ਚੰਡੀਗੜ੍ਹ, 25 ਅਗਸਤ, 2019:
ਪਾਕਿਸਤਾਨ ਵਾਲੇ ਪਾਸਿਓਂ ਭਾਰੀ ਮਾਤਰਾ ਵਿੱਚ ਪਾਣੀ ਛੱਡਣ ਕਾਰਨ ਬੰਨ੍ਹ ਨੂੰ ਹੋਏ ਨੁਕਸਾਨ ਦੇ ਮੱਦੇਨਜ਼ਰ, ਟੇਂਡੀਵਾਲਾ ਬੰਨ੍ਹ ਦੇ ਮਜ਼ਬੂਤੀਕਰਨ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ। ਇਹ ਜਾਣਕਾਰੀ ਪੰਜਾਬ ਸਰਕਾਰ ਦੇ ਬੁਲਾਰੇ ਨੇ ਦਿੱਤੀ।
ਫਿਰੋਜ਼ਪੁਰ ਜ਼ਿਲ੍ਹਾ ਪ੍ਰਸ਼ਾਸਨ ਨੂੰ ਹਾਈ ਅਲਰਟ ‘ਤੇ ਰੱਖਣ ਦੇ ਨਾਲ ਨਾਲ ਸਾਵਧਾਨੀ ਦੇ ਪੱਖ ਤੋਂ ਐਨ.ਡੀ.ਆਰ.ਐਫ. ਅਤੇ ਫੌਜੀ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਸਮੁੱਚੀ ਮਸ਼ੀਨਰੀ ਇਸ ਕਾਰਜ ਵਿੱਚ ਲਗਾਈ ਗਈ ਹੈ ਅਤੇ ਸਬੰਧਤ ਵਿਭਾਗ ਵੀ ਪੂਰੀ ਤਰ੍ਹਾਂ ਯਤਨਸ਼ੀਲ ਹਨ।
ਬੁਲਾਰੇ ਨੇ ਦੱਸਿਆ ਕਿ ਵੱਡੀ ਮਾਤਰਾ ਵਿੱਚ ਰੇਤੇ ਨਾਲ ਭਰੀਆਂ ਬੋਰੀਆਂ ਦੇ ਢੇਰ ਲਗਾ ਕੇ ਬੰਨ੍ਹ ਦੀ ਮਜ਼ਬੂਤੀ ਲਈ ਕਾਫ਼ੀ ਕੰਮ ਮੁਕੰਮਲ ਕਰ ਲਿਆ ਗਿਆ ਹੈ ਅਤੇ ਸ਼ਾਮ ਤੱਕ ਇਹ ਹੋਰ ਵੀ ਮਜ਼ਬੂਤੀ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਕਿਉਂਜੋ ਜ਼ਿਲ੍ਹਾ ਪ੍ਰਸ਼ਾਸਨ ਪੂਰੀ ਤਰ੍ਹਾਂ ਯਤਨਸ਼ੀਲ ਹੈ ਅਤੇ ਸੰਵੇਦਨਸ਼ੀਲ ਥਾਵਾਂ ‘ਤੇ ਰਾਹਤ ਕਾਰਜ ਤੇਜ਼ੀ ਨਾਲ ਚਲਾਏ ਜਾ ਰਹੇ ਹਨ।
ਕਾਬਲੇਗੌਰ ਹੈ ਕਿ ਪਹਿਲਾਂ ਪਾਣੀ ਫਿਰੋਜ਼ਪੁਰ ਜ਼ਿਲ੍ਹੇ ਤੋਂ ਪਾਕਿਸਤਾਨ ਨੂੰ ਜਾਂਦਾ ਹੈ ਅਤੇ ਫਿਰ ਫਿਰੋਜ਼ਪੁਰ ਵਾਪਸ ਆਉਂਦਾ ਹੈ ਅਤੇ ਇਹ ਕਿਰਿਆ ਵਾਰ ਵਾਰ ਚਲਦੀ ਹੈ ਜੋ ਪਾਣੀ ਨੂੰ ਜਿਗ-ਜੈਗ ਗਤੀਸ਼ੀਲਤਾ ਪ੍ਰਦਾਨ ਕਰਦੀ ਹੈ। ਪਰ ਪਾਕਿਸਤਾਨ ਨੇ ਵੱਡੀ ਮਾਤਰਾ ਵਿੱਚ ਪਾਣੀ ਛੱਡ ਦਿੱਤਾ ਹੈ। ਇੰਨੀ ਵੱਡੀ ਮਾਤਰਾ ਵਿੱਚ ਪਾਣੀ ਛੱਡਣ ਕਾਰਨ ਟੇਂਡੀਵਾਲਾ ਪਿੰਡ ਵਿਖੇ ਬੰਨ੍ਹਾਂ ਨੂੰ ਨੁਕਸਾਨ ਪਹੁੰਚਿਆ ਹੈ ਜਿਸ ਨਾਲ ਵੱਖ ਵੱਖ ਪਿੰਡਾਂ ‘ਤੇ ਹੜ੍ਹਾਂ ਦਾ ਖ਼ਤਰਾ ਮੰਡਰਾ ਰਿਹਾ ਹੈ।
ਸਾਵਧਾਨੀ ਵਜੋਂ ਜ਼ਿਲ੍ਹਾ ਪ੍ਰਸ਼ਾਸਨ ਨੇ ਇਸ ਪ੍ਰਤੀ ਸੁਚੇਤ ਹੁੰਦਿਆਂ ਸਤਲੁਜ ਦਰਿਆ ਦੇ ਨਾਲ ਲੱਗਦੇ ਨਾਜ਼ੁਕ ਪਿੰਡਾਂ ਨੂੰ ਖਾਲੀ ਕਰ ਕੇ ਲੋਕਾਂ ਨੂੰ ਕਿਸੇ ਸੁਰੱਖਿਅਤ ਥਾਂ ‘ਤੇ ਪਹੁੰਚਾਉਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸ ਦੇ ਨਾਲ ਹੀ ਸਿਹਤ ਵਿਭਾਗ, ਖੁਰਾਕ ਅਤੇ ਸਿਵਲ ਸਪਲਾਈ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੀਆਂ ਵੱਖ ਵੱਖ ਟੀਮਾਂ ਵੀ ਰਾਹਤ ਕਾਰਜਾਂ ਵਿੱਚ ਤੈਨਾਤ ਕੀਤੀਆਂ ਗਈਆਂ ਹਨ।