26.1 C
Delhi
Saturday, April 20, 2024
spot_img
spot_img

ਬਸਪਾ ਨੂੰ ਝਟਕਾ – ਸੁਖ਼ਵਿੰਦਰ ਕੋਟਲੀ ਨੇ ਦਿੱਤਾ ਸੂਬਾ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ

ਯੈੱਸ ਪੰਜਾਬ
ਜਲੰਧਰ, ਦਸੰਬਰ 31, 2019:
ਬਹੁਜਨ ਸਮਾਜ ਪਾਰਟੀ ਅੰਦਰ ਚੱਲ ਰਿਹਾ ਅੰਦਰੂਨੀ ਕਲੇਸ਼ ਹੁਣ ਜੱਗ ਜ਼ਾਹਿਰ ਹੋ ਗਿਆ ਹੈ। ਬੀਤੇ ਦਿਨੀਂ ਲੋਕ ਸਭਾ ਸੰਗਰੂਰ ਨਾਲ ਸਬੰਧਿਤ ਸੂਬਾਈ ਆਗੂ ਡਾ. ਮੱਖਣ ਸਿੰਘ, ਮੁੱਖ ਜੋਨ ਇੰਚਾਰਜ ਚਮਕੌਰ ਸਿੰਘ ਵੀਰ, ਜੋਨ ਇੰਚਾਰਜ ਮੋਤੀ ਲਾਲ ਛਾਛੀਆ ਅਤੇ ਨੌਜਵਾਨ ਆਗੂ ਕੁਲਵੰਤ ਸਿੰਘ ਟਿੱਬਾ ਸਮੇਤ ਇੱਕ ਦਰਜਨ ਕੱਦਾਵਰ ਬਸਪਾ ਆਗੂਆਂ ਵੱਲੋਂ ਸੂਬਾਈ ਲੀਡਰਸ਼ਿਪ ਦੀਆਂ ਆਪ ਹੁਦਰੀਆਂ ਕਾਰਵਾਈਆਂ ਤੋਂ ਤੰਗ ਆ ਕੇ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦੇਣ ਦਾ ਸੇਕ ਹੁਣ ਦੁਆਬੇ ਵਿੱਚ ਵੀ ਪੁੱਜ ਗਿਆ ਹੈ।

ਬਸਪਾ ਨਾਲ ਤਿੰਨ ਦਹਾਕਿਆਂ ਤੋਂ ਜੁੜੇ ਅਤੇ ਪਾਰਟੀ ਦੇ ਅਹਿਮ ਅਹੁਦਿਆਂ ਤੇ ਕੰਮ ਕਰ ਚੁੱਕੇ ਚਰਚਿਤ ਦਲਿਤ ਚਿਹਰੇ ਅਤੇ ਤੇਜ਼ ਤਰਾਰ ਆਗੂ ਸੁਖਵਿੰਦਰ ਕੋਟਲੀ ਨੇ ਅੱਜ ਬਸਪਾ ਦੇ ਸੂਬਾ ਸਕੱਤਰ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਦਾ ਐਲਾਨ ਕਰ ਦਿੱਤਾ ਹੈ।

ਬਸਪਾ ਦੇ ਕੱਦਾਵਰ ਆਗੂਆਂ ਵੱਲੋਂ ਪਾਰਟੀ ਦੇ ਅਹਿਮ ਅਹੁਦਿਆਂ ਤੋਂ ਆਪਣੇ ਆਪ ਨੂੰ ਵੱਖ ਕਰਨ ਦੀ ਮੁਹਿੰਮ ਨੇ ਜਿੱਥੇ ਬਸਪਾ ਦੇ ਸਿਆਸੀ ਭਵਿੱਖ ਤੇ ਸਵਾਲੀਆ ਨਿਸ਼ਾਨ ਲਗਾ ਦਿੱਤਾ, ਉੱਥੇ ਪਾਰਟੀ ਦੇ ਸੂਬਾ ਲੀਡਰਸ਼ਿਪ ਦੀ ਕਾਰਗੁਜ਼ਾਰੀ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।

ਪੈੱ੍ਰਸ ਦੇ ਨਾਂ ਬਿਆਨ ਜਾਰੀ ਕਰਦਿਆਂ ਸੁਖਵਿੰਦਰ ਕੋਟਲੀ ਨੇ ਆਖਿਆ ਕਿ ਬਸਪਾ ਪੰਜਾਬ ਦੀ ਲੀਡਰਸ਼ਿਪ ਦੇ ਤਾਨਾਸ਼ਾਹੀ ਰਵੱਈਏ ਅਤੇ ਪਾਰਟੀ ਅੰਦਰ ਲੀਡਰਸ਼ਿਪ ਵੱਲੋਂ ਮਿਸ਼ਨਰੀ ਵਰਕਰਾਂ ਨੂੰ ਜ਼ਲੀਲ ਕਰਕੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਲਈ ਨਵੇਕਲਾ ਢੰਗ ਵਰਤਿਆ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਬਸਪਾ ਦੇ ਮਿਹਨਤੀ ਵਰਕਰਾਂ ਨੂੰ ਪਾਰਟੀ ਚੋਂ ਬਾਹਰ ਕੱਢ ਕੇ ਸ੍ਰੀ ਕਾਂਸ਼ੀ ਰਾਮ ਦੇ ਮਿਸ਼ਨ ਨੂੰ ਸਾਜ਼ਿਸ਼ ਤਹਿਤ ਪਿੱਛੇ ਧੱਕਿਆ ਜਾ ਰਿਹਾ ਹੈ। ਇਸ ਲਈ ਉਹ ਅਜਿਹੇ ਹਾਲਤਾਂ ਵਿੱਚ ਪਾਰਟੀ ਅਹੁਦੇ ’ਤੇ ਰਹਿ ਕੇ ਪੰਜਾਬ ਲੀਡਰਸ਼ਿਪ ਦੀ ਚਾਪਲੂਸੀ ਨਹੀ ਕਰ ਸਕਦੇ।

ਉਨ੍ਹਾਂ ਕਿਹਾ ਕਿ ਉਹ ਬਸਪਾ ਦੇ ਇੱਕ ਵਰਕਰ ਵਜੋਂ ਪਾਰਟੀ ਅੰਦਰ ਕੰਮ ਕਰਦਿਆਂ ਸਾਹਿਬ ਕਾਂਸੀ ਰਾਮ ਦੇ ਮਿਸ਼ਨ ਲਈ ਜ਼ਿੰਦਗੀ ਭਰ ਸੰਘਰਸ਼ਸ਼ੀਲ ਰਹਿਣਗੇ।

ਉਨ੍ਹਾਂ ਦੱਸਿਆ ਕਿ ਬਸਪਾ ਦੀ ਪੰਜਾਬ ਲੀਡਰਸ਼ਿਪ ਦੀਆਂ ਆਪਹੁਦਰੀਆਂ ਕਾਰਵਾਈਆਂ ਤੋਂ ਤੰਗ ਆ ਕੇ ਬੀਤੇ ਦਿਨੀਂ ਪੰਜਾਬ ਬਸਪਾ ਦੇ ਇਮਾਨਦਾਰ ਆਗੂ ਡਾ. ਮੱਖਣ ਸਿੰਘ ਸਮੇਤ ਵੱਖ ਵੱਖ ਜ਼ਿਲਿ੍ਹਆਂ ਤੋਂ ਪਾਰਟੀ ਆਗੂਆਂ ਨੇ ਆਪੋ ਆਪਣੇ ਅਹੁਦਿਆਂ ਤੋਂ ਅਸਤੀਫ਼ੇ ਦਿੱਤੇ ਹਨ ਅਤੇ ਆਉਣ ਵਾਲੇ ਦਿਨਾਂ ਵਿੱਚ ਪੰਜਾਬ ਭਰ ਤੋਂ ਪਾਰਟੀ ਆਗੂ ਅਸਤੀਫ਼ੇ ਦੇਣ ਦੀ ਤਿਆਰੀ ਵਿੱਚ ਹਨ।

ਸੁਖਵਿੰਦਰ ਕੋਟਲੀ ਨੇ ਭਰੇ ਮਨ ਨਾਲ ਕਿਹਾ ਕਿ ਉਨ੍ਹਾਂ ਨੇ ਕਦੇ ਸੋਚਿਆ ਨਹੀ ਸੀ ਕਿ ਜਿਸ ਮਿਸ਼ਨ ਲਈ ਉਨ੍ਹਾਂ ਆਪਣੀ ਪੂਰੀ ਜ਼ਿੰਦਗੀ ਲਗਾ ਦਿੱਤੀ, ਕਦੇ ਉਸ ਪਾਰਟੀ ਦੀ ਲੀਡਰਸ਼ਿਪ ਉਨ੍ਹਾਂ ਨੂੰ ਇੰਨਾ ਜ਼ਲੀਲ ਕਰੇਗੀ। ਉਨ੍ਹਾਂ ਕਿਹਾ ਕਿ ਉਹ ਦਲਿਤਾਂ ਦੇ ਮਾਣ ਸਨਮਾਨ ਅਤੇ ਸੰਵਿਧਾਨਿਕ ਹੱਕਾਂ ਲਈ ਪਹਿਲਾਂ ਦੀ ਤਰਾਂ ਹੀ ਸੰਘਰਸ਼ਸ਼ੀਲ ਰਹਿਣਗੇ।

ਜ਼ਿਕਰਯੋਗ ਹੈ ਕਿ ਸੁਖਵਿੰਦਰ ਕੋਟਲੀ ਸਾਲ 2012 ਦੌਰਾਨ ਆਦਮਪੁਰ ਵਿਧਾਨ ਸਭਾ ਅਤੇ ਸਾਲ 2014 ਦੌਰਾਨ ਲੋਕ ਸਭਾ ਜਲੰਧਰ ਤੋਂ ਚੋਣ ਲੜ ਚੁੱਕੇ ਹਨ ਜਦਕਿ ਉਹ ਬਸਪਾ ਦੇ 9 ਸਾਲ ਸਟੇਟ ਮੀਡੀਆ ਇੰਚਾਰਜ ਅਤੇ 11 ਸਾਲ ਸੂਬਾ ਜਨਰਲ ਸਕੱਤਰ ਵੀ ਰਹੇ ਹਨ। ਇਸ ਤੋਂ ਇਲਾਵਾ ਉਹ ਪਿੰਡ ਕੋਟਲੀ ਥਾਨ ਸਿੰਘ (ਜਲੰਧਰ) ਦੇ 5ਵੀਂ ਵਾਰ ਸਰਪੰਚ ਬਣੇ ਹਨ ਅਤੇ ਦਲਿਤ ਮੁੱਦਿਆਂ ਤੇ ਹਮੇਸ਼ਾ ਸੰਘਰਸੀਲ ਰਹਿੰਦੇ ਹਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION