22.1 C
Delhi
Friday, March 29, 2024
spot_img
spot_img

ਫਾਸ਼ੀਵਾਦ, ਜਲਿ੍ਹਆਂਵਾਲਾ ਬਾਗ਼ ਅਤੇ ਬਾਬਾ ਨਾਨਕ ਸਬੰਧੀ ਚਰਚਾ ਕਰਵਾਏਗੀ ਦੇਸ਼ ਭਗਤ ਯਾਦਗਾਰ ਕਮੇਟੀ

ਯੈੱਸ ਪੰਜਾਬ
ਜਲੰਧਰ, 20 ਜੁਲਾਈ, 2019 –

ਦੇਸ਼ ਭਗਤ ਯਾਦਗਾਰ ਕਮੇਟੀ ਦੀ ਮੀਟਿੰਗ ’ਚ ਅਹਿਮ ਫੈਸਲੇ ਲਏ ਗਏ ਕਿ ਅਗਸਤ ਮਹੀਨੇ ਵਿੱਚ ਫਾਸ਼ੀਵਾਦ ਵਿਰੁੱਧ, ਜਲਿ੍ਹਆਂਵਾਲਾ ਬਾਗ਼ ਦੀ ਇਤਿਹਾਸਕ ਵਿਰਾਸਤ ਸਬੰਧੀ ਅਤੇ ਸਤੰਬਰ ਮਹੀਨੇ ਬਾਬਾ ਨਾਨਕ ਯਾਦਗਾਰੀ ਸੈਮੀਨਾਰ ਕੀਤੇ ਜਾਣਗੇ।

ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਗੁਰਮੀਤ ਸਿੰਘ ਢੱਡਾ ਦੀ ਪ੍ਰਧਾਨਗੀ ’ਚ ਹੋਈ ਮੀਟਿੰਗ ’ਚ ਲਏ ਫੈਸਲਿਆਂ ਬਾਰੇ ਪ੍ਰੈਸ ਨਾਲ ਜਾਣਕਾਰੀ ਸਾਂਝੀ ਕਰਦਿਆਂ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਦੱਸਿਆ ਕਿ ਦੇਸ਼ ਭਗਤ ਯਾਦਗਾਰ ਕਮੇਟੀ ਅਗਸਤ ਮਹੀਨੇ ’ਚ ਫਾਸ਼ੀਵਾਦ ਵਿਰੁੱਧ ਵਿਚਾਰ-ਚਰਚਾ ਕਰੇਗੀ।

ਕਮੇਟੀ ਨਿਕਟ ਭਵਿੱਖ ’ਚ ਮੁੱਖ ਮੰਤਰੀ ਪੰਜਾਬ ਨੂੰ ਵਫ਼ਦ ਦੇ ਰੂਪ ’ਚ ਮਿਲਕੇ ਮੰਗ ਕਰੇਗੀ ਕਿ ਅੱਜ ਜਦੋਂ ਦੁਨੀਆਂ ਭਰ ’ਚ ਦੇਸ਼ ਵਾਸੀ ਜਲਿ੍ਹਆਂਵਾਲਾ ਬਾਗ਼ ਕਾਂਡ ਦੀ 100ਵੀਂ ਵਰ੍ਹੇਗੰਢ ਮਨਾ ਰਹੇ ਹਨ; ਇਸ ਇਤਿਹਾਸਕ ਵਰ੍ਹੇ ਅੰਦਰ ਚਾਹੀਦਾ ਤਾਂ ਇਹ ਸੀ ਕਿ ਜਲਿ੍ਹਆਂਵਾਲਾ ਬਾਗ਼ ਦੀ ਇਤਿਹਾਸਕ ਮਹੱਤਤਾ ਨੂੰ ਹਰ ਪੱਖੋਂ ਸੰਭਾਲਣ ਅਤੇ ਲੋਕਾਂ ਵਿੱਚ ਲਿਜਾਣ ਲਈ ਵਿਸ਼ੇਸ਼ ਉੱਦਮ ਕਰਕੇ ਆਜ਼ਾਦੀ ਸੰਗਰਾਮੀਆਂ ਨੂੰ ਨਤਮਸਤਕ ਹੋਇਆ ਜਾਂਦਾ।

ਪਰ ਇਥੇ ਉਲਟੇ ਬਾਂਸ ਬਰੇਲੀ ਨੂੰ ਜਾਣਦੀ ਕਹਾਵਤ ਮੁਤਾਬਕ ਜਲਿ੍ਹਆਂਵਾਲਾ ਬਾਗ਼ ਦੀ ਇਤਿਹਾਸਕਤਾ ਮੇਟਣ ਅਤੇ ਇਸਨੂੰ ਵਪਾਰਕ, ਸੈਰ-ਸਪਾਟੇ ਦੀ ਜਗ੍ਹਾਂ ਬਣਾ ਧਰਨ ਦੇ ਉਲਟੇ ਚਾਲੇ ਚੱਲੇ ਜਾ ਰਹੇ ਹਨ।

ਕਮੇਟੀ ਜਨਤਕ ਮੰਗ-ਪੱਤਰ ਰਾਹੀਂ ਮੰਗ ਕਰੇਗੀ ਕਿ ਸ਼ਹੀਦੀ ਖੂਹ, ਗੋਲੀਆਂ ਦੀ ਨਿਸ਼ਾਨ, ਬਾਗ਼ ਦੀਆਂ ਗਲੀਆਂ, ਦੀਵਾਰਾਂ ਦੀ ਮੂੰਹ ਬੋਲਦੀ ਇਤਿਹਾਸਕ ਦਿੱਖ ਸੰਭਾਲੀ ਜਾਵੇ। ਮਿਊਜ਼ੀਅਮ ਨੂੰ ਢੁੱਕਵਾਂ ਮੁਹਾਂਦਰਾ ਦਿੱਤਾ ਜਾਵੇ। ਲਾਈਟ ਐਂਡ ਸਾਉਂਡ ਦੀ ਸਮੱਗਰੀ ਅਤੇ ਵਿਜੂਅਲ ਦੇਸ਼ ਭਗਤ ਯਾਦਗਾਰ ਕਮੇਟੀ ਅਤੇ ਲੋਕ-ਪੱਖੀ ਨਾਮਵਰ ਇਤਿਹਾਸਕਾਰਾਂ ਨਾਲ ਸਾਂਝੇ ਕੀਤੇ ਜਾਣ। ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਤੀਨਿੱਧ ਬਕਾਇਦਾ ਉਸ ਕਮੇਟੀ ’ਚ ਸ਼ਾਮਲ ਕੀਤੇ ਜਾਣ, ਜਿਹੜੀ ਕਮੇਟੀ ਇਤਿਹਾਸਕਤਾ ਬਰਕਰਾਰ ਰੱਖਣ ਦੀਆਂ ਮੂੰਹ-ਜ਼ੁਬਾਨੀ ਯਕੀਨ ਦਹਾਨੀਆਂ ਦੇ ਰਹੀ ਹੈ।

ਜਲਿ੍ਹਆਂਵਾਲਾ ਬਾਗ਼ ’ਚ ਚੱਲ ਰਹੇ ਨਵੀਨੀਕਰਣ ਦੇ ਨਾਂਅ ’ਤੇ ਪ੍ਰੋਜੈਕਟ ਫੌਰੀ ਰੋਕੇ ਜਾਣ। ਇਤਿਹਾਸਕਾਰਾਂ ਅਤੇ ਪ੍ਰੈਸ ਨੂੰ ਜਲਿ੍ਹਆਂਵਾਲਾ ਬਾਗ਼ ਅੰਦਰ ਚੱਲ ਰਹੇ ਕੰਮ ਦਾ ਨਿਰੀਖਣ ਕਰਨ ਦੀ ਪੂਰੀ ਖੁੱਲ੍ਹ ਦਿੱਤੀ ਜਾਵੇ। ਪ੍ਰੈਸ ਦੀ ਐਂਟਰੀ ’ਤੇ ਜ਼ਬਾਨੀ ਕਲਾਮੀ ਮੜ੍ਹੀ ਪਾਬੰਦੀ ਹਟਾਈ ਜਾਵੇ।

ਦੇਸ਼ ਭਗਤ ਯਾਦਗਾਰ ਕਮੇਟੀ ਨੇ ਇਹ ਚੇਤਾਵਨੀ ਵੀ ਦਿੱਤੀ ਹੈ ਕਿ ਜੇਕਰ ਇਤਿਹਾਸ ਦੇ ਵਾਰਸ ਲੋਕਾਂ ਨੂੰ ਅੱਖੋਂ ਪਰੋਖੇ ਕਰਕੇ, ਬਾਗ਼ ਨਾਲ ਛੇੜ-ਛਾੜ ਕਰਨ ਅਤੇ ਗੁੱਝੇ ਮਨਸ਼ੇ ਪਾਲਣ ਦਾ ਸਿਲਸਿਲਾ ਜਾਰੀ ਰੱਖਿਆ ਤਾਂ ਜਲਿ੍ਹਆਂਵਾਲਾ ਬਾਗ਼ ਅੰਮ੍ਰਿਤਸਰ ਪੁੱਜ ਕੇ ਰੋਸ ਮਾਰਚ ਕੀਤਾ ਜਾਏਗਾ।

ਸਤੰਬਰ ਦੇ ਮਹੀਨੇ ਬਾਬਾ ਨਾਨਕ ਦੇ 550ਵੇਂ ਜਨਮ ਦਿਹਾੜੇ ਨੂੰ ਸਮਰਪਤ ਵਿਸ਼ੇਸ਼ ਸੈਮੀਨਾਰ ’ਚ ਜਾਣੇ ਪਹਿਚਾਣੇ ਵਿਦਵਾਨਾਂ ਨੂੰ ਬੁਲਾ ਕੇ ਵਿਚਾਰ-ਚਰਚਾ ਕੀਤੀ ਜਾਏਗੀ।

ਕਮੇਟੀ ਦੀ ਮੀਟਿੰਗ ’ਚ ਸਿਖਿਆਰਥੀ ਚੇਤਨਾ ਕੈਂਪ ਉਪਰ ਵੀ ਪੜਚੋਲਵੀਂ ਨਜ਼ਰ ਮਾਰੀ ਗਈ ਅਤੇ ਅੱਗੇ ਤੋਂ ਚੇਤਨਾ ਕੈਂਪ ਨੂੰ ਹਰ ਪੱਖੋਂ ਸਫ਼ਲ ਕਰਨ ਦੇ ਢੁਕਵੇਂ ਕਦਮ ਚੁੱਕਣ ਦਾ ਫੈਸਲਾ ਵੀ ਲਿਆ ਗਿਆ।

ਮੀਟਿੰਗ ’ਚ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਖਜ਼ਾਨਚੀ ਰਣਜੀਤ ਸਿੰਘ ਔਲਖ, ਨੌਨਿਹਾਲ ਸਿੰਘ, ਸੁਰਿੰਦਰ ਕੁਮਾਰੀ ਕੋਛੜ, ਹਰਵਿੰਦਰ ਭੰਡਾਲ, ਪ੍ਰਿਥੀਪਾਲ ਮਾੜੀਮੇਘਾ, ਚਰੰਜੀ ਲਾਲ ਕੰਗਣੀਵਾਲ ਤੇ ਸੀਤਲ ਸਿੰਘ ਸੰਘਾ ਵੀ ਹਾਜ਼ਰ ਸਨ।

ਮੀਟਿੰਗ ਦੀ ਸ਼ੁਰੂਆਤ ਸੰਗਰਾਮਣ ਮਹਿੰਦਰ ਕੌਰ ਦੇ ਵਿਛੋੜੇ ’ਤੇ ਖੜ੍ਹੇ ਹੋ ਕੇ ਉਹਨਾਂ ਨੂੰ ਸ਼ਰਧਾਂਜ਼ਲੀ ਭੇਂਟ ਕਰਨ ਨਾਲ ਹੋਈ। ਕਮੇਟੀ ਨੇ ਉਹਨਾਂ ਦੀ ਇਨਕਲਾਬੀ ਘਾਲਣਾ ਨੂੰ ਸਲਾਮ ਕੀਤੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION