35.6 C
Delhi
Thursday, April 18, 2024
spot_img
spot_img

‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਦਾ ਦੂਜਾ ਦਿਨ – ਹਵਾ, ਪਾਣੀ ਅਤੇ ਧਰਤ ਨੂੰ ਬਚਾਉਣ ਲਈ ਇਕਜੁੱਟਤਾ ਦਾ ਦਿੱਤਾ ਸੁਨੇਹਾ

ਹੁਸ਼ਿਆਰਪੁਰ, 20 ਅਕਤੂਬਰ, 2019:
ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪਿੰਡ ਟੇਰਕਿਆਣਾ ਨੇੜੇ ਬਿਆਸ ਦਰਿਆ ‘ਤੇ ਦੋ ਦਿਨਾਂ ਕਰਵਾਇਆ ਗਿਆ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ ਗੁਰੂ ਸਾਹਿਬ ਦੇ ਫਰਮਾਨ ਹਵਾ, ਪਾਣੀ ਅਤੇ ਧਰਤ ਨੂੰ ਬਚਾਉਣ ਲਈ ਇਕਜੁੱਟਤਾ ਦਾ ਸੰਦੇਸ਼ ਦਿੰਦਾ ਹੋਇਆ ਪਿੰਡ ਗੰਧੂਵਾਲ (ਟਾਂਡਾ, ਹੁਸ਼ਿਆਰਪੁਰ) ਲਈ ਰਵਾਨਾ ਹੋ ਗਿਆ, ਜਿੱਥੇ 23 ਅਤੇ 24 ਅਕਤੂਬਰ ਨੂੰ ਸ਼ੋਅ ਹੋ ਰਹੇ ਹਨ।

ਅੱਜ ਹੋਏ ਸ਼ੋਅ ਦੌਰਾਨ ਬਿਆਸ ਦਰਿਆ ‘ਚੋਂ ਨਿਕਲੀ ਅਲੌਕਿਕ ਰੌਸ਼ਨੀ ਨੇ ਜਿੱਥੇ ਚੁਫੇਰਾ ਜਗਮਗਾ ਦਿੱਤਾ, ਉਥੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤ ਨੇ ਲਗਾਤਾਰ ਦੂਸਰੇ ਦਿਨ ਬਹੁਤ ਹੀ ਨਿਮਰਤਾ ਅਤੇ ਸ਼ਰਧਾ ਨਾਲ ਗੁਰੂ ਸਾਹਿਬ ਦੇ ਜੀਵਨ ਅਤੇ ਸਿੱਖਿਆਵਾਂ ਬਾਰੇ ਆਧੁਨਿਕ ਤਕਨੀਕ ਰਾਹੀਂ ਜਾਣਕਾਰੀ ਹਾਸਲ ਕੀਤੀ।

ਡਿਪਟੀ ਕਮਿਸ਼ਨਰ ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਫਲੋਟਿੰਗ ਮਲਟੀ ਮੀਡੀਆ ਲਾਈਟ ਐਂਡ ਸਾਊਂਡ ਸ਼ੋਅ’ 23 ਅਤੇ 24 ਅਕਤੂਬਰ ਨੂੰ ਪਿੰਡ ਗੰਧੂਵਾਲ (ਟਾਂਡਾ, ਹੁਸ਼ਿਆਰਪੁਰ) ਨੇੜੇ ਬਿਆਸ ਦਰਿਆ ‘ਤੇ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਵਿੱਤਰ ਸਥਾਨ ਦੀ ਝਲਕ ਪੇਸ਼ ਕਰਦਾ ਮਾਡਲ ਬਿਆਸ ਦਰਿਆ ਰਾਹੀਂ ਹੀ ਪਿੰਡ ਗੰਧੂਵਾਲ ਨੇੜੇ ਪਹੁੰਚੇਗਾ।

ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਫਰਮਾਨ ਹੈ ਕਿ ‘ਪਵਣੁ ਗੁਰੁ ਪਾਣੀ ਪਿਤਾ, ਮਾਤਾ ਧਰਤਿ ਮਹਤੁ’। ਇਸ ਫਰਮਾਨ ਅਨੁਸਾਰ ਗੁਰੂ ਸਾਹਿਬ ਨੇ ਪਵਨ ਨੂੰ ਸਭ ਤੋਂ ਵੱਧ ਮਹੱਤਤਾ ਦਿੰਦੇ ਹੋਏ ਗੁਰੂ ਸਮਾਨ ਦਰਜਾ ਦਿੱਤਾ ਹੈ, ਇਸ ਲਈ ਸਾਡਾ ਸਭ ਦਾ ਇਹ ਪਹਿਲਾ ਫਰਜ਼ ਬਣਦਾ ਹੈ ਕਿ ਗੁਰੂ ਸਾਹਿਬ ਦੇ ਇਸ ਹੁਕਮ ਅਨੁਸਾਰ ਪਵਨ ਭਾਵ ਹਵਾ ਦੀ ਪਵਿੱਤਰਤਾ ਨੂੰ ਕਾਇਮ ਰੱਖਿਆ ਜਾਵੇ।

ਇਸੇ ਵਾਕ ਅਨੁਸਾਰ ਗੁਰੂ ਸਾਹਿਬ ਨੇ ਧਰਤੀ ਨੂੰ ਮਾਤਾ ਸਮਾਨ ਦਰਜਾ ਦਿੱਤਾ ਹੈ। ਖੇਤਾਂ ਵਿੱਚ ਪਰਾਲੀ ਸਾੜਨ ਨਾਲ ਜਿੱਥੇ ਪਵਨ ਦੂਸ਼ਿਤ ਹੁੰਦੀ ਹੈ ਅਤੇ ਉਸਦੀ ਪਵਿੱਤਰਤਾ ਨਸ਼ਟ ਹੁੰਦੀ ਹੈ, ਉਥੇ ਮਾਂ ਸਮਾਨ ਧਰਤੀ ਦੀ ਉਪਜਾਊ ਸ਼ਕਤੀ ਵੀ ਘੱਟਦੀ ਹੈ।

ਇਸ ਦੇ ਨਾਲ ਹੀ ਖੇਤਾਂ ਵਿੱਚ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਨਾਲ ਧਰਤੀ ਮਾਂ ਦੀ ਗੋਦ ਵਿੱਚ ਵਿਚਰਨ ਵਾਲੇ ਲੱਖਾਂ-ਕਰੋੜਾਂ ਸੂਖਮ ਜੀਵ ਵੀ ਸੜ ਜਾਂਦੇ ਹਨ। ਇਸ ਕਰਕੇ ਪਰਾਲੀ ਨਾ ਸਾੜਕੇ ਸੱਚੇ ਰੂਪ ਵਿੱਚ ਗੁਰੂ ਸਾਹਿਬ ਦੇ ਇਸ ਫਰਮਾਨ ਅਨੁਸਾਰ ਪਵਨ ਤੇ ਧਰਤੀ ਦੋਹਾਂ ਦਾ ਸਨਮਾਨ ਤੇ ਮਹੱਤਤਾ ਕਾਇਮ ਰੱਖੀ ਜਾ ਸਕਦੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੁਰੂ ਸਾਹਿਬ ਵਲੋਂ ਪਾਣੀ ਨੂੰ ਪਿਤਾ ਸਮਾਨ ਦਰਜਾ ਦਿੱਤਾ ਗਿਆ ਹੈ, ਇਸ ਲਈ ਪਾਣੀ, ਹਵਾ ਅਤੇ ਧਰਤ ਨੂੰ ਬਚਾਉਣ ਲਈ ਅੱਗੇ ਆਉਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹਰ ਪਿੰਡ ਵਿੱਚ 550 ਪੌਦੇ ਵੀ ਲਗਾਏ ਜਾ ਰਹੇ ਹਨ, ਤਾਂ ਜੋ ਵਾਤਾਵਰਣ ਨੂੰ ਹਰਿਆ-ਭਰਿਆ ਅਤੇ ਤੰਦਰੁਸਤ ਬਣਾਇਆ ਜਾ ਸਕੇ।

ਸ਼੍ਰੀਮਤੀ ਈਸ਼ਾ ਕਾਲੀਆ ਨੇ ਕਿਹਾ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ‘ਫਲੋਟਿੰਗ ਲਾਈਟ ਐਂਡ ਸਾਊਂਡ ਸ਼ੋਅ’ ਕਰਵਾਉਣਾ ਪੰਜਾਬ ਸਰਕਾਰ ਦਾ ਇਕ ਨਿਵੇਕਲਾ ਉਦਮ ਹੈ, ਜਿਸ ਦਾ ਮੁੱਖ ਮੰਤਵ ਮਨੁੱਖਤਾ ਨੂੰ ਸ਼ਾਂਤੀ ਤੇ ਸਦਭਾਵਨਾ ਦਾ ਸੁਨੇਹਾ ਦੇਣ ਦੇ ਨਾਲ-ਨਾਲ ਨੌਜਵਾਨ ਪੀੜ੍ਹੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਫਿਰਕੂ ਸਦਭਾਵਨਾ, ਸ਼ਾਂਤੀ, ਭਾਈਚਾਰੇ ਵਾਲੇ ਫਲਸਫੇ ਤੇ ਜੀਵਨ ਬਾਰੇ ਜਾਣੂ ਕਰਵਾਉਣਾ ਵੀ ਹੈ।

ਉਨ੍ਹਾਂ ਕਿਹਾ ਕਿ ਦੋ ਦਿਨਾਂ ਵਿੱਚ ਕਰਵਾਏ ਗਏ ਇਨ੍ਹਾਂ 4 ਸ਼ੋਆਂ ਦੌਰਾਨ ਕਰੀਬ 12 ਹਜ਼ਾਰ ਸ਼ਰਧਾਲੂਆਂ ਨੇ ਸ਼ਿਰਕਤ ਕੀਤੀ। ਇਸ ਮੌਕੇ ਐਸ.ਡੀ.ਐਮ. ਦਸੂਹਾ ਸ਼੍ਰੀਮਤੀ ਜੋਤੀ ਬਾਲਾ, ਡੀ.ਐਸ.ਪੀ. ਦਸੂਹਾ ਸ੍ਰੀ ਅਨਿਲ ਭਨੋਟ, ਡੀ.ਐਸ.ਪੀ (ਐਚ) ਦਲਜੀਤ ਸਿੰਘ ਖੱਖ, ਐਕਸੀਅਨ ਡਰੇਨੇਜ਼ ਵਿਭਾਗ ਸ੍ਰੀ ਜੇ.ਐਸ. ਕਲਸੀ ਤੋਂ ਇਲਾਵਾ ਸਮਾਜਿਕ, ਧਾਰਮਿਕ ਸਖਸ਼ੀਅਤਾਂ, ਪ੍ਰਸਾਸ਼ਨਿਕ ਅਧਿਕਾਰੀ ਅਤੇ ਭਾਰੀ ਗਿਣਤੀ ਵਿੱਚ ਸੰਗਤ ਹਾਜ਼ਰ ਸੀ।

TOP STORIES

PUNJAB NEWS

TRANSFERS & POSTINGS

Stay Connected

223,537FansLike
113,236FollowersFollow

ENTERTAINMENT

NRI - OCI

GADGETS & TECH

SIKHS

NATIONAL

WORLD

OPINION