇ ਮਗਰ ਨਾ ਭਾਈ ਤੂੰ ਰੋ ਮੀਆਂ।
ਗੱਠੜੀ ਤੇਰੀ ਨੂੰ ਲੱਗਾ ਈ ਚੋਰ ਕਿੱਦਾਂ,
ਸਮਝਣ ਜੋਗਾ ਤਾਂ ਕਦੀ ਤੂੰ ਹੋ ਮੀਆਂ।
-ਤੀਸ ਮਾਰ ਖਾਂ
1 ਫਰਵਰੀ, 2020