25.1 C
Delhi
Friday, March 29, 2024
spot_img
spot_img

ਬਦੇਸ਼ਾਂ ਚ ਵੱਸਦੇ ਲੇਖਕਾਂ ਦੀਆਂ ਲਿਖਤਾਂ ਚ ਗਲੋਬਲ ਪੰਜਾਬੀ ਦਾ ਮੁਹਾਂਦਰਾ ਅਜੇ ਨਹੀਂ ਉੱਘੜਿਆ: ਪਰਵੇਜ਼ ਸੰਧੂ

ਲੁਧਿਆਣਾ, 4 ਮਾਰਚ, 2020 –
ਅਮਰੀਕਾ ਚ ਪਿਛਲੇ 35 ਸਾਲ ਤੋਂ ਵੱਸਦੀ ਪ੍ਰੌਢ ਪੰਜਾਬੀ ਕਹਾਣੀਕਾਰ ਪਰਵੇਜ਼ ਸੰਧੂ ਦੇ ਸਵਾਗਤ ਵਿੱਚ ਗੁਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਿਜ ਲੁਧਿਆਣਾ ਦੇ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਵੱਲੋਂ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ: ਐੱਸ ਪੀ ਸਿੰਘ ਨੇ ਕੀਤੀ।

ਇਸ ਮੌਕੇ ਬੋਲਦਿਆਂ ਪਰਵੇਜ਼ ਸੰਧੂ ਨੇ ਕਿਹਾ ਕਿ ਬਦੇਸ਼ਾਂ ਚ ਵੱਸਦੇ ਲੇਖਕਾਂ ਦੀਆਂ ਲਿਖਤਾਂ ਚੋਂ ਹਾਲੇ ਗਲੋਬਲ ਪੰਜਾਬੀ ਦਾ ਮੁਹਾਂਦਰਾ ਨਹੀਂ ਉੱਘੜਿਆ। ਅਜੇ ਵੀ ਸਾਡੀ ਲਿਖਤ ਵਿੱਚ ਪੰਜਾਬ ਹੀ ਗੂੰਜਦਾ ਹੈ। ਬਦੇਸ਼ਾਂ ਚ ਸੱਜਰੇ ਵੱਸੇ ਪੜ੍ਹੇ ਲਿਖੇ ਨੌਜਵਾਨਾਂ ਤੋਂ ਆਸ ਕੀਤੀ ਜਾ ਸਕਦੀ ਹੈ ਕਿ ਉਹ ਸਮਾਜਿਕ ਯਥਾਰਥ ਨੂੰ ਗਲੋਬਲ ਪ੍ਰਸੰਗ ਚ ਸਮਝ ਕੇ ਲਿਖਤ ਦਾ ਸਰੂਪ ਉਘਾੜਨਗੇ।

ਪਰਵੇਜ਼ ਸੰਧੂ ਹੁਣ ਤੀਕ ਤਿੰਨ ਕਹਾਣੀ ਸੰਗ੍ਰਹਿ ਮੁੱਠੀ ਭਰ ਸੁਪਨੇ, ਟਾਹਣੀਉਂ ਟੁੱਟੇ, ਕੋਡ ਬਲੂ ਤੇ ਇੱਕ ਵਾਰਤਕ ਸੰਗ੍ਰਹਿ ਕੰਙਣੀ ਲਿਖ ਚੁਕੀ ਹੈ। ਇਨ੍ਹਾਂ ਵਿੱਚੋਂ ਦੋ ਕਹਾਣੀਆਂ ਬਲੀ ਅਤੇ ਮੇਰੀ ਲੂੰਬੜੀ ਦੀ ਸਿਰਜਣ ਪ੍ਰਕ੍ਰਿਆ ਬਾਰੇ ਵੀ ਉਸ ਸਵਾਲਾਂ ਦੇ ਜਵਾਬ ਦਿੱਤੇ। ਪਰਵੇਜ਼ ਸੰਧੂ ਨੇ ਦੱਸਿਆ ਕਿ ਉਹ ਇਸ ਵੇਲੇ ਇੱਕ ਨਾਵਲ ਲਿਖ ਰਹੀ ਹੈ ਜਿਸ ਨੂੰ ਉਹ ਇਸ ਸਾਲ ਦੇ ਅੰਤ ਤੀਕ ਮੁਕੰਮਲ ਕਰੇਗੀ।

ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ ਤੋਂ ਇਲਾਵਾ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਦੀ ਕੋਆਰਡੀਨੇਟਰ ਡਾ: ਤੇਜਿੰਦਰ ਕੌਰ, ਪੰਜਾਬੀ ਵਿਭਾਗ ਦੇ ਮੁਖੀ ਡਾ: ਭੁਪਿੰਦਰ ਸਿੰਘ,ਡਾ: ਗੁਰਪ੍ਰੀਤ ਸਿੰਘ,ਡਾ: ਦਲੀਪ ਸਿੰਘ,ਪ੍ਰੋ: ਸ਼ਰਨਜੀਤ ਕੌਰ ਲੋਚੀ, ਪ੍ਰੋ: ਮਨਜੀਤ ਸਿੰਘ ਛਾਬੜਾ ਤੇ ਹੋਰ ਅਧਿਆਪਕਾਂ ਨੇ ਵੀ ਵਿਚਾਰ ਵਟਾਂਦਰੇ ਚ ਹਿੱਸਾ ਲਿਆ।

ਪੰਜਾਬੀ ਸਾਹਿੱਤ ਅਕਾਡਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ: ਗੁਰਭਜਨ ਸਿੰਘ ਗਿੱਲ ਨੇ ਪਰਵੇਜ਼ ਸੰਧੂ ਦੀਆਂ ਲਿਖਤਾਂ ਵਿੱਚ ਮਾਸੂਮੀਅਤ ਦੇ ਹਵਾਲੇ ਨਾਲ ਕਿਹਾ ਕਿ ਦਰਦਾਂ ਦੀ ਪੰਡ ਚੁੱਕ ਕੇ ਕੋਈ ਮਾਸੂਮ ਹੀ ਮੁਸਕਰਾ ਸਕਦਾ ਹੈ। ਆਪਣੀ ਬੇਟੀ ਸਵੀਨਾ ਦੀ ਕੈਂਸਰ ਕਾਰਨ ਛੇ ਸਾਲ ਪਹਿਲਾਂ ਹੋਈ ਮੌਤ ਦਾ ਜ਼ਖ਼ਮ ਉਸ ਦੇ ਅੰਦਰ ਵੱਲ ਰਿਸਦਾ ਹੈ, ਪਰ ਉਹ ਆਪਣੀ ਧੀ ਨੂੰ ਚਿਤਵਦਿਆਂ ਕੋਡ ਬਲੂ ਵਰਗੀ ਸਮਰੱਥ ਕਹਾਣੀ ਲਿਖ ਰਹੀ ਹੈ। ਨਾਲ ਹੀ ਸਵੀਨਾ ਦੇ ਨਾਮ ਤੇ ਪੁਸਤਕ ਪ੍ਰਕਾਸ਼ਨ ਕਾਰਜ ਵੀ ਕਰ ਰਹੀ ਹੈ।

ਪ੍ਰਧਾਨਗੀ ਸ਼ਬਦ ਬੋਲਦਿਆਂ ਡਾ: ਐੱਸ ਪੀ ਸਿੰਘ ਨੇ ਕਿਹਾ ਕਿ ਪਰਵਾਸੀ ਸਾਹਿੱਤ ਅਧਿਐਨ ਕੇਂਦਰ ਚ ਪਰਵੇਜ਼ਸੰਧੂ ਦਾ ਆਉਣਾ ਤੇ ਆ ਕੇ ਆਪਣੀ ਸਿਰਜਣਾ ਬਾਰੇ ਵਿਚਾਰ ਚਰਚਾ ਕਰਨਾ ਸ਼ੁਭ ਸ਼ਗਨ ਹੈ। ਪਰਵੇਜ਼ ਨੇ ਪਹਿਲੀ ਵਾਰ ਆਪਣੀ ਰਚਨਾ ਪ੍ਰਕ੍ਰਿਆ ਬਾਰੇ ਏਨੀਆਂ ਗੱਲਾਂ ਕੀਤੀਆਂ ਹਨ ਜਦ ਕਿ ਉਸ ਦਾ ਸੁਭਾਅ ਸੰਕੋਚਵਾਂ ਹੈ, ਆਡੰਬਰੀ ਨਹੀਂ। ਉਨ੍ਹਾਂ ਕਿਹਾ ਕਿ ਪਰਵਾਸੀ ਸਾਰਹਿੱਤ ਅਧਿਐਨ ਕੇਂਦਰ ਵੱਲੋਂ ਛਪਦੇ ਤ੍ਰੈਮਾਸਿਕ ਪੱਤਰ ਪਰਵਾਸ ਵਿੱਚ ਪਰਵੇਜ਼ ਸੰਧੂ ਤੇ ਹੋਰ ਸਮਰੱਥ ਲੇਖਕਾਂ ਨੂੰ ਲਗਾਤਾਰ ਲਿਖਣਾ ਚਾਹੀਦਾ ਹੈ।

ਕਾਲਿਜ ਵੱਲੋਂ ਡਾ: ਐੱਸ ਪੀ ਸਿੰਘ, ਕਾਲਿਜ ਪ੍ਰਿੰਸੀਪਲ ਡਾ: ਅਰਵਿੰਦਰ ਸਿੰਘ ਭੱਲਾ, ਪ੍ਰਬੰਧਕ ਕਮੇਟੀ ਮੈਂਬਰ ਸ: ਭਗਵੰਤ ਸਿੰਘ, ਸ: ਹਰਦੀਪ ਸਿੰਘ, ਪ੍ਰੋ: ਮਨਜੀਤ ਸਿੰਘ ਛਾਬੜਾ ਤੇ ਪ੍ਰੋ: ਗੁਰਭਜਨ ਸਿੰਘ ਗਿੱਲ ਸਮੇਤ ਸਮੂਹ ਅਧਿਆਪਕਾਂ ਨੇ ਪਰਵੇਜ਼ ਸੰਧੂ ਨੂੰ ਫੁਲਕਾਰੀ ਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ।

ਇਸ ਮੌਕੇ ਪੰਜਾਬੀ ਲੇਖਿਕਾ ਕਮਲਪ੍ਰੀਤ ਕੌਰ ਸੰਘੇੜਾ ਤੇ ਸਰਦਾਰਨੀ ਰਾਜਿੰਦਰ ਕੌਰ ਵੀ ਹਾਜ਼ਰ ਸਨ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION